
S. Joginder Singh Ji: ਕੀ ਪੁਰਾਣੇ ਲੀਡਰ ਕੱਢ ਦੇਣ ਨਾਲ ਅਕਾਲੀ ਦਲ ਅਪਣੇ ਆਪ ਠੀਕ ਹੋ ਜਾਏਗਾ?
S. Joginder Singh Ji: ਬਚਪਨ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਮਾਪੇ ਵੀ ਪੱਕੇ ਅਕਾਲੀ ਸਨ ਤੇ ਜਿਸ ਖ਼ਾਲਸਾ ਸਕੂਲ ਵਿਚ ਮੈਂ ਪੜ੍ਹਦਾ ਸੀ, ਉਸ ਦੇ ਹੈੱਡ-ਮਾਸਟਰ ਸ. ਮੱਖਣ ਸਿੰਘ ਜੀ ਵੀ ਪੱਕੇ ਅਕਾਲੀ ਸਨ ਜੋ ਹਰ ਸਵੇਰ, ਪ੍ਰਾਰਥਨਾ ਸਭਾ ਵਿਚ ਸਾਨੂੰ ਪੰਥਕ ਹਾਲਾਤ ਬਾਰੇ ਜਾਣਕਾਰੀ ਦਿਆ ਕਰਦੇ ਸਨ ਤੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਤੋਂ ਜਾਣੂ ਕਰਵਾਉਂਦੇ ਰਹਿੰਦੇ ਸਨ।
ਅਸੀਂ ਖ਼ਾਲਸਾ ਸਕੂਲ ਦੇ ਮੁੰਡੇ ਰਲ ਕੇ ‘‘ਜਿੱਤੇਗਾ ਬਈ ਜਿੱਤੇਗਾ ... ਸਿੰਘ ਅਕਾਲੀ ਜਿੱਤੇਗਾ’ ਅਤੇ ‘ਸਾਡਾ ਨਿਸ਼ਾਨ-ਤੀਰ ਕਮਾਨ’ ਦੇ ਨਾਹਰੇ ਸੜਕਾਂ ਉਤੇ ਲਾਉਂਦੇ ਰਹਿੰਦੇ ਸੀ। ਯਾਦ ਰਹੇ, ਉਸ ਸਮੇਂ ਅਕਾਲੀ ਦਲ ਦਾ ਚੋਣ-ਨਿਸ਼ਾਨ ‘ਤੀਰ ਕਮਾਨ’ ਹੁੰਦਾ ਸੀ ਜਿਵੇਂ ਅੱਜ ‘ਤਕੜੀ’ ਹੈ। ਮਾ. ਤਾਰਾ ਸਿੰਘ ਉਸ ਵੇਲੇ ਸਾਰੇ ਪੰਥ ਦੇ ਵਾਹਦ ਆਗੂ ਹੁੰਦੇ ਸਨ।
ਆਜ਼ਾਦੀ ਤੋਂ ਫ਼ੌਰਨ ਬਾਅਦ, ਪਹਿਲਾ ਲੀਡਰ ਜਿਹੜਾ ਹਿੰਦੁਸਤਾਨ ਵਿਚ ਗਿ੍ਰਫ਼ਤਾਰ ਕੀਤਾ ਗਿਆ, ਉਹ ਮਾ. ਤਾਰਾ ਸਿੰਘ ਹੀ ਸੀ। ਸਾਰੇ ਸਿੱਖ ਜਗਤ ਵਿਚ ਗੁੱਸਾ ਪਸਰ ਗਿਆ। ਅੰਮ੍ਰਿਤਸਰ ਤੋਂ ਅਕਾਲੀ ਦਲ ਵਲੋਂ ਇਕ ਦਿਨ ਕਿਸੇ ਸਿੱਖ ਦੇ ਘਰ ਵਿਚ ਚੁਲ੍ਹਾ ਨਾ ਬਾਲਣ ਦੀ ਹਦਾਇਤ ਕੀਤੀ ਗਈ ਅਰਥਾਤ ਸਾਰਾ ਦਿਨ ਭੁੱਖੇ ਰਹਿਣ ਲਈ ਕਿਹਾ ਗਿਆ। ਸ਼ਾਇਦ ਹੀ ਕੋਈ ਸਿੱਖ ਘਰ ਹੋਵੇਗਾ ਜਿਸ ਨੇ ਉਸ ਦਿਨ ਰੋਟੀ ਪਕਾ ਕੇ ਖਾਧੀ ਹੋਵੇਗੀ। ਮੇਰੀ ਛੋਟੀ ਭੈਣ ਡੇਢ ਦੋ ਸਾਲ ਦੀ ਸੀ।
.
ਉਸ ਨੂੰ ਦੁਧ ਪਿਆਉਣਾ ਜ਼ਰੂਰੀ ਸੀ ਕਿਉਂਕਿ ਉਸ ਨੇ ਅਜੇ ਰੋਟੀ ਖਾਣੀ ਸ਼ੁਰੂ ਨਹੀਂ ਸੀ ਕੀਤੀ। ਦੁਧ ਨੂੰ ਗਰਮ ਕਰਨਾ ਜ਼ਰੂਰੀ ਸੀ ਪਰ ਨਹੀਂ, ਪੰਥ ਦਾ ਹੁਕਮ ਸੀ ਕਿ ਚੁਲ੍ਹਾ ਗਰਮ ਨਹੀਂ ਕਰਨਾ, ਸੋ ਬਾਜ਼ਾਰ ਦੇ ਹਲਵਾਈ ਕੋਲ ਦੁਧ ਲਿਜਾ ਕੇ ਬੱਚੀ ਲਈ ਗਰਮ ਕਰਵਾ ਲਿਆ ਗਿਆ। ਬਾਕੀ ਸਾਰੇ ਪ੍ਰਵਾਰ ਨੇ ਅਨਾਜ ਦਾ ਇਕ ਦਾਣਾ ਵੀ ਨਾ ਖਾਧਾ, ਨਾ ਚੁਲ੍ਹਾ ਹੀ ਬਾਲਿਆ।
ਫਿਰ ਸਿੱਖ ਮੁੰਡਿਆਂ ਦੀਆਂ ਢਾਣੀਆਂ ਸੜਕਾਂ ਉਤੇ ਇਹ ਨਾਹਰਾ ਮਾਰਦੀਆਂ ਸਨ:
ਇਕ ਚਵਾਨੀ ਤੇਲ ਵਿਚ
ਪਟੇਲ ਮਰੇਗਾ ਜੇਲ ਵਿਚ
ਸਰਦਾਰ ਪਟੇਲ ਭਾਰਤ ਦਾ ਗ੍ਰਹਿ ਮੰਤਰੀ ਸੀ ਤੇ ਉਸ ਦੇ ਹੁਕਮ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਨੂੰ ਨਰੇਲਾ ਰੇਲਵੇ ਸਟੇਸ਼ਨ ਤੇ ਗੱਡੀ ਤੋਂ ਲਾਹ ਕੇ ਗਿ੍ਰਫ਼ਤਾਰ ਕੀਤਾ ਗਿਆ ਸੀ। ਮੁੰਡੇ ਸੜਕਾਂ ਉਤੇ ਉਪ੍ਰੋਕਤ ਨਾਹਰਾ ਮਾਰਦੇ, ਘੁੰਮਦੇ ਰਹਿੰਦੇ ਸੀ। ਇਸ ਨਾਹਰੇ ਦਾ ਮਤਲਬ ਇਹ ਸੀ ਕਿ ਸਿੱਖਾਂ ਦੇ ਲੀਡਰ ਨੂੰ ਜਿਸ ਪਟੇਲ ਨੇ ਜੇਲ ਵਿਚ ਬੰਦ ਕੀਤਾ ਸੀ, ਅਸੀ ਬਦ-ਦੁਆ ਦੇਂਦੇ ਹਾਂ ਕਿ ਉਹ ਪਟੇਲ ਵੀ ਜੇਲ ਵਿਚ ਹੀ ਮਰੇ।
ਪਿਛਲੇ 15-20 ਸਾਲ ਵਿਚ ਬਾਦਲ ਅਕਾਲੀ ਦਲ ਨੇ ਜੋ ਜ਼ੁਲਮ ਮੇਰੇ ਨਾਲ ਤੇ ਸਪੋਕਸਮੈਨ ਨਾਲ ਕੀਤਾ ਹੈ ਤੇ ਜੋ ਮਾੜਾ ਹਾਲ ਸਿੱਖ ਪੰਥ ਦਾ ਕਰ ਦਿਤਾ ਹੈ, ਉਸ ਨੂੰ ਵੇਖ ਕੇ ਹੁਣ ਅਕਾਲੀਆਂ ਵਾਸਤੇ ਕੋਈ ਚੰਗਾ ਸ਼ਬਦ ਮੂੰਹ ’ਚੋਂ ਨਿਕਲਣਾ ਤਾਂ ਮੁਸ਼ਕਲ ਹੈ ਪਰ ਬਤੌਰ ਸਿੱਖ, ਅਜੇ ਵੀ ਦਿਲ ਕਹਿੰਦਾ ਹੈ ਕਿ ਹਿੰਦੁਸਤਾਨ ਵਰਗੇ ਫ਼ਿਰਕੂ ਮਾਹੌਲ ਵਾਲੇ ਦੇਸ਼ ਵਿਚ ਸਿੱਖ ਘੱਟ-ਗਿਣਤੀ ਦੀ ਤਰੱਕੀ, ਰਖਿਆ ਅਤੇ ਵਿਕਾਸ ਲਈ ਪੁਰਾਣੇ ਅਕਾਲੀ ਦਲ ਵਰਗੀ ਇਕ ਪਾਰਟੀ ਜ਼ਰੂਰ ਹੋਣੀ ਚਾਹੀਦੀ ਹੈ ਜੋ ਨਿਸ਼ਕਾਮ, ਸਿਰੜੀ, ਕਪਟ-ਰਹਿਤ ਅਤੇ ‘ਮੈਂ ਮਰਾਂ ਪੰਥ ਜੀਵੇ’ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸੱਚੇ ਸੁੱਚੇ ਸਿੱਖ ਲੀਡਰਾਂ ਦੀ ਕਮਾਨ ਹੇਠ ਕੰਮ ਕਰੇ।
ਇਸੇ ਗੱਲ ਨੂੰ ਸਾਹਮਣੇ ਰੱਖ ਕੇ ਸੋਚਦਾ ਹਾਂ, ਕੀ ਅੱਜ ਦੇ ‘ਟਕਸਾਲੀ ਆਗੂ’ 1920 ਵਾਲੇ ਪੰਥਕ ਅਕਾਲੀ ਦਲ ਨੂੰ ਜ਼ਿੰਦਾ ਕਰ ਸਕਦੇ ਹਨ ਜਾਂ ਕੀ ਬਾਦਲ ਪ੍ਰਵਾਰ ਵਾਲੇ ਉਸ ਪਾਰਟੀ ਨੂੰ ਜੀਵਤ ਕਰਨ ਲਈ ਤਿਆਰ ਹੋ ਜਾਣਗੇ? ਜਾਂ ਕੋਈ ਤੀਜੀ ਧਿਰ ਹੈ ਜੋ ਉਸ ਅਕਾਲੀ ਦਲ ਨੂੰ ਮੁੜ ਤੋਂ ਸੁਰਜੀਤ ਕਰ ਸਕਦੀ ਹੈ ਜਿਸ ਦੇ ਹੱਕ ਵਿਚ ਮੈਂ ਬਚਪਨ ਵਿਚ ਸੜਕਾਂ ਉਤੇ, ਮੁੰਡਿਆਂ ਨਾਲ ਰਲ ਕੇ ਨਾਹਰੇ ਮਾਰਦਾ ਹੁੰਦਾ ਸੀ ਤੇ ਜਿਸ ਨੂੰ ਭਰ ਜਵਾਨੀ ਤਕ ‘ਅਪਣੀ ਪਾਰਟੀ’ ਕਿਹਾ ਕਰਦਾ ਸੀ?
ਸਵਾਲ ਸੌਖਾ ਨਹੀਂ, ਬੜਾ ਔਖਾ ਹੈ।
ਸ. ਪ੍ਰਕਾਸ਼ ਸਿੰਘ ਬਾਦਲ ਦੀ ਚੜ੍ਹਤ ਹੋ ਜਾਣ ਉਪ੍ਰੰਤ ਅਥਵਾ ਅਕਾਲੀ ਦਲ ਉਪਰ ਬਾਦਲ ਪ੍ਰਵਾਰ ਦਾ ਕਬਜ਼ਾ ਹੋ ਜਾਣ ਉਪ੍ਰੰਤ, ਸਿਧਾਂਤ ਨਾਂ ਦੀ ਚੀਜ਼ ਤਾਂ ਇਸ ਪਾਰਟੀ ਨੂੰ ਕਦੇ ਚੰਗੀ ਹੀ ਨਹੀਂ ਲੱਗੀ। ਵਕਤੀ ਲਾਭਾਂ, ਨਿਜੀ ਫ਼ਾਇਦਿਆਂ, ਨਿਜੀ ਚੌਧਰ, ਕਬਜ਼ੇ ਦੀ ਰੁਚੀ, ਪਾਰਟੀ ਵਿਚ ਵਿਰੋਧੀ ਆਵਾਜ਼ ਨੂੰ ਖ਼ਤਮ ਕਰ ਦੇਣ ਦੀ ਪੱਕੀ ਨੀਤੀ¸ਇਹੀ ਇਸ ਪਾਰਟੀ ਦੇ ‘ਸਿਧਾਂਤ’ ਬਣ ਗਏ ਹਨ।
‘ਪੰਥਕ ਸਿਧਾਂਤ’ ਇਨ੍ਹਾਂ ਸਾਰੀਆਂ ਗੱਲਾਂ ਦੇ ਰਸਤੇ ਵਿਚ ਰੁਕਾਵਟ ਬਣਦਾ ਸੀ, ਇਸ ਲਈ ਇਨ੍ਹਾਂ ਨੇ ਉਸ ਨੂੰ ਵੀ ਲਾਂਭੇ ਕਰ ਦਿਤਾ ਤੇ ਪੰਥ ਵਲੋਂ ਬਣਾਈ ਪਾਰਟੀ ਨੂੰ ਵੀ ਚੁਪ-ਚੁਪੀਤੇ ‘ਪੰਜਾਬੀ’ ਪਾਰਟੀ ਬਣਾ ਦਿਤਾ, ਭਾਵੇਂ ਗੁਰਦਵਾਰਿਆਂ ਉਤੇ ਕਬਜ਼ੇ ਕਰੀ ਰੱਖਣ ਦੀ ਚਾਹਤ, ਉਨ੍ਹਾਂ ਨੂੰ ਜ਼ੁਬਾਨੀ ਕਲਾਮੀ ‘ਪੰਥ-ਪੰਥ’ ਦੀ ਫੋਕੀ ਰੱਟ ਲਗਾਉਂਦੇ ਰਹਿਣ ਲਈ ਮਜਬੂਰ ਕਰਦੀ ਰਹਿੰਦੀ ਹੈ।
ਪਿਛਲੀਆਂ ਚੋਣਾਂ ਸਮੇਂ ਬਾਦਲ ਅਕਾਲੀ ਦਲ ਲਈ ਅਪਣੀਆਂ ‘ਪ੍ਰਾਪਤੀਆਂ’ ਗਿਣਾਉਣੀਆਂ ਔਖੀਆਂ ਹੋ ਗਈਆਂ (ਪੰਜਾਬ ਦਾ ਹਾਲ ਸੱਭ ਨੂੰ ਨਜ਼ਰ ਆ ਹੀ ਰਿਹਾ ਸੀ) ਤਾਂ ਉਨ੍ਹਾਂ ਧਰਮ ਅਸਥਾਨਾਂ ਦੇ ਗਲਿਆਰੇ, ਗੇਟ ਤੇ ਯਾਦਗਾਰਾਂ ਉਸਾਰ ਕੇ ਇਹ ਦੱਸਣ ਦਾ ਯਤਨ ਕੀਤਾ ਕਿ ਉਨ੍ਹਾਂ ਤੋਂ ਚੰਗਾ ਸਿੱਖ ਤਾਂ ਕੋਈ ਹੋ ਹੀ ਨਹੀਂ ਸਕਦਾ ਪਰ ਅਕਾਲੀਆਂ ਦੀ ਗੱਲ ਸਿੱਖਾਂ ਨੇ ਵੀ ਨਾ ਸੁਣੀ, ਦੂਜਿਆਂ ਨੇ ਤਾਂ ਕੀ ਸੁਣਨੀ ਸੀ। ਸੋ ਅਸੈਂਬਲੀ ਵਿਚ, ਅਕਾਲੀ ਪਾਰਟੀ ਤੀਜੇ ਸਥਾਨ ਤੇ ਆ ਟਿਕੀ। ਕਲ ਪੈਦਾ ਹੋਈ, ‘ਆਪ’ ਪਾਰਟੀ ਵੀ, ਉਸ ਤੋਂ ਅੱਗੇ ਨਿਕਲ ਗਈ।
ਦੂਜੇ ‘ਅਕਾਲੀ ਦਲ’ ਮੌਜੂਦ ਤਾਂ ਹਨ ਪਰ ਉਨ੍ਹਾਂ ਦੀ ਹਾਲਤ ਇਹ ਹੈ ਕਿ ਇਸੇ ਉਡੀਕ ਵਿਚ ਬੈਠੇ ਰਹੇ ਕਿ ਜਦ ਵੱਡਾ ਅਕਾਲੀ ਦਲ ਖ਼ੂਬ ਬਦਨਾਮ ਹੋ ਲਵੇ, ਫਿਰ ਲੋਕਾਂ ਕੋਲ ਸਾਡੇ ਝੰਡੇ ਹੇਠ ਆਏ ਬਿਨਾਂ, ਹੋਰ ਚਾਰਾ ਵੀ ਕੀ ਰਹਿ ਜਾਏਗਾ? ਪਰ ਸ਼ਾਇਦ ਇਨ੍ਹਾਂ ਲਈ ਹੀ ਕਿਸੇ ਪੰਜਾਬੀ ਸਿਆਣੇ ਨੇ ਸਦੀਆਂ ਪਹਿਲਾਂ ਫ਼ੈਸਲਾ ਸੁਣਾ ਦਿਤਾ ਸੀ ਕਿ, ‘‘ਓਇ ਸਾਰਾ ਪਿੰਡ ਮਰ ਜਾਵੇ ਤਾਂ ਵੀ ਤੈਨੂੰ ਨੰਬਰਦਾਰ ਕਿਸੇ ਨੇ ਨਹੀਂ ਬਣਾਉਣਾ।’’
ਸੋ ਫਿਰ 1920 ਵਾਲਾ ਅਸਲ ਅਕਾਲੀ ਦਲ ਬਣੇ ਤਾਂ ਕਿਵੇਂ ਬਣੇ ਤੇ ਕੌਣ ਬਣਾ ਸਕਦਾ ਹੈ ਉਸ ਨੂੰ? ਤੁਸੀ ਵੀ ਸੋਚੋ ਤੇ ਮੈਂ ਤਾਂ ਸੋਚਾਂਗਾ ਹੀ। ਅਗਲੇ ਐਤਵਾਰ, ਇਸੇ ਥਾਂ ਮਿਲ ਕੇ ਇਸ ਔਖੇ ਸਵਾਲ ਦਾ ਸੌਖਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
(ਚਲਦਾ ¸ ਬਾਕੀ ਅਗਲੇ ਐਤਵਾਰ)