‘ਉੱਚਾ ਦਰ ਬਾਬੇ ਨਾਨਕ ਦਾ’ ਅਰਥਾਤ ਗ਼ਰੀਬਾਂ ਦਾ ਅਜੂਬਾ ਜਿਸ ਨੇ ਵੀ ਹੁਣ ਤਕ ਅੰਦਰੋਂ ਵੇਖਿਆ ਹੈ, ਉਹ ਅਸ਼ ਅਸ਼ ਕਰ ਉਠਿਆ (1)
Published : Jun 16, 2024, 8:03 am IST
Updated : Jun 22, 2024, 3:54 pm IST
SHARE ARTICLE
File Photo
File Photo

ਇਸ ਚੈਰੀਟੇਬਲ ਸੰਸਥਾ ਨੂੰ 50 ਤੋਂ 100 ਸਾਲ ਤਕ ਕੋਈ ਤੰਗੀ ਪੇਸ਼ ਨਾ ਆਵੇ, ਉਸ ਦਾ ਜਿਹੜਾ ਹਲ ਅਮਰੀਕੀ ਫ਼ਿਲਮ ਸਿਟੀ ਵਾਲਿਆਂ ਨੇ ਸਮਝਾਇਆ ਸੀ, ਉਹ ਅੱਜ ਵੀ ਸਾਰਥਕ ਹੈ

Ucha Dar Babe Nanak Da :

ਖ਼ਾਲਸਾ ਸਕੂਲ ਬਨਾਮ ਡੀਏਵੀ ਸਕੂਲ

30-35 ਸਾਲ ਪਹਿਲਾਂ, ਪੰਜਾਬ ਵਿਚ ਡੀ.ਏ.ਵੀ. ਸਕੂਲਾਂ ਦੀ ਚੜ੍ਹਤ ਵੇਖ ਕੇ ਸਿੱਖ ਵਿਦਿਅਕ ਮਾਹਰਾਂ ਨੂੰ ਬੜਾ ਜੋਸ਼ ਆਇਆ ਕਿ ਡੀ.ਏ.ਵੀ ਸਕੂਲਾਂ ਦੀ ਤਰ੍ਹਾਂ ਖ਼ਾਲਸਾ ਸਕੂਲਾਂ ਦੀ ਵੀ ਪੰਜਾਬ ਵਿਚ ਬੜੀ ਚੜ੍ਹਤ ਹੋਣੀ ਚਾਹੀਦੀ ਹੈ। ਵਿਦਵਾਨਾਂ ਦੀਆਂ ਕਮੇਟੀਆਂ ਬਣੀਆਂ, ਪੇਪਰ ਲਿਖੇ ਗਏ ਤੇ ਲੰਮੇ ਚੌੜੇ ਪਲਾਨ ਬਣਾਏ ਗਏ। ਇਕ ਮੀਟਿੰਗ ਮੇਰੇ ਘਰ ਵੀ ਰੱਖੀ ਗਈ।

ਮੈਂ ਉਥੇ ਇਹੀ ਕਿਹਾ ਕਿ ਮਾਇਆ ਦੀ ਕੁਰਬਾਨੀ ਕਰਨ ਦਾ ਜਜ਼ਬਾ ਬਹੁਤ ਥੋੜੇ ਸਿੱਖਾਂ ਵਿਚ ਹੁੰਦਾ ਹੈ ਤੇ ਬਾਕੀ ਤਾਂ ‘ਵਿਆਜ’ ਲੈਣ ਲਈ ਹੀ ਪੈਸੇ ਦੇਂਦੇ ਹਨ। ਜਿਹੜੇ ਸਚਮੁਚ ਦੇ ਦਾਨੀ ਵੀ ਹੁੰਦੇ ਹਨ, ਉਨ੍ਹਾਂ ਦਾ ਜੋਸ਼ ਵੀ ਬਹੁਤੀ ਦੇਰ ਕਾਇਮ ਨਹੀਂ ਰਹਿੰਦਾ, ਇਸ ਲਈ ਜੇ ਖ਼ਾਲਸਾ ਸਕੂਲਾਂ ਦੀ ਮਜ਼ਬੂਤ ਲਹਿਰ ਚਲਾਣੀ ਹੈ ਤਾਂ ਸਿੱਖਾਂ ਦੇ ਦਾਨ ਉਤੇ ਟੇਕ ਨਾ ਰਖਿਉ ਤੇ ਸ਼੍ਰੋਮਣੀ ਕਮੇਟੀ ਨੂੰ ਮਨਾ ਲਉ ਕਿ ਉਹ ਅਪਣੇ ਬਜਟ ਦਾ ਚੌਥਾ ਜਾਂ ਇਕ ਤਿਹਾਈ ਹਿੱਸਾ ਸਦਾ ਲਈ ਖ਼ਾਲਸਾ ਸਕੂਲ ਲਹਿਰ ਨੂੰ ਦੇਂਦੀ ਰਹੇਗੀ। ਦਾਨ ਦੇ ਨਾਂ ਤੇ ਸਿੱਖ ਜੋ ਵੀ ਦੇਂਦੇ ਹਨ, ਉਹ ਗੁਰਦਵਾਰਿਆਂ ਜਾਂ ਡੇਰਿਆਂ ਨੂੰ ਹੀ ਦੇਂਦੇ ਹਨ ਤੇ ‘ਦਾਨ’ ਦੇਣ ਸਮੇਂ ਉਨ੍ਹਾਂ ਦੇ ਮਨ ਅੰਦਰ ਇਕੋ ਗੱਲ ਚਲ ਰਹੀ ਹੁੰਦੀ ਹੈ ਕਿ ਜਿੰਨਾ ਇਥੇ ਦਿਆਂਗੇ, ਉਹ ਸੌ ਗੁਣਾਂ ਹੋ ਕੇ ਗੁਰੂ ਜਾਂ ਸਾਧ ਦੀ ਕ੍ਰਿਪਾ ਨਾਲ ਵਾਪਸ ਮਿਲ ਜਾਏਗਾ।

ਨਿਸ਼ਕਾਮ ਹੋ ਕੇ ਦਾਨ ਕਰਨ ਦੀ ਪ੍ਰਥਾ ਤਾਂ ਸਿੱਖਾਂ ਅੰਦਰ ਪੈਦਾ ਹੀ ਨਹੀਂ ਹੋਣ ਦਿਤੀ ਗਈ। ਮੈਂ ਕੁੱਝ ਮਿਸਾਲਾਂ ਦਿਤੀਆਂ ਕਿ ਖ਼ਾਲਸਾ ਕਾਲਜ ਅੰਮ੍ਰਿਤਸਰ (ਜਿਥੇ ਉੱਚ ਵਿਦਿਆ ਦਾ ਸਿੱਖਾਂ ਅੰਦਰ ਮੁੱਢ ਬੱਝਾ ਸੀ) ਕਦੇ ਹੋਂਦ ਵਿਚ ਨਾ ਆਉਂਦਾ ਜੇ ਅੰਗਰੇਜ਼ ਇਸ ਦੀ ਕਾਇਮੀ ਲਈ ਬਜ਼ਿੱਦ ਨਾ ਹੁੰਦੇ ਤੇ ਉਨ੍ਹਾਂ ਦੇ ਕਹਿਣ ’ਤੇ ਮਹਾਰਾਜਾ ਨਾਭਾ ਝੋਲੀ ਅੱਡ ਕੇ ਸਿੱਖ ਰਾਜਿਆਂ ਕੋਲੋਂ ਭੀਖ ਨਾ ਮੰਗਦਾ। ਆਮ ਸਿੱਖਾਂ ਨੇ ਉਦੋਂ ਵੀ ਕੋਈ ਪੈਸਾ ਨਹੀਂ ਸੀ ਦਿਤਾ।

ਫਿਰ ਸਿੰਘ ਸਭਾ ਲਹਿਰ ਦੇ ਬਾਨੀਆਂ ਦਾ ਅਖ਼ਬਾਰ ਅੰਗਰੇਜ਼ ਨੇ ਬੰਦ ਕਰ ਦਿਤਾ ਤੇ ਗਿ: ਦਿਤ ਸਿੰਘ ਨੇ ਬੜੀ ਪੁਕਾਰ ਲਾਈ ਕਿ ਅੰਗਰੇਜ਼ੀ ਧੱਕੇ ਦਾ ਜਵਾਬ ਦੇਣ ਲਈ ਪੈਸਾ ਦਿਉ ਪਰ ਕਿਸੇ ਸਿੱਖ ਨੇ ਪੁਕਾਰ ਨਾ ਸੁਣੀ ਤੇ ਗਿ: ਦਿਤ ਸਿੰਘ ਇਕ ਮੁਸਲਮਾਨ ਹਕੀਮ ਦੀ ਦੁਕਾਨ ਵਿਚ ਰਾਤ ਨੂੰ ਸੌਂ ਜਾਂਦੇ ਰਹੇ ਤੇ ਦਿਨੇ ਲੰਗਰ ’ਚੋਂ ਰੋਟੀ ਖਾ ਕੇ ਗੁਜ਼ਾਰਾ ਕਰਦੇ ਕਰਦੇ ਚਲਾਣਾ ਕਰ ਗਏ ਪਰ ਕਿਸੇ ਸਿੱਖ ਦੇ  ਸਿਰ ’ਤੇ ਜੂੰ ਵੀ ਨਾ ਸਰਕੀ।

ਇਸੇ ਤਰ੍ਹਾਂ ਆਜ਼ਾਦੀ ਮਗਰੋਂ ਅਕਾਲੀ ਦਲ ਨੇ ਮਤਾ ਪਾਸ ਕੀਤਾ ਕਿ ਆਜ਼ਾਦ ਭਾਰਤ ਵਿਚ ਸਿੱਖਾਂ ਦਾ ਇਕ ਅੰਗਰੇਜ਼ੀ ਅਖ਼ਬਾਰ ਅਪਣਾ ਹੋਣਾ ਚਾਹੀਦਾ ਹੈ, ਸੋ ਹਰ ਸਿੱਖ ਉਹਦੇ ਲਈ ਵੱਧ ਤੋਂ ਵੱਧ ਪੈਸੇ ਦੇਵੇ। ਅਕਾਲੀ ਵਰਕਰ ਘਰ-ਘਰ ਜਾ ਕੇ ਪੈਸੇ ਮੰਗਦੇ ਰਹੇ ਪਰ ਜੋ ਮੰਗਿਆ, ਉਸ ਦਾ ਚੌਥਾ ਹਿੱਸਾ ਵੀ ਨਾ ਮਿਲਿਆ ਤੇ ਅਖ਼ਬਾਰ ਨਾ ਕਢਿਆ ਜਾ ਸਕਿਆ। 

ਇਹ ਤੇ ਕਈ ਹੋਰ ਮਿਸਾਲਾਂ ਦੇ ਕੇ ਮੈਂ ਕਿਹਾ ਕਿ ਸਿੱਖ ਮਾਡਰਨ ਯੁਗ ਦੀ ਕਿਸੇ ਐਸੀ ਵੱਡੀ ਚੀਜ਼ ਦੀ ਉਸਾਰੀ ਲਈ ਖੁਲ੍ਹੇ ਦਿਲ ਨਾਲ ਪੈਸਾ ਨਹੀਂ ਦੇਣਗੇ ਜਿਸ ਨਾਲ ਕੌਮ ਦਾ ਨਾਂ ਦੇਸ਼ ਤੇ ਦੁਨੀਆਂ ਵਿਚ ਉੱਚਾ ਹੋ ਸਕਦਾ ਹੋਵੇ। ਮੇਰੀਆਂ ਦਲੀਲਾਂ ਨੂੰ ਰੱਦ ਕਰਦੇ ਹੋਏ, ਉਤਸ਼ਾਹੀ ਵਿਦਵਾਨਾਂ ਨੇ ਕਿਹਾ ਕਿ, ‘‘ਨਹੀਂ ਜੀ, ਉਹ ਪੁਰਾਣੇ ਸਮੇਂ ਦੀਆਂ ਗੱਲਾਂ ਹਨ, ਹੁਣ ਸਿੱਖਾਂ ਨੇ ਮਹਿਸੂਸ ਕਰ ਲਿਆ ਹੈ ਕਿ ਅਪਣੇ ਖ਼ਾਲਸਾ ਸਕੂਲਾਂ ਬਿਨਾਂ ਸਾਡੇ ਬੱਚੇ ਵਿਦਿਆ ਦੇ ਖੇਤਰ ਵਿਚ ਕਦੇ ਵੀ ਮੋਹਰੀ ਨਹੀਂ ਬਣ ਸਕਣਗੇ, ਇਸ ਲਈ ਖ਼ਾਲਸਾ ਸਕੂਲਾਂ ਲਈ ਇਸ ਵਾਰ ਖੁਲ੍ਹਦਿਲੀ ਨਾਲ ਪੈਸਾ ਦੇਣਗੇ। ਸਿੱਖਾਂ ਅੰਦਰ, ਇਸ ਮਾਮਲੇ ਤੇ ਕਾਫ਼ੀ ਜਾਗ੍ਰਤੀ ਆਈ ਹੋਈ ਹੈ।’’

ਸੋ ਲਹਿਰ ਚਲ ਪਈ। ਆਮ ਸਿੱਖਾਂ ਨੇ ਵੀ ਚੰਗਾ ਜੋਸ਼ ਵਿਖਾਇਆ। ਪੰਜਾਬ ਦੇ ਚੱਪੇ ਚੱਪੇ ’ਤੇ ਖ਼ਾਲਸਾ ਸਕੂਲ ਖੁਲ੍ਹ ਗਏ। ਸੱਭ ਬੜੇ ਖ਼ੁਸ਼ ਸਨ। ਪਰ ਇਹ ਖ਼ੁਸ਼ੀ ਬਹੁਤੀ ਦੇਰ ਕਾਇਮ ਨਾ ਰਹੀ। ਹਰ ਸਾਲ ਸਕੂਲਾਂ ਨੂੰ ਮਦਦ ਦੀ ਲੋੜ ਪੈਂਦੀ ਸੀ। ਨਵੀਆਂ ਕਲਾਸਾਂ, ਨਵਾਂ ਫ਼ਰਨੀਚਰ, ਸਾਇੰਸ ਦੇ ਨਵੇਂ ਬਲਾਕ ਤੇ ਲੇਬਾਰਟਰੀਆਂ, ਨਵੇਂ ਟੀਚਰ, ਸਕੂਲ ਦੀ ਇਮਾਰਤ ਦੀ ਦੇਖਭਾਲ ਲਈ ਹਰ ਸਾਲ ਲੱਖਾਂ (ਹੁਣ ਕਰੋੜਾਂ) ਰੁਪਏ ਚਾਹੀਦੇ ਹੁੰਦੇ ਹਨ, ਤਾਂ ਕਿਤੇ ਜਾ ਕੇ ਉਹ ਡੀਏਵੀ ਜਾਂ ਅੰਗਰੇਜ਼ੀ ਦੇ ਪਬਲਿਕ ਸਕੂਲਾਂ ਦੇ ਨੇੜੇ ਢੁਕ ਸਕਦੇ ਹਨ ਪਰ ਜਦ ਖ਼ਾਲਸਾ ਸਕੂਲਾਂ ਦੇ ਪ੍ਰਬੰਧਕ, ਸਿੱਖਾਂ ਕੋਲ ਮਦਦ ਮੰਗਣ ਜਾਂਦੇ ਸਨ ਤਾਂ ਅੱਗੋਂ ਜਵਾਬ ਮਿਲਦਾ ਸੀ, ‘‘ਇਕ ਵਾਰ ਦੇ ਦਿਤਾ, ਹੁਣ ਸਾਰੀ ਉਮਰ ਦੇਂਦੇ ਹੀ ਰਹੀਏ?’’

ਨਤੀਜਾ ਕੀ ਨਿਕਲਿਆ ਹੈ? ਇਸ ਵੇਲੇ ਵੀ 100 ਤੋਂ ਵੱਧ ਖ਼ਾਲਸਾ ਸਕੂਲਾਂ ਦੇ ਪ੍ਰਬੰਧਕਾਂ ਨੇ ਸਰਕਾਰ ਨੂੰ ਲਿਖ ਕੇ ਦਿਤਾ ਹੋਇਆ ਹੈ ਕਿ ਉਨ੍ਹਾਂ ਕੋਲੋਂ ਖ਼ਾਲਸਾ ਸਕੂਲ ਨਹੀਂ ਚਲ ਰਹੇ, ਇਸ ਲਈ ਸਰਕਾਰ ਇਨ੍ਹਾਂ ਨੂੰ ਸੰਭਾਲ ਲਵੇ। ਦਿੱਲੀ ਗੁ: ਪ੍ਰਬੰਧਕ ਕਮੇਟੀ ਨੇ ਬੜੇ ਢੋਲ ਢਮੱਕੇ ਨਾਲ ਗੁਰੂ ਹਰਿਕਿਸ਼ਨ ਪਬਲਿਕ ਸਕੂਲ ਸ਼ੁਰੂ ਕੀਤੇ ਸਨ। ਸਾਰੇ ਹੀ ਖ਼ਤਰੇ ਵਿਚ ਹਨ। ਅਖ਼ਬਾਰੀ ਖ਼ਬਰਾਂ ਅਨੁਸਾਰ, ਟੀਚਰ ਰੌਲਾ ਪਾਉਂਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲਦੀਆਂ।

ਮੈਂ ਅੰਬਾਲੇ ਦੇ ਜਿਸ ਖ਼ਾਲਸਾ ਸਕੂਲ ਵਿਚ ਪਹਿਲੀ ਤੋਂ ਅਠਵੀਂ ਜਮਾਤ ਤਕ ਪੜਿ੍ਹਆ ਸੀ, ਉਸ ਬਾਰੇ ਇਕ ਦਿਨ ਮੇਰੇ ਦਿਲ ਵਿਚ ਖ਼ਿਆਲ ਆਇਆ ਕਿ ਮੈਂ ਅਪਣੀ ਕਮਾਈ ’ਚੋਂ ਕੁੱਝ ਪੈਸੇ ਉਸ ਸਕੂਲ ਨੂੰ ਭੇਜਾਂ। ਮੈਂ ਪ੍ਰਿੰਸੀਪਲ ਨੂੰ ਫ਼ੋਨ ਕੀਤਾ ਤੇ ਪੁਛਿਆ, ‘‘ਸਕੂਲ ਵਿਚ ਇਸ ਵੇਲੇ ਕਿੰਨੇ ਬੱਚੇ ਪੜ੍ਹਦੇ ਹਨ?’’ ਉਨ੍ਹਾਂ ਦਸਿਆ ਕਿ 300 ਬੱਚੇ ਪੜ੍ਹਦੇ ਹਨ। ਮੈਂ ਪੁਛਿਆ, ‘‘ਸਾਡੇ ਵੇਲੇ ਦੀ ਤਰ੍ਹਾਂ ਬਹੁਗਿਣਤੀ ਤਾਂ ਦਸਤਾਰਧਾਰੀ ਸਿੱਖ ਬੱਚਿਆਂ ਦੀ ਹੀ ਹੋਵੇਗੀ?’’

ਮੈਂ ਪੈਸੇ ਦੇ ਨਾਲ ਨਾਲ ਦਸਤਾਰਾਂ ਭੇਜਣ ਦੀ ਵੀ ਸੋਚ ਰਿਹਾ ਸੀ। ਪ੍ਰਿੰਸੀਪਲ ਸਾਹਿਬਾ ਬੋਲੇ, ‘‘ਨਹੀਂ ਇਸ ਵੇਲੇ ਇਕ ਵੀ ਸਿੱਖ ਬੱਚਾ ਇਥੇ ਨਹੀਂ ਪੜ੍ਹਦਾ। ਸਿੱਖਾਂ ਦੇ ਬੱਚੇ ਤਾਂ ਵਧੀਆ ਸਕੂਲਾਂ ਵਿਚ ਚਲੇ ਗਏ ਨੇ ਤੇ ਤੁਹਾਡੇ ਖ਼ਾਲਸਾ ਸਕੂਲ ਵਿਚ ਤਾਂ ਯੂ.ਪੀ., ਬਿਹਾਰ ਦੇ ਝੁੱਗੀ ਝੌਂਪੜੀ ਵਾਲਿਆਂ ਦੇ ਬੱਚੇ ਹੀ ਪੜ੍ਹਦੇ ਹਨ...।’’
ਗੱਲ ਕਰਨੀ ਹੈ ਉੱਚਾ ਦਰ ਬਾਬੇ ਨਾਨਕ ਦੀ। ਚੀਜ਼ ਤਾਂ ਬਹੁਤ ਸ਼ਾਨਦਾਰ ਬਣ ਗਈ ਹੈ ਪਰ ਰੋ ਰੋ ਕੇ ਤੇ 10-12 ਸਾਲਾਂ ਵਿਚ ਬਣੀ ਕਿਉਂਕਿ ਜਿਨ੍ਹਾਂ ਨੇ ਦੋ ਦੋ ਹੱਥ ਖੜੇ ਕਰ ਕੇ ਪੂਰੀ ਮਦਦ ਅਪਣੇ ਕੋਲੋਂ ਦੇਣ ਦੇ ਪ੍ਰਣ ਕੀਤੇ ਸਨ, ਉਨ੍ਹਾਂ ਦਾ ਜੋਸ਼ ਸਾਲ ਬਾਅਦ ਹੀ ਠੰਢਾ ਪੈ ਗਿਆ ਤੇ ਬਾਕੀਆਂ ਦਾ ਜੋਸ਼ ਸਾਡੇ ਵਿਰੋਧੀਆਂ ਨੇ ਘਰ ਘਰ ਚਿੱਠੀਆਂ ਪਾ ਕੇ ਠੰਢਾ ਪਾ ਦਿਤਾ ਕਿ ‘‘ਇਹ ਤਾਂ ਤੁਹਾਡੇ ਪੈਸੇ ਲੈ ਕੇ ਵਿਦੇਸ਼ ਭੱਜ ਰਹੇ ਨੇ ਤੇ ਤੁਸੀ ਹੱਥ ਮਲਦੇ ਰਹਿ ਜਾਉਗੇ।’’

ਹੁਣ ਵੀ ਜੇ ਅਸੀ ਆਖਾਂਗੇ ਕਿ ਇਸ ਫੁੱਲ ਨੂੰ ਮਹਿਕਦਾ ਤੇ ਟਹਿਕਦਾ ਰੱਖਣ ਲਈ ਹਰ ਸਾਲ ਵੱਡੀ ਮਦਦ ਦੀ ਲੋੜ ਪਵੇਗੀ, ਤਾਂ ਹੀ ਅੰਤਰ-ਰਾਸ਼ਟਰੀ ਪੱਧਰ ਤੇ ਇਹ ਕੌਮ ਦਾ ਨਾਂ ਉੱਚਾ ਕਰ ਸਕੇਗਾ ਤਾਂ ਜਵਾਬ ਕੀ ਮਿਲੇਗਾ, ਉਹ ਤੁਸੀ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਹਾਂ ਪਰ ਪੂਰੀ ਗੱਲ ਤਾਂ ਕਰਨੀ ਹੀ ਚਾਹੀਦੀ ਹੈ। 10 ਹਜ਼ਾਰ ਮੈਂਬਰ ਬਣਾਉਣ ਦੀ ਤਜਵੀਜ਼ ਅਮਰੀਕਾ ਦੇ ਫ਼ਿਲਮ ਸਿਟੀ ਦੇ ਮੈਨੇਜਰਾਂ ਦੀ ਸਲਾਹ ’ਤੇ ਪੇਸ਼ ਕੀਤੀ ਸੀ ਜੋ ਪਾਠਕਾਂ ਨੇ ਪ੍ਰਵਾਨ ਕਰ ਲਈ ਸੀ ਪਰ ਉਪ੍ਰੋਕਤ ਕਾਰਨਾਂ ਕਰ ਕੇ ਢਾਈ ਤਿੰਨ ਹਜ਼ਾਰ ’ਤੇ ਆ ਕੇ ਰੁਕ ਗਈ ਸੀ।

ਇਹ ਹੁਣ ਵੀ ਪੂਰੀ ਹੋ ਜਾਏ ਤਾਂ ਅਗਲੇ 50 ਤੋਂ 100 ਸਾਲ ਤਕ ਚੈਰੀਟੇਬਲ ਸੰਸਥਾ (ਟਰੱਸਟ) ਨੂੰ ਹੋਰ ਕੁੱਝ ਵੀ ਮੰਗਣ ਦੀ ਲੋੜ ਹੀ ਨਹੀਂ ਪਵੇਗੀ ਤੇ ਸਾਰੇ ਟੀਚੇ ਸਰ ਕਰ ਕੇ ‘ਉੱਚਾ ਦਰ’ ਸੰਸਾਰ ਦੀਆਂ 10 ਵੱਡੀਆਂ ਚੈਰੀਟੇਬਲ ਸੰਸਥਾਵਾਂ ਵਿਚ ਆ ਸਕਦਾ ਹੈ ਬਸ਼ਰਤੇ ਕਿ ਦੋਵੇਂ ਹੱਥ ਖੜੇ ਕਰ ਕੇ ਮਦਦ ਦਾ ਝੂਠਾ ਪ੍ਰਣ ਕਰਨ ਵਾਲੇ ਹੀ ਨਾ ਨਿਤਰਨ ਸਗੋਂ ਚੈਰੀਟੇਬਲ ਸੰਸਥਾ ਨੂੰ ਦਾਨ ਦੇਣ ਦਾ ਅਸਲ ਮਤਲਬ ਸਮਝਣ ਵਾਲੇ ਹੀ ਨਿਤਰਨ।         (ਚਲਦਾ)   

-ਜੋਗਿੰਦਰ ਸਿੰਘ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement