
ਸ. ਜੋਗਿੰਦਰ ਸਿੰਘ ਦੀ ਪਿਛਲੇ ਹਫ਼ਤੇ ਦੀ ਡਾਇਰੀ ਦੇ ਗ਼ਲਤ ਅਰਥ ਨਾ ਕੱਢੋ
ਬਾਦਲਾਂ ਦੇ ਰਾਜ ਵਿਚ ਤਿੰਨ ਵਾਰ ਅਜਿਹੇ ਮੌਕੇ ਆਏ ਸਨ ਜਦ ਸਾਨੂੰ ਲਗਦਾ ਸੀ ਕਿ ਹੁਣ ਅਖ਼ਬਾਰ ਨੂੰ ਬੰਦ ਕਰਨ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ ਸੀ ਰਿਹਾ। ਬਾਦਲ ਸਰਕਾਰ ਦੀ ਆਰਥਕ ਨਾਕੇਬੰਦੀ ਏਨੀ ਜ਼ਬਰਦਸਤ ਸੀ ਕਿ ਸਾਡੇ ਕੋਲ ਹਰ ਮਹੀਨੇ ਅਖ਼ਬਾਰ ਲਈ ਕਾਗ਼ਜ਼ ਖ਼ਰੀਦਣਾ ਵੀ ਔਖਾ ਹੋ ਰਿਹਾ ਸੀ... ਕਿਸੇ ਵੀ ਮੌਕੇ ਅਸੀਂ ਪਾਠਕਾਂ ਨੂੰ ਕੁੱਝ ਨਹੀਂ ਸੀ ਦਸਿਆ ਤੇ ਜਿਵੇਂ ਵੀ ਕੀਤਾ, ਅਖ਼ਬਾਰ ਨੂੰ ਬਚਾਉਣ ਲਈ ਹਰ ਛੋਟੀ ਵੱਡੀ ਕੁਰਬਾਨੀ, ਚੁੱਪ ਚਾਪ ਰਹਿ ਕੇ ਤੇ ਪਾਠਕਾਂ ਨੂੰ ਪ੍ਰੇਸ਼ਾਨ ਕੀਤੇ ਬਿਨਾਂ ਅਪਣੇ ਕੋਲੋਂ ਦਿਤੀ। ਹੁਣ ਵੀ ਦਿਆਂਗੇ ਤੇ ਜੋ ਕੁੱਝ ਵੀ ਕਰਨਾ ਪਿਆ, ਕਰਾਂਗੇ। ਜੇ ਕੋਈ ਕੁਰਬਾਨੀ ਵੀ ਦੇਣੀ ਪਈ ਤਾਂ ਆਪ ਦਿਆਂਗੇ। ਪਾਠਕਾਂ ਨੂੰ ਸਪੋਕਸਮੈਨ ਦੀ ਫ਼ਿਕਰ ਕਰਨ ਦੀ ਲੋੜ ਨਹੀਂ। ਹਾਂ, ਉਨ੍ਹਾਂ ਨੇ ਜੋ ਵਾਅਦਾ ਭਰੇ ਸਮਾਗਮਾਂ ਵਿਚ ਕੀਤਾ ਸੀ, ਉਸ ਤੋਂ ਪਿੱਛੇ ਨਾ ਹਟਣ। ਮੇਰੇ ਹੁੰਦਿਆਂ ਸਪੋਕਸਮੈਨ ਨੂੰ ਬਾਬਾ ਨਾਨਕ, ਬੰਦ ਨਹੀਂ ਹੋਣ ਦੇਵੇਗਾ। ਮੈਂ ਵੀ ਉਸੇ ਨਨਕਾਣੇ ਵਿਚ ਜਨਮੀ ਸੀ ਜਿਥੇ ਬਾਬਾ ਨਾਨਕ ਪ੍ਰਗਟ ਹੋਏ ਸਨ। ਮੇਰਾ ਵਿਆਹ ਵੀ ਉਥੇ ਹੀ ਹੋਇਆ ਸੀ ਜਿਥੇ ਬਾਬੇ ਨਾਨਕ ਦਾ ਹੋਇਆ ਸੀ। ਮੈਨੂੰ ਭਰੋਸਾ ਹੈ, ਮੇਰੇ ਦਾਅਵੇ ਦੀ ਲਾਜ ਜ਼ਰੂਰ ਰੱਖਣਗੇ।
Joginder Singh
ਉਨ੍ਹਾਂ ਪਾਠਕਾਂ ਦਾ ਬਹੁਤ ਬਹੁਤ ਧਨਵਾਦ ਜਿਨ੍ਹਾਂ ਨੇ ਪਿਛਲੇ ਹਫ਼ਤੇ ਦੀ, ਸ. ਜੋਗਿੰਦਰ ਸਿੰਘ ਦੀ ਨਿਜੀ ਡਾਇਰੀ ਪੜ੍ਹ ਕੇ, ਅਪਣੇ ਚਹੇਤੇ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਨੂੰ ਬਚਾਉਣ ਲਈ ਰੁਪਏ ਪੈਸੇ ਦੀ ਮਦਦ ਦੀ ਪੇਸ਼ਕਸ਼ ਵੀ ਕੀਤੀ ਤੇ ਕੁੱਝ ਸੁਝਾਅ ਵੀ ਦਿਤੇ। ਕਈ ਸਾਰੇ ਸੁਝਾਵਾਂ ਵਿਚੋਂ ਇਕ ਇਹ ਵੀ ਸੀ ਕਿ ਅਖ਼ਬਾਰ ਦੀ ਕੀਮਤ 10 ਰੁਪਏ ਕਰ ਦਿਤੀ ਜਾਏ, ਪਾਠਕ ਏਨੀ ਕੀਮਤ ਦੇ ਕੇ ਵੀ ਪਰਚਾ ਜ਼ਰੂਰ ਖ਼ਰੀਦ ਲੈਣਗੇ। ਹੋਰ ਵੀ ਬਹੁਤ ਸਾਰੇ ਸੁਝਾਅ ਆਏ ਹਨ। ਸੁਝਾਅ ਭੇਜਣ ਵਾਲਿਆਂ ਦਾ ਬਹੁਤ ਬਹੁਤ ਧਨਵਾਦ।
Rozana Spokesman
ਇਕ ਗੱਲ ਦਸ ਦਿਆਂ ਕਿ 2005 ਵਿਚ ਜਦ ਅਸੀ ਰੋਜ਼ਾਨਾ ਸਪੋਕਸਮੈਨ ਸ਼ੁਰੂ ਕੀਤਾ ਸੀ ਤਾਂ ਜਿਸ ਤਰ੍ਹਾਂ ਇਸ ਵਿਰੁਧ 'ਹੁਕਮਨਾਮੇ' ਜਾਰੀ ਕੀਤੇ ਗਏ, ਧੂਆਂਧਾਰ ਪ੍ਰਚਾਰ ਗੁਰਦਵਾਰਿਆਂ ਅੰਦਰੋਂ ਤੇ ਬਾਹਰੋਂ ਕੀਤਾ ਗਿਆ ਅਤੇ ਇਸ ਨੂੰ ਮਿਲਣ ਵਾਲੇ ਇਸ਼ਤਿਹਾਰਾਂ ਉਤੇ 100 ਫ਼ੀ ਸਦੀ ਪਾਬੰਦੀ ਲਾ ਦਿਤੀ ਗਈ, ਉਸ ਨੂੰ ਵੇਖ ਕੇ ਜੇ ਸਾਡਾ ਵਿਰੋਧ ਕਰਨ ਵਾਲੇ ਬਾਘੀਆਂ ਪਾ ਪਾ ਕੇ ਇਹ ਕਹਿੰਦੇ ਸਨ ਕਿ ''ਅਖ਼ਬਾਰ ਛੇ ਮਹੀਨੇ ਨਹੀਂ ਨਿਕਲਣ ਦਿਆਂਗੇ ਤੇ ਸਾਲ ਤੋਂ ਪਹਿਲਾਂ ਪਹਿਲਾਂ ਬੰਦ ਕਰਵਾ ਕੇ ਰਹਾਂਗੇ'', ਤਾਂ ਅੰਦਰੋਂ ਅਸੀ ਵੀ ਇਹੀ ਸਮਝਦੇ ਸੀ ਕਿ ਸ਼ਾਇਦ ਅਸੀ ਸਾਰੀਆਂ ਸ਼ਕਤੀਸ਼ਾਲੀ ਤਾਕਤਾਂ ਦੇ ਮੁਕਾਬਲੇ ਬਹੁਤੀ ਦੇਰ ਤਕ ਠਹਿਰ ਨਹੀਂ ਸਕਾਂਗੇ। ਸਾਡੇ ਕੋਲ ਰੱਬ ਅਤੇ ਅਪਣੇ ਪਾਠਕਾਂ ਤੋਂ ਬਿਨਾਂ ਕੋਈ ਹੋਰ ਨਹੀਂ ਸੀ ਜਿਸ ਵਲ ਅਸੀਂ ਵੇਖ ਸਕਦੇ।
Spokesman
ਕਿਸੇ ਪਾਰਟੀ ਨਾਲ ਅਸੀ ਰਲਣਾ ਨਹੀਂ ਸੀ ਚਾਹੁੰਦੇ ਤੇ ਸਿਧਾਂਤਾਂ ਬਾਰੇ ਕੋਈ ਸਮਝੌਤਾ ਸਾਨੂੰ ਪ੍ਰਵਾਨ ਨਹੀਂ ਸੀ। ਸ. ਜੋਗਿੰਦਰ ਸਿੰਘ ਨੂੰ ਤੁਸੀ ਜਾਣਦੇ ਹੀ ਹੋ, ਕਰੋੜਾਂ ਦੀਆਂ ਪੇਸ਼ਕਸ਼ਾਂ ਆਈਆਂ ਪਰ ਇਸ ਬੰਦੇ ਦਾ ਜਵਾਬ ਇਕ ਹੀ ਹੁੰਦਾ ਸੀ, ''ਅਖ਼ਬਾਰ ਬੰਦ ਕਰਵਾ ਲਵਾਂਗੇ ਪਰ ਸਿਧਾਂਤਾਂ ਉਪਰ ਸਮਝੌਤਾ ਨਹੀਂ ਕਰਾਂਗੇ ਕਿਉਂਕਿ ਅਖ਼ਬਾਰ ਸਾਡੇ ਲਈ ਰੋਜ਼ੀ ਰੋਟੀ ਦਾ ਸਾਧਨ ਨਹੀਂ ਬਲਕਿ ਸਿਧਾਂਤ ਦੀ ਫ਼ਤਿਹ ਦਾ ਇਕ ਸਾਧਨ ਮਾਤਰ ਹੈ। ਅਸੀ ਅਖ਼ਬਾਰ ਇਸ ਲਈ ਸ਼ੁਰੂ ਕੀਤੀ ਸੀ ਤਾਕਿ ਪੁਜਾਰੀਵਾਦ, ਡੇਰਾਵਾਦ ਤੇ ਸਿਆਸੀ ਦਖ਼ਲਅੰਦਾਜ਼ੀ ਕਾਰਨ ਧਰਮ ਅਤੇ ਸਿਧਾਂਤ ਜੋ ਹਾਰ ਰਹੇ ਹਨ, ਉਨ੍ਹਾਂ ਨੂੰ ਬਚਾਇਆ ਜਾਏ ਤੇ ਜਿਤਾਇਆ ਜਾਏ। ਪਰ ਜੇ ਸਿਧਾਂਤ ਅਤੇ ਧਰਮ ਨੂੰ ਮਾਰ ਕੇ ਜਾਂ ਵਿਸਾਰ ਕੇ ਹੀ ਅਖ਼ਬਾਰ ਬਚਾਈ ਜਾ ਸਕਦੀ ਹੋਵੇ ਤਾਂ ਇਸ ਦਾ ਬੰਦ ਹੋ ਜਾਣਾ ਹੀ ਠੀਕ ਹੋਵੇਗਾ।''
Sardar Joginder Singh
ਅਤੇ ਤਿੰਨ ਮੌਕੇ ਤਾਂ ਅਜਿਹੇ ਆ ਵੀ ਗਏ ਜਦੋਂ ਸ. ਜੋਗਿੰਦਰ ਸਿੰਘ ਨੇ ਵੀ ਹੱਥ ਖੜੇ ਕਰ ਦਿਤੇ ਕਿ ਹੁਣ ਸਿਧਾਂਤ ਨੂੰ ਮਾਰੇ ਬਿਨਾਂ, ਅਖ਼ਬਾਰ ਨਹੀਂ ਬਚਾਈ ਜਾ ਸਕਦੀ, ਇਸ ਲਈ ਅਖ਼ਬਾਰ ਬੰਦ ਕਰਨਾ ਹੀ ਬਿਹਤਰ ਹੋਵੇਗਾ। ਆਖ਼ਰੀ ਵਾਰ ਜਦ ਉਨ੍ਹਾਂ ਇਸ ਤਰ੍ਹਾਂ ਕਿਹਾ, ਇਹ ਉਹ ਮੌਕਾ ਸੀ ਜਦ ਪੀ.ਜੀ.ਆਈ. ਨੇ ਉਨ੍ਹਾਂ ਨੂੰ ਕਹਿ ਦਿਤਾ ਸੀ ਕਿ ਦਿਲ ਦੀ ਦੂਜੀ ਵਾਰ ਸਰਜਰੀ ਕਰਵਾਉਣੀ ਲਾਜ਼ਮੀ ਹੋ ਗਈ ਹੈ ਕਿਉਂਕਿ ਦਿਲ ਦੀ ਹਾਲਤ ਬਹੁਤ ਵਿਗੜ ਰਹੀ ਸੀ। 16 ਸਾਲ ਪਹਿਲਾਂ ਸਰਜਰੀ ਹੋਈ ਸੀ ਤੇ ਦੂਜੀ ਵਾਰ ਦੀ ਸਰਜਰੀ ਕਰਨ ਦਾ ਉਸ ਵੇਲੇ ਭਾਰਤ ਵਿਚ ਬਹੁਤ ਵਧੀਆ ਪ੍ਰਬੰਧ ਨਹੀਂ ਸੀ।
PGI Chandigarh
ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਨੇ ਵੀ ਸਲਾਹ ਇਹੀ ਦਿਤੀ ਕਿ ਦੂਜੀ ਵਾਰ ਦੀ ਦਿਲ ਦੀ ਸਰਜਰੀ ਕਿਉਂਕਿ ਬਹੁਤ ਖ਼ਤਰਿਆਂ ਭਰਪੂਰ ਹੁੰਦੀ ਹੈ, ਇਸ ਲਈ ਤੁਸੀ ਇਹ ਅਮਰੀਕਾ ਜਾ ਕੇ ਕਰਵਾਉ। ਅਮਰੀਕਾ ਜਾ ਕੇ ਸਰਜਰੀ ਕਰਵਾਉਣ ਦਾ ਖ਼ਰਚਾ ਘੱਟੋ ਘੱਟ 30-40 ਲੱਖ ਬਣਦਾ ਸੀ ਜੋ ਸਾਡੇ ਕੋਲ ਨਹੀਂ ਸੀ। ਉਸ ਵੇਲੇ ਵੀ ਸ. ਜੋਗਿੰਦਰ ਸਿੰਘ ਦਾ ਵਿਚਾਰ ਸੀ ਕਿ ਅਖ਼ਬਾਰ ਬੰਦ ਕਰਨ ਤੋਂ ਬਿਨਾਂ ਹੁਣ ਹੋਰ ਕੁੱਝ ਨਹੀਂ ਕੀਤਾ ਜਾ ਸਕਦਾ। ਸੱਤ ਅੱਠ ਮਹੀਨੇ ਪਹਿਲਾਂ ਹੀ ਉਨ੍ਹਾਂ ਨੂੰ ਵੱਡੀ ਪੇਸ਼ਕਸ਼ ਹੋਈ ਸੀ ਕਿ ਜੇ ਉਹ ਅਜੇ ਵੀ ਉਨ੍ਹਾਂ ਦਾ ਕਹਿਣਾ ਮੰਨ ਲੈਣ ਤਾਂ ਜਿੰਨਾ ਪੈਸਾ ਚਾਹੁਣ, ਅਪਣੇ ਹੱਥ ਨਾਲ ਲਿਖ ਦੇਣ, ਉਨ੍ਹਾਂ ਨੂੰ ਦੇ ਦਿਤਾ ਜਾਏਗਾ। ਸ. ਜੋਗਿੰਦਰ ਸਿੰਘ ਦਾ ਜਵਾਬ ਸੀ, ''ਸਾਰੀ ਦੁਨੀਆਂ ਦਾ ਖ਼ਜ਼ਾਨਾ ਵੀ ਮੈਨੂੰ ਪ੍ਰਵਾਨ ਨਹੀਂ ਹੋਵੇਗਾ ਜੇ ਸ਼ਰਤ ਇਹ ਹੈ ਕਿ ਬਦਲੇ ਵਿਚ ਸਿਧਾਂਤ ਨੂੰ ਛਡਣਾ ਪਵੇਗਾ।''
Rozana Spokesman
ਉਸ ਵੇਲੇ ਸਚਮੁਚ ਸਾਡੇ ਕੋਲ ਕੋਈ ਰਸਤਾ ਬਾਕੀ ਨਹੀਂ ਸੀ ਬਚਿਆ, ਪਰ ਮੈਂ ਉਦੋਂ ਵੀ ਉਨ੍ਹਾਂ ਨੂੰ ਕਿਹਾ ਸੀ, ''ਤੁਸੀਂ ਪੈਸੇ ਦਾ ਪ੍ਰਬੰਧ ਕਰਨ ਦਾ ਤੇ ਅਖ਼ਬਾਰ ਬਚਾਉਣ ਦਾ ਕੰਮ ਮੇਰੇ ਤੇ ਛੱਡੋ ਤੇ ਸਰਜਰੀ ਵਲ ਧਿਆਨ ਦਿਉ। ਮੈਂ ਲਿਖ ਤਾਂ ਨਹੀਂ ਸਕਦੀ ਪਰ ਅਖ਼ਬਾਰ ਨੂੰ ਬੰਦ ਨਹੀਂ ਹੋਣ ਦਿਆਂਗੀ।'' ਮੈਂ ਮੋਰਚਾ ਸੰਭਾਲ ਲਿਆ। ਇਨ੍ਹਾਂ ਦੇ ਦਿਲ ਦੀ ਦੂਜੀ ਵਾਰ ਸਰਜਰੀ ਵੀ ਹੋ ਗਈ ਤੇ ਅਖ਼ਬਾਰ ਵੀ ਮੁੜ ਚੜ੍ਹਦੀ ਕਲਾ ਵਲ ਜਾਣ ਲੱਗ ਪਿਆ। ਮੈਂ ਉਦੋਂ ਕੀ ਕੀਤਾ ਤੇ ਕਿਵੇਂ ਬਾਦਲਾਂ ਦੀ ਆਫ਼ਤ ਤੋਂ ਅਖ਼ਬਾਰ ਨੂੰ ਬਚਾਇਆ, ਇਹ ਦੱਸਣ ਦੀ ਲੋੜ ਨਹੀਂ। ਮੈਂ ਤੇ ਮੇਰੇ ਰੱਬ ਤੋਂ ਬਾਅਦ ਬਾਬਾ ਨਾਨਕ ਹੀ ਸੱਭ ਕੁੱਝ ਜਾਣਦਾ ਹੈ। ਬੜੀ ਮਿਹਨਤ ਕਰਨੀ ਪਈ ਸੀ ਪਰ ਕਿਸੇ ਅੱਗੇ ਹੱਥ ਨਹੀਂ ਸਨ ਅੱਡੇ। ਦੋ ਤਿੰਨ ਮਹੀਨਿਆਂ ਵਿਚ ਹੀ ਅੰਦਰ ਦਾ ਪ੍ਰਬੰਧ ਠੀਕ ਕਰ ਕੇ, ਸੱਭ ਕੁੱਝ ਠੀਕ ਠਾਕ ਕਰ ਲਿਆ ਸੀ।
File Photo
ਉਦੋਂ ਤੋਂ ਅੱਜ ਤਕ ਸ. ਜੋਗਿੰਦਰ ਸਿੰਘ ਨੇ ਕਦੇ ਦਫ਼ਤਰ ਵਿਚ ਆ ਕੇ ਨਹੀਂ ਵੇਖਿਆ। ਘਰੋਂ ਹੀ ਅਪਣਾ ਸਾਰਾ ਕੰਮ ਕਰਦੇ ਹਨ। ਕਈ ਸਾਲਾਂ ਤੋਂ ਦਫ਼ਤਰ ਪੂਰੀ ਤਰ੍ਹਾਂ ਮੇਰੇ ਹਵਾਲੇ ਕਰ ਦਿਤਾ ਹੋਇਆ ਹੈ। ਅੱਜ ਜੋ 'ਕੋਰੋਨਾ ਆਫ਼ਤ' ਆਈ ਹੈ, 'ਬਾਦਲ ਆਫ਼ਤ' ਇਸ ਨਾਲੋਂ ਘੱਟ ਡਾਢੀ ਨਹੀਂ ਸੀ। ਅਖ਼ਬਾਰ ਨੂੰ ਬੰਦ ਕਰਨ ਲਈ ਉਸ ਆਫ਼ਤ ਨੇ ਵੀ ਅਪਣਾ ਸੱਭ ਕੁੱਝ ਦਾਅ ਤੇ ਲਾ ਦਿਤਾ ਸੀ। ਭਲੇ ਲੋਕਾਂ ਤਕ ਸਾਡੀ ਹਾਲਤ ਦੀਆਂ ਖ਼ਬਰਾਂ ਪਹੁੰਚਦੀਆਂ ਤਾਂ ਕਈ ਲੋਕ, ਬਿਨਾਂ ਬੋਲੇ, 'ਬੰਦ ਲਿਫ਼ਾਫ਼ੇ' ਵਿਚ ਮਦਦ ਦੇ ਜਾਂਦੇ ਸਨ। ਮੈਂ ਉਨ੍ਹਾਂ ਨੂੰ ਨਹੀਂ ਜਾਣਦੀ ਸੀ, ਨਾ ਉਹ ਮੈਨੂੰ ਹੀ ਜਾਣਦੇ ਸੀ। ਉਹ ਕੇਵਲ ਦੋ ਨਾਂ ਜਾਣਦੇ ਸੀ¸ਰੋਜ਼ਾਨਾ ਸਪੋਕਸਮੈਨ ਤੇ ਸ. ਜੋਗਿੰਦਰ ਸਿੰਘ। ਜਿਉਂ ਜਿਉਂ ਉਨ੍ਹਾਂ ਨੂੰ ਪਤਾ ਲਗਦਾ ਜਾਂਦਾ ਸੀ ਕਿ ਦੋਵੇਂ ਖ਼ਤਰੇ ਵਿਚ ਸਨ, ਉਹ ਆਈ ਜਾਂਦੇ ਸਨ ਤੇ ਬਿਨਾਂ ਕੁੱਝ ਬੋਲੇ, ਮਦਦ ਦੇ ਕੇ ਚਲੇ ਜਾਂਦੇ ਸਨ। ਅੱਜ ਤਕ ਉਨ੍ਹਾਂ ਕਦੇ ਅਪਣੀ 'ਮਦਦ' ਬਾਰੇ ਸਾਨੂੰ ਕਦੇ ਨਹੀਂ ਜਤਾਇਆ।
Parkash Singh Badal
ਅੱਜ ਓਨੀ ਮਾੜੀ ਹਾਲਤ ਨਹੀਂ। ਅੱਜ ਸਮੱਸਿਆ ਕੇਵਲ ਇਹ ਹੈ ਕਿ ਸਾਨੂੰ ਅਖ਼ਬਾਰ ਬਚਾਉਣ ਲਈ ਵੀ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ ਤੇ 'ਉੱਚਾ ਦਰ ਬਾਬੇ ਨਾਨਕ ਦਾ' ਲਈ ਵੀ ਹਰ ਮਹੀਨੇ ਘੱਟੋ ਘੱਟ 10-12 ਲੱਖ ਦਾ ਪ੍ਰਬੰਧ ਅਖ਼ਬਾਰ ਵਿਚੋਂ ਹੀ ਕਰਨਾ ਪੈ ਰਿਹਾ ਹੈ (ਬਿਜਲੀ, ਪਾਣੀ, ਮਾਲੀ, ਗਾਰਡ, ਟੈਕਸ, ਚੌਕੀਦਾਰ ਤੇ ਹੋਰ ਨਿਕ ਸੁਕ ਖ਼ਰਚੇ ਜੋ ਨਹੀਂ ਟਾਲੇ ਜਾ ਸਕਦੇ)। ਇਸ ਤੋਂ ਇਲਾਵਾ, ਉੱਚਾ ਦਰ ਨੂੰ ਪਾਠਕਾਂ ਵਲੋਂ ਦਿਤੀਆਂ ਉਧਾਰੀਆਂ ਰਕਮਾਂ, ਸੂਦ ਸਮੇਤ ਵਾਪਸ ਕਰਨ ਲਈ ਘੱਟੋ-ਘੱਟ ਦੋ ਕਰੋੜ ਰੁਪਏ ਹਰ ਸਾਲ ਅਖ਼ਬਾਰ ਵਿਚੋਂ ਕਢਣੇ ਪੈਂਦੇ ਹਨ ਕਿਉਂਕਿ ਪੈਸੇ ਵਾਪਸ ਮੰਗਣ ਵਾਲੇ ਕਾਫ਼ੀ ਮੁਸ਼ਕਲ ਵਿਚ ਹੁੰਦੇ ਹਨ ਤੇ ਤੁਰਤ ਅਦਾਇਗੀ ਚਾਹੁੰਦੇ ਹਨ ਜਦਕਿ ਟਰੱਸਟ ਦਾ ਖ਼ਜ਼ਾਨਾ ਖ਼ਾਲੀ ਹੁੰਦਾ ਹੈ ਤੇ ਟਰੱਸਟ ਵਾਲੇ (ਮਾਲਕ) ਕੁੱਝ ਵੀ ਹਿੱਸਾ ਪਾਉਣ ਤੋਂ ਨਾਂਹ ਕਰ ਦੇਂਦੇ ਹਨ। ਮਾਲਕੀ ਟਰੱਸਟ ਦੇ ਨਾਂ ਕਰ ਦਿਤੀ ਹੈ ਪਰ ਉਹ ਫਿਰ ਵੀ ਕੁੱਝ ਨਹੀਂ ਕਰ ਰਹੇ।
Rozana spokesman
3000 ਮੈਂਬਰ ਬਣੇ ਹਨ ਪਰ ਉਹ ਵੀ ਇਕ ਵਾਰ ਮੈਂਬਰਸ਼ਿਪ ਫ਼ੀਸ ਦੇ ਕੇ ਸਮਝਦੇ ਹਨ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਖ਼ਤਮ ਹੋਈ। ਕੌਮੀ ਜਾਇਦਾਦਾਂ ਇਸ ਤਰ੍ਹਾਂ ਨਹੀਂ ਬਣਦੀਆਂ ਕਿ ਇਕੋ ਮੋਢੀ ਨੂੰ ਨਚੋੜ-ਨਚੋੜ ਕੇ ਮਾਰ ਛੱਡੋ ਤੇ ਬਾਕੀ ਦੇ, ਦੁਗਣੀ ਰਕਮ ਉੱਚਾ ਦਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਗਣ ਲਈ ਸਿਰ ਤੇ ਸਵਾਰ ਹੋਏ ਰਹਿਣ। ਹੁਣ ਤਕ ਸੂਦ ਸਮੇਤ ਬੈਂਕ ਤੇ ਪਾਠਕਾਂ ਨੂੰ 50 ਕਰੋੜ ਮੋੜੇ ਜਾ ਚੁੱਕੇ ਹਨ ਜਦਕਿ ਵਾਪਸ ਨਾ ਮੋੜਨ ਵਾਲੇ, ਮੈਂਬਰਸ਼ਿਪ ਵਜੋਂ ਕੇਵਲ 15 ਕਰੋੜ ਮਿਲੇ ਹਨ। ਸਾਰੇ ਮੈਂਬਰ ਹੀ ਸਰਗਰਮ ਹੋ ਜਾਂਦੇ ਤੇ ਕੁਲ ਲਾਗਤ ਦਾ ਅੱਧਾ ਹਿੱਸਾ ਪਾਉਣ ਦਾ ਅਪਣਾ ਪ੍ਰਣ ਯਾਦ ਕਰ ਕੇ ਉਸ ਨੂੰ ਨਿਭਾ ਦੇਂਦੇ ਤਾਂ ਰੋਜ਼ਾਨਾ ਸਪੋਕਸਮੈਨ ਤਾਂ ਅਪਣਾ ਅੱਧਾ ਹਿੱਸਾ ਕਈ ਸਾਲ ਪਹਿਲਾਂ ਦੇ ਹੀ ਚੁੱਕਾ ਸੀ। ਜਿਨ੍ਹਾਂ ਨੇ ਬਾਹਵਾਂ ਖੜੀਆਂ ਕਰ ਕੇ ਪ੍ਰਣ ਲਿਆ ਸੀ, ਉਹ ਪ੍ਰਣ ਪੂਰਾ ਕਰ ਦੇਂਦੇ ਤਾਂ 'ਉੱਚਾ ਦਰ' ਚਾਰ ਸਾਲ ਪਹਿਲਾਂ ਚਾਲੂ ਹੋ ਚੁੱਕਾ ਹੁੰਦਾ ਤੇ ਸਪੋਕਸਮੈਨ ਉਤੇ ਕੋਈ ਭਾਰ ਨਾ ਪੈਂਦਾ।
Ucha Dar Babe Nanak Da
ਅੱਜ ਵੀ ਸਪੋਕਸਮੈਨ ਦੀ ਮਦਦ ਕਰਨ ਦੀ ਏਨੀ ਲੋੜ ਨਹੀਂ ਜਿੰਨੀ ਉੱਚਾ ਦਰ ਬਾਰੇ ਅਪਣਾ ਪ੍ਰਣ ਨਿਭਾਉਣ ਦੀ ਲੋੜ ਹੈ ਤਾਕਿ ਉਹ ਤੁਰਤ ਚਾਲੂ ਹੋ ਜਾਏ ਤੇ ਸਪੋਕਸਮੈਨ ਨੂੰ ਹੋਰ ਕੁੱਝ ਨਾ ਦੇਣਾ ਪਵੇ। ਸਾਰੇ 3000 ਮੈਂਬਰ ਹੀ ਅਪਣੀ ਜ਼ਿੰਮੇਵਾਰੀ ਸਮਝ ਲੈਣ ਤਾਂ ਅਖ਼ਬਾਰ ਦੀ ਚਿੰਤਾ ਕਰਨ ਦੀ ਲੋੜ ਹੀ ਨਹੀਂ ਰਹੇਗੀ। ਇਹ ਮੇਰਾ ਵਾਅਦਾ ਹੈ। ਉਸ ਬਾਰੇ ਸ. ਜੋਗਿਦਰ ਸਿੰਘ ਅਗਲੇ ਹਫ਼ਤੇ ਮੈਂਬਰਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਯਾਦ ਕਰਵਾਉਣਗੇ। ਇਹੀ ਸਪੋਕਸਮੈਨ ਦੀ ਸੱਭ ਤੋਂ ਵੱਡੀ ਮਦਦ ਹੋਵੇਗੀ। ਸਪੋਕਸਮੈਨ ਅਪਣਾ ਭਾਰ ਚੁੱਕਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਪਰ ਉੱਚਾ ਦਰ ਦਾ ਭਾਰ ਹੁਣ ਇਸ ਦੇ ਮਾਲਕ ਅਥਵਾ ਟਰੱਸਟ ਤੇ ਇਸ ਦੇ ਮੈਂਬਰਾਂ ਨੂੰ ਚੁਕਣਾ ਚਾਹੀਦਾ ਹੈ। ਕੋਰੋਨਾ ਆਫ਼ਤ ਦੀ ਇਹ ਸੱਭ ਤੋਂ ਵੱਡੀ ਮੰਗ ਹੈ। ਅਗਲੇ ਹਫ਼ਤੇ ਸ. ਜੋਗਿੰਦਰ ਸਿੰਘ ਆਪ ਸਾਰਾ ਹਾਲ ਬਿਆਨ ਕਰਨਗੇ।