S. Joginder Singh: ਸ਼ਰਧਾ ਤੇ ਪਿਆਰ ਵਿਚ ਜੇ ਲਾਲਚ ਦਾ ਕਣ ਵੀ ਮਿਲਿਆ ਹੋਵੇ ਤਾਂ ਨਾ ਸ਼ਰਧਾ, ਸ਼ਰਧਾ ਰਹਿੰਦੀ ਹੈ ਤੇ ਨਾ ਪਿਆਰ, ਪਿਆਰ ਹੀ।
S. Joginder Singh: ਮੈਂ ਸਿੱਖਾਂ ਨੂੰ ਅਕਸਰ ਕਹਿੰਦੇ ਵੇਖਦਾ ਹਾਂ, ‘‘ਅਸੀ ਤਾਂ ਜੀ ਸਾਲ ਵਿਚ ਇਕ ਵਾਰ ਫ਼ਲਾਣੇ ਗੁਰਦਵਾਰੇ, ਫ਼ਲਾਣੇ ਡੇਰੇ, ਫ਼ਲਾਣੇ ਸਾਧ ਦੇ ਧਾਰਮਕ ਮੇਲੇ ਸਮੇਂ ਜ਼ਰੂਰ ਹੋ ਆਉਂਦੇ ਹਾਂ। ਉਸ ਡੇਰੇ/ਗੁਰਦਵਾਰੇ/ਸਾਧ ਕੋਲ ਜਾ ਆਉਣ ਨਾਲ ਸੱਭ ਕੰਮ ਪੂਰੇ ਹੋ ਜਾਂਦੇ ਨੇ ਤੇ ਜੀਵਨ ਸੌਖਾ ਲੰਘ ਰਿਹੈ।’’
ਸੋ ਅਪਣੀ ਪਸੰਦ ਦੇ ਗੁਰਦਵਾਰੇ, ਡੇਰੇ ਜਾਂ ਸਾਧ ਕੋਲ ਜਾਣ ਦਾ ਮਕਸਦ ਇਕੋ ਹੁੰਦਾ ਹੈ ਕਿ ਉਥੇ ਜਾ ਕੇ ਤੁਹਾਡੇ ਸਾਰੇ ਕੰਮ ਹੋ ਜਾਂਦੇ ਹਨ ਤੇ ਅੱਗੋਂ ਇਹ ਵੀ ਸੁਣਨ ਨੂੰ ਮਿਲ ਜਾਂਦਾ ਹੈ ਕਿ ‘ਜਾਹ ਭਾਈ, ਹੁਣ ਇਥੇ ਆ ਗਿਐਂ ਤਾਂ ਤੇਰੇ ਪਿਛਲੇ ਪਾਪ ਸਾਰੇ ਮਿਟ ਗਏ ਸਮਝ। ਤੈਨੂੰ ਹੁਣ ਮਰ ਕੇ ਦਰਗਾਹ ਵਿਚ ਵੀ ਕੋਈ ਸਵਾਲ ਨਹੀਂ ਪੁੱਛੇਗਾ।’’ ਇਹ ਝੂਠ ਸੁਣ ਕੇ ਵੀ ਅਸੀ ਸੱਚ ਮੰਨ ਲੈਂਦੇ ਹਾਂ।
ਸੋ ਇਹ ਤਿੰਨ ਲਾਲਚ, ਸਾਨੂੰ ਸਾਰਿਆਂ ਨੂੰ ਹਰ ਸਾਲ ਅਪਣੀ ਪਸੰਦ ਦੇ ਕਿਸੇ ਮੰਦਰ/ਗੁਰਦਵਾਰੇ/ਡੇਰੇ ਜਾਂ ਸਾਧ ਕੋਲ ਜ਼ਰੂਰ ਲਿਜਾਂਦੇ ਹਨ ਕਿਉਂਕਿ ਅਸੀ ਚਾਹੁੰਦੇ ਹਾਂ ਕਿ ਇਹ ਮੰਦਰ, ਡੇਰਾ, ਗੁਰਦਵਾਰਾ ਜਾਂ ਸਾਧ, ਪੂਰਾ ਸਾਲ ਸਾਡੇ ਦੁਖ ਸੁੱਖ ਦਾ ਧਿਆਨ ਰੱਖੇ ਤੇ ਮਰਨ ਉਪ੍ਰੰਤ ਵੀ ਸਾਨੂੰ ਬਚਾਈ ਰੱਖੇ। ਇਹ ਵਿਚਾਰ ਦੇ ਕੇ ਇਹ ਲੋਕ, ਨਾ ਚਾਹੁੰਦੇ ਹੋਏ ਵੀ, ਮਨੁੱਖ ਤੇ ਰੱਬ ਵਿਚਕਾਰ ਇਕ ਵੱਡੀ ਦੀਵਾਰ ਖੜੀ ਕਰ ਦੇਂਦੇ ਹਨ ਕਿਉਂਕਿ ਜੇ ਇਨ੍ਹਾਂ ਨੇ ਹੀ ਸੱਭ ਕੁੱਝ ਕਰ ਦੇਣਾ ਹੈ ਤਾਂ ਰੱਬ ਦੀ ਲੋੜ ਹੀ ਕੀ ਰਹਿ ਗਈ? ਉਪਰੋਂ ਕਹਿੰਦੇ ਅਸੀ ਇਹੀ ਹਾਂ ਕਿ ਸਾਡੀ ਫ਼ਲਾਣੀ ਥਾਂ ਜਾਂ ਫ਼ਲਾਣੇ ਸਾਧ ਵਿਚ ਸ਼ਰਧਾ ਬਣੀ ਹੋਈ ਹੈ ਪਰ ‘ਸ਼ਰਧਾ’ ਦਾ ਪਰਦਾ ਜ਼ਰਾ ਇਕ ਪਾਸੇ ਖਿਸਕਾ ਕੇ ਵੇਖੋ ਤਾਂ ਉਹ ਸਾਡੀ ਸ਼ਰਧਾ ਨਹੀਂ ਹੁੰਦੀ, ਖ਼ਾਲਸ ਸਾਡਾ ਲਾਲਚ ਹੁੰਦਾ ਹੈ। ਸ਼ਰਧਾ ਤੇ ਪਿਆਰ ਵਿਚ ਜੇ ਲਾਲਚ ਦਾ ਕਣ ਵੀ ਮਿਲਿਆ ਹੋਵੇ ਤਾਂ ਨਾ ਸ਼ਰਧਾ, ਸ਼ਰਧਾ ਰਹਿੰਦੀ ਹੈ ਤੇ ਨਾ ਪਿਆਰ, ਪਿਆਰ ਹੀ।
ਮੈਂ ਸਕੂਲ ਦੇ ਦਿਨਾਂ ਤੋਂ ਹੀ ਪਾਠ ਕੀਤੇ ਬਿਨਾਂ, ਸਵੇਰੇ ਪਾਣੀ ਮੂੰਹ ਨੂੰ ਨਹੀਂ ਸੀ ਲੱਗਣ ਦਿੰਦਾ ਤੇ ਸਕੂਲ ਜਾਣ ਸਮੇਂ ਗੁਰਦਵਾਰੇ ਵੀ ਮੱਥਾ ਟੇਕ ਕੇ ਜਾਂਦਾ ਸੀ ਪਰ ਜ਼ਿੰਦਗੀ ਵਿਚ ਕਦੇ ਵੀ ਮੇਰਾ ਦਿਲ ਇਹ ਨਹੀਂ ਕੀਤਾ ਕਿ ਕਿਸੇ ਖ਼ਾਸ ਗੁਰਦਵਾਰੇ ਜਾਂ ਹੋਰ ਧਰਮ-ਅਸਥਾਨ ਦੀ ਯਾਤਰਾ ਤੇ ਜਾਵਾਂ। ਜਦੋਂ ਵੀ ਕੋਈ ਅਜਿਹੀ ਤਜਵੀਜ਼ ਮੇਰੇ ਸਾਹਮਣੇ ਆਉਂਦੀ, ਮੈਂ ਸਾਫ਼ ਨਾਂਹ ਕਰ ਦੇਂਦਾ। ਮੇਰਾ ਸਵਾਲ ਹੁੰਦਾ, ‘‘ਕੀ ਵਖਰਾ ਮਿਲੇਗਾ ਉਥੇ? ਉਥੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਾਂਗਾ ਤੇ ਕੜਾਹ ਪ੍ਰਸ਼ਾਦ ਜਾਂ ਕੋਈ ਹੋਰ ਪ੍ਰਸ਼ਾਦ ਦੇ ਕੇ ਮੈਨੂੰ ਬਾਹਰ ਭੇਜ ਦਿਤਾ ਜਾਏਗਾ ਤੇ ਇਥੇ ਤਾਂ ਰੋਜ਼ ਹੀ ਮੇਰੇ ਨਾਲ ਇਹੀ ਕੁੱਝ ਹੁੰਦਾ ਹੈ। ਮੈਨੂੰ ਦੱਸੋ, ਨਵੀਂ ਚੀਜ਼ ਕੀ ਹੋਵੇਗੀ ਉਥੇ? ਜੇ ਕੁੱਝ ਨਹੀਂ ਤਾਂ ਮੈਂ ਇਥੇ ਹੀ ਮੱਥਾ ਟੇਕ ਕੇ ਖ਼ੁਸ਼ ਹਾਂ।’’
ਫਿਰ ਮੈਂ ਕਾਲਜ ਜਾ ਕੇ ਸਿੱਖੀ ਨੂੰ ਗੰਭੀਰਤਾ ਨਾਲ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਪਤਾ ਲੱਗਾ ਕਿ ਸਾਡੇ ਧਰਮ ਦਾ ਬਾਨੀ ਤਾਂ ਤੀਰਥ-ਯਾਤਰਾ ਦਾ ਸਖ਼ਤ ਵਿਰੋਧੀ ਸੀ ਤੇ ਉਹ ਰੱਬ ਤੋਂ ਥੱਲੇ ਕੋਈ ਗੱਲ ਕਰਦਾ ਹੀ ਨਹੀਂ ਸੀ।
ਫਿਰ ਬਾਬਾ ਨਾਨਕ ਆਪ ਕਿਉਂ ਯਾਤਰਾਵਾਂ (ਉਦਾਸੀਆਂ) ਲਈ ਵਾਰ-ਵਾਰ ਗਏ ਸੀ? ਇਹ ਪ੍ਰਸ਼ਨ ਅਪਣੇ ਆਪ ਮੇਰੇ ਮਨ ਵਿਚ ਉਠਿਆ ਪਰ ਕੁੱਝ ਪੁਸਤਕਾਂ ਪੜ੍ਹਨ ਮਗਰੋਂ ਮੈਨੂੰ ਜਵਾਬ ਮਿਲ ਗਿਆ ਕਿ ਬਾਬਾ ਨਾਨਕ ‘ਤੀਰਥ ਯਾਤਰਾ’ ’ਤੇ ਨਹੀਂ ਸਨ ਗਏ ਸਗੋਂ ਸਾਰੇ ਹੀ ‘ਧਰਮਾਂ’ ਦੇ ਮੁਖੀਆਂ ਨੂੰ ਕਹਿਣ ਗਏ ਸਨ ਕਿ ਧਰਮ ਦੇ ਨਾਂ ’ਤੇ ‘ਅੰਧੀ ਰਈਅਤ’ ਨੂੰ ਲੁੱਟਣ ਦਾ ਕੰਮ ਹੁਣ ਬੰਦ ਕਰ ਦਿਉ ਤੇ ਅਸਲ ਧਰਮ (ਕਰਤਾ ਪੁਰਖ ਨਾਲ ਮਿਲਾਪ) ਬਾਰੇ ਹੀ ਲੋਕਾਂ ਨੂੰ ਸਿਖਿਅਤ ਕਰੋ ਪਰ ਤੁਸੀ ਤਾਂ ਆਪ ਰੱਬ ਅਤੇ ਬੰਦੇ ਵਿਚਕਾਰ ਅੜ ਕੇ ਬੈਠ ਜਾਂਦੇ ਹੋ ਤੇ ਕਹਿੰਦੇ ਹੋ ਕਿ ਉਹ ਤੁਹਾਨੂੰ ਤੇ ਤੁਹਾਡੀਆਂ ਮੂਰਤੀਆਂ ਨੂੰ ਹੀ ਰੱਬ ਸਮਝੇ ਤੇ ਤੁਹਾਡੇ ਕਰਮ-ਕਾਂਡਾਂ ਨੂੰ, ਰੱਬ ਨੂੰ ਮਿਲਣ ਦਾ ਇਕੋ ਇਕ ਤਰੀਕਾ ਸਮਝ ਕੇ ਲੁਟੀਂਦਾ ਤੇ ਮੂਰਖ ਬਣਦਾ ਰਹੇ। ਕੀ ਦੁਨੀਆਂ ਦੇ ਕਿਸੇ ਹੋਰ ਵੱਡੇ ਮਹਾਂਪੁਰਸ਼ ਨੇ ਸਾਰੀ ਮਨੁੱਖਤਾ ਨੂੰ ਇਕ ਮੰਨਦੇ ਹੋਏ, ਹਜ਼ਾਰਾਂ ਮੀਲਾਂ ਤੇ ਦਰਜਨਾਂ ਦੇਸ਼ਾਂ ਵਿਚ ਜਾ ਕੇ ਲੋਕਾਂ ਨੂੰ ਇਸ ਪਖੰਡਵਾਦ ਤੋਂ ਆਜ਼ਾਦ ਕਰਵਾਉਣ ਦਾ ਯਤਨ ਕੀਤਾ ਸੀ?
ਨਹੀਂ, ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਉਹ ਤਾਂ ਅਪਣੇ ਇਲਾਕੇ ਤੇ ਅਪਣੇ ਕਬੀਲਿਆਂ ਦੇ ਲੋਕਾਂ ਨੂੰ ਹੀ ਪਿਛਲੇ ਧਰਮ ਨੂੰ ਛੱਡ ਕੇ ਅਪਣੇ ਪਿੱਛੇ ਲਾਉਣ ਦਾ ਯਤਨ ਕਰਦੇ ਰਹਿ ਕੇ ਹੀ, ਉਮਰ ਵਿਹਾਅ ਗਏ। ਫਿਰ ਤਾਂ ਬਾਬਾ ਨਾਨਕ ਦੁਨੀਆਂ ਦਾ ਪਹਿਲਾ ਇਨਕਲਾਬੀ ਸੀ ਜਿਸ ਨੇ ਜਿਥੇ ਤਕ ਉਸ ਸਮੇਂ ਜਾ ਸਕਣਾ ਸੰਭਵ ਸੀ, ਪੈਦਲ ਜਾ ਜਾ ਕੇ ਲੋਕਾਂ ਨੂੰ ਧਰਮਾਂ ਦੇ ਕਰਮ-ਕਾਂਡਾਂ ਤੇ ਪੁਜਾਰੀਆਂ ਦੀ ਲੁੱਟ ਤੋਂ ਆਜ਼ਾਦ ਕਰਨ ਲਈ ਚਾਰ ਵੱਡੀਆਂ ਯਾਤਰਾਵਾਂ ਤੇ ਅਨੇਕਾਂ ਛੋਟੀਆਂ ਪ੍ਰਚਾਰ ਯਾਤਰਾਵਾਂ ਕੀਤੀਆਂ।
ਉਨ੍ਹਾਂ ਸੱਚ ਬੋਲਿਆ ਤਾਂ ਰੋੜੇ ਪੱਥਰ ਵੀ ਖਾਧੇ, ਧੱਕੇ ਵੀ ਪਏ, ਗਾਲ੍ਹਾਂ ਵੀ ਸੁਣੀਆਂ ਪਰ ਅਪਣੀ ਗੱਲ ਕਹਿ ਕੇ ਹੀ ਪਰਤੇ। ਸੋ ਬਾਬੇ ਨਾਨਕ ਦੀਆਂ ਯਾਤਰਾਵਾਂ ‘ਤੀਰਥ ਯਾਤਰਾਵਾਂ’ ਨਹੀਂ ਸਨ ਸਗੋਂ ਤੀਰਥਾਂ ਅਤੇ ਧਰਮ-ਅਸਥਾਨਾਂ ’ਤੇ ਕੀਤੇ ਜਾ ਰਹੇ ਪਖੰਡ ਅਤੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਵਿਰੁਧ ਆਵਾਜ਼ ਉੱਚੀ ਕਰਨ ਦਾ ਮਾਨਵਤਾ ਦਾ ਪਹਿਲਾ ਉੱਚਾ ਹੋਕਾ ਸੀ ਜਿਸ ਨੂੰ ਬਾਬਾ ਜੀ ਨੇ ਆਪ ‘ਛੋਡੀਲਾ ਪਾਖੰਡਾ’ ਕਹਿ ਕੇ ਸਪੱਸ਼ਟ ਕੀਤਾ ਸੀ।
ਮੈਂ ਵੇਖਦਾ ਸੀ ਕਿ ਮੁਸਲਮਾਨ ਹੱਜ ਤੇ ਜਾਣਾ ਚਾਹੁਣ ਤਾਂ ਉਨ੍ਹਾਂ ਨੂੰ ਸਰਕਾਰ ਵਲੋਂ ‘ਸਬਸਿਡੀ’ ਮਿਲਦੀ ਹੈ ਤੇ ਹੋਰ ਧਰਮਾਂ ਵਾਲੇ ਵੀ ਇਸੇ ਤਰ੍ਹਾਂ ਅਪਣੇ ਕੋਲੋਂ ਮਦਦ ਦੇਂਦੇ ਹਨ, ਤਾਂ ਫਿਰ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਤੀਰਥ ਯਾਤਰਾਵਾਂ ਦੇ ਉਲਟ ‘ਪਖੰਡ-ਵਿਰੋਧੀ ਯਾਤਰਾ’ ਹਰ ਸਾਲ ਕਢਿਆ ਕਰਨ ਜੋ ਬਾਬੇ ਨਾਨਕ ਦੀਆਂ ‘ਉਦਾਸੀਆਂ’ ਵਾਲੇ ਸਾਰੇ ਟਿਕਾਣਿਆਂ ’ਤੇ ਜਾਇਆ ਕਰਨ ਤੇ ਉਥੇ ਬਾਬੇ ਨਾਨਕ ਦੀ ਅਸਲ ਗੱਲ ਦਾ ਪ੍ਰਚਾਰ ਕਰਿਆ ਕਰਨ। ਇਸ ਵੇਲੇ ਬਹੁਤੀਆਂ ਥਾਵਾਂ ਤੇ ਕਰਮ-ਕਾਂਡ ਕਰਨ ਵਾਲਿਆਂ ਦਾ ਹੀ ਕਬਜ਼ਾ ਹੈ ਜੋ ਬਾਬੇ ਨਾਨਕ ਦੇ ਨਾਂ ਤੇ ਨਵੇਂ ਕਰਮ-ਕਾਂਡ, ਨਵੇਂ ਭਰਮ ਤੇ ਨਵੇਂ ਅੰਧਵਿਸ਼ਵਾਸ ਦਾ ਪ੍ਰਚਾਰ ਕਰ ਕੇ ਤੇ ਬਾਬੇ ਨਾਨਕ ਨੂੰ ‘ਚਮਤਕਾਰੀ ਬਾਬਾ’ ਦੱਸ ਕੇ ਲੋਕਾਂ ਨੂੰ ਲੁਟ ਰਹੇ ਹਨ।
ਜਦ ਬਾਬੇ ਨਾਨਕ ਦੇ ਗਾਹੇ ਪੈਂਡਿਆਂ ’ਤੇ ਜੱਥੇ ਲਗਾਤਾਰ ਯਾਤਰਾ ਸ਼ੁਰੂ ਕਰਨਗੇ ਤਾਂ ਦੁਨੀਆਂ ਨੂੰ ਪਹਿਲੀ ਵਾਰ ਪਤਾ ਲੱਗੇਗਾ ਕਿ ਧਰਮ ਦੇ ਨਾਂ ਤੇ ਹੁੰਦੀ ਲੁਟ ਵਿਰੁਧ ਵੱਡੀ ਯਾਤਰਾ ਬਾਬਾ ਨਾਨਕ ਨੇ ਹੀ ਸ਼ੁਰੂ ਕੀਤੀ ਸੀ। ਦੂਜੇ ਧਰਮਾਂ ਵਾਲੇ, ਕਰਮ-ਕਾਂਡ, ਅੰਧ-ਵਿਸ਼ਵਾਸ ਤੇ ਪੁਜਾਰੀ ਸ਼੍ਰੇਣੀ ਦੀ ਅਧੀਨਗੀ ਮਨਵਾਉਣ ਵਾਲੀ ‘ਤੀਰਥ ਯਾਤਰਾ ਕਰਦੇ ਹਨ, ਸਿੱਖਾਂ ਨੂੰ ਬਾਬੇ ਨਾਨਕ ਦੇ ਪਦ-ਚਿੰਨ੍ਹਾਂ ਤੇ ਚਲਦੇ ਹੋਏ, ਹਰ ਸਾਲ ਜੱਥੇ ਬਣਾ ਕੇ, ਬਾਬੇ ਨਾਨਕ ਦੇ ਗਾਹੇ ਰਸਤਿਆਂ ਤੇ ਚਲ ਕੇ ਦੁਨੀਆਂ ਦਾ ਧਿਆਨ ਇਸ ਗੱਲ ਵਲ ਖਿਚਣਾ ਚਾਹੀਦਾ ਹੈ ਕਿ ਸੰਸਾਰ ਵਿਚ ਪਹਿਲੀ ਵਾਰ ਸਾਡੇ ਬਾਨੀ ਨੇ ਹੀ ਉਹ ਯਾਤਰਾਵਾਂ ਅਰੰਭੀਆਂ ਸਨ ਜਿਨ੍ਹਾਂ ਦਾ ਮਕਸਦ ਸੱਚੇ ਧਰਮ (ਪ੍ਰਮਾਤਮਾ) ਨੂੰ ਛੱਡ ਕੇ ਬਾਕੀ ਸਾਰੇ ਫੋਕਟ ਕਰਮਾਂ, ਪਖੰਡ, ਅੰਧ-ਵਿਸ਼ਵਾਸ ਤੇ ਕਰਮ-ਕਾਂਡ ਬਾਰੇ ਜਾਗਰੂਕ ਕਰਨਾ ਸੀ।
ਉਨ੍ਹਾਂ ਅਪਣੇ ਇਲਾਕੇ ਵਿਚ ਰਹਿ ਕੇ ਹੀ ਨਹੀਂ ਸਗੋਂ 5 ਸਦੀਆਂ ਪਹਿਲਾਂ ਦੁਨੀਆਂ ਦੇ ਕੋਨੇ-ਕੋਨੇ ਵਿਚ ਘੁੰਮ ਕੇ ਪ੍ਰਚਾਰ ਕੀਤਾ ਸੀ। ਦੁਨੀਆਂ ਜ਼ਰੂਰ ਜਾਣਨਾ ਚਾਹੇਗੀ ਕਿ ਮਾਨਵਤਾ ਦੇ ਇਤਿਹਾਸ ਦਾ ਇਹ ਪਹਿਲਾ ਜਾਗਰੂਕ ਮਹਾਂਪੁਰਸ਼ ਕੌਣ ਸੀ ਤੇ ਹੁਣ ਤਕ ਉਨ੍ਹਾਂ ਦਾ ਧਿਆਨ ਉਸ ਵਲ ਕਿਉਂ ਨਹੀਂ ਗਿਆ?
ਮੇਰਾ ਬੜਾ ਦਿਲ ਕਰਦਾ ਸੀ ਕਿ ‘ਉੱਚਾ ਦਰ ਬਾਬੇ ਨਾਨਕ ਦਾ’ ਸ਼ੁਰੂ ਹੋਵੇ ਤੇ ਉਥੋਂ ਅਸੀ ਅਸਲ ‘ਧਰਮ ਯਾਤਰਾ’ ਹਰ ਸਾਲ ਸ਼ੁਰੂ ਕਰੀਏ ਜੋ ਸਾਨੂੰ ਹਰ ਉਸ ਥਾਂ ਲੈ ਜਾਏ ਜਿਥੇ ਜਾ ਕੇ ਇਨਸਾਨੀਅਤ ਦੇ ਇਤਿਹਾਸ ਵਿਚ ਪਹਿਲੀ ਵਾਰ ਬਾਬਾ ਨਾਨਕ ਵਰਗੇ ਮਹਾਂਪੁਰਖ ਨੇ ‘ਪਖੰਡ ਵਿਰੋਧੀ’ ਤੇ ‘ਸੱਚੇ ਤੇ ਸਾਰੀ ਮਨੁੱਖਤਾ ਦੇ ਸਾਂਝੇ ਧਰਮ ਦੀਆਂ ਯਾਤਰਾਵਾਂ’ ਸ਼ੁਰੂ ਕੀਤੀਆਂ ਸਨ। ‘ਉੱਚਾ ਦਰ’ ਸ਼ੁਰੂ ਹੋਣ ਨੇੜੇ ਪੁੱਜ ਗਿਆ ਹੈ ਤਾਂ ਮੇਰਾ ਸ਼ੌਕ ਫਿਰ ਤੋਂ ਜਾਗ ਉਠਿਆ ਹੈ।
ਇਕ ਯਾਤਰੀ ਜੇ ਉਨ੍ਹਾਂ ਸਾਰੀਆਂ ਥਾਵਾਂ ਤੇ ਸਰਫ਼ੇ ਵਾਲੀ ਫੇਰੀ ਪਾਉਣਾ ਚਾਹੇ ਅਰਥਾਤ ‘ਉਦਾਸੀਆਂ’ ਵਾਲੇ ਸਾਰੇ ਟਿਕਾਣੇ ਆਪ ਜਾ ਕੇ ਵੇਖਣਾ ਚਾਹੇ ਤਾਂ ਅੰਦਾਜ਼ੇ ਅਨੁਸਾਰ ਕਿੰਨਾ ਕੁ ਖ਼ਰਚਾ ਆ ਜਾਵੇਗਾ। 3 ਤੋਂ ਚਾਰ ਲੱਖ ਦਾ ਖ਼ਰਚਾ ਆ ਜਾਣ ਬਾਰੇ ਦਸਿਆ ਜਾ ਰਿਹਾ ਹੈ। ਉੱਚੇ ਬਰਫ਼ ਲੱਦੇ ਪਰਬਤਾਂ, ਸ਼ਹਿਰਾਂ, ਬੀਆਬਾਨਾਂ, ਰੇਤਲੇ ਮੈਦਾਨਾਂ ਸਮੇਤ ਹਰ ਥਾਂ ਜਾਣਾ ਪਵੇਗਾ। ਥਾਂ ਥਾਂ ਰਿਹਾਇਸ਼ ਦਾ ਪ੍ਰਬੰਧ ਵੀ ਕਰਨਾ ਪਵੇਗਾ ਤੇ ਹਰ ਰੋਜ਼ ਖਾਣ-ਪੀਣ, ਕਪੜੇ ਧੋਣ ਅਤੇ ਬਦਲਣ ਦਾ (ਮੌਸਮ ਅਨੁਸਾਰ) ਪ੍ਰਬੰਧ ਵੀ ਕਰਨਾ ਹੋਵੇਗਾ ਤੇ ਇਕ ਤੋਂ ਡੇਢ ਮਹੀਨਾ, ਯਾਤਰਾ ਵਿਚ ਹੀ ਰਹਿਣਾ ਪਵੇਗਾ। ਹਾਂ, ਇਹ ਯਾਤਰਾ, ਦੁਨੀਆਂ ਦੀਆਂ ਦੂਜੀਆਂ ਯਾਤਰਾਵਾਂ ਨਾਲੋਂ ਵਿਲੱਖਣ ਹੋਵੇਗੀ ਤੇ ਬਾਬੇ ਨਾਨਕ ਦੇ ਫ਼ਲਸਫ਼ੇ ਦਾ ਸੱਭ ਤੋਂ ਵਧੀਆ ਪ੍ਰਚਾਰ ਵੀ ਕਰੇਗੀ। ਸੋ ਮਜ਼ਬੂਤ ਕਰੋ, ‘ਉੱਚਾ ਦਰ ਬਾਬੇ ਨਾਨਕ ਦਾ’ ਨੂੰ। ਤੁਸੀ ਵੇਖੋਗੇ ਕਿ ‘ਉੱਚਾ ਦਰ’ ਉਹ ਕੁੱਝ ਤੁਹਾਨੂੰ ਤੇ ਜਗਤ ਨੂੰ ਬਾਬੇ ਨਾਨਕ ਦੀ ਸਿੱਖੀ ਬਾਰੇ ਵਿਖਾਏਗਾ ਜੋ ਪਹਿਲਾਂ ਕਿਸੇ ਨੇ ਨਹੀਂ ਵਿਖਾਇਆ ਹੋਣਾ। ਇਸ ਦੇ ਵੱਧ ਤੋਂ ਵੱਧ ਮੈਂਬਰ ਬਣਾ ਕੇ ਹੀ ਇਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।