Farmers Protest: ਅੱਜ ਕਿਸਾਨਾਂ ਨੂੰ ਆਪ ਕਿਉਂ ਅਪਣੇ ਹੱਕਾਂ ਲਈ ਜੂਝਣਾ ਪੈ ਰਿਹਾ ਹੈ? 
Published : Feb 18, 2024, 7:31 am IST
Updated : Feb 18, 2024, 7:38 am IST
SHARE ARTICLE
Farmers Protest
Farmers Protest

ਜੇ 1950-60 ਵਾਲਾ ਪੰਥਕ ਅਕਾਲੀ ਦਲ ਜੀਵਤ ਹੁੰਦਾ ਤਾਂ ਉਸ ਨੇ ਅੱਗੇ ਹੋ ਕੇ ਕਿਸਾਨਾਂ ਦੀ ਢਾਲ ਬਣ ਖਲੋਣਾ ਸੀ! 

ਅਕਾਲੀ ਦਲ ਸਿੱਖਾਂ ਦੀ ਢਾਲ ਵਜੋਂ ਸਾਜਿਆ ਗਿਆ ਸੀ, ਸਿੱਖਾਂ ਨੂੰ ਵਿਸਾਰ ਕੇ ਸਰਕਾਰਾਂ ਦੀ ਝੋਲੀ ਵਿਚ ਜਾ ਬੈਠਣ ਲਈ ਨਹੀਂ!! 

Farmers Protest: ਆਜ਼ਾਦੀ ਤੋਂ ਪਹਿਲਾਂ ਸਾਰੇ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਕੇਵਲ 13 ਫ਼ੀ ਸਦੀ ਸੀ ਅਰਥਾਤ ਬਹੁਤ ਛੋਟੀ ਘੱਟ-ਗਿਣਤੀ ਸੀ ਪਰ ਸਿੱਖਾਂ ਜਾਂ ਪੰਜਾਬ ਦਾ ਕੋਈ ਵੀ ਮਸਲਾ ਹੁੰਦਾ ਤਾਂ ਸੱਭ ਤੋਂ ਅੱਗੇ ਹੋ ਕੇ ਅਕਾਲੀ ਹੀ ਲੜਦੇ। ਨਾ ਸਿਰਫ਼ ਗੁਰਦਵਾਰਿਆਂ ਦੇ ਮਸਲੇ ਨੂੰ ਲੈ ਕੇ ਅਕਾਲੀ ਅਗਵਾਈ ਕਰ ਰਹੇ ਹੁੰਦੇ ਸਗੋਂ ਪੰਜਾਬ ਅਤੇ ਪੰਥ ਦੇ ਹਰ ਮਸਲੇ ਤੇ ਅਗਵਾਈ ਅਕਾਲੀ ਹੀ ਦੇਂਦੇ। ਕੁੱਝ ਮਿਸਾਲਾਂ ਹੇਠਾਂ ਵੇਖੋ :- 

(1) ਬੱਬਰ ਅਕਾਲੀਆਂ ਦੇ ਅੰਗਰੇਜ਼-ਵਿਰੋਧੀ ਕਾਰਨਾਮੇ ਕਿਸੇ ਹੋਰ ਨਾਲੋਂ ਘੱਟ ਮਹੱਤਵਪੂਰਨ ਨਹੀਂ ਸਨ। ਸਨ ਤਾਂ ਉਹ ਵੀ ਅਕਾਲੀ ਹੀ, ਭਾਵੇਂ ਉਹ ਕਾਹਲੇ ਪਏ ਹੋਏ ਅਕਾਲੀ ਸਨ ਅਰਥਾਤ ਅੰਗਰੇਜ਼ੀ ਰਾਜ ਦਾ ਤੁਰਤ ਖ਼ਾਤਮਾ ਚਾਹੁੰਦੇ ਸਨ। ਉਨ੍ਹਾਂ ਵਲੋਂ ਅਦਾਲਤਾਂ ਵਿਚ ਦਿਤੇ ਬਿਆਨ ਕਿਸੇ ਵੱਡੇ ਤੋਂ ਵੱਡੇ ਦੇਸ਼-ਭਗਤ ਦੇ ਅਦਾਲਤੀ ਬਿਆਨਾਂ ਨਾਲੋਂ ਘੱਟ ਗਰਜਵੇਂ ਨਹੀਂ ਸਨ।

(2) ਅਕਾਲੀਆਂ ਨੇ ਪੁਰ-ਅਮਨ ਸਤਿਆਗ੍ਰਹਿ ਨਾਲ ਕਈ ਵਾਰ ਅੰਗਰੇਜ਼ਾਂ ਨੂੰ ਹਰਾ ਵਿਖਾਇਆ ਸੀ ਤੇ ਫਾਂਸੀਆਂ ’ਤੇ ਚੜ੍ਹਨ ਵਾਲਿਆਂ ’ਚੋਂ ਵੀ ਬਹੁਤੇ ਮੁਢਲੇ ਤੌਰ ’ਤੇ ਅਕਾਲੀ ਹੀ ਸਨ। ਇਸੇ ਲਈ ਮਹਾਤਮਾ ਗਾਂਧੀ ਨੇ ਤਾਰ ਭੇਜੀ ਸੀ, ‘ਤੁਸੀ ਅੰਗਰੇਜ਼ੀ ਸਰਕਾਰ ਵਿਰੁਧ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ।’ 

(3) ਕਾਮਰੇਡ ਸੋਹਣ ਸਿੰਘ ਜੋਸ਼ ਨੇ ਅਪਣੀ ਸਵੈ-ਜੀਵਨੀ ਵਿਚ ਲਿਖਿਆ ਹੈ ਕਿ ਅਕਾਲੀ ਲੀਡਰ ਮਾ. ਤਾਰਾ ਸਿੰਘ, ਅੰਗਰੇਜ਼ਾਂ ਵਿਰੁਧ ਹਿੰਸਕ ਰਾਹ ਅਪਨਾਉਣ ਵਾਲਿਆਂ ਨੂੰ ਕਾਮਰੇਡ ਜੋਸ਼ ਦੇ ਕਹਿਣ ਤੇ, ਛੁਪ ਜਾਣ ਲਈ ਸੁਰੱਖਿਅਤ ਥਾਂ ਦੇਂਦੇ ਸਨ।

(4) ਲਾਲ ਕੁੜਤੀ ਵਾਲੇ ਪਠਾਣਾਂ ਨੇ ਅੰਦੋਲਨ ਸ਼ੁਰੂ ਕੀਤਾ ਤਾਂ ਮਾ. ਤਾਰਾ ਸਿੰਘ ਆਪ ਜੱਥਾ ਲੈ ਕੇ ਉਸ ਅੰੰਦੋਲਨ ਵਿਚ ਸ਼ਾਮਲ ਹੋਣ ਲਈ ਗਏ। ਹੋਰ ਕਿਸੇ ਪਾਰਟੀ ਨੇ ਅਜਿਹਾ ਨਹੀਂ ਸੀ ਕੀਤਾ।

(5) ਅੰਗਰੇਜ਼ਾਂ ਨੇ ਜਦ ਸਿਰਾਂ ਦੀ ਗਿਣਤੀ ਅਨੁਸਾਰ ਪੰਜਾਬ ਨੂੰ ਵੰਡਣ ਦਾ ਇਕੋ ਇਕ ਪੈਮਾਨਾ ਬਣਾ ਲਿਆ ਤਾਂ ਸਾਰੀਆਂ ਪਾਰਟੀਆਂ ਚੁਪ ਰਹੀਆਂ ਪਰ ਇਕੱਲੇ ਮਾ. ਤਾਰਾ ਸਿੰਘ ਨੇ ਅੰਗਰੇਜ਼ਾਂ ਦੀ ਭਾਸ਼ਾ ਵਿਚ ਜਵਾਬ ਦੇਣ ਲਈ ‘ਆਜ਼ਾਦ ਪੰਜਾਬ’ ਸਕੀਮ ਪੇਸ਼ ਕੀਤੀ ਜਿਸ ਅਨੁਸਾਰ ‘ਨਵਾਂ ਪੰਜਾਬ’ ਬਣਾਉਣ ਦੀ ਗੱਲ ਆਖੀ ਗਈ ਸੀ ਜਿਸ ਵਿਚ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਬਰਾਬਰ ਬਰਾਬਰ ਆਬਾਦੀ ਹੋ ਜਾਂਦੀ ਸੀ। ਇਸ ਨਾਲ ਪੰਜਾਬ ਅਤੇ ਦੇਸ਼ ਦੀ ਏਕਤਾ ਬੱਚ ਜਾਣੀ ਸੀ ਤੇ ਕੋਈ ਵੀ ਖ਼ੂਨ ਖ਼ਰਾਬਾ ਨਹੀਂ ਸੀ ਹੋਣਾ।

ਪੰਜਾਬੀ ਮੁਸਲਮਾਨਾਂ ਨੂੰ ਮੁਸਲਿਮ ਲੀਗ ਨੇ ‘ਪੂਰਾ ਪੰਜਾਬ ਪਾਕਿਸਤਾਨ ਦਾ ਹਿੱਸਾ’ ਵਾਲਾ ਨਸ਼ਾ ਛਕਾਇਆ ਹੋਇਆ ਸੀ, ਇਸ ਲਈ ਉਨ੍ਹਾਂ ਨੇ ਹਾਮੀ ਨਾ ਭਰੀ। ਪਰ ਜਿਹੜੀ ਵੀ ਕੋਈ ਹਿਲਜੁਲ ਪੰਜਾਬ ਵਿਚ ਹੁੰਦੀ ਜਾਂ ਨਵੀਂ ਗੱਲ ਹੁੰਦੀ, ਉਹ ਅਕਾਲੀਆਂ ਵਲੋਂ ਹੀ ਸ਼ੁਰੂ ਕੀਤੀ ਜਾਂਦੀ। ਇਸ ਤੋਂ ਇਲਾਵਾ ਆਜ਼ਾਦ ਸਿੱਖ ਸਟੇਟ ਦੇ ਹੱਕ ਵਿਚ ਪਹਿਲਾਂ ਸ਼੍ਰੋਮਣੀ ਕਮੇਟੀ ਵਿਚ ਅਕਾਲੀਆਂ ਨੇ ਮਤਾ ਵੀ ਪਾਸ ਕੀਤਾ ਸੀ ਪਰ ਅੰਗਰੇਜ਼ ਨੇ ਕਹਿ ਦਿਤਾ ਕਿ ਹੁਣ ਸਿਰਾਂ ਦੀ ਗਿਣਤੀ ਦੇ ਹਿਸਾਬ ਫ਼ੈਸਲੇ ਲੈਣ ਦਾ ਯੁਗ ਹੈ ਤੇ ਜੋ ਵੀ ਮੰਗਣਾ ਹੈ, ਉਸੇ ਅਨੁਸਾਰ ਹੀ ਮੰਗੋ ਨਹੀਂ ਤਾਂ ਵਿਚਾਰ ਨਹੀਂ ਕੀਤੀ ਜਾਵੇਗੀ।

(6) ਇਸੇ ਲਈ ਕਾਂਗਰਸ ਨੇ ਆਜ਼ਾਦੀ ਦੀ ਲੜਾਈ ਵਿਚ ਪੰਜਾਬ ਨੂੰ ਭਾਈਵਾਲ ਬਣਾਉਣ ਦੀ ਸੋਚੀ (ਤਾਕਿ ਸਿੱਖਾਂ ਦੇ ਕੁਰਬਾਨੀ ਵਾਲੇ ਜਜ਼ਬੇ ਦਾ ਫ਼ਾਇਦਾ ਉਠਾ ਸਕੇ) ਤਾਂ  ਉਸ ਨੇ ਅਕਾਲੀਆਂ ਨੂੰ ਹੀ ਚੁਣਿਆ ਤੇ ਹਰ ਅਕਾਲੀ ਨੂੰ ਹੱਕ ਦਿਤਾ ਕਿ ਅਕਾਲੀ ਦਲ ਦਾ ਮੈਂਬਰ ਵੀ ਤੇ ਕਾਂਗਰਸ ਦੇ ਮੈਂਬਰ ਵੀ ਇਕੋ ਸਮੇਂ ਬਣ ਕੇ ਵਿਚਰ ਸਕਦਾ ਹੈ।

(7) ਅੰਤ ਜਦ ਸਾਰੇ ਪੰਜਾਬ ਵਿਚ ਮੁਸਲਿਮ ਬਹੁਗਿਣਤੀ ਹੋਣ ਸਦਕਾ ਸਾਰਾ ਪੰਜਾਬ ਪਾਕਿਸਤਾਨ ਨੂੰ ਦੇ ਦੇਣ ਦਾ ਫ਼ੈਸਲਾ ਕਰ ਹੀ ਲਿਆ ਗਿਆ ਤੇ ਮੁਸਲਿਮ ਲੀਗ ਨੂੰ ਪੰਜਾਬ ਵਿਚ ਸਰਕਾਰ ਬਣਾਉਣ ਦਾ ਸੱਦਾ ਦੇ ਦਿਤਾ ਗਿਆ ਤਾਕਿ ਉਹ ਪੰਜਾਬ ਨੂੰ ਸੰਭਾਲਣ ਦੇ ਸਾਰੇ ਪ੍ਰਬੰਧ ਅਗਾਊਂ ਕਰ ਲਵੇ ਤੇ ਚੰਗੀ ਤਰ੍ਹਾਂ ਕਰ ਲਵੇ ਤਾਂ ਕਾਂਗਰਸ ਸਮੇਤ ਜਦ ਸੱਭ ਨੇ ਹੋਣੀ ਨੂੰ ਚੁਪਚਾਪ ਪ੍ਰਵਾਨ ਕਰ ਲਿਆ ਤਾਂ ਪੰਜਾਬ ਅਸੈਂਬਲੀ ਦੇ ਸਾਰੇ ਹਿੰਦੂ ਸਿੱਖ ਮੈਂਬਰਾਂ ਨੇ ਸਰਬ-ਸੰਮਤੀ ਨਾਲ ਅਕਾਲੀ ਦਲ ਦੇ ਪ੍ਰਧਾਨ ਮਾ. ਤਾਰਾ ਸਿੰਘ ਨੂੰ ਅਪਣਾ ਲੀਡਰ ਚੁਣ ਲਿਆ ਤੇ ਉਨ੍ਹਾਂ ਨੂੰ ਪੂਰੇ ਅਧਿਕਾਰ ਦੇ ਦਿਤੇ ਕਿ ਉਹ ਜੋ ਵੀ ਕਦਮ ਚੁਕਣਗੇ

 ਸਾਰੇ ਉਨ੍ਹਾਂ ਦੇ ਹਰ ਹੁਕਮ ’ਤੇ ਫੁੱਲ ਚੜ੍ਹਾਉਣਗੇ। ਅਸੈਂਬਲੀ ਹਾਲ ਦੇ ਬਾਹਰ ਮਾ. ਤਾਰਾ ਸਿੰਘ ਦੀ ਇਕੋ ਗਰਜ ਨੇ ਭਾਵੇਂ ਦੰਗੇ ਤਾਂ ਸ਼ੁਰੂ ਕਰਵਾ ਦਿਤੇ ਪਰ ਅੰਗਰੇਜ਼ ਨੇ ਮੁਸਲਿਮ ਲੀਗ ਨੂੰ ਸਰਕਾਰ ਬਣਾਉਣ ਦਾ ਦਿਤਾ ਸੱਦਾ ਵਾਪਸ ਲੈ ਲਿਆ ਤੇ ਮਾ. ਤਾਰਾ ਸਿੰਘ ਨੂੰ ਭਰੋਸਾ ਦਿਤਾ ਕਿ ਸਿੱਖਾਂ ਦਾ ਹਿੱਸਾ, ਪਾਕਿਸਤਾਨ ਨੂੰ ਨਹੀਂ ਦਿਤਾ ਜਾਏਗਾ। ਇਹ ਅਕਾਲੀਆਂ ਦੀ ਬਹੁਤ ਵੱਡੀ ਜਿੱਤ ਸੀ ਕਿਉਂਕਿ ਜੇ ਸਾਰਾ ਪੰਜਾਬ ਪਾਕਿਸਤਾਨ ਵਿਚ ਚਲਾ ਜਾਂਦਾ ਤਾਂ ਸਿੱਖ ਯੂਪੀ ਤੇ ਬਿਹਾਰ ਵਿਚ ਮਾਮੂਲੀ ਜਹੀ ਘੱਟ-ਗਿਣਤੀ ਬਣ ਕੇ ਰੁਲ ਰਹੇ ਹੁੰਦੇ। ਇਥੇ ਵੀ ਅਕਾਲੀ ਹੀ ਪੰਜਾਬ ਦਾ ਭਵਿੱਖ ਲਿਖਣ ਵਾਲੇ ਸਾਬਤ ਹੋਏ। ਹੋਰ ਸਾਰੀਆਂ ਧਿਰਾਂ ਹਾਰ ਗਈਆਂ ਸਨ। 

(8) ਗਾਂਧੀ ਨਹਿਰੂ ਤੇ ਕਾਂਗਰਸ ਕੋਲੋਂ ਸਿੱਖਾਂ ਲਈ ਵੱਡੇ ਵਾਅਦੇ ਪ੍ਰਾਪਤ ਕਰਨੇ ਤੇ ਉਸ ਮਗਰੋਂ ਭਾਰਤ ਵਿਚ ਸ਼ਾਮਲ ਹੋਣਾ ਵੀ, ਅਕਾਲੀਆਂ ਦੀ ਵੱਡੀ ਪ੍ਰਾਪਤੀ ਸੀ ਭਾਵੇਂ ਭਾਰਤ ਦੇ ਨਵੇਂ ਹੁਕਮਰਾਨਾਂ ਨੇ ਬਾਅਦ ਵਿਚ ਉਹ ਵਾਅਦੇ ਪੂਰੇ ਕਰਨ ਤੋਂ ਸਾਫ਼ ਨਾਂਹ ਕਰ ਦਿਤੀ। ਕਸ਼ਮੀਰ ਤੇ ਉੱਤਰ ਪੂਰਬੀ ਰਾਜਾਂ ਦੀਆਂ ਘੱਟ-ਗਿਣਤੀਆਂ ਨੂੰ ਵੀ ਇਹੀ ਗਿਲਾ ਹੈ। ਸੰਵਿਧਾਨ ਤਿਆਰ ਕਰਨ ਵੇਲੇ ਹੀ ਸਪੱਸ਼ਟ ਕਰ ਦਿਤਾ ਗਿਆ ਸੀ ਕਿ ਘੱਟ-ਗਿਣਤੀਆਂ ਕਿਸੇ ਚੰਗੀ ਗੱਲ ਦੀ ਆਸ ਰਖਣੀ ਛੱਡ ਦੇਣ। ਪਰ ਉਹ ਇਕ ਵਖਰੀ ਕਹਾਣੀ ਹੈ। 

ਅਕਾਲੀਆਂ ਦੀਆਂ ਇਹ ਸਾਰੀਆਂ ਪ੍ਰਾਪਤੀਆਂ ਉਸ ਸਮੇਂ ਦੀਆਂ ਹਨ ਜਦ ਪੰਜਾਬ ਵਿਚ ਸਿੱਖ ਕੇਵਲ 13 ਫ਼ੀ ਸਦੀ ਸਨ ਤੇ ਫਿਰ ਵੀ ਪੰਜਾਬ ਨੂੰ ਅਗਵਾਈ ਦੇਣ ਵਿਚ ਓਨੇ ਹੀ ਅੱਗੇ ਸਨ ਜਿੰਨੇ ਕੁਰਬਾਨੀ ਦੇਣ ਵਿਚ! ਫਿਰ ਪੰਜਾਬ ਵੰਡ ਕਾਰਨ, 1947 ਵਿਚ ਸਿੱਖਾਂ ਦੀ ਗਿਣਤੀ ਪੰਜਾਬ ਵਿਚ 30 ਫ਼ੀ ਸਦੀ ਹੋ ਗਈ ਪਰ ਦਿੱਲੀ ਦੇ ਹਾਕਮਾਂ ਦੀ ਸੁਰ ਵੀ ਬਦਲ ਗਈ। ਪਿਛਲੇ ਵਾਅਦੇ ਯਾਦ ਕਰਵਾਉਣ ਤੇ, ਕਾਂਗਰਸੀ ਹਾਕਮ ਵੀ ਸਿੱਖ ਲੀਡਰਾਂ ਨੂੰ ਨਫ਼ਰਤ ਕਰਨ ਲੱਗੇ ਪਰ ਅਕਾਲੀਆਂ ਨੇ ਪ੍ਰਾਪਤੀਆਂ ਦਾ ਰਾਹ ਬੰਦ ਨਾ ਹੋਣ ਦਿਤਾ, ਨਾ ਹੀ ਆਗੂ ਵਾਲਾ ਰੁਤਬਾ ਹੀ ਕਦੇ ਤਿਆਗਿਆ।  

ਕਾਂਗਰਸੀਆਂ ਨੇ ਸ਼੍ਰੋਮਣੀ ਕਮੇਟੀ ਵੀ ਅਕਾਲੀਆਂ ਕੋਲੋਂ ਖੋਹ ਲਈ ਤੇ ਸਰਕਾਰੀ ਕੁਰਸੀਆਂ ’ਤੇ ਬੈਠੇ ਸਿੱਖ ਵਜ਼ੀਰਾਂ ਨੂੰ ਚੇਤਾਵਨੀ ਦੇ ਦਿਤੀ ਕਿ ਜਿਹੜਾ ਕੋਈ ਮਾ. ਤਾਰਾ ਸਿੰਘ ਦੇ ਹੱਕ ਵਿਚ ਬੋਲੇਗਾ, ਉਸ ਨੂੰ ਵਜ਼ਾਰਤ ਵਿਚੋਂ ਕੱਢ ਦਿਤਾ ਜਾਵੇਗਾ। ਸ. ਬਲਦੇਵ ਸਿੰਘ ਨੂੰ ਵਜ਼ਾਰਤ ’ਚੋਂ ਛੇਕ ਕੇ, ਸਥਿਤੀ ਸਪੱਸ਼ਟ ਵੀ ਕਰ ਦਿਤੀ। ਸ਼੍ਰੋਮਣੀ ਕਮੇਟੀ ਤੇ ਸਰਕਾਰ ਵਿਚ ਹੁਣ ਅਕਾਲੀਆਂ ਕੋਲ ਕੋਈ ਤਾਕਤ ਨਹੀਂ ਸੀ ਰਹੀ ਪਰ ਉਨ੍ਹਾਂ ਨੇ ਪ੍ਰਾਪਤੀਆਂ ਦਾ ਖਾਤਾ ਕਦੇ ਬੰਦ ਨਾ ਹੋਣ ਦਿਤਾ। ਵੇਖੋ ਜ਼ਰਾ :-

(1) ਦਰਬਾਰ ਸਾਹਿਬ ਸਰਾਵਾਂ ਵਿਚ ਪੁਲਿਸ ਦਾਖ਼ਲੇ ਵਿਰੁਧ ਆਵਾਜ਼ ਏਨੀ ਉੱਚੀ ਕੀਤੀ ਕਿ ਮੁੱਖ ਮੰਤਰੀ ਭੀਮ ਸੈਨ ਸੱਚਰ ਕੋਲੋਂ ਮਾਫ਼ੀ ਮੰਗਵਾ ਕੇ ਰਹੇ।
(2) ਕੇਂਦਰ ਨੇ ਦਲਿਤ ਸਿੱਖਾਂ ਨੂੰ ਉਹ ਹੱਕ ਨਾ ਦਿਤੇ ਜੋ ਹਿੰਦੂ ਦਲਿਤਾਂ ਨੂੰ ਪ੍ਰਾਪਤ ਸਨ! ਮਾ. ਤਾਰਾ ਸਿੰਘ ਅਪਣੇ ਜੱਥੇ ਨੂੰ ਲੈ ਕੇ, ਪੰਜਾਬ ਦੇ ਕੋਨੇ-ਕੋਨੇ ਵਿਚ ਪਹੁੰਚ ਗਏ। 

ਕੇਂਦਰ ਅੜ ਗਿਆ ਤੇ ਆਖੇ ਕਿ ਸਿੱਖ ਧਰਮ ਵਿਚ ਤਾਂ ਕਿਸੇ ਦੀ ਨੀਵੀਂ ਜਾਤ ਮੰਨੀ ਹੀ ਨਹੀਂ ਗਈ, ਇਸ ਲਈ ਅਧਿਕਾਰ ਕਾਹਦੇ ਦਈਏ? ਮਾ. ਤਾਰਾ ਸਿੰਘ ਨੇ ਇਕੱਲਿਆਂ ਸੰਘਰਸ਼ ਸ਼ੁਰੂ ਕਰ ਕੇ ਦਲਿਤ ਸਿੱਖਾਂ ਲਈ ਉਹ ਹੱਕ ਲੈ ਕੇ ਸਾਹ ਲਿਆ ਜੋ ਕੇਵਲ ਹਿੰਦੂ ਦਲਿਤਾਂ ਨੂੰ ਹੀ ਪ੍ਰਾਪਤ ਸਨ।
(3) ਅਕਾਲੀ ਦਲ ਕੋਲੋਂ ਸ਼੍ਰੋਮਣੀ ਕਮੇਟੀ ਖੋਹ ਲਈ ਗਈ ਸੀ ਤੇ ਪ੍ਰੇਮ ਸਿੰਘ ਲਾਲਪੁਰਾ, ਮਾਸਟਰ ਜੀ ਨੂੰ ਹਰਾ ਕੇ ਆਪ ਪ੍ਰਧਾਨ ਬਣ ਬੈਠਾ ਸੀ। ਮਾ. ਤਾਰਾ ਸਿੰਘ ਨੇ ਐਸਾ ਜ਼ੋਰਦਾਰ ਅੰਦੋਲਨ ਕੀਤਾ ਕਿ ਨਹਿਰੂ-ਤਾਰਾ ਸਿੰਘ ਪੈਕਟ ਅਧੀਨ ਸਰਕਾਰ ਨੇ ਮੰਨ ਲਿਆ ਕਿ ਅੱਗੋਂ ਸਰਕਾਰ ਗੁਰਦਵਾਰਿਆਂ ਵਿਚ ਕਦੇ ਦਖ਼ਲ ਨਹੀਂ ਦੇਵੇਗੀ।

(4) ਪੰਜਾਬ ਵਿਚ ਹਿੰਦੀ ਨੂੰ 70 ਫ਼ੀ ਸਦੀ ਹਿੰਦੂਆਂ ਦੀ ਭਾਸ਼ਾ ਕਹਿ ਕੇ ਪੰਜਾਬੀ ਨੂੰ ਰਾਜ-ਕਾਜ ’ਚੋਂ ਬਾਹਰ ਕੱਢ ਦੇਣ ਦਾ ਉਪਰਾਲਾ ਸ਼ੁਰੂ ਕਰ ਦਿਤਾ ਗਿਆ ਪਰ ਸੱਚਰ ਫ਼ਾਰਮੂਲਾ ਤੇ ਰੀਜਨਲ ਫ਼ਾਰਮੂਲਾ ਬਣਵਾ ਕੇ ਪੰਜਾਬੀ ਨੂੰ ਜ਼ਿੰਦਾ ਰੱਖਣ ਦਾ ਮੁੱਢ ਅਕਾਲੀਆਂ ਨੇ ਬੰਨ੍ਹ ਦਿਤਾ।
(5) ਅਕਾਲੀ ਮੋਰਚੇ ਲਾ ਲਾ ਕੇ ਤੇ ਸ਼੍ਰੋਮਣੀ ਕਮੇਟੀ ਦੀਆਂ 100 ਫ਼ੀ ਸਦੀ ਸੀਟਾਂ ਜਿੱਤ ਕੇ ਸਿੱਖਾਂ ਤੇ ਪੰਜਾਬੀ ਦਾ ਗੌਰਵ ਬਣਾਈ ਰਖਿਆ।

(6) ਪੰਜਾਬ ਵਿਚ ਸਿੱਖਾਂ ਨਾਲ ਸਰਕਾਰੀ ਨੌਕਰੀਆਂ ਵਿਚ ਹੁੰਦੇ ਵਿਤਕਰੇ ਨੂੰ ਵਾਰ-ਵਾਰ ਉਜਾਗਰ ਕਰ ਕੇ ਸਿੱਖ ਕਰਮਚਾਰੀਆਂ ਤੇ ਅਫ਼ਸਰਾਂ ਦਾ ਹੌਸਲਾ ਬੁਲੰਦ ਰਖਿਆ।
(7) ਪਾਰਲੀਮੈਂਟ ਵਿਚ ਸਿੱਖਾਂ ਦੇ ਬਿਹਤਰੀਨ ਬੁਲਾਰੇ ਭੇਜ ਕੇ, ਸਿੱਖਾਂ ਦਾ ਕੇਸ ਪੇਸ਼ ਕਰਵਾਇਆ ਤੇ ਅਕਾਲੀ ਲੀਡਰਾਂ ਬਾਰੇ ਇਹ ਪ੍ਰਭਾਵ ਦਿਤਾ ਕਿ ਉਹ ‘ਪੰਥ’ ਤੋਂ ਉਪਰ ਕਿਸੇ ਚੀਜ਼ ਨੂੰ ਨਹੀਂ ਮੰਨਦੇ ਤੇ ਭਾਈ-ਭਤੀਜਾਵਾਦ ਜਾਂ ਪ੍ਰਵਾਰਵਾਦ ਨੂੰ ਨਹੀਂ ਮੰਨਦੇ।

ਇਹ ਪੁਰਾਣੀਆਂ ਗੱਲਾਂ ਯਾਦ ਕਰ ਕੇ ਜਦ ਕਿਸਾਨਾਂ ਨੂੰ ਜੀਟੀ ਰੋਡ ’ਤੇ ਰੁਲਦੇ ਵੇਖਦਾ ਹਾਂ ਤਾਂ ਇਕੋ ਗੱਲ ਮਨ ਵਿਚ ਉਠਦੀ ਹੈ ਕਿ ਜੇ 1950ਵਿਆਂ ਵਾਲਾ ਅਕਾਲੀ ਦਲ ਜੀਵਤ ਹੁੰਦਾ ਤਾਂ ਅਕਾਲੀ ਦਲ ਦਾ ਪ੍ਰਧਾਨ ਆਪ ਸੱਭ ਤੋਂ ਅੱਗੇ ਹੋ ਕੇ ਕਹਿੰਦਾ ਕਿ ‘‘ਮਾਰੋ ਗੋਲੇ ਤੇ ਗੋਲੀਆਂ। ਸੱਭ ਤੋਂ ਪਹਿਲਾਂ ਮੈਂ ਅਪਣੇ ਸ੍ਰੀਰ ’ਤੇ ਝੇਲਾਂਗਾ, ਫਿਰ ਕਿਸੇ ਕਿਸਾਨ ਦੀ ਵਾਰੀ ਆਏਗੀ। ਅਕਾਲੀ ਦਲ ਦੇ ਹੁੰਦਿਆਂ, ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ। ਜੇ ਸ਼ਹੀਦੀਆਂ ਦੇਣੀਆਂ ਪਈਆਂ ਤਾਂ ਅਕਾਲੀ ਦਲ ਆਪ ਦੇਵੇਗਾ।’’

ਪਰ ਹੁਣ ਤਾਂ ਗੱਲ ਹੀ ਹੋਰ ਹੈ। ਜਿੰਨਾ ਕੁ ‘ਅਕਾਲੀ ਦਲ’ ਬਚਿਆ ਹੋਇਆ ਹੈ, ਉਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਥੇਦਾਰ ਕਾਉਂਕੇ ਦੀ ਸ਼ਹੀਦੀ ਦਾ ਹਿਸਾਬ ਦੇਵੇ, 328 ਬੀੜਾਂ ਦਾ ਹਿਸਾਬ ਦੇਵੇ, ਬਹਿਬਲ ਕਾਂਡ ਦਾ ਹਿਸਾਬ ਦੇਵੇ,  ਬਲੂ-ਸਟਾਰ ਆਪ੍ਰੇਸ਼ਨ ਦਾ ਹਿਸਾਬ ਦੇਵੇ ਤੇ ਕਿਸਾਨਾਂ ਵਿਰੁਧ ਬਣਾਏ ਤਿੰਨ ਕਾਲੇ ਕਾਨੂੰਨਾਂ ਸਬੰਧੀ ਅਪਣੀ ਭੂਮਿਕਾ ਬਾਰੇ ਸਫ਼ਾਈ ਦੇਵੇ!! ਉਹ ਅਗਵਾਈ ਦੇਣ ਤੇ ਪੰਜਾਬ ਦਾ ਆਗੂ ਬਣੇ ਰਹਿਣ ਦੀ ਗੱਲ ਹੀ ਭੁੱਲ ਗਿਆ ਹੈ। ਇਸੇ ਲਈ ਕਿਸਾਨਾਂ ਸਮੇਤ, ਹਰ ਇਕ ਨੂੰ ਅਪਣੀ ਲੜਾਈ ਆਪ ਲੜਨੀ ਪੈ ਰਹੀ ਹੈ ਤੇ ਅਕਾਲੀ ਅਪਣੀ ਹੋਂਦ ਬਚਾਉਣ ਲਈ ਦੂਜੀਆਂ ਪਾਰਟੀਆਂ ਦੇ ਪਿੱਛੇ ਪਿੱਛੇ ਭੱਜ ਰਹੇ ਹਨ। 

 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement