
5 ਸਾਲ ਦੀ ਉਮਰ ਵਿਚ ਜਦ ਮੈਂ ਪਾਕਿਸਤਾਨ ਛਡਿਆ ਤਾਂ ਸਾਨੂੰ ਰੇਲਵੇ ਸਟੇਸ਼ਨ ’ਤੇ ਛੱਡਣ ਆਏ 50-60 ਮੁਸਲਮਾਨ ..........
joginder Singh Nijji Diary De Panne in punjabi : ਮੈਨੂੰ ਕਲ ਵਾਂਗ ਯਾਦ ਆਉਂਦਾ ਹੈ ਉਹ ਸਮਾਂ ਜਦ ਮੈਂ 73 ਸਾਲ ਪਹਿਲਾਂ ਅਪਣੀ ਮਾਂ ਦੀ ਉਂਗਲੀ ਫੜ ਕੇ, ਚੇਲੀਆਂਵਾਲਾ (ਪਾਕਿਸਤਾਨ) ਵਾਲਾ ਅਪਣਾ ਘਰ ਬੰਦ ਕਰ ਕੇ, ਉਸ ਦੀ ਚਾਬੀ, ਪ੍ਰਵਾਰ ਦੇ ਇਕ ਮੁਸਲਮਾਨ ਮਿੱਤਰ ਨੂੰ ਦੇਣ ਵਾਲਾ ਦਿ੍ਰਸ਼, ਇਕ 5 ਸਾਲ ਦੇ ਬੱਚੇ ਵਜੋਂ ਵੇਖ ਰਿਹਾ ਸੀ। ਉਥੇ ਮੌਜੂਦ 50-60 ਬੰਦਿਆਂ ਦੇ ਮੂੰਹਾਂ ’ਚੋਂ ਇਕ ਆਵਾਜ਼ ਹੀ ਵਾਰ ਵਾਰ ਨਿਕਲ ਰਹੀ ਸੀ, ‘‘ਬਸ ਥੋੜੇ ਦਿਨਾਂ ਦੀ ਹੀ ਤਾਂ ਗੱਲ ਹੈ, ਫ਼ਿਰਕੂਆਂ ਦਾ ਰੌਲਾ ਰੱਪਾ ਖ਼ਤਮ ਹੁੰਦੇ ਹੀ, ਹਫ਼ਤੇ ਦਸਾਂ ਦਿਨਾਂ ਵਿਚ ਤੁਸੀ ਵਾਪਸ ਆ ਕੇ ਇਸੇ ਘਰ ਵਿਚ ਹੀ ਰਹਿਣਾ ਹੈ ਤੇ ਇਥੋਂ ਦੇ ਲੋਕਾਂ ਦੀ ਖ਼ਿਦਮਤ ਕਰਨੀ ਹੈ। ਆਰਜ਼ੀ ਤੌਰ ਤੇ ਏਧਰ ਔਧਰ ਹੋਣ ਦੀ ਲੋੜ ਹੈ ਪਰ ਇਹ ਲੀਗੀਏ ਸਾਨੂੰ ਵੱਖ ਨਹੀਂ ਕਰ ਸਕਦੇ। ਇਸ ਘਰ ਵਿਚ ਪਈ ਇਕ ਇਕ ਚੀਜ਼ ਦੀ ਰਾਖੀ ਅਸੀ ਈਮਾਨ ਨਾਲ ਕਰਾਂਗੇ। ਤੁਸੀ ਬੇਫ਼ਿਕਰ ਹੋ ਕੇ ਥੋੜੇ ਦਿਨ ਅੰਮ੍ਰਿਤਸਰ ਲਾ ਆਉ। ਸਾਨੂੰ ਦੁਨੀਆਂ ਦੀ ਕੋਈ ਤਾਕਤ ਵੱਖ ਨਹੀਂ ਕਰ ਸਕਦੀ।’’
ਇਹ ਤਸੱਲੀਆਂ ਦੇਣ ਵਾਲੇ ਲਫ਼ਜ਼ ਚੇਲੀਆਂਵਾਲੇ ਦੇ ਮੁਸਲਮਾਨ ਬੋਲ ਰਹੇ ਸਨ ਤੇ ਨਾਲ ਰੋ ਵੀ ਰਹੇ ਸਨ। ਪੰਜਾਬ ਵਿਚ ਮੁਸਲਿਮ ਲੀਗੀਆਂ ਦੇ ਨਾਹਰੇ ਤੇਜ਼ ਹੋ ਰਹੇ ਸਨ ਤੇ ਕੁੱਝ ਥਾਵਾਂ ’ਤੇ ਫ਼ਿਰਕੂ ਦੰਗੇ ਵੀ ਹੋ ਚੁੱਕੇ ਸਨ। ਸੋ ਮੇਰੇ ਮਾਪਿਆਂ ਨੇ ਫ਼ੈਸਲਾ ਕੀਤਾ ਕਿ ਕੁੱਝ ਦਿਨ ਲਈ ਅੰਮ੍ਰਿਤਸਰ ਚਲੇ ਚਲੀਏ, ਥੋੜੇ ਦਿਨਾਂ ਮਗਰੋਂ ਠੰਢ ਠੰਢੀਰ ਹੋਣ ’ਤੇ ਵਾਪਸ ਆ ਜਾਵਾਂਗੇ। ਇਹੀ ਸੋਚ ਕੇ ਮਕਾਨ ਦੀਆਂ ਚਾਬੀਆਂ ਉਹ ਮੁਸਲਮਾਨ ਮਿੱਤਰਾਂ ਨੂੰ ਦੇ ਆਏ ਸਨ ਤਾਕਿ ਉਹ ਲੀਗੀਆਂ ਦੇ ਕਿਸੇ ਹਮਲੇ ਤੋਂ ਇਸ ਦਾ ਬਚਾਅ ਕਰ ਸਕਣ। ਮੇਰਾ ਜਨਮ ਅਸਥਾਨ ਚੇਲੀਆਂਵਾਲਾ ਇਕ ਛੋਟਾ ਜਿਹਾ ਕਸਬਾ ਹੀ ਸੀ ਪਰ ਇਤਿਹਾਸ ਦੀਆਂ ਪੁਸਤਕਾਂ ਵਿਚ ਇਸ ਦਾ ਬਹੁਤ ਵੱਡਾ ਨਾਂ ਬਣਿਆ ਹੋਇਆ ਹੈ ਕਿਉਂਕਿ ਅੰਗਰੇਜ਼ਾਂ-ਸਿੱਖਾਂ ਵਿਚਕਾਰ ਦੂਜੀ ਲੜਾਈ ਇਥੇ ਹੀ ਲੜੀ ਗਈ ਸੀ ਤੇ ਸਿੱਖਾਂ ਨੇ ਅੰਗਰੇਜ਼ਾਂ ਦੇ ਉਹ ਛੱਕੇ ਛੁਡਾਏ ਸਨ ਕਿ ਭਾਰਤ ਦੇ ਅੰਗਰੇਜ਼ ਵਾਇਸਰਾਏ ਨੂੰ ਲੰਡਨ ਰੀਪੋਰਟ ਭੇਜਣੀ ਪਈ ਕਿ ‘ਜੇ ਚੇਲੀਆਂਵਾਲੇ ਵਰਗੀ ਇਕ ਲੜਾਈ ਸਾਨੂੰ ਹੋਰ ਲੜਨੀ ਪਈ ਤਾਂ ਹਿੰਦੁਸਤਾਨ ’ਚੋਂ ਸਾਨੂੰ ਅਪਣਾ ਬੋਰੀਆ ਬਿਸਤਰਾ ਗੋਲ ਕਰਨਾ ਹੀ ਪਵੇਗਾ।’’
ਖ਼ੈਰ 50-60 ਮੁਸਲਮਾਨ ਸਾਨੂੰ ਰੇਲਵੇ ਸਟੇਸ਼ਨ ਤਕ ਛੱਡਣ, ਸਾਡੇ ਨਾਲ ਹੀ ਆਏ। ਉਹ ਤੇ ਮੇਰੇ ਮਾਪੇ ਇਕ ਦੂਜੇ ਦੇ ਗਲੇ ਲੱਗ ਲੱਗ ਰੋਂਦੇ ਹੀ ਵੱਖ ਹੋਏ। ਗੱਡੀ ਆਈ ਤੇ ਮੁਸਲਿਮ ਲੀਗੀ, ਝੰਡੇ ਚੁੱਕੀ ਕੁੱਝ ਨੌਜੁਆਨ ਇੰਜਨ ਉਤੇ ਚੜ੍ਹ ਕੇ ‘ਖ਼ਿਜ਼ਰੂ ਕੁੱਤਾ ਹਾਏ ਹਾਏ’ ਤੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਮਾਰਨ ਲੱਗ ਪਏ ਪਰ ਕਿਸੇ ਸਵਾਰੀ ਨੂੰ ਉਨ੍ਹਾਂ ਨੇ ਕੁੱਝ ਨਾ ਕਿਹਾ। ਖ਼ਿਜ਼ਰ ਹਯਾਤ ਪੰਜਾਬ ਦਾ ਮੁੱਖ ਮੰਤਰੀ ਸੀ ਤੇ ਉਸ ਦੀ ਯੂਨੀਅਨਿਸਟ ਪਾਰਟੀ ਪਾਕਿਸਤਾਨ ਦੀ ਮੰਗ ਦੀ ਵਿਰੋਧਤਾ ਕਰਦੀ ਸੀ, ਇਸ ਲਈ ਲੀਗੀ ਉਸ ਦੇ ਜਾਨੀ ਦੁਸ਼ਮਣ ਬਣੇ ਹੋਏ ਸਨ। ਜਦ ਅੰਗਰਜ਼ਾਂ ਨੇ ਪਾਕਿਸਤਾਨ ਬਣਾਉਣ ਦਾ ਫ਼ੈਸਲਾ ਕਰ ਲਿਆ ਤਾਂ ਖ਼ਿਜ਼ਰ ਹਯਾਤ ਨੂੰ ਅਸਤੀਫ਼ਾ ਦੇਣ ਲਈ ਕਹਿ ਦਿਤਾ ਤਾਕਿ ਮੁਸਲਿਮ ਲੀਗ ਦਾ ਆਗੂ ਮੁੱਖ ਮੰਤਰੀ ਬਣ ਕੇ, ਬਟਵਾਰੇ ਵੇਲੇ, ਮੁਸਲਮਾਨਾਂ ਦੇ ਹਿਤਾਂ ਦਾ ਪੂਰਾ ਧਿਆਨ ਰੱਖ ਸਕੇ। ਮਾ. ਤਾਰਾ ਸਿੰਘ ਨੇ ਇਸ ਵੇਲੇ ਲਾਹੌਰ ਅਸੈਂਬਲੀ ਦੇ ਬਾਹਰ ਕਿ੍ਰਪਾਨ ਲਹਿਰਾਉਂਦਿਆਂ, ‘ਮੁਸਲਿਮ ਲੀਗ ਮੁਰਦਾਬਾਦ’ ਦਾ ਨਾਹਰਾ ਮਾਰਿਆ ਤੇ ਐਲਾਨ ਕੀਤਾ ਕਿ ‘‘ਕੁੱਝ ਵੀ ਹੋ ਜਾਏ, ਅਸੀ ਪੰਜਾਬ ਵਿਚ ਮੁਸਲਿਮ ਲੀਗ ਦੀ ਸਰਕਾਰ ਨਹੀਂ ਬਣਨ ਦਿਆਂਗੇ।’’
ਦੰਗੇ ਸ਼ੁਰੂ ਹੋ ਗਏ ਤੇ ਅੰਗਰੇਜ਼ ਸਰਕਾਰ ਨੇ ਮੁਸਲਿਮ ਲੀਗ ਨੂੰ ਸਰਕਾਰ ਬਣਾਉਣ ਦਾ ਦਿਤਾ ਸੱਦਾ ਵਾਪਸ ਲੈ ਲਿਆ। ਜੇ ਮੁਸਲਿਮ ਲੀਗ ਦੀ ਸਰਕਾਰ ਬਣ ਜਾਂਦੀ ਤਾਂ ਸਾਰਾ ਪੰਜਾਬ (ਜਿਸ ਵਿਚ ਅੱਜ ਦਾ ਸਾਡਾ ਪੂਰਬੀ ਪੰਜਾਬ ਤੇ ਹਰਿਆਣਾ, ਹਿਮਾਚਲ ਵੀ ਸ਼ਾਮਲ ਸਨ) ਪਾਕਿਸਤਾਨ ਵਿਚ ਚਲੇ ਜਾਣੇ ਸਨ ਕਿਉਂਕਿ ਇਸ ਸਾਰੇ ‘ਮਹਾਂ ਪੰਜਾਬ’ ਵਿਚ, ਜੋ ਗੁੜਗਾਉਂ ਤਕ ਫੈਲਿਆ ਹੋਇਆ ਸੀ, ਮੁਸਲਮਾਨਾਂ ਦੀ ਬਹੁਗਿਣਤੀ ਸੀ ਤੇ ਹਿੰਦੂ, ਸਿੱਖ ਰਲ ਕੇ ਵੀ ਮੁਸਲਮਾਨਾਂ ਤੋਂ ਘੱਟ ਸਨ। ਸੋ ਮੁਸਲਿਮ ਲੀਗ ਦੀ ਮੁੱਖ ਮੰਗ ਹੀ ਇਹ ਸੀ ਕਿ ਪੰਜਾਬ ਵਿਚ ਮੁਸਲਿਮ ਲੀਗ ਦੀ ਸਰਕਾਰ ਬਣਾਈ ਜਾਵੇ ਤਾਕਿ ਗੁੜਗਾਉਂ ਤਕ ਦਾ ਸਾਰਾ ‘ਪੰਜਾਬ’ ਪਾਕਿਸਤਾਨ ਵਿਚ ਆ ਜਾਵੇ।
ਇਹ ਤਾਂ ਸੀ ਸਿਆਸੀ ਪਾਰਟੀਆਂ ਅੰਦਰਲਾ ਉਸ ਵੇਲੇ ਦਾ ਦਿ੍ਰਸ਼ ਪਰ ਸਿਆਸੀ ਤੌਰ ’ਤੇ ਬੜੇ ਸੁਚੇਤ ਅਤੇ ਸਰਗਰਮ ਰਹੇ ਮੇਰੇ ਮਾਪੇ ਵੀ ਇਹੀ ਦਸਿਆ ਕਰਦੇ ਸਨ ਕਿ ਕੋਈ ਮੁਸਲਮਾਨ ਵੀ ਇਹ ਨਹੀਂ ਸੀ ਕਹਿੰਦਾ ਕਿ ਹਿੰਦੁਸਤਾਨ ਦੇ ਦੋ ਟੁਕੜੇ ਹੋ ਜਾਣਗੇ। ਹਿੰਦੂ ਸਿੱਖ ਤਾਂ ਇਹ ਗੱਲ ਸੋਚ ਵੀ ਨਹੀਂ ਸਨ ਸਕਦੇ। ਫਿਰ ਪਾਕਿਸਤਾਨ ਬਣਿਆ ਕਿਵੇਂ? ਮੈਂ ਇਸ ਬਾਰੇ ਪੂਰਾ ਸੱਚ ਜਾਣਨ ਲਈ ਸਾਰੀ ਉਮਰ ਹੀ ਕੋਸ਼ਿਸ਼ ਕਰਦਾ ਰਿਹਾ ਹਾਂ। ਪਿਛਲੇ ਕੁੱਝ ਸਾਲਾਂ ਵਿਚ ਪਾਕਿਸਤਾਨ ਦੇ ਬਾਨੀ ਜਿਨਾਹ ਬਾਰੇ ਇਕ ਦੋ ਕਿਤਾਬਾਂ ਬਾਜ਼ਾਰ ਵਿਚ ਆਈਆਂ ਹਨ ਜਿਨ੍ਹਾਂ ਵਿਚ ਇਹ ਹੈਰਾਨੀਜਨਕ ਸੱਚ ਪੜ੍ਹਨ ਨੂੰ ਮਿਲਿਆ ਕਿ ਜਿਨਾਹ ਵੀ ਪਾਕਿਸਤਾਨ ਬਣਵਾਉਣਾ ਨਹੀਂ ਸੀ ਚਾਹੁੰਦਾ ਬਲਕਿ ਪਾਕਿਸਤਾਨ ਦਾ ਹਊਆ ਵਿਖਾ ਕੇ ਮੁਸਲਮਾਨਾਂ ਲਈ ਹਿੰਦੁਸਤਾਨ ਵਿਚ ਉਹ ਅਧਿਕਾਰ ਪ੍ਰਾਪਤ ਕਰਨਾ ਚਾਹੁੰਦਾ ਸੀ ਜੋ ਗਾਂਧੀ, ਨਹਿਰੂ ਤੇ ਕਾਂਗਰਸ ਪਾਰਟੀ ਸਿੱਖਾਂ ਨੂੰ ਦੇਣ ਲਈ ਤਿਆਰ ਹੋ ਗਏ ਸਨ।
ਜਦ ਮੈਂ ‘ਪੰਜ ਪਾਣੀ’ ਕਢਦਾ ਹੁੰਦਾ ਸੀ ਤਾਂ ਉਦੋਂ ਪਾਕਿਸਤਾਨੀ ਲੇਖਕਾਂ, ਵਿਦਵਾਨਾਂ ਦਾ ਇਕ ਡੈਲੀਗੇਸ਼ਨ ਚੰਡੀਗੜ੍ਹ ਆਇਆ ਸੀ ਜਿਸ ਨੂੰ ਮੈਂ ਅਪਣੇ ਘਰ ਖਾਣੇ ’ਤੇ ਬੁਲਾਇਆ ਸੀ। ਉਥੇ ਮੈਂ ਉਨ੍ਹਾਂ ਕੋਲੋਂ ਵੀ ਸੱਚ ਜਾਣਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਸਿਆ ਕਿ ਉਹ ਸਾਰੇ ਹੀ ਪਾਕਿਸਤਾਨ ਦੀ ਮੰਗ ਦੇ ਖ਼ਿਲਾਫ਼ ਸਨ ਤੇ ਆਮ ਮੁਸਲਮਾਨ ਵੀ ਵਖਰਾ ਮੁਲਕ ਨਹੀਂ ਸੀ ਚਾਹੁੰਦਾ। ਪਰ ਇਕ ਡਰ ਉਨ੍ਹਾਂ ਨੂੰ ਖਾ ਰਿਹਾ ਸੀ ਕਿ ਹਿੰਦੂਆਂ ਨੇ ਕਿਉਂਕਿ ਮੁਗ਼ਲ ਬਾਦਸ਼ਾਹਾਂ ਵਲੋਂ ਕੀਤੀਆਂ ਜ਼ਿਆਦਤੀਆਂ ਨੂੰ ਦਿਲ ’ਤੇ ਲਗਾ ਕੇ ਰਖਿਆ ਹੋਇਆ ਹੈ, ਇਸ ਲਈ ਆਜ਼ਾਦ ਭਾਰਤ ਵਿਚ ਉਨ੍ਹਾਂ ਦੇ, ਲੀਗੀਆਂ ਵਰਗੇ ਗਰਮ ਮਿਜ਼ਾਜ ਲੀਡਰ ਮਰ ਚੁੱਕੇ ਬਾਦਸ਼ਾਹਾਂ ਦੀਆਂ ਜ਼ਿਆਦਤੀਆਂ ਦਾ ਬਦਲਾ, ਮੁਸਲਮਾਨਾਂ ਕੋਲੋਂ ਜ਼ਰੂਰ ਲੈਣਗੇ ਤੇ ਬਹੁਗਿਣਤੀ ਦੇ ਬਲ ਬੂਤੇ, ਮੁਸਲਮਾਨਾਂ ’ਤੇ ਸ਼ਿਕੰਜਾ ਕਸਣ ਵਾਲੇ ਕਾਨੂੰਨ ਜ਼ਰੂਰ ਪਾਸ ਕਰਨਗੇ। ਸੋ ਮੁਸਲਮਾਨ ਇਹ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਅਧਿਕਾਰ ਦਿਤੇ ਜਾਣ ਤਾਕਿ ਹਿੰਦੂ ਬਹੁਗਿਣਤੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕਰ ਸਕੇ।
ਅਪਣਾ ਇਹ ਸ਼ੰਕਾ ਉਨ੍ਹਾਂ ਨੇ ਅੰਗਰੇਜ਼ਾਂ ਅੱਗੇ ਵੀ ਰਖਿਆ। ਅੰਗਰੇਜ਼ਾਂ ਨੂੰ ਮੁਸਲਮਾਨਾਂ ਦੀ ਗੱਲ ਸਮਝ ਆ ਗਈ ਤੇ ਉਨ੍ਹਾਂ ਇਕ ਪਲਾਨ ਬਣਾਇਆ ਜਿਸ ਵਿਚ ਜਿੰਨੀਆਂ ਵੀ ਮੁਸਲਮ-ਬਹੁਗਿਣਤੀ ਵਾਲੇ ਰਾਜ ਸਨ, ਉਨ੍ਹਾਂ ਨੂੰ ‘ਬੀ’ ਰਾਜ ਘੋਸ਼ਿਤ ਕਰ ਕੇ ਉਨ੍ਹਾਂ ਰਾਜਾਂ ਦੇ ਚੁਣੇ ਹੋਏ ਮੁਸਲਮਾਨ ਅਸੈਂਬਲੀ ਮੈਂਬਰਾਂ ਨੂੰ ਤਾਕਤ ਦੇਣੀ ਮੰਨ ਲਈ ਕਿ ਮੁਸਲਮਾਨਾਂ ਬਾਰੇ ਜੋ ਕਾਨੂੰਨ ਉਹ ਪਾਸ ਕਰਨਗੇ, ਉਹੀ ਲਾਗੂ ਹੋਵੇਗਾ ਅਰਥਾਤ ਹਿੰਦੂ ਮੈਂਬਰਾਂ ਦਾ ਇਹ ਹੱਕ ਖੋਹ ਲਿਆ ਗਿਆ ਕਿ ਉਹ ਅਪਣੀ ਬਹੁਗਿਣਤੀ ਦੇ ਸਹਾਰੇ, ਮੁਸਲਮਾਨਾਂ ਉਤੇ ਅਪਣਾ ਕੋਈ ਵੀ ਕਾਨੂੰਨ ਥੋਪ ਦੇਣ। ਪਰ ਹਿੰਦੂ ਲੀਡਰਾਂ ਨੇ ਇਹ ਸ਼ਰਤ ਨਾ ਮੰਨੀ ਤੇ ਮੁਸਲਮਾਨ ਅੜ ਗਏ ਕਿ ‘‘ਜੇ ਹਿੰਦੁਸਤਾਨ ਵਿਚ ਮੁਸਲਮਾਨਾਂ ਨੂੰ ਅਪਣੀ ਦਾੜ੍ਹੀ ਅਪਣੇ ਹੱਥ ਵਿਚ ਰੱਖਣ ਦਾ ਵੀ ਅਧਿਕਾਰ ਨਹੀਂ ਮਿਲ ਸਕਦਾ ਤਾਂ ਫਿਰ ਅਸੀ ਪਾਕਿਸਤਾਨ ਵਿਚ ਥੋੜੀ ਖਾ ਕੇ ਹੀ ਗੁਜ਼ਾਰਾ ਕਰ ਲਵਾਂਗੇ ਪਰ ਅਪਣੀ ਦਾਹੜੀ ਹਿੰਦੂਆਂ ਦੇ ਹੱਥ ਵਿਚ ਨਹੀਂ ਫੜਾਵਾਂਗੇ।’’ ਇਹੀ ਸੀ ਇਕੋ ਇਕ ਕਾਰਨ ਜਿਸ ਨੂੰ ਲੈ ਕੇ ਪਾਕਿਸਤਾਨ ਮੰਗਿਆ ਜਾ ਰਿਹਾ ਸੀ।
ਮੈਂ ‘ਪੰਜ ਪਾਣੀ’ ਦੇ ਦਫ਼ਤਰ ਵਿਚ ਖਾਣੇ ’ਤੇ ਇਕੱਠੇ ਹੋਏ ਲੇਖਕਾਂ ਤੇ ਵਿਦਵਾਨਾਂ ਦੀ ਗੱਲ ਸੁਣ ਰਿਹਾ ਸੀ। ਉਹ ਇਸ ਗੱਲ ਦੀ ਤਾਰੀਫ਼ ਕਰ ਰਹੇ ਸਨ ਕਿ ਸਿੱਖਾਂ ਦਾ ਲੀਡਰ (ਮਾ:Ê ਤਾਰਾ ਸਿੰਘ) ਸੱਭ ਤੋਂ ਸਿਆਣਾ ਨਿਕਲਿਆ ਜਿਸ ਨੇ ਪਾਕਿਸਤਾਨ ਨੂੰ ਵੀ ਲੰਗੜਾ ਕਰ ਦਿਤਾ ਤੇ ਹਿੰਦੂ ਲੀਡਰਾਂ ਕੋਲੋਂ ਵੀ ਉਹ ਵਾਅਦੇ ਲੈ ਲਏ ਜੋ ਉਹ ਮੁਸਲਮਾਨ ਲੀਡਰਾਂ ਨਾਲ ਕਰਨ ਨੂੰ ਤਿਆਰ ਨਹੀਂ ਸਨ। ਪਾਕਿਸਤਾਨੀ ਡੈਲੀਗੇਸ਼ਨ ਵਲੋਂ ਆਖੀ ਆਖ਼ਰੀ ਗੱਲ ਧਿਆਨ ਨਾਲ ਸੁਣਨ ਵਾਲੀ ਸੀ। ਉਨ੍ਹਾਂ ਦਸਿਆ, ‘‘ਅਸੀ ਤਾਂ ਸੋਚਦੇ ਸੀ ਕਿ ਸਿੱਖਾਂ ਨਾਲ ਕੀਤੇ ਵਾਅਦੇ ਤਾਂ ਹਿੰਦੂ ਲੀਡਰਾਂ ਨੂੰ ਪੂਰੇ ਕਰਨੇ ਹੀ ਪੈਣਗੇ ਕਿਉਂਕਿ ਸਿੱਖ ਵਾਅਦੇ ਪੂਰੇ ਕਰਵਾਏ ਬਿਨਾਂ ਆਰਾਮ ਨਾਲ ਬੈਠਣ ਵਾਲੇ ਲੋਕ ਨਹੀਂ। ਅਤੇ ਸ਼ਾਇਦ ਕਾਂਗਰਸ ਸਰਕਾਰ, ਉਨ੍ਹਾਂ ਮੁਸਲਮਾਨਾਂ ਨਾਲ ਕੀਤੇ ਵਾਅਦੇ ਵੀ ਪੂਰੇ ਕਰ ਹੀ ਦੇਵੇ ਜਿਹੜੇ ਪਾਕਿਸਤਾਨ ਦੇ ਵਿਰੋਧ ਵਿਚ ਖੜੇ ਹੋ ਕੇ ਹਿੰਦੁਸਤਾਨ ਵਿਚ ਰਹਿਣ ਨੂੰ ਤਰਜੀਹ ਦੇ ਚੁੱਕੇ ਸਨ।
ਬੱਸ ਇਹ ਹੁੰਦਿਆਂ ਹੀ ਅਸੀ ਜੋ ਸ਼ੁਰੂ ਤੋਂ ਹੀ ਹਿੰਦੁਸਤਾਨ ਦੀ ਵੰਡ ਦੇ ਵਿਰੁਧ ਸੀ, ਅਸੀ ਪਾਕਿਸਤਾਨ ਵਿਚ ਸ਼ੋਰ ਮਚਾ ਦੇਣਾ ਸੀ ਕਿ ਜੇ ਹਿੰਦੁਸਤਾਨ ਸਰਕਾਰ, ਸਿੱਖਾਂ ਅਤੇ ਉਥੇ ਰਹਿ ਗਏ ਕਰੋੜਾਂ ਮੁਸਲਮਾਨਾਂ ਨਾਲ ਕੀਤੇ ਵਾਅਦੇ ਪੂਰੇ ਕਰ ਸਕਦੀ ਹੈ ਤਾਂ ਅਸੀ ਦੋ ਦੁਸ਼ਮਣ ਗਵਾਂਢੀ ਦੇਸ਼ ਬਣਨ ਦੀ ਬਜਾਏ, ਇਕ ਵੱਡੇ ਹਿੰਦੁਸਤਾਨ ਕੋਲੋਂ ਉਹੀ ਵਾਅਦੇ ਮੁਸਲਮਾਨਾਂ ਲਈ ਮਨਵਾ ਕੇ, ਇਕ ਵੀ ਹੋ ਸਕਦੇ ਹਾਂ ਕਿਉਂਕਿ ਸਾਨੂੰ ਇਕ ਹੋਣ ਵਿਚ ਜ਼ਿਆਦਾ ਫ਼ਾਇਦਾ ਹੈ। ਪਰ ਜਿਉਂ ਹੀ ਨਹਿਰੂ ਨੇ ਤੁਹਾਡੇ ਲੀਡਰ ਨੂੰ ਕਹਿ ਦਿਤਾ ਕਿ, ‘‘ਵਕਤ ਬਦਲ ਗਏ ਹਨ ਤੇ ਪੁਰਾਣੀਆਂ ਗੱਲਾਂ ਭੁਲ ਜਾਉ ਹੁਣ’’ ਅਤੇ ਭਾਰਤ ਵਿਚ ਰਹਿ ਗਏ ਮੁਸਲਮਾਨਾਂ ਪ੍ਰਤੀ ਭਾਰਤੀ ਹਾਕਮਾਂ ਦਾ ਬਦਲਿਆ ਹੋਇਆ ਰਵਈਆ ਵੇਖ ਕੇ ਕਾਂਸਟੀਚੂਐਂਟ ਅਸੈਂਬਲੀ (ਵਿਧਾਨ ਘੜਨੀ ਸਭਾ) ਦੇ ਦੋ ਮੈਂਬਰ, ਉਠ ਕੇ ਪਾਕਿਸਤਾਨ ਚਲੇ ਆਏ ਤਾਂ ਸਾਡਾ ‘ਇਕ ਹਿੰਦੁਸਤਾਨ’ ਦੇ ਹਾਮੀ ਪਾਕਿਸਤਾਨੀ ਮੁਸਲਮਾਨਾਂ ਦਾ ਦਿਲ ਟੁਟ ਕੇ ਰਹਿ ਗਿਆ। ਉਧਰ ਉਹ ਲੋਕ ਫਿਰ ਤੋਂ ਸਰਗਰਮ ਹੋ ਗਏ ਜਿਹੜੇ ਕਹਿੰਦੇ ਸੀ ਕਿ ਹਿੰਦੂ ਹਿੰਦੁਸਤਾਨ ਨਾਲ ਕੋਈ ਰਿਸ਼ਤਾ ਰਖਣਾ ਗੁਨਾਹ ਹੈ ਤੇ ਇਧਰ ਉਹ ਸਰਗਰਮ ਹੋ ਗਏ ਜੋ ਕਹਿੰਦੇ ਸਨ ਕਿ ਫ਼ੌਜੀ ਤਾਕਤ ਵਰਤ ਕੇ (ਬੰਗਲਾਦੇਸ਼ ਵਾਂਗ) ਪਾਕਿਸਤਾਨ ਦੇ ਟੁਕੜੇ ਟੁਕੜੇ ਕਰ ਕੇ ਰਹਿਣਾ ਹੈ।
ਪਰ ਜੇ ਇਹ ਮੁਸਲਮਾਨਾਂ ਦਾ ਇਕ ਸ਼ੰਕਾ ਹੀ ਦੂਰ ਕਰ ਦੇਂਦੇ ਕਿ ਇਹ ਅਪਣੀ ਬਹੁਸੰਮਤੀ ਵਰਤ ਕੇ ਬਣਾਏ ਗਏ ਕਾਨੂੰਨ ਮੁਸਲਮਾਨਾਂ ਉਤੇ ਥੋਪਣਗੇ ਨਹੀਂ ਤੇ ਭਾਰਤੀ ਸਿੱਖਾਂ, ਭਾਰਤ ਵਿਚ ਰਹਿ ਗਏ ਮੁਸਲਮਾਨਾਂ ਨਾਲ ਕੀਤੇ ਵਾਅਦੇ ਹੀ ਪੂਰੇ ਕਰ ਦੇਂਦੇ ਤਾਂ ਬਿਨਾਂ ਕੋਈ ਗੋਲੀ ਚਲਾਏ ਤੇ ਬਿਨਾਂ ਕੋਈ ਧੇਲਾ ਖ਼ਰਚੇ, ਹੁਣ ਤਕ ਹਿੰਦੁਸਤਾਨ ਫਿਰ ਤੋਂ ਇਕ ਹੋ ਚੁੱਕਾ ਹੋਣਾ ਸੀ। ਪਰ ਤੁਹਾਡੇ ਹਾਕਮ ਸੱਭ ਕੁੱਝ ਫ਼ੌਜੀ ਤਾਕਤ ਦੀ ਵਰਤੋਂ ਕਰ ਕੇ ਤੇ ਅਪਣੇ ਆਪ ਨੂੰ ‘ਹੀਰੋ’ ਵਜੋਂ ਪੇਸ਼ ਕਰਨਾ ਚਾਹੁੰਦੇ ਹਨ ਤੇ ਸਾਡੇ ਹਾਕਮ ਵੀ ਅਪਣੇ ਦੇਸ਼ ਵਿਚ ਪਸ਼ਤੋ ਲੋਕਾਂ ਤੇ ਸਿੰਧੀ ਲੋਕਾਂ ਨਾਲ ਉਸੇ ਤਰ੍ਹਾਂ ਵਿਤਕਰਾ ਕਰਨਾ ਜਾਰੀ ਰੱਖ ਰਹੇ ਹਨ ਜਿਵੇਂ ਤੁਹਾਡੇ ਹਾਕਮ ਘੱਟ-ਗਿਣਤੀਆਂ ਤੇ ਕਮਜ਼ੋਰਾਂ ਨਾਲ ਕਰ ਰਹੇ ਹਨ। ਇਸ ਲਈ ਦੋਵੇਂ ਪਾਸੇ ਉਹੀ ਹਾਰੇ ਸੀ ਤੇ ਹਾਰ ਰਹੇ ਹਨ ਜੋ ਸੱਚੇ ਦਿਲੋਂ ਹਿੰਦੁਸਤਾਨ ਨੂੰ ਇਕ ਵੇਖਣਾ ਚਾਹੁੰਦੇ ਸਨ ਤੇ ਚਾਹੁੰਦੇ ਹਨ।’’ ਪਾਕਿਸਤਾਨੀ ਡੈਲੀਗੇਸ਼ਨ ਦੀਆਂ ਗੱਲਾਂ ਸੁਣ ਕੇ ਮੈਂ ਗਦ ਗਦ ਹੋ ਗਿਆ ਪਰ ਉਨ੍ਹਾਂ ਦੇ ਕਹਿਣ ਤੇ ਮੈਂ ਇਹ ਗੱਲਾਂ ਪਰਚੇ ਵਿਚ ਛਪਣੋਂ ਰੋਕ ਲਈਆਂ। (ਚਲਦਾ)
(18 ਅਗੱਸਤ 2019 ਦੇ ਪਰਚੇ ਵਿਚੋਂ)