1947 ਵਿਚ ਅੰਗਰੇਜ਼ ਸਿੱਖਾਂ ਨੂੰ ਸਿੱਖਾਂ ਨੇ ਨਾ ਲਿਆ ? (5)
Published : Sep 19, 2021, 6:24 am IST
Updated : Sep 19, 2021, 7:27 am IST
SHARE ARTICLE
Sikhs
Sikhs

ਉਪ੍ਰੋਕਤ ਲੇਖ ਲੜੀ ਰੋਕ ਕੇ ਇਕ ਜ਼ਰੂਰੀ ਐਲਾਨ ਪਾਠਕਾਂ ਲਈ

 

ਪਿਛਲੇ ਚਾਰ ਹਫ਼ਤਿਆਂ ਤੋਂ ਅਸੀ 1947 ਵਾਲੀ ਪੰਜਾਬ ਵੰਡ ਦਾ ਇਤਿਹਾਸ ਖੋਜ ਰਹੇ ਸੀ। ਇਹ ਬੜਾ ਇਤਿਹਾਸਕ ਸਮਾਂ ਸੀ ਜਦੋਂ ਹਿੰਦੁਸਤਾਨ ਵਿਚ ਹਕੂਮਤਾਂ ਕਰਨ ਵਾਲੀਆਂ ਕੌਮਾਂ ਅਜ ਉਨ੍ਹਾਂ ਲੋਕਾਂ ਦੀ ‘ਰਿਆਇਆ’ ਬਣਨ ਜਾ ਰਹੀਆਂ ਸਨ ਜਿਨ੍ਹਾਂ ਤੇ ਉਹ ਰਾਜ ਕਰਦੀਆਂ ਰਹੀਆਂ ਸਨ। ਡੈਮੋਕਰੇਸੀ ਦੇ ਨਾਂ ਤੇ ਅੰਗਰੇਜ਼ ਜਿਸ ਤਰ੍ਹਾਂ ਸਿਰਾਂ ਦੀ ਗਿਣਤੀ ਕਰ ਕੇ, ਬਹੁਤੇ ਸਿਰਾਂ ਵਾਲਿਆਂ ਦੇ ਹੱਥ ਤਾਕਤ ਫੜਾ ਰਹੇ ਸਨ ਤੇ ਥੋੜੇ ਸਿਰਾਂ ਵਾਲਿਆਂ ਨੂੰ ਬਹੁਤੇ ਸਿਰਾਂ ਵਾਲਿਆਂ ਦੇ ਅਧੀਨ ਕਰ ਕੇ ਜਾ ਰਹੇ ਸਨ, ਕੁਦਰਤੀ ਸੀ ਕਿ ਘੱਟ ਗਿਣਤੀਆਂ ਅੰਦਰ ਤੌਖਲਾ ਵਧਦਾ ਜਾ ਰਿਹਾ ਸੀ ਕਿ ਹੁਣ ਉਨ੍ਹਾਂ ਕੋਲੋਂ ਚੁਣ ਚੁਣ ਕੇ ਬਦਲੇ ਲਏ ਜਾਣਗੇ।

 

 

Sikh youth beaten in CanadaSikh youth

 

ਮੁਸਲਮਾਨ ਸੱਭ ਤੋਂ ਵੱਧ ਪ੍ਰੇਸ਼ਾਨ ਸਨ ਕਿਉਂਕਿ ਉਨ੍ਹਾਂ ਦੇ ਹਾਕਮਾਂ ਨੇ ਬੀਤੇ ਵਿਚ ਹਿੰਦੂਆਂ (ਬਹੁ ਗਿਣਤੀ) ਦੇ ਮੰਦਰ ਢਾਹੇ ਸਨ, ਜਬਰੀ ਧਰਮ ਬਦਲਿਆ ਸੀ, ਔਰਤਾਂ ਉਧਾਲ ਕੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਦੀਆਂ ਵੇਚੀਆਂ ਸਨ ਤੇ ਹਿੰਦੂ ਸਲਤਨਤਾਂ ਖ਼ਤਮ ਕਰ ਕੇ ਆਪ ਕਾਬਜ਼ ਹੋਏ ਸਨ। ਸੋ ਹਿੰਦੂਆਂ ਮੁਸਲਮਾਨਾਂ ਅੰਦਰ ਵੈਰ ਭਾਵਨਾ ਏਨੀ ਪੁਰਾਣੀ ਸੀ ਕਿ ਹਿੰਦੂ ਆਮ ਕਿਹਾ ਕਰਦੇ ਸਨ, ‘‘ਇਕ ਵਾਰ ਸਾਡਾ ਰਾਜ ਆ ਲੈਣ ਦਿਉ, ਗਿਣ ਗਿਣ ਕੇ ਬਦਲੇ ਲਵਾਂਗੇ।’’ ਮੁਸਲਮਾਨ, ਇਹੋ ਜਹੀਆਂ ਗੱਲਾਂ ਸੁਣ ਕੇ ਹੋਰ ਵੀ ਡਰ ਜਾਂਦੇ ਸਨ। 

TurbanSikh 

 

ਸਿੱਖਾਂ ਦਾ ਬੀਤਿਆ ਸਮਾਂ, ਹਿੰਦੂਆਂ ਨਾਲ ਰਿਸ਼ਤੇ ਨਾਤੇ, ਇਕ ਦੂਜੇ ਦੇ ਰਾਖੇ, ਹਰ ਹਿੰਦੂ ਘਰ ਵਿਚ ਇਕ ਪੁੱਤਰ ਜ਼ਰੂਰੀ ਹੀ ਸਿੱਖ ਬਣਾਏ ਜਾਣ ਦੀਆਂ ਰਵਾਇਤਾਂ ਨਾਲ ਭਰਪੂਰ ਸੀ ਪਰ ਵਿਦੇਸ਼ੀ ਜਰਵਾਣਿਆਂ ਨਾਲ ਲੜਾਈਆਂ ਲੜਨ ਕਰ ਕੇ, ਮੁਸਲਮਾਨਾਂ ਨਾਲ ਉਨ੍ਹਾਂ ਦੇ ਸਬੰਧ ਬਹੁਤੇ ਚੰਗੇ ਨਹੀਂ ਸਨ ਰਹਿ ਸਕੇ। ਸੋ ਇਕ ਬੜੀ ਦਿਲਚਸਪ ਸਥਿਤੀ ਪੈਦਾ ਹੋ ਗਈ ਜਦ ਤਿੰਨੇ ਕੌਮਾਂ ਸਾਹਮਣੇ ਇਕ ਪ੍ਰਸ਼ਨ ਖੜਾ ਹੋ ਗਿਆ ਕਿ ਕਿਹੋ ਜਿਹਾ ਹਿੰਦੁਸਤਾਨ ਉਨ੍ਹਾਂ ਲਈ ਠੀਕ ਰਹੇਗਾ? ਮੁਸਲਮਾਨਾਂ ਲਈ ਇਸ ਨਤੀਜੇ ਤੇ ਪੁਜਣਾ ਸੌਖਾ ਸੀ ਕਿ ‘ਮੁਸਲਮਾਨਾਂ ਨੂੰ ਅਜਿਹੇ ਵਿਸ਼ੇਸ਼ ਅਧਿਕਾਰ ਦਿਤੇ ਜਾਣ ਜਿਨ੍ਹਾਂ ਸਦਕਾ ਹਿੰਦੂ ਬਹੁਗਿਣਤੀ ਉਨ੍ਹਾਂ ਉਤੇ ਅਪਣੇ ਫ਼ੈਸਲੇ ਠੋਸ ਨਾ ਸਕੇ, ਨਹੀਂ ਤਾਂ ਉਨ੍ਹਾਂ ਨੂੰ ਵਖਰਾ ਦੇਸ਼ (ਪਾਕਿਸਤਾਨ) ਦੇ ਦਿਤਾ ਜਾਏ। ਸਿੱਖਾਂ ਨੇ ਵੀ, ਮੁਸਲਮਾਨਾਂ ਵਲ ਵੇਖ ਕੇ ਇਹੀ ਮੰਗ ਰੱਖ ਦਿਤੀ ਪਰ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਦਸ ਦਿਤਾ ਕਿ ਜੇ ਸਾਰੇ ਪੰਜਾਬ ਵਿਚ ਇਕ ਵੀ ਜ਼ਿਲ੍ਹੇ ਵਿਚ ਸਿੱਖਾਂ ਦੀ ਬਹੁਗਿਣਤੀ ਨਹੀਂ ਤਾਂ ਉਹ ਵਖਰਾ ਦੇਸ਼ ਕਿਵੇਂ ਮੰਗ ਸਕਦੇ ਹਨ? ਡੈਮੋਕਰੇਸੀ ਵਿਚ ਵਖਰਾ ਦੇਸ਼ ਤਾਂ ਉਸ ਨੂੰ ਮਿਲਦਾ ਹੈ ਜਿਸ ਕੋਲ ਸਿਰਾਂ ਦੀ ਬਹੁਗਿਣਤੀ ਹੋਵੇ।

 

Sikh youthSikh 

ਫਿਰ ਸ਼ੁਰੂ ਹੋਈ ‘ਰਿਆਇਤਾਂ’ ਦੀ ਝੜੀ। ਸਿੱਖਾਂ ਨੂੰ ਹਿੰਦੂ ਲੀਡਰ ਕਹਿਣ ਕਿ ਹਿੰਦੁਸਤਾਨ ਨਾਲ ਰਲ ਜਾਉ ਤਾਂ ਭਾਵੇਂ ਚੰਨ ਸੂਰਜ ਵੀ ਮੰਗ ਲਉ, ਦੇ ਦਿਆਂਗੇ। ਮੁਸਲਮਾਨ ਆਗੂ ਵੀ ਅਖ਼ੀਰ ਇਹ ਪੇਸ਼ਕਸ਼ ਲੈ ਕੇ ਆ ਗਏ ਕਿ ਪਾਕਿਸਤਾਨ ਦਾ ਸਾਥ ਦੇ ਦਿਉ ਤਾਂ ਹਿੰਦੂ ਲੀਡਰ ਤੁਹਾਨੂੰ ਜੋ ਵੀ ਦੇਂਦੇ ਨੇ, ਉਸ ਤੋਂ ਵੱਧ ਅਸੀ ਦੇ ਦਿਆਂਗੇ।  ਸਿੱਖਾਂ ਨੇ ਸਰਬ ਸੰਮਤੀ ਨਾਲ ਅਖ਼ੀਰ ਜੋ ਫ਼ੈਸਲਾ ਲਿਆ, ਉਹ ਉਸ ਵੇਲੇ ਤਾਂ ਬਹੁਤ ਸਲਾਹਿਆ ਗਿਆ ਤੇ ਕੋਈ ਇਕ ਵੀ ਸਿੱਖ ਉਸ ਵਿਰੁਧ ਨਾ ਬੋਲਿਆ ਪਰ ਮਗਰੋਂ ਖ਼ੁਫ਼ੀਆ ਏਜੰਸੀਆਂ ਨੇ ਆਜ਼ਾਦ ਭਾਰਤ ਵਿਚ ਸਿੱਖਾਂ ਦੇ ਹੱਕਾਂ ਲਈ ਇਹ ਗ਼ਲਤ ਸ਼ੋਸ਼ਾ ਛੱਡ ਦਿਤਾ  ਕਿ ਅੰਗਰੇਜ਼ ਤਾਂ ਸੱਭ ਕੁੱਝ ਦੇਂਦਾ ਸੀ ਪਰ ਸਿੱਖਾਂ ਦੇ ‘ਮੂਰਖ ਲੀਡਰਾਂ’  ਨੇ ਲੈਣੋਂ ਨਾਂਹ ਕਰ ਦਿਤੀ ਤੇ ਅਜ ਸਿੱਖਾਂ ਦਾ ਇਹ ਹਾਲ ਹੋਇਆ ਪਿਆ ਹੈ।

ਸੋ ਮੈਂ ਬਹੁਤ ਪੜ੍ਹਿਆ ਤੇ ਇਸ ਨਤੀਜੇ ਉਤੇ ਪੁੱਜਾ ਕਿ ਸਾਨੂੰ ਅਪਣਾ ਇਤਿਹਾਸ ਆਪ ਲਿਖਣਾ ਚਾਹੀਦਾ ਹੈ ਤਾਕਿ ਦੁਸ਼ਮਣ ਦੀਆਂ ਖ਼ੁਫ਼ੀਆ ਏਜੰਸੀਆਂ ਸਾਨੂੰ ਭੁਲੇਖਿਆਂ ਦਾ ਸ਼ਿਕਾਰ ਬਣਾਈ ਰੱਖਣ ਵਿਚ ਕਾਮਯਾਬ ਨਾ ਹੋ ਜਾਇਆ ਕਰਨ। ਜੋ ਗ਼ਲਤ ਹੈ, ਉਸ ਨੂੰ ਗ਼ਲਤ ਮੰਨ ਲੈਣਾ ਚਾਹੀਦਾ ਹੈ ਪਰ ਜੋ ਠੀਕ ਹੈ, ਉਸ ਨੂੰ ਖ਼ੁਫ਼ੀਆ ਏਜੰਸੀਆਂ ਦੇ ਪਿੱਛੇ ਲੱਗ ਕੇ ਮੰਨੀ ਜਾਣਾ ਵੀ ਬਹੁਤ ਵੱਡੀ ਗ਼ਲਤੀ ਹੈ। ਮੈਂ ਹੁਣ ਕਲਮ ਚੁੱਕੀ ਹੈ ਤਾਂ ਪੂਰਾ ਸੱਚ ਸਾਹਮਣੇ ਲਿਆ ਕੇ ਹੀ ਰਹਾਂਗਾ। 

ਲੜੀ ਰੋਕ ਕੇ ਇਕ ਜ਼ਰੂਰੀ ਐਲਾਨ  ਕਰਨ ਲਈ ਖਿਮਾਂ ਚਾਹਾਂਗਾ
ਪਾਰਟੀਸ਼ਨ ਬਾਰੇ ਉਪ੍ਰੋਕਤ ਲੜੀ ਬੜੀ ਦਿਲਚਸਪੀ ਨਾਲ ਪੜ੍ਹੀ ਜਾ ਰਹੀ ਹੈ ਤੇ ਮੈਨੂੰ ਇਸ ਬਾਰੇ ਪਤਾ ਹੈ। ਪਰ ਅਜ ਮੈਂ ਇਸ ਲੜੀ ਨੂੰ ਇਕ ਵਾਰੀ ਲਈ ਰੋਕ ਕੇ ਇਕ ਮਹੱਤਵਪੂਰਨ ਐਲਾਨ ਕਰਨਾ ਜ਼ਰੂਰੀ ਸਮਝਦਾ ਹਾਂ। ‘ਉੱਚਾ ਦਰ ਬਾਬੇ ਨਾਨਕ ਦਾ’ ਇਕ ਇਮਾਰਤ ਨਹੀਂ , ਇਕ ਸੁਪਨਾ ਸੀ ਜੋ ਅਸੀ ਤੁਸੀ ਸਾਰਿਆਂ  ਨੇ ਰਲ ਕੇ ਕਈ ਕਈ ਸਾਲ ਤਕ ਮੀਟਿੰਗਾਂ ਕਰਦੇ ਰਹਿ ਕੇ ਲਿਆ ਸੀ। ਮਕਸਦ ਇਹੀ ਸੀ ਕਿ ਬਾਬੇ ਨਾਨਕ ਦੀ ਸਿੱਖੀ ਦਾ ਜੋ ਹਾਲ ਪੰਥ ਦੇ ‘ਤਥਾਕਥਤ’ ਚੌਧਰੀਆਂ ਨੇ ਕਰ ਦਿਤਾ ਹੈ, ਉਸ ਕਾਰਨ ਸਿੱੱਖੀ, ਫੈਲਣ ਦੀ ਥਾਂ ਸੁੰਗੜਨੀ ਸ਼ੁਰੂ ਹੋ ਚੁੱਕੀ ਹੈ।

ਸੋ ਸਿੱਖੀ ਦੇ ਬੇਸ਼-ਕੀਮਤੀ ਫੁੱਲ ਨੂੰ ਮੁਰਝਾਉਣੋਂ ਬਚਾਣਾ ਹੈ ਤੇ ਇਸ ਦੀ ਸੁਗੰਧੀ ਦੁਨੀਆਂ ਦੇ ਕੋੋਨੇ ਕੋਨੇ ਤੇ ਪਹੁੰਚਾਣੀ ਹੈ ਤਾਂ ਸਾਨੂੰ ਗੁਰਦਵਾਰਿਆਂ ਤੋਂ ਬਾਹਰ ਨਿਕਲ ਕੇ, ਪੁਜਾਰੀ ਸ਼੍ਰੇਣੀ ਤੋਂ ਮੁਕੰਮਲ ਖ਼ਲਾਸੀ ਪ੍ਰਾਪਤ ਕਰ ਕੇ ਅਤੇ ਯੂਨੀਵਰਸਟੀਆਂ ਵਰਗੇ ਅਦਾਰੇ ਖੋਲ੍ਹਣੇ ਚਾਹੀਦੇ ਹਨ ਜਿਥੇ ਕਰਮ ਕਾਂਡ, ਕਥਾ ਕਹਾਣੀਆਂ ਤੇ ਅੰਧ ਵਿਸ਼ਵਾਸ ਲਈ ਥਾਂ ਹੀ ਕੋਈ ਨਾ ਹੋਵੇ ਤੇ ਗਿਆਨ ਹੀ ਪ੍ਰਧਾਨ ਹੋਵੇ। ਜੋ ਆਵੇ, ਉਹ ਗਿਆਨ ਨਾਲ ਮਾਲੋ ਮਾਲ ਹੋ ਕੇ ਜਾਵੇ ਤੇ ਆਖੇ,‘‘ਬਾਬੇ ਨਾਨਕ ਦੀ ਇਸੇ ਸਿੱਖੀ ਦੀ ਤਾਂ ਮੈਨੂੰ ਲੋੜ ਸੀ ਜੋ ਪਤਾ ਨਹੀਂ ਕਿਥੇ ਗਵਾਚ ਗਈ ਸੀ।’’ ਅਮਲੀ ਸ਼ਕਲ ਇਸ ਨੂੰ ਕੀ ਦਿਤੀ ਜਾਵੇ, ਇਸ ਦਾ ਪਤਾ ਕਰਨ ਲਈ ਮੈਂ ਇੰਗਲੈਂਡ, ਅਮਰੀਕਾ, ਸਿੰਗਾਪੁਰ ਆਦਿ ਥਾਵਾਂ ਉਤੇ ਗਿਆ ਤੇ ਵਾਪਸ ਆ ਕੇ ਅਪਣੇ ਪਾਠਕਾਂ ਨਾਲ ਖੁਲ੍ਹੀਆਂ ਸਲਾਹਵਾਂ ਕਰਦਾ ਰਿਹਾ ਕਿ ਇਹ ਕਰੋੜਾਂ ਦਾ ਪ੍ਰਾਜੈਕਟ ਕੋਈ ਇਕੱਲਾ ਬੰਦਾ ਚਾਲੂ ਨਹੀਂ ਕਰ ਸਕਦਾ। ਬੜੇ ਸੁਝਾਅ ਆਏ। ਹਰ ਮਹੀਨੇ, ਯੂ.ਪੀ., ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਦੇ ਕੋਨੇ ਕੋਨੇ ਤੋਂ ਪਾਠਕ ਆ ਕੇ ਅਪਣੇ ਸੁਝਾਅ ਦੇਂਦੇ ਸਨ ਤੇ ਪ੍ਰਾਜੈਕਟ ਦੀ ਸਫ਼ਲਤਾ ਲਈ ਅਰਦਾਸ ਕਰਦੇ ਸਨ। 

ਅਮਰੀਕਾ ਵਿਚ ‘ਫ਼ਿਲਮ ਸਿਟੀ’ ਦੇ ਅਮਰੀਕੀ ਮੈਨੇਜਰ ਨੇ ਮੈਨੂੰ ਇਕ ਗੱਲ ਸਮਝਾਈ ਕਿ ਜੇ ਇਸ ਦੇ 10 ਹਜ਼ਾਰ ਸਰਪ੍ਰਸਤ ਮੈਂਬਰ ਬਣਾ ਸਕਦੇ ਹੋ ਤਾਂ ਅਗਲੇ 50 ਸਾਲਾਂ ਵਿਚ ਇਸ ਨੂੰ ਕੋਈ ਤਕਲੀਫ਼ ਪੇਸ਼ ਨਹੀਂ ਆਵੇਗੀ। ਮੈਂ ਬੜੇ ਹੌਸਲੇ ਨਾਲ ਕਹਿ ਦਿਤਾ ਕਿ ਸਪੋਕਸਮੈਨ ਦੇ ਪਾਠਕ ਇਹ ਕੰਮ ਤਾਂ ਦਿਨਾਂ ਵਿਚ ਕਰ ਵਿਖਾਣਗੇ। ਪਰ ਸੱਚ ਇਹ ਵੀ ਹੈ ਕਿ ਪਿਛਲੇ 7-8 ਸਾਲਾਂ ਵਿਚ ਵੀ ਪਾਠਕ ਤੀਜੇ ਹਿੱਸੇ ਤਕ ਵੀ ਨਾ ਪੁੱਜ ਸਕੇ। ਇਹੀ ਸਾਡੀ ਸੱਭ ਤੋਂ ਵੱਡੀ ਔਕੜ ਸਾਬਤ ਹੋਈ ਹੈ।  ਹੁਣ ‘ਉੱਚਾ ਦਰ’ ਬਣ ਕੇ ਤਿਆਰ ਹੋ ਚੁਕਾ ਹੈ ਤੇ ਅਸੀ ਇਸ ਨੂੰ ਚਾਲੂ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਮੰਗ ਲਈ ਹੈ ਤਾਂ ਮੈਂ ਸੋਚਿਆ, ਪੁਰਾਣੇ ਪਾਠਕਾਂ ਨੂੰ ਕੁੱਝ ਦਿਨ ਲਈ 50% ਰਿਆਇਤ ਦੇ ਕੇ ਅਪਣੇ ਨਾਲ ਜੋੜ ਲਿਆ ਜਾਏ ਕਿਉਂਕਿ ਚੰਦੇ ਦੁਗਣੇ ਹੋ ਗਏ ਤਾਂ ਹਰ ਇਕ ਲਈ ਮੈਂਬਰ ਬਣਨਾ ਔਖਾ ਹੋ ਜਾਏਗਾ। ਆਖ਼ਰੀ ਦਿਨ ਮੁਕਰਰ ਕਰ ਦਿਤਾ ਜਾਂਦਾ ਹੈ ਤੇ ਫਿਰ ਪਾਠਕ ਮੰਗ ਕਰਨ ਲੱਗ ਪੈਂਦੇ ਹਨ ਕਿ ਰਿਆਇਤੀ ਚੰਦਿਆਂ ਦਾ ਸਮਾਂ ਥੋੜਾ ਅੱਗੇ ਪਾ ਦਿਉ।

ਵਾਰ ਵਾਰ ਇਸ ਤਰ੍ਹਾਂ ਹੋਇਆ ਹੈ। ਸੋ ਫ਼ੈਸਲਾ ਕੀਤਾ ਗਿਆ ਹੈ ਕਿ ਰਿਆਇਤੀ ਕੋਟੇ ’ਚੋਂ ਹੁਣ ਕੇਵਲ 200 ਸਰਪ੍ਰਸਤ ਮੈਂਬਰ, 70 ਲਾਈਫ਼ ਮੈਂਬਰ ਤੇ 90 ਮੁੱਖ ਸਰਪ੍ਰਸਤ ਮੈਂਬਰ ਹੀ ਬਣਾਏ ਜਾਣਗੇ, ਉਸ ਤੋਂ ਵੱਧ ਬਿਲਕੁਲ ਨਹੀਂ। ਤਾਰੀਖ਼ ਖੁਲ੍ਹੀ ਹੈ। ਜਿਸ ਦਿਨ ਇਹ ਗਿਣਤੀ ਪੂਰੀ ਹੋ ਗਈ, ਉਸ ਤੋਂ ਬਾਅਦ ਰਿਆਇਤੀ ਦਰ ਤੇ ਕੋਈ ਮੈਂਬਰ ਨਹੀਂ ਲਿਆ ਜਾਏਗਾ। ਸੋ ਜਿਨ੍ਹਾਂ ਨੇ ਰਿਆਇਤੀ ਦਰਾਂ ਤੇ ਮੈਂਬਰ ਬਣਨਾ ਹੈ, ਉਹ ਆਖ਼ਰੀ ਵਾਰ ਇਸ ਦਾ ਫ਼ਾਇਦਾ ਉਠਾ ਲੈਣ। ਮੈਂ ਤਾਂ ਚਾਹਾਂਗਾ ਕਿ ਕੋਈ ਵੀ ਚੰਗਾ ਪਾਠਕ, ਇਸ ਰਿਆਇਤ ਦਾ ਫ਼ਾਇਦਾ ਉਠਾਉਣੋਂ ਰਹਿ ਨਾ ਜਾਏ। ਪਾਠਕਾਂ ਨੂੰ ਪਤਾ ਹੀ ਹੈ, ‘ਉੱਚਾ ਦਰ’ ਇਕ ਕੌਮੀ ਜਾਇਦਾਦ ਹੈ। ਇਸ ਦਾ 100 ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਨੂੰ ਦਿਤਾ ਜਾਵੇਗਾ ਅਸੀ ਈਮਾਨਦਾਰੀ, ਨਿਸ਼ਕਾਮਤਾ ਅਤੇ ਲਾਲਚ-ਰਹਿਤ ਸੇਵਾ ਦੀ ਇਕ ਮਿਸਾਲ ਕਾਇਮ ਕਰਨੀ ਚਾਹੁੰਦੇ ਹਾਂ ਜਿਸ ਵਲ  ਦੁਨੀਆਂ ਭਰ ਦਾ ਧਿਆਨ ਜਾਏ ਤੇ ਉਨ੍ਹਾਂ ਅੰਦਰ ਬਾਬੇ ਨਾਨਕ ਦੇ ਮਿਸ਼ਨ ਬਾਰੇ ਜਾਣਨ ਦੀ ਲਾਲਸਾ ਪੈਦਾ ਹੋਵੇ। ਮੈਂ ਵੀ ਜਦੋਂ ‘ਉੱਚਾ ਦਰ’ ਜਾਇਆ ਕਰਾਂਗਾ ਤਾਂ ਟਿਕਟ ਲੈ ਕੇ ਅੰਦਰ ਜਾਇਆ ਕਰਾਂਗਾ ਤੇ ਚਾਹ ਦਾ ਪਿਆਲਾ ਅਪਣੇ ਕੋਲੋਂ ਪੈਸੇ ਦੇ ਕੇ ਪੀਆ ਕਰਾਂਗਾ।

ਸੋ ਮੈਂ ਦਿਲੋਂ ਹੋ ਕੇ ਸਾਰੇ ਪਾਠਕਾਂ ਨੂੰ ਅਪੀਲ ਕਰਾਂਗਾ ਕਿ ਜੇ ਉਹ ਅਜੇ ਤਕ ਇਸ ਦੇ ਮੈਂਬਰ ਨਹੀਂ ਬਣੇ ਤਾਂ ਉਪਰ ਦਿਤੀ ਗਿਣਤੀ (200 ਸਰਪ੍ਰਸਤ, 70 ਲਾਈਫ਼ ਮੈਂਬਰ ਤੇ 90 ਮੁੱਖ ਸਰਪ੍ਰਸਤ ਮੈਂਬਰ) ਅਨੁਸਾਰ ਮੈਂਬਰ ਜ਼ਰੂਰ ਬਣ ਜਾਣ। ਉਮਰ ਭਰ ਇਸ ਚੰਗੇ ਕਦਮ ਨੂੰ ਯਾਦ ਕਰ ਕੇ ਖ਼ੁਸ਼ ਹੁੰਦੇ ਰਹਿਣਗੇ ਅਤੇ ਫ਼ਖ਼ਰ ਨਾਲ ਕਹਿ ਸਕਣਗੇ ਕਿ ‘‘ਬਾਬੇ ਨਾਨਕ ਦੇ ਇਸ ਇਨਕਲਾਬੀ ਅਦਾਰੇ ਨੂੰ ਕਾਇਮ ਕਰਨ ਤੇ ਸਫ਼ਲ ਬਣਾਉਣ ਵਿਚ ਅਸੀ ਵੀ ਹਿੱਸਾ ਪਾਇਆ ਸੀ।’’ ਕੁਲ 360 ਪਾਠਕ ਹੀ ਤਾਂ ਰਿਆਇਤੀ ਦਰਾਂ ਤੇ ਮੈਂਬਰ ਬਣ ਸਕਦੇ ਹਨ। ਉਨ੍ਹਾਂ ਖ਼ੁਸ਼ਕਿਸਮਤਾਂ ਵਿਚ ਤੁਸੀ ਕਿਉਂ ਨਾ ਹੋਵੋ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement