S. Joginder Singh Ji: ਸ. ਜੋਗਿੰਦਰ ਸਿੰਘ ਸਪੋਕਸਮੈਨ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਮਨੋਦਸ਼ਾ ਦੀ ਪਹਿਲਾਂ ਹੀ ਕਰ ਦਿਤੀ ਸੀ ਭਵਿੱਖਬਾਣੀ
S. Joginder Singh Ji: ਅਕਾਲ ਤਖ਼ਤ ਸਾਹਿਬ ਦੇ ਲਗਭਗ ਛੇ ਸਾਲ ਤਕ ਕਾਰਜਕਾਰੀ ਰਹੇ ਜਦਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਮੁੱਚੀ ਅਕਾਲੀ ਲੀਡਰਸ਼ਿਪ ਖਾਸ ਕਰ ਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਬਾਰੇ ਪ੍ਰਗਟਾਏ ਰੋਸ ਤੋਂ ਬਾਅਦ ਭਾਵੇਂ ਸਾਰਾ ਪੰਥ ਅਤੇ ਗ਼ੈਰ ਸਿੱਖ ਮੰਨੇ ਜਾਂਦੇ ਜਾਗਰੂਕ ਲੋਕਾਂ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਨਾਲ ਹਮਦਰਦੀ ਪ੍ਰਗਟਾਈ ਹੈ ਪਰ ਅਕਾਲ ਤਖ਼ਤ ਸਾਹਿਬ ਸਮੇਤ ਹੋਰਨਾ ਤਖ਼ਤਾਂ ਦੀ ਦੁਰਵਰਤੋਂ ਅਤੇ ਜਥੇਦਾਰਾਂ ਉੱਪਰ ਸਮੇਂ ਸਮੇਂ ਪਏ ਦਬਾਅ ਬਾਰੇ ਅਜੇ ਕੋਈ ਵੀ ਖੁਲ੍ਹ ਕੇ ਬੋਲਣ ਲਈ ਤਿਆਰ ਨਹੀਂ ਪਰ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਵਲੋਂ ਲੰਮਾ ਸਮਾਂ ਪਹਿਲਾਂ ਹੀ ਇਹ ਅਕਾਸ਼ਵਾਣੀ ਤੇ ਭਵਿੱਖਬਾਣੀ ਕਰ ਦਿਤੀ ਸੀ ਕਿ ਅਕਾਲ ਤਖ਼ਤ ਸਾਹਿਬ ਨੂੰ ਇਕ ਧਿਰ ਦਾ ਤਖ਼ਤ ਬਣਾਉਣ ਨਾਲ ਉਸਦੇ ਮਾਣ ਸਨਮਾਨ ਨੂੰ ਸੱਟ ਲੱਗਣੀ ਸੁਭਾਵਿਕ ਹੈ।
ਉਨ੍ਹਾਂ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਆਖਿਆ ਸੀ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੂੰ ਸਿਆਸੀ ਲੋਕਾਂ ਤੋਂ ਆਜ਼ਾਦ ਕਰ ਕੇ ਅਕਾਲ ਤਖ਼ਤ ਸਾਹਿਬ ਨੂੰ ‘ਛੇਕੂ’ ਤੇ ਸਜ਼ਾ ਦੇਣ ਵਾਲੀ ਸੰਸਥਾ ਬਣਾਉਣ ਦੀ ਬਜਾਏ ਕੇਵਲ ਨਿਰਪੱਖ ਸਲਾਹ ਦੇਣ ਵਾਲੀ ਤੇ ਕਿ੍ਰਪਾਲੂ ਸੰਸਥਾ ਬਣਾ ਕੇ ਹੀ ਬਚਾਇਆ ਜਾ ਸਕਦਾ ਹੈ।
ਮਿਤੀ 28 ਜੁਲਾਈ 2024 ਦੇ ਅੰਕ ਵਿਚ ਚਰਚਿਤ ਕਾਲਮ ‘ਮੇਰੀ ਨਿੱਜੀ ਡਾਇਰੀ ਦੇ ਪੰਨੇ’ ਵਿਚ ਸ ਜੋਗਿੰਦਰ ਸਿੰਘ ਨੇ ਲਿਖਿਆ ਕਿ ਮੈਂ ਸ਼ੁਰੂ ਵਿਚ ਹੀ ਕਹਿ ਦਿਆਂ ਕਿ ਮੈਂ ਅਪਣੀ ਸਾਰੀ ਜ਼ਿੰਦਗੀ ਵਿਚ ਇਕ ਦਿਨ ਲਈ ਵੀ ਅਕਾਲ ਤਖ਼ਤ ਦਾ ਵਿਰੋਧੀ ਨਹੀਂ ਰਿਹਾ ਤੇ ਸਦਾ ਇਸ ਮਹਾਨ ਤਖ਼ਤ ਨੂੰ ਸਿੱਖ ਪ੍ਰਭੂਸੱਤਾ ਦਾ ਪ੍ਰਤੀਕ ਮੰਨਦਾ ਆ ਰਿਹਾ ਹਾਂ ਪਰ ਜਦ ਸਿਆਸਤਦਾਨਾਂ ਨੇ ਇਸ ’ਤੇ ਬਿਠਾਏ ਗਏ ਅਪਣੇ ‘ਜਥੇਦਾਰਾਂ’ ਨੂੰ ਸਿੱਖ ਪ੍ਰਭੂਸੱਤਾ ਦੀ ਗੱਲ ਉਚੇਰੀ ਲਿਜਾਣ ਲਈ ਨਹੀਂ ਸਗੋਂ ਅਪਣੇ ਵਿਰੋਧੀਆਂ ਤੇ ਆਲੋਚਕਾਂ ਨੂੰ ਛੇਕਣ, ਤਨਖ਼ਾਹੀਆ ਕਰਾਰ ਦੇਣ ਅਤੇ ਬਦਨਾਮ ਕਰਨ ਲਈ ਵਰਤਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਾ ਕਿ ਇਸ ਤਰ੍ਹਾਂ ਤਾਂ ਇਹ ਲੋਕ ਇਸ ਮਹਾਨ ਸਿੱਖ ਸੰਸਥਾ ਨੂੰ ਬਦਨਾਮ ਹੀ ਨਹੀਂ, ਬਲਕਿ ਖ਼ਤਮ ਕਰ ਦੇਣਗੇ, ਕਿਉਂਕਿ ਜਿਸ ਵੀ ਸੰਸਥਾ ਨੂੰ ਸ਼ਕਤੀਸ਼ਾਲੀ ਲੋਕਾਂ ਨੇ ਅਪਣੇ ਲਾਭ ਲਈ ਗ਼ਲਤ ਢੰਗ ਨਾਲ ਵਰਤਿਆ, ਉਸ ਸੰਸਥਾ ਦਾ ਨਾਂ ਭਾਵੇਂ ਕਿੰਨਾ ਵੀ ਵੱਡਾ ਰਖਿਆ ਗਿਆ, ਉਹ ਅਵੱਸ਼ ਹੀ ਬਦਨਾਮ ਹੁੰਦੀ-ਹੁੰਦੀ ਖ਼ਤਮ ਵੀ ਹੋ ਗਈ।
ਲਗਭਗ 500 ਸਾਲ ਪਹਿਲਾਂ ‘ਪੋਪ’ ਈਸਾਈ ਜਗਤ ਦੀ ਸਭ ਤੋਂ ਵੱਡੀ ਸੰਸਥਾ ਅਤੇ ਬੜੀ ਸਤਿਕਾਰਤ ਸੰਸਥਾ ਸੀ। ਪਰ ‘ਪੋਪ’ ਨੇ ਇਸ ਸੰਸਥਾ ਦੀ ਦੁਰਵਰਤੋਂ ਸ਼ੁਰੂ ਕਰ ਦਿਤੀ, ਜਦ ਉਸ ਨੇ ਪੈਸੇ ਲੈ ਕੇ ਸਵਰਗ ਦੀਆਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿਤੀਆਂ ਤੇ ਅਮੀਰਾਂ ਕੋਲੋਂ ਪੌਂਡ ਵਸੂਲ ਕਰ ਕੇ ਸਰਟੀਫ਼ਿਕੇਟ ਵੇਚਣੇ ਸ਼ੁਰੂ ਕਰ ਦਿਤੇ, ਜਿੰਨ੍ਹਾਂ ਉੱਤੇ ਲਿਖਿਆ ਹੁੰਦਾ ਸੀ ਕਿ ‘‘ਇਹ ਵਿਅਕਤੀ ਮਹਾਨ ਈਸਾਈ ਹੈ ਤੇ ਇਸ ਦਾ ਸਭ ਨੂੰ ਸਤਿਕਾਰ ਕਰਨਾ ਚਾਹੀਦਾ ਹੈ।’’ ਈਸਾਈ ਧਰਮ ਦੇ ਸਾਰੇ ਅਸੂਲਾਂ ਦੇ ਉਲਟ ਜਾ ਕੇ ਉਸ ਨੇ ਅਜਿਹੇ ਕੰਮ ਕਰਨੇ ਸ਼ੁਰੂ ਕਰ ਦਿਤੇ, ਜਿਨ੍ਹਾਂ ਨੇ ‘ਪੋਪ’ ਨਾਂ ਦੀ ਮਹਾਨ ਸੰਸਥਾ ਨੂੰ ਬਦਨਾਮ ਕਰ ਕੇ ਰੱਖ ਦਿਤਾ।
ਜਿਹੜਾ ਕੋਈ ਪੋਪ ਅੱਗੇ ਮੂੰਹ ਖੋਲ੍ਹਣ ਦਾ ਯਤਨ ਕਰਦਾ, ਉਸ ਨੂੰ ਛੇਕ ਦਿਤਾ ਜਾਂਦਾ। ਸਿੱਖਾਂ ਵਿਚ ਅਜਿਹੀ ਹਾਲਤ ਨਾ ਬਣੇ ਤੇ ਅਕਾਲ ਤਖ਼ਤ, ਸਿੱਖ ਸ਼ਕਤੀ (ਪ੍ਰਭੂਸੱਤਾ) ਦੇ ਕੇਂਦਰ ਜਾਂ ਪ੍ਰਤੀਕ ਵਜੋਂ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ‘ਜਥੇਦਾਰ’ ਦੀ ਚੋਣ ਸਾਰਾ ਸਿੱਖ ਪੰਥ ਕਿਸੇ ਸਾਂਝੇ ਤਰੀਕੇ ਨਾਲ ਕਰਿਆ ਕਰੇ ਤੇ ਜਥੇਦਾਰ ਅਪਣੇ ਜਾਂ ਪੰਜ ਸਾਥੀਆਂ ਦੇ ਫ਼ੈਸਲੇ ਲਾਗੂ ਨਾ ਕਰੇ ਸਗੋਂ ਸਮੁੱਚੇ ਪੰਥ ਦੇ ਫ਼ੈਸਲੇ ਲਾਗੂ ਕਰਨ ਦਾ ਅਧਿਕਾਰ ਹੀ ਉਸ ਕੋਲ ਹੋਵੇ।
ਨਵੰਬਰ, 2003 ਵਿਚ ਹੋਈ ਵਰਲਡ ਸਿੱਖ ਕਨਵੈਨਸ਼ਨ ਨੇ ਵੀ ਇਸੇ ਤਰ੍ਹਾਂ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਸੀ ਤੇ ਸਿੱਖਾਂ ਨੂੰ ਅਪੀਲ ਕੀਤੀ ਸੀ ਕਿ ਸਿੱਖੀ ਨੂੰ ਮੰਨਣ ਵਾਲਾ ਕੋਈ ਮਾਈ-ਭਾਈ ਅਕਾਲ ਤਖ਼ਤ ਦੇ ਪੁਜਾਰੀਆਂ ਕੋਲ ਪੇਸ਼ ਨਾ ਹੋਵੇ। ਸਜ਼ਾ ਦੇਣ ਦਾ ਅਧਿਕਾਰੀ ਤਾਂ ਬਾਬੇ ਨਾਨਕ ਨੇ ਰੱਬ ਨੂੰ ਵੀ ਨਹੀਂ ਮੰਨਿਆ। ਸਿੱਖ ਲਈ ਅਕਾਲ ਪੁਰਖ ਵੀ ਕੇਵਲ ‘ਗੁਰ ਪ੍ਰਸਾਦਿ’ ਹੈ ਅਥਵਾ ਸਾਰੀ ਸਿ੍ਰਸ਼ਟੀ ਦਾ ‘‘ਕਿ੍ਰਪਾਲੂ ਗੁਰੂ’’ ਹੈ।
ਬਾਬੇ ਨਾਨਕ ਦੀ ਸਿੱਖੀ ਵਿਚ ‘ਮਹਾਂਕਾਲ’ ਨਾਂ ਦੀ ਕੋਈ ਹਸਤੀ ਹੈ ਹੀ ਨਹੀਂ ਪਰ ਉਸ ਬਾਬੇ ਨਾਨਕ ਦੇ ਨਾਂ ’ਤੇ ਬਣੇ ਗੁਰਦਵਾਰੇ ਵਿਚ ਸਜ਼ਾਵਾਂ ਦੇਣ ਵਾਲੇ ਪੁਜਾਰੀ ‘ਜਥੇਦਾਰ’ ਬਣੇ ਬੈਠੇ ਹਨ। ਇਹ ਨਾ ਸੁਧਰੇ ਤਾਂ ਸਿੱਖੀ ਨੂੰ ਖ਼ਤਮ ਕਰ ਕੇ ਰਹਿਣਗੇ। ਪੁਜਾਰੀ ਸ਼੍ਰੇਣੀ ਤੇ ਅੰਗਰੇਜ਼ ਸਰਕਾਰ ਨੇ ਮੰਦ ਭਾਵਨਾ ਨਾਲ ਅਕਾਲ ਤਖ਼ਤ ਨੂੰ ਸਜ਼ਾ ਦੇਣ ਵਾਲੀ ਸੰਸਥਾ ਬਣਾ ਦਿਤਾ। ਸਿੱਖ ਅਜੇ ਵੀ ਇਸ ਵਿਚ ਬਾਹਰੋਂ ਆਈਆਂ ਖ਼ਰਾਬੀਆਂ ਠੀਕ ਕਰ ਸਕਦੇ ਹਨ। ਨਾ ਕਰਨਗੇ ਤਾਂ ਸੰਸਥਾ ਵੀ ਖ਼ਤਰੇ ਵਿਚ ਪੈ ਜਾਏਗੀ।