ਜੇ ਮੈਂ 'ਸੰਤ ਜੋਗਿੰਦਰ ਸਿੰਘ ਉੱਚੇ ਦਰ ਵਾਲਾ' ਬਣ ਜਾਂਦਾ ਤਾਂ...
Published : Oct 20, 2019, 11:40 am IST
Updated : Apr 10, 2020, 12:09 am IST
SHARE ARTICLE
ਨਿੱਜੀ ਡਾਇਰੀ ਦੇ ਪੰਨੇ
ਨਿੱਜੀ ਡਾਇਰੀ ਦੇ ਪੰਨੇ

ਪਰ ਕੀ ਗੋਲ ਪੱਗਾਂ ਤੇ ਚੋਲਿਆਂ ਵਾਲਿਆਂ ਨਾਲੋਂ ਅਸੀਂ ਭਾਈ ਲਾਲੋਆਂ ਨੂੰ ਨਾਲ ਲੈ ਕੇ ਘੱਟ ਪ੍ਰਾਪਤੀਆਂ ਕਰ ਵਿਖਾਈਆਂ ਨੇ?

ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਕੋਲ ਬਹੁਤ ਜ਼ਿਆਦਾ ਪੈਸਾ ਕਦੇ ਵੀ ਨਹੀਂ ਹੁੰਦਾ-- ਖ਼ਾਸ ਤੌਰ 'ਤੇ ਮੇਰੇ ਵਰਗਿਆਂ ਕੋਲ ਤਾਂ ਪੈਸਾ ਇਕੱਠਾ ਹੋ ਈ ਨਹੀਂ ਸਕਦਾ ਜਿਸ ਨੇ ਨਾ ਮਾਪਿਆਂ ਕੋਲੋਂ ਕੁੱਝ ਲਿਆ, ਨਾ ਸਹੁਰਿਆਂ ਕੋਲੋਂ ਤੇ ਅੱਗੋਂ ਕੰਮ ਵੀ ਉਹ ਚੁਣਿਆ ਜਿਸ ਵਿਚ ਵੱਡੇ ਲੋਕਾਂ 'ਚੋਂ ਖ਼ੁਸ਼ ਸ਼ਾਇਦ ਹੀ ਕਿਸੇ ਨੂੰ ਕੀਤਾ ਹੋਵੇ ਪਰ ਨਰਾਜ਼ ਸਾਰਿਆਂ ਨੂੰ ਹੀ ਕਰ ਲਿਆ। ਸਰਕਾਰਾਂ ਤਾਂ ਏਨੀਆਂ ਨਰਾਜ਼ ਹੋ ਗਈਆਂ ਕਿ ਉਨ੍ਹਾਂ ਨੇ ਹੁਕਮ ਚਾੜ੍ਹ ਦਿਤੇ ਕਿ ਇਸ ਦੇ ਅਖ਼ਬਾਰ ਨੂੰ ਇਸ਼ਤਿਹਾਰ ਬੰਦ ਕਰ ਦਿਉ ਤੇ ਜੇ ਫਿਰ ਵੀ ਇਹ ਨਾ ਸੁਧਰੇ ਤਾਂ ਅਕਾਲ ਤਖ਼ਤ ਦੇ 'ਪੰਚਾਂ' ਕੋਲੋਂ ਇਸ ਦਾ 'ਹੁੱਕਾ ਪਾਣੀ' ਬੰਦ ਕਰਵਾ ਦਿਉ ਤੇ ਜੇ ਅਜੇ ਵੀ ਇਸ ਅੰਦਰਲੀ ਮੜ੍ਹਕ ਬਾਕੀ ਰਹਿ ਜਾਏ ਤਾਂ ਖ਼ਾਕੀ ਵਰਦੀ ਵਾਲਿਆਂ ਦੇ ਹਵਾਲੇ ਕਰ ਦਿਉ।

ਸਾਡੇ ਇਕ ਪੱਤਰਕਾਰ ਭਾਈ ਨੇ ਸੁਝਾਅ ਦਿਤਾ ਕਿ ਦੋ ਤਿੰਨ ਸਾਲ ਦੀ ਸਜ਼ਾ ਇਹਨੂੰ ਨਹੀਂ ਸੁਧਾਰ ਸਕੇਗੀ, ਇਸ ਲਈ ਸਜ਼ਾ ਵਧਾ ਦਿਉ। ਸੋ ਜੋਗਿੰਦਰ ਸਿੰਘ ਪੰਜਾਬ ਦਾ ਪਹਿਲਾ 'ਖ਼ੂੰਖ਼ਾਰ ਅਪ੍ਰਾਧੀ ਐਡੀਟਰ' ਬਣ ਗਿਆ ਜਿਸ ਦੀ ਜ਼ਬਾਨ ਬੰਦ ਕਰਨ ਲਈ ਪੰਜਾਬ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦ ਕੇ, ਉਸ ਕਾਨੂੰਨ ਨੂੰ ਹੀ ਸੋਧ ਦਿਤਾ ਗਿਆ (295-ਏ) ਜਿਸ ਅਧੀਨ ਉਸ ਉਤੇ 10 ਕੇਸ ਪਾਏ ਗਏ ਸਨ ਤੇ ਸਜ਼ਾ ਤਿੰਨ ਸਾਲ ਤੋਂ ਵਧਾ ਕੇ 10 ਸਾਲ ਕਰ ਦਿਤੀ ਗਈ! ਮੈਨੂੰ ਤਾਂ ਇਸ ਗੱਲ ਉਤੇ ਫ਼ਖ਼ਰ ਹੁੰਦਾ ਹੈ ਕਿ ਸਰਕਾਰਾਂ ਨੂੰ ਚੁੱਭਣ ਵਾਲਾ ਸੱਚ ਮੈਂ ਇਸ ਈਮਾਨਦਾਰੀ ਨਾਲ ਲਿਖਿਆ ਕਿ ਲੋਕ ਤਾਂ ਵਾਹ ਵਾਹ ਕਰ ਉਠੇ ਪਰ ਸਰਕਾਰ, ਕਾਨੂੰਨ ਬਦਲਣ ਲਈ ਮਜਬੂਰ ਹੋ ਗਈ।

ਪਰ ਮੇਰੇ ਹਮਦਰਦਾਂ 'ਚੋਂ ਕੁੱਝ ਲੋਕ ਅਜਿਹੇ ਵੀ ਹਨ ਜੋ ਹਮਦਰਦੀ ਵਜੋਂ, ਮੈਨੂੰ ਸਲਾਹਾਂ ਦੇਂਦੇ ਰਹਿੰਦੇ ਹਨ ਕਿ ਜੇ ਮੈਂ ਸਰਕਾਰਾਂ ਨਾਲ ਪੰਗੇ ਨਾ ਲੈਂਦਾ ਤਾਂ ਗ਼ਰੀਬਾਂ, ਦੁਖੀਆਂ, ਸੱਚ, ਧਰਮ ਅਤੇ ਮਾਨਵਤਾ ਲਈ ਜ਼ਿਆਦਾ ਕੁੱਝ ਕਰ ਸਕਦਾ ਤੇ ਹੁਣ ਤਕ 'ਉੱਚਾ ਦਰ ਬਾਬੇ ਨਾਨਕ ਦਾ' ਤੇ ਟੀ.ਵੀ. ਚੈਨਲ ਤਾਂ ਬਣ ਹੀ ਚੁੱਕੇ ਹੁੰਦੇ, ਨਾਲ ਹੀ 'ਰੋਜ਼ਾਨਾ ਸਪੋਕਸਮੈਨ' ਵੀ ਸੱਭ ਤੋਂ ਵੱਧ ਵਿਕ ਰਿਹਾ ਹੁੰਦਾ ਤੇ ਕਿਸੇ ਕੰਮ ਲਈ ਪੈਸੇ ਦੀ ਕੋਈ ਕਮੀ ਮਹਿਸੂਸ ਨਾ ਹੋ ਰਹੀ ਹੁੰਦੀ। ਉਨ੍ਹਾਂ ਦਾ ਸੋਚਣਾ ਹੈ ਕਿ ਇਸ ਵੇਲੇ ਪੈਸੇ ਦੀ ਜਿਹੜੀ ਤੰਗੀ ਮਹਿਸੂਸ ਕੀਤੀ ਜਾ ਰਹੀ ਹੈ, ਉਹ ਕੋਈ ਕੁਦਰਤੀ ਤੰਗੀ ਤਾਂ ਨਹੀਂ ਸਗੋਂ ਸਰਕਾਰਾਂ ਵਲੋਂ ਧੱਕੇਸ਼ਾਹੀ ਨਾਲ ਪੈਦਾ ਕੀਤੀ ਗਈ ਤੰਗੀ ਹੈ।

ਮੇਰੇ ਹਮਦਰਦਾਂ ਦਾ ਇਕ ਤੀਜਾ ਗਰੁੱਪ ਵੀ ਹੈ ਜੋ ਸਲਾਹਾਂ ਦੇਂਦਾ ਰਹਿੰਦਾ ਹੈ ਕਿ ਦੂਜਿਆਂ ਦੀ ਭਲਾਈ ਵਾਲੇ ਜਿਹੜੇ ਵੱਡੇ ਪ੍ਰੋਗਰਾਮ ਮੈਂ ਸੋਚੇ ਹਨ ਤੇ ਜਿਨ੍ਹਾਂ ਨੂੰ ਸਾਕਾਰ ਹੁੰਦਾ ਵੇਖਣ ਲਈ ਮੈਂ ਇਸ ਉਮਰ ਵਿਚ ਵੀ ਦਿਨ ਰਾਤ ਮਿਹਨਤ ਕਰਦਾ ਰਹਿੰਦਾ ਹਾਂ (ਅਪਣਾ ਤਾਂ ਮੈਂ ਇਕ ਛੋਟਾ ਜਿਹਾ ਮਕਾਨ ਵੀ ਨਹੀਂ ਬਣਾਇਆ), ਉਹ ਕਦੋਂ ਦੇ ਨੇਪਰੇ ਚੜ੍ਹ ਜਾਣੇ ਸਨ ਜੇ ਮੈਂ ਗੋਲ ਪੱਗ ਬੰਨ੍ਹ ਕੇ ਤੇ ਗੋਲ ਚੋਲਾ ਪਾ ਕੇ, ਇਹ ਕੰਮ ਕਰਦਾ ਤੇ ਅਪਣੇ ਨਾਂ ਨਾਲ 'ਸੰਤ' ਲਫ਼ਜ਼ ਆਪੇ ਜੋੜ ਲੈਂਦਾ -- ਸੰਤ ਜੋਗਿੰਦਰ ਸਿੰਘ!!
ਇਹ ਆਖ਼ਰੀ ਸੁਝਾਅ, ਕੁੱਝ ਲੋਕ ਮੈਨੂੰ ਹਾਸੇ ਮਜ਼ਾਕ ਵਿਚ ਦੇਂਦੇ ਹਨ ਤੇ ਕੁੱਝ ਹੋਰ ਭਲੇ ਲੋਕ, ਸਚਮੁਚ ਗੰਭੀਰ ਹੋ ਕੇ ਵੀ ਦੇਂਦੇ ਹਨ। ਉੁਨ੍ਹਾਂ ਦਾ ਕਹਿਣਾ ਹੈ ਕਿ ਮੈਂ 'ਸਾਈਂ ਬਾਬੇ' ਤੋਂ ਵੀ ਜ਼ਿਆਦਾ ਸੰਸਥਾਵਾਂ ਕਾਇਮ ਕਰ ਦੇਣੀਆਂ ਸਨ-- ਜੇ ਮੈਂ 'ਸੰਤ' ਬਣ ਜਾਂਦਾ -- ਸ੍ਰੀਮਾਨ 108 ਸੰਤ ਜੋਗਿੰਦਰ ਸਿੰਘ!!!

ਹਾਂ, ਮੈਂ 'ਸੰਤਾਂ' ਦੀਆਂ ਸਾਰੀਆਂ ਚਲਾਕੀਆਂ ਤੇ ਚਤਰਾਈਆਂ ਤੋਂ ਵਾਕਫ਼ ਹਾਂ ਤੇ ਇੰਦਰਾ ਗਾਂਧੀ ਦੇ ਖ਼ਾਸਮ ਖ਼ਾਸ 'ਸੰਤ', ਲਾਲ ਬਾਬਾ ਤੋਂ ਲੈ ਕੇ ਸੰਤ ਸੁੱਚਾ ਸਿੰਘ ਜਵੱਦੀ ਤਕ ਕਈ ਮੰਨੇ ਪ੍ਰਮੰਨੇ ਤੇ ਕਰੋੜਪਤੀ 'ਸੰਤਾਂ' ਨੂੰ ਹੈਰਾਨ ਪ੍ਰੇਸ਼ਾਨ ਕਰ ਚੁੱਕਾ ਹਾਂ-- ਏਨਾ ਜ਼ਿਆਦਾ ਕਿ ਸਰਕਾਰ ਨਾਲੋਂ ਵੀ ਜ਼ਿਆਦਾ ਉਹ ਮੇਰੇ ਕੋਲੋਂ ਤ੍ਰਹਿੰਦੇ ਸਨ ਤੇ ਇਕ ਵਾਰ ਖਸਿਆਨੇ ਪੈ ਜਾਣ ਮਗਰੋਂ, ਦੁਬਾਰਾ ਮੇਰੇ ਸਾਹਮਣੇ ਆਉਣ ਦੀ ਹਿੰਮਤ ਕਿਸੇ ਨੇ ਨਹੀਂ ਕੀਤੀ। ਉਨ੍ਹਾਂ ਦੀ ਪੜ੍ਹਾਈ ਤਾਂ 'ਵਾਹਗੁਰੂ ਭਲੀ ਕਰੇਗਾ' ਤੋਂ ਸ਼ੁਰੂ ਹੋ ਕੇ 'ਬਾਬੇ ਸੱਭ ਕਸ਼ਟ ਦੂਰ ਕਰ ਦੇਣਗੇ' ਤਕ ਹੀ ਸੀਮਤ ਹੁੰਦੀ ਹੈ ਪਰ ਮੈਂ ਅਪਣੀ ਸੰਸਾਰੀ ਪੜ੍ਹਾਈ ਦੇ ਨਾਲ ਨਾਲ, ਉਨ੍ਹਾਂ ਦੇ 'ਗੁਪਤ ਗ੍ਰੰਥ' ਵੀ ਜਵਾਨੀ ਵੇਲੇ ਹੀ ਪੜ੍ਹ ਲਏ ਸਨ।

ਉਪਰੋਂ ਮੈਨੂੰ ਜਾਦੂ ਦੀਆਂ ਦੋ ਚਾਰ 'ਟਰਿੱਕਾਂ' ਵੀ ਆਉਂਦੀਆਂ ਹਨ ਜੋ 'ਸਫ਼ਲ ਸੰਤ' ਬਣਨ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ। ਜੇ ਤੁਸੀ ਬਾਂਹ ਉੱਚੀ ਕਰ ਕੇ ਵਿਭੂਤੀ (ਸਵਾਹ) ਜਾਂ ਚੇਨੀ (ਸੋਨੇ ਦੀ ਜ਼ਜੀਰ) ਨਹੀਂ ਦੇ ਸਕਦੇ, ਤਾਂ ਵੀ ਕੁੱਝ ਨਾ ਕੁੱਝ ਜਾਦੂਗਰੀ ਤਾਂ ਤੁਹਾਨੂੰ ਆਉਣੀ ਹੀ ਚਾਹੀਦੀ ਹੈ ਤਾਕਿ ਤੁਹਾਡੇ ਤਨਖ਼ਾਹਦਾਰ ਚੇਲੇ ਕਹਿ ਸਕਣ ਕਿ ''ਮਹਾਰਾਜ ਬੜੇ ਕਰਾਮਾਤੀ ਪੁਰਸ਼ ਨੇ ਤੇ ਜਿਸ ਭਗਤ ਦੀਆਂ ਝੋਲੀਆਂ ਭਰਨ 'ਤੇ  ਆ ਜਾਣ, ਦੋ ਪਲ ਨਹੀਂ ਲਾਉਂਦੇ ਕਿਉਂਕਿ ਪ੍ਰਕ੍ਰਿਰਤੀ ਇਨ੍ਹਾਂ ਦਾ ਹੁਕਮ ਮੰਨ ਕੇ ਚਲਦੀ ਹੈ।'' ਇਹ ਸਾਰਾ ਕੁੱਝ ਮੈਂ ਵੀ ਕਰ ਸਕਦਾ ਸੀ।

ਟੀ.ਵੀ. ਚੈਨਲਾਂ ਉਤੇ, ਮੈਂ ਵੀ 250 ਧਾਰਮਕ ਲਫ਼ਜ਼ਾਂ ਦਾ ਜਾਲ ਉਣ ਸਕਦਾ ਸੀ ਤੇ ਕਿਸੇ ਹੋਰ ਨਾਲੋਂ ਜ਼ਿਆਦਾ ਚੰਗਾ ਉਣ ਸਕਦਾ ਸੀ। ਸੋ, ਮੇਰੇ ਕੁੱਝ ਸੱਚੇ ਹਮਦਰਦ ਸਲਾਹਾਂ ਦੇਂਦੇ ਹਨ ਕਿ ਮੈਨੂੰ 'ਸੰਤ ਮਹਾਰਾਜ' ਬਣ ਕੇ ਲੋਕਾਂ ਸਾਹਮਣੇ ਆਉਣਾ ਚਾਹੀਦਾ ਸੀ। ਕਿਉਂ? ਕਿਉਂਕਿ ਫਿਰ ਮੈਨੂੰ ਪੈਸਾ ਉਧਾਰ ਮੰਗਣਾ ਨਹੀਂ ਸੀ ਪੈਣਾ ਤੇ ਦੁਗਣਾ ਕਰ ਕੇ ਵਾਪਸ ਨਹੀਂ ਸੀ ਕਰਨਾ ਪੈਣਾ, ਲੋਕਾਂ ਨੇ ਆਪੇ ਹੀ ਮੇਰੇ 'ਡੇਰੇ' ਦੇ ਕਮਰੇ 'ਮਾਇਆ ਨਾਗਣੀ' ਨਾਲ ਭਰੀ ਜਾਣੇ ਸਨ ਅਤੇ ਉਸ 'ਮਾਇਆ ਨਾਗਣੀ' ਨਾਲ ਮੈਂ ਅਪਣੇ ਸਾਰੇ ਪ੍ਰਾਜੈਕਟ, ਚੀਚੀ ਹਿਲਾਏ ਬਿਨਾਂ ਹੀ ਪੂਰੇ ਕਰ ਲੈਣੇ ਸਨ।

ਅਮੀਰ ਲੋਕਾਂ ਨੇ ਮੇਰੇ ਅੱਗੇ ਪੈਸੇ ਇਸ ਲਈ 'ਟੇਕਣੇ' ਸਨ ਕਿਉੁਂਕਿ ਉਨ੍ਹਾਂ ਨੂੰ ਆਸ ਲੱਗ ਜਾਣੀ ਸੀ ਕਿ ਏਨੇ ਵੱਡੇ ਵੱਡੇ ਕੰਮ ਕਰਨ ਵਾਲਾ 'ਸੰਤ' ਸਚਮੁਚ ਹੀ 'ਰਿਧੀਆਂ ਸਿਧੀਆਂ' ਦਾ ਮਾਲਕ ਹੋਵੇਗਾ ਤੇ ਹੋ ਸਕਦੈ, ਕਿਸੇ ਦਿਨ ਖ਼ੁਸ਼ ਹੋ ਕੇ, ਸਾਨੂੰ ਵੀ ਕਰੋੜਪਤੀਆਂ ਤੋਂ ਅਰਬਪਤੀ ਬਣਵਾ ਦੇਵੇ। ਗ਼ਰੀਬਾਂ ਨੇ ਮੈਨੂੰ ਇਸ ਲਈ ਪੈਸੇ ਦੇਣੇ ਸਨ ਕਿ ਸ਼ਾਇਦ 'ਸੰਤ ਜੀ' ਕਿਸੇ ਦਿਨ ਉਨ੍ਹਾਂ ਦੀ ਰੇਖ ਵਿਚ ਮੇਖ ਮਾਰ ਕੇ, ਉਨ੍ਹਾਂ ਦੀ ਗ਼ਰੀਬੀ ਵੀ ਦੂਰ ਕਰ ਹੀ ਦੇਣ। ਪਰ ਸੱਭ ਤੋਂ ਵੱਧ ਮਾਇਆ ਮੈਨੂੰ ਬਲੈਕੀਆਂ, ਅਫ਼ਸਰਾਂ ਤੇ ਟਿਕਟਾਂ ਲੈਣ ਲਈ ਭੱਜ ਦੌੜ ਕਰ ਰਹੇ ਉਮੀਦਵਾਰਾਂ ਨੇ ਦੇਣੀ ਸੀ ਜਿਨ੍ਹਾਂ ਨੇ ਮੈਨੂੰ ਬੇਨਤੀਆਂ ਕਰਨੀਆਂ ਸਨ ਕਿ ਮੁੱਖ ਮੰਤਰੀ ਦੇ ਕੰਨ ਵਿਚ, ਉਨ੍ਹਾਂ ਦੇ ਨਾਂ ਦਾ ਰੱਸ ਵੀ ਚੋਅ ਦਿਆ ਕਰਾਂ।

 

ਉਨ੍ਹਾਂ ਨੇ ਘੇਰ ਘਾਰ ਕੇ ਮੁੱਖ ਮੰਤਰੀ ਤੇ ਦੂਜੇ ਵਜ਼ੀਰਾਂ ਨੂੰ ਵੀ ਮੇਰੇ ਦਰਬਾਰ ਵਿਚ ਲਿਆ ਮੱਥਾ ਟਿਕਵਾਉਣਾ ਸੀ ਤੇ ਮੁੱਖ ਮੰਤਰੀ ਨੇ ਮੇਰੇ ਪ੍ਰਾਜੈਕਟਾਂ ਦੀ ਗੱਲ ਸੁਣ ਕੇ ਝੱਟ ਕਹਿ ਦੇਣਾ ਸੀ, ''ਗੱਲ ਈ ਕੋਈ ਨਹੀਂ ਸੰਤ ਜੀ। ਅਸੀ ਵੀ ਥੋਡੇ ਤੇ ਸਰਕਾਰ ਵੀ ਥੋਡੀ। ਅਪਣੇ ਚੇਲਿਆਂ ਨੂੰ ਹੁਕਮ ਕਰੋ ਕਿ ਸਵੇਰ ਹੋਣ ਤਕ 50-100 ਏਕੜ ਸਰਕਾਰੀ ਜਾਂ ਪੰਚੈਤੀ ਜ਼ਮੀਨ 'ਤੇ ਰਾਤੋ ਰਾਤ ਕਬਜ਼ਾ ਕਰ ਕੇ ਕੰਡਿਆਲੀ ਤਾਰ ਵੱਲ ਲੈਣ। ਉਸ ਉਤੇ ਜੋ ਚਾਹੋ, ਬਣਾ ਲਉ। ਕੋਈ ਥੋਡੀ ਵਾਅ ਵਲ ਨਹੀਂ ਤੱਕੇਗਾ। ਬਸ ਵੋਟਾਂ ਵੇਲੇ ਅਪਣੀ ਕ੍ਰਿਪਾ ਦ੍ਰਿਸ਼ਟੀ ਸਾਡੇ 'ਤੇ ਰਖਿਉ ਤੇ ਅਪਣੇ ਅਨਪੜ੍ਹ, ਮੂਰਖ ਭਗਤਾਂ ਦੀਆਂ ਵੋਟਾਂ ਸਾਡੇ ਬਕਸੇ ਵਿਚ ਪਵਾ ਦਿਉ ਜੀ।

ਥੋਡੀ ਅਖ਼ਬਾਰ ਵੀ ਅੱਜ ਤੋਂ ਸਾਡੀ ਹੋ ਗਈ ਜੀ। ਸਾਰੇ ਇਸ਼ਤਿਹਾਰ ਇਸੇ ਨੂੰ ਮਿਲਣਗੇ ਜੀ। ਬਸ ਐਡੀਟਰ ਹੁਰਾਂ ਨੂੰ ਜ਼ਰਾ ਇਸ਼ਾਰਾ ਕਰ ਦਿਉ ਕਿ ਮੁੱਖ ਮੰਤਰੀ ਕੋਲੋਂ ਹਦਾਇਤਾਂ ਲੈ ਲਿਆ ਕਰਨ। ਬਾਕੀ ਫ਼ਤਹਿ ਈ ਫ਼ਤਹਿ ਐ ਜੀ।'' ਸੋ ਮੇਰੇ ਸ਼ੁਭਚਿੰਤਕਾਂ ਦਾ ਕਹਿਣਾ ਹੈ ਕਿ ਜਿਥੇ ਅਨੇਕਾਂ ਨਕਲੀ 'ਸੰਤ', ਅਪਣੇ ਨਿਜ ਲਈ, ਉਪ੍ਰੋਕਤ ਸਾਰਾ ਕੁੱਝ ਕਰਦੇ ਹਨ, ਉਥੇ ਮੈਂ ਲੋਕ-ਸੇਵਾ ਨੂੰ ਮੁੱਖ ਰੱਖ ਕੇ ਜੇ ਇਹ ਆਡੰਬਰ ਰਚ ਲੈਂਦਾ ਤਾਂ ਦੁਨੀਆਂ ਨੂੰ ਜ਼ਿਆਦਾ ਲਾਭ ਹੋਣਾ ਸੀ ਤੇ ਮੈਂ ਅਪਣੇ ਸਾਰੇ ਸੁਪਨੇ, ਬਿਨਾ ਕੋਈ ਤਕਲੀਫ਼ ਉਠਾਏ, ਛੇਤੀ ਸਾਕਾਰ ਕਰ ਲੈਣੇ ਸਨ।

ਜੋ ਕੁੱਝ ਮੇਰੇ ਉਪ੍ਰੋਕਤ ਹਮਦਰਦ ਸੋਚਦੇ ਹਨ, ਉਹ ਵੀ ਗ਼ਲਤ ਨਹੀਂ ਪਰ ਉਸ ਤੋਂ ਵੱਡਾ ਸੱਚ ਜੋ ਮੇਰੇ ਜੀਵਨ ਦੀ ਡੋਰ, ਹੱਥ ਵਿਚ ਫੜੀ, ਮੈਨੂੰ ਅਗਵਾਈ ਦੇਂਦਾ ਜਾ ਰਿਹਾ ਸੀ, ਉਹ ਸੀ ਬਾਬਾ ਨਾਨਕ ਦਾ ਸੱਚ।  ਬਾਬੇ ਨਾਨਕ ਨੇ ਚੋਲਾ ਪਾਇਆ ਵੀ ਤਾਂ ਕੁੱਝ ਮੰਗਣ ਲਈ ਨਹੀਂ ਸਗੋਂ ਧਰਮ ਦੇ ਨਾਂ 'ਤੇ ਵਪਾਰ ਕਰਨ ਵਾਲਿਆਂ ਦੇ ਅੰਦਰ ਵੜ ਕੇ, ਉਨ੍ਹਾਂ ਨੂੰ ਸਮਝਣ ਲਈ ਤੇ ਉਨ੍ਹਾਂ ਨੂੰ ਸੱਚ ਸੁਣਾਉਣ ਲਈ। ਅਜਿਹਾ ਕਰਨਾ ਉਨ੍ਹਾਂ ਦਿਨਾਂ ਵਿਚ ਕੋਈ ਸੌਖਾ ਕੰਮ ਨਹੀਂ ਸੀ ਤੇ ਦਸਾਂ ਨਹੁੰਆਂ ਦੀ ਕਮਾਈ ਖਾਣ ਵਾਲੇ ਬਾਬਾ ਨਾਨਕ ਨੂੰ, ਕਦੀ ਕੋਧਰੇ ਦੀ ਰੋਟੀ ਖਾਣੀ ਪਈ ਤਾਂ ਕਈ ਵਾਰ ਅੱਕ ਚੱਬ ਕੇ ਵੀ ਗੁਜ਼ਾਰਾ ਕਰਨਾ ਪਿਆ ਤੇ ਜੇ ਕਿਤਿਉਂ ਖ਼ਬਰ ਮਿਲੀ ਕਿ ਉਥੇ ਰੀਠੇ ਮਿੱਠੇ ਹੁੰਦੇ ਹਨ ਤਾਂ ਉਹ ਵੀ ਜਾ ਕੇ ਖਾ ਲਏ ਪਰ ਮੁਫ਼ਤ ਦਾ ਇਕ ਦਾਣਾ ਵੀ ਅਪਣੇ ਅੰਦਰ ਨਾ ਜਾਣ ਦਿਤਾ।

58 ਸਾਲ ਦੀ ਉਮਰ ਵਿਚ ਜਦ ਦੁਨੀਆਂ ਗਾਹ ਲਈ ਤਾਂ ਕਰਤਾਰਪੁਰ ਵਿਚ ਆ ਕੇ ਚੋਲਾ ਤੇ ਗੋਲ ਪੱਗ ਲਾਹ ਸੁੱਟੀ, ਆਮ ਕਿਸਾਨ ਵਾਲੇ ਕਪੜੇ ਪਾ ਕੇ, ਬਾਕੀ ਸਾਰੀ ਉਮਰ ਹੱਲ ਵਾਹਿਆ, 'ਘਰ ਘਰ ਅੰਦਰ ਧਰਮਸਾਲ' ਚਾਲੂ ਕਰਦਿਆਂ, ਆਪ ਵੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਖਾਧੀ ਤੇ ਉਸ ਵਿਚ ਹੀ, ਹਰ ਦੁਖੀ ਦਾ ਦੁਖ ਵੀ ਵੰਡਿਆ। ਬਾਬੇ ਨਾਨਕ ਨਾਲ ਮੇਰਾ ਪ੍ਰੇਮ ਜਾਂ ਮੇਰੀ ਸ਼ਰਧਾ ਕੋਈ ਅਚਨਚੇਤੀ ਉਪਜੀ ਭਾਵਨਾ ਨਹੀਂ-- ਇਹ ਤਾਂ ਜਨਮ ਦੇ ਨਾਲ ਹੀ ਮਿਲੀ ਸੀ। ਹੁਣ ਜਦ ਮੈਂ ਦੁਨੀਆਂ ਦੇ ਸਾਰੇ ਸਿਆਣਿਆਂ ਬਾਰੇ ਕਾਫ਼ੀ ਕੁੱਝ ਪੜ੍ਹ ਚੁੱਕਾ ਹਾਂ ਤਾਂ ਮੈਨੂੰ ਲਗਦਾ ਹੈ, ਧਰਤੀ ਨੇ, ਬਾਬੇ ਨਾਨਕ ਨਾਲੋਂ ਵਧੇਰਾ ਸਿਆਣਾ ਕੋਈ ਮਨੁੱਖ ਨਹੀਂ ਪੈਦਾ ਕੀਤਾ ਤੇ ਜਿਥੋਂ ਤਕ ਹੋ ਸਕੇ, ਅਪਣੇ ਜੀਵਨ ਨੂੰ ਵੀ, ਉਸ ਅਨੁਸਾਰ ਹੀ ਢਾਲਣਾ ਚਾਹੀਦਾ ਹੈ।

ਮੈਂ ਕਦੇ ਵੀ ਮੁਫ਼ਤ ਦਾ ਖਾਣਾ ਪਸੰਦ ਨਹੀਂ ਕੀਤਾ। ਅਖ਼ਬਾਰ ਸ਼ੁਰੂ ਕਰਨ ਲਗਿਆਂ, ਅਸੀ ਅਪਣੀ ਸਾਰੀ ਜਾਇਦਾਦ ਤੇ ਧਨ ਦੌਲਤ ਦੇਣ ਮਗਰੋਂ ਵੀ ਜਦ ਕਮੀ ਮਹਿਸੂਸ ਕੀਤੀ ਤਾਂ ਬਹੁਤਿਆਂ ਨੇ ਇਹੀ ਸਲਾਹ ਦਿਤੀ ਕਿ ਅਖ਼ਬਾਰ ਲਈ ਦਾਨ-ਪਾਤਰ ਚੁਕ ਕੇ, ਦਾਨ ਮੰਗਣਾ ਸ਼ੁਰੂ ਕਰ ਦਿਉ-- ਹੌਲੀ ਹੌਲੀ ਕਾਫ਼ੀ ਰਕਮ ਬਣ ਜਾਏਗੀ। ਮੇਰੇ ਹਿਰਦੇ ਅੰਦਰ ਬੈਠਾ ਬਾਬਾ ਨਾਨਕ, ਇਕੋ ਸਲਾਹ ਦੇਂਦਾ ਰਿਹਾ ਕਿ ਦਸਾਂ ਨਹੁੰਆਂ ਦੀ ਕਿਰਤ ਹੀ ਤੇਰਾ ਇਕੋ ਇਕ ਸਾਧਨ ਹੋਣਾ ਚਾਹੀਦਾ ਹੈ ਤੇ ਜੇ ਟੀਚਾ ਉੱਚਾ ਰਖਣਾ ਹੈ ਤਾਂ ਤੈਨੂੰ ਆਪ ਵੀ ਤੇ ਸਾਥੀਆਂ ਨੂੰ ਵੀ, ਭਾਰੀ ਔਕੜਾਂ ਵਿਚੋਂ ਲੰਘਣ ਲਈ ਤਿਆਰ ਰਹਿਣਾ ਚਾਹੀਦਾ ਹੈ-- ਜਿੰਨੀਆਂ ਜ਼ਿਆਦਾ ਔਕੜਾਂ ਆਉਣਗੀਆਂ, ਓਨਾ ਫੱਲ ਚੰਗਾ ਲੱਗੇਗਾ ਤੇ ਸਵਾਦ ਜ਼ਿਆਦਾ ਆਏਗਾ।

ਮੈਂ ਬਾਬੇ ਨਾਨਕ ਦਾ ਸੁਝਾਇਆ ਇਹੀ ਰਾਹ ਅਪਣੇ ਲਈ ਚੁਣਿਆ ਤੇ ਔਕੜਾਂ ਦਾ ਮੁਕਾਬਲਾ ਕਰਨ ਵਿਚੋਂ ਹੀ ਸਵਾਦ ਲੈਣਾ ਸਿਖ ਲਿਆ। ਜਦੋਂ ਹਾਕਮ ਆਪ ਮੇਰੇ ਕੋਲ ਆ ਕੇ, ਮੈਨੂੰ ਧਨ ਦੌਲਤ ਦੀ ਪੇਸ਼ਕਸ਼ ਕਰਦੇ, ਤਾਂ ਵੀ ਮੈਂ ਸੱਚ ਅਤੇ ਸਿਧਾਂਤ ਦੇ ਔਕੜਾਂ ਭਰੇ ਰਾਹ ਨੂੰ, ਦੌਲਤ ਅਤੇ ਸੁੱਖ ਆਰਾਮ ਤੋਂ ਉਪਰ ਜਾਣਿਆ। ਮੇਰੇ ਆਲੋਚਕਾਂ ਤੇ ਵਿਰੋਧੀਆਂ ਨੇ ਅਪਣਾ ਸ਼ੌਕ ਜ਼ਰੂਰ ਪੂਰਾ ਕੀਤਾ ਪਰ ਮੈਂ, ਬਾਬੇ ਨਾਨਕ ਦੇ ਦੱਸੇ ਅਨੁਸਾਰ ਹੀ, ਉਨ੍ਹਾਂ ਨੂੰ 'ਵਸਦੇ ਰਹੋ' ਕਹਿ ਕੇ, ਅਪਣੀ ਮੰਜ਼ਲ ਵਲ ਵਧਣੋਂ ਨਾ ਰੁਕਿਆ, ਨਾ ਉਨ੍ਹਾਂ ਨਾਲ ਖ਼ਾਹਮਖ਼ਾਹ ਦੀਆਂ ਝਈਆਂ ਹੀ ਲਈਆਂ।

ਅਤੇ ਅੱਜ ਮੈਂ ਅਪਣੇ ਆਪ ਨੂੰ ਪੁਛਦਾ ਹਾਂ, ਦਸਾਂ ਨਹੁੰਆਂ ਦੀ ਕਿਰਤ ਕਰ ਕੇ, ਵੱਡੇ ਟੀਚੇ ਪ੍ਰਾਪਤ ਕਰਨ ਦੀ ਮੇਰੀ ਕਿਹੜੀ ਤਮੰਨਾ, ਜਗਤ ਦੇ ਉਸ ਮਾਲਕ ਨੇ ਪੂਰੀ ਨਹੀਂ ਕੀਤੀ? ਮੈਂ ਜੋ ਵੀ ਕੰਮ ਸ਼ੁਰੂ ਕੀਤਾ, ਲੋਕਾਂ ਆਖਿਆ, ''ਇਹ ਅਸੰਭਵ ਹੈ--ਇਸ ਕੋਲ ਤਾਂ ਪੈਸਾ ਹੀ ਕੋਈ ਨਹੀਂ, ਇਹ ਕਿਵੇਂ ਕਰ ਲਏਗਾ?'' ਜਦ ਮੈਂ ਉਹ ਕੰਮ ਕਰ ਵਿਖਾਇਆ ਤਾਂ ਲੋਕਾਂ ਆਖਿਆ, ''ਇਹ ਤਾਂ ਜਾਦੂ ਕਰ ਵਿਖਾਇਐ ਇਹਨੇ!'' ਗੋਲ ਪੱਗਾਂ ਤੇ ਗੋਲ ਚੋਲਿਆਂ ਵਾਲੇ 'ਸੰਤਾਂ' ਦੇ ਜਾਦੂ ਨਾਲੋਂ, ਕੀ ਮੈਂ ਤੇ ਮੇਰੀ ਜੀਵਨ-ਸਾਥਣ ਨੇ, ਦਸਾਂ ਨਹੁੰਆਂ ਦੀ ਕਿਰਤ ਕਰ ਕੇ, ਅਸਲੀ ਜਾਦੂ ਨਹੀਂ ਕਰ ਵਿਖਾਏ? 1970 ਵਿਚ ਜਦ ਅਸੀ ਚੰਡੀਗੜ੍ਹ ਆਏ  ਸੀ ਤਾਂ ਸਾਡੇ ਕੋਲ ਕੇਵਲ ਤਿੰਨ ਹਜ਼ਾਰ ਰੁਪਏ ਸਨ। ਦੋ ਹਜ਼ਾਰ ਅਸੀ ਪਹਿਲੇ ਦਿਨ ਹੀ ਖ਼ਰਚ ਕਰ ਦਿਤੇ ਸਨ ਕਿਉਂਕਿ ਅਸੀ 'ਖ਼ਾਲੀ ਹੱਥ' ਹੀ ਇਥੇ ਆਏ ਸੀ ਤੇ ਘਰ ਦਾ ਜ਼ਰੂਰੀ ਸਮਾਨ ਵੀ ਸਾਡੇ ਕੋਲ ਨਹੀਂ ਸੀ।

ਉਸ ਹਾਲਤ ਵਿਚ ਆ ਕੇ, ਕਿਸੇ ਸਰਕਾਰ ਦੀ ਚਮਚਾਗੀਰੀ ਕੀਤੇ ਬਿਨਾ ਤੇ ਸਰਕਾਰੀ ਇਸ਼ਤਿਹਾਰਾਂ ਨੂੰ ਵਗਾਹ ਕੇ ਮਾਰਨ (ਮਾਸਕ ਸਪੋਕਸਮੈਨ) ਵਾਲਾ ਬੰਦਾ ਜੇ ਅੱਜ, ਨਵੀਂ ਪੀੜ੍ਹੀ ਨੂੰ, ਕੁੱਝ ਚੰਗਾ ਚੰਗਾ ਦੇਣ ਵਿਚ ਸਫ਼ਲ ਹੋ ਰਿਹਾ ਹੈ ਤੇ ਲੱਖਾਂ ਕਰੋੜਾਂ ਦੇ ਦਿਲ ਜਿੱਤਣ ਵਿਚ ਵੀ ਕਾਮਯਾਬ ਰਿਹਾ ਹੈ ਤਾਂ ਕੀ ਇਹ ਸਚਮੁਚ ਦਾ ਅਤੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਿਆਂ ਦਾ 'ਜਾਦੂ' ਨਹੀਂ? ਹਾਂ, ਮੇਰੀ ਜੀਵਨ-ਸਾਥਣ, ਜਗਜੀਤ ਦੀ ਮਦਦ ਬਿਨਾਂ, ਸ਼ਾਇਦ ਮੈਂ ਏਨਾ ਕੁੱਝ ਨਾ ਕਰ ਸਕਦਾ ਤੇ ਉਹਦਾ ਕਰਜ਼ਾ ਤਾਂ ਮੈਂ ਨਹੀਂ ਲਾਹ ਸਕਦਾ।

'ਉੱਚਾ ਦਰ ਬਾਬੇ ਨਾਨਕ ਦਾ' ਤਾਂ ਹੁਣ ਮੁਕੰਮਲ ਹੋ ਹੀ ਜਾਏਗਾ ਪਰ ਮੇਰੀਆਂ ਨਜ਼ਰਾਂ ਹੁਣ ਅੱਗੇ ਵਲ ਝਾਕ ਰਹੀਆਂ ਹਨ। ਟੀ.ਵੀ. ਚੈਨਲ? ਨਹੀਂ ਸਗੋਂ ਉਸ ਤੋਂ ਵੀ ਅੱਗੇ। ਜਦ ਮੈਂ ਅਪਣੇ ਟੀਚਿਆਂ ਵਲ ਨਜ਼ਰ ਦੌੜਾਉਂਦਾ ਹਾਂ ਤਾਂ ਮੈਨੂੰ ਨਹੀਂ ਲਗਦਾ, ਮੇਰੇ ਵਿਚ 50 ਸਾਲ ਦੇ ਕਿਸੇ ਬੰਦੇ ਨਾਲੋਂ ਘੱਟ ਸ਼ਕਤੀ ਹੈ। ਦਿਨ ਵਿਚ 16 ਘੰਟੇ ਲਗਾਤਾਰ ਕੰਮ ਕਰਦਾ ਹਾਂ। ਮੈਂ ਬਾਬੇ ਨਾਨਕ ਦੇ ਸੁਨੇਹੇ ਤੋਂ, ਸਾਰੀ ਦੁਨੀਆਂ ਦੇ ਲੋਕਾਂ ਨੂੰ ਰੁਸ਼ਨਾਸ ਕਰਾਉਣ ਦੇ ਪ੍ਰੋਗਰਾਮ ਤਿਆਰ ਕਰਦਾ ਰਹਿੰਦਾ ਹਾਂ। ਪਹਿਲਾਂ ਪ੍ਰਾਪਤ ਕੀਤੇ ਟੀਚਿਆਂ ਵਾਂਗ, ਇਹ ਟੀਚਾ ਵੀ ਬਹੁਤਿਆਂ ਨੂੰ 'ਅਸੰਭਵ' ਲੱਗੇਗਾ।

ਮੈਨੂੰ ਨਹੀਂ ਲਗਦਾ। ਔਕੜਾਂ ਨਾਲ ਲੜ ਲੜ ਕੇ, ਅਪਣੇ ਆਪ ਨੂੰ ਲਹੂ ਲੁਹਾਨ ਕਰ ਕਰ ਕੇ, ਉਸ ਵਿਚੋਂ ਹੀ ਅਨੰਦ ਲੈਣ ਦੀ ਮੇਰੀ ਆਦਤ ਹੁਣ ਪੱਕ ਚੁੱਕੀ ਹੈ। ਜਿੰਨਾ ਵੀ ਕੋਈ ਕੰਮ 'ਅਸੰਭਵ' ਲਗਦਾ ਹੈ, ਓਨਾ ਹੀ ਮੇਰਾ ਦਿਲ ਕਰਦਾ ਹੈ, ਇਸ ਨੂੰ ਜ਼ਰੂਰ ਹੱਥ ਪਾਇਆ ਜਾਏ। ਜਿੰਨਾ ਕੋਈ ਕਹਿੰਦਾ ਹੈ ਕਿ ਇਹ ਕੰਮ ਕਰਨ ਵਿਚ ਔਕੜਾਂ ਤੇ ਦੁਸ਼ਵਾਰੀਆਂ ਬਹੁਤ ਆਉਣਗੀਆਂ, ਓਨਾ ਹੀ ਮੇਰਾ ਦਿਲ ਕਰਦਾ ਹੈ, ਇਨ੍ਹਾਂ ਔਕੜਾਂ ਨਾਲ ਵੀ ਦੋ ਹੱਥ ਕਰ ਹੀ ਲਈਏ।

ਹਾਕਮਾਂ, ਧਨ-ਕੁਬੇਰਾਂ, ਚੋਲਿਆਂ ਵਾਲਿਆਂ ਤੇ ਦੁਨੀਆਂ ਨੂੰ ਹਨੇਰੇ ਵਿਚ ਰੱਖ ਕੇ ਲੁੱਟਣ ਵਾਲਿਆਂ ਨਾਲ ਮੇਰੀ ਕਦੇ ਵੀ ਨਹੀਂ ਬਣੀ। ਮੇਰੇ ਮੁਰਸ਼ਦ ਦੀ ਵੀ ਨਹੀਂ ਸੀ ਬਣੀ। ਸਾਰੀ ਉਮਰ, ਔਕੜਾਂ ਤੇ ਦੁਸ਼ਵਾਰੀਆਂ ਨੂੰ, ਆਪ ਵਾਜਾਂ ਮਾਰ ਕੇ, ਅਪਣੇ ਰਾਹ ਦੇ ਕੰਡੇ ਬਣਾਉਣ ਵਾਲੇ ਬਾਬੇ ਨਾਨਕ ਦੇ ਦੱਸੇ ਰਾਹ 'ਤੇ ਚਲਦਿਆਂ, ਇਹ ਜੀਵਨ, ਕਿਸੇ ਪਾਸੇ ਭਟਕੇ ਬਿਨਾਂ ਅਤੇ ਮਾਨਵਤਾ ਦੇ ਭਲੇ ਦੇ ਟੀਚਿਆਂ ਵਲ ਨਜ਼ਰ ਟਿਕਾਈ, ਕੰਮ ਕਰਦਿਆਂ, ਬੀਤ ਜਾਏ-- ਹੋਰ ਕਿਹੜੀ ਚੰਗੀ ਗੱਲ ਦੀ ਕਾਮਨਾ ਕਰ ਸਕਦਾ ਹਾਂ?

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement