
ਦੁਨੀਆਂ ਵਿਚ ਉਹੀ ਕੌਮਾਂ ਵਿਕਸਤ ਹੋਈਆਂ ਹਨ, ਜਿਨ੍ਹਾਂ ਨੇ ਦਿਮਾਗ਼ ਦੀ ਵਰਤੋਂ ਜ਼ਿਆਦਾ ਕੀਤੀ ਹੈ?
`ਇਸ ਘਟਨਾ ਦਾ ਜ਼ਿਕਰ ਸ਼ਾਇਦ ਮੈਂ ਪਹਿਲਾਂ ਵੀ ਇਕ ਹੋਰ ਨੂਕਤਾ ਸਪੱਸ਼ਟ ਕਰਨ ਲਈ ਕਰ ਚੁੱਕਾ ਹਾਂ ਪਰ ਦੂਜੀ ਵਾਰ ਇਸ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਜਿਹੜੀ ਗੱਲ ਮੈਂ ਕਹਿਣ ਜਾ ਰਿਹ ਹਾਂ, ਉਸ ਨੂੰ ਸਮਝਣ ਲਈ ਇਹ ਘਟਨਾ ਬੜੀ ਸਹਾਈ ਹੋਵੇਗੀ। ਜਦ ਕਦੇ ਤੁਸੀ ਇੰਗਲੈਂਡ ਜਾਉ ਅਤੇ ਉਥੇ ਤੁਹਾਨੂੰ ਬਰਤਾਨਵੀ ਲੋਕ ਸਭਾ ਜਾਂ ਹਾਊਸ ਆਫ਼ ਕਾਮਨਜ਼ ਵੇਖਣ ਦਾ ਮੌਕਾ ਮਿਲੇ ਤਾਂ ਸ਼ੁਰੂ ਵਿਚ ਹੀ, ਇਕ ਆਰਟ ਗੈਲਰੀ ਜ਼ਰੂਰ ਵੇਖਣਾ। ਦੀਵਾਨਾਂ ਉਤੇ ਵੱਡੀਆਂ ਵੱਡੀਆਂ ਪੇਂਟਿੰਗਜ਼ ਲਗੀਆਂ ਹੋਈਆਂ ਹਨ ਜਿਨ੍ਹਾਂ ਰਾਹੀਂ ਇੰਗਲੈਂਡ ਦਾ ਇਤਿਹਾਸ ਸਾਕਾਰ ਕਰ ਕੇ ਵਿਖਾਇਆ ਗਿਆ ਹੈ। ਇਹ ਇਕ ਅਜਿਹਾ ਦੇਸ਼ ਸੀ ਜਿਥੇ ਪੈਦਾਵਾਰ ਬਿਲਕੁਲ ਵੀ ਨਹੀਂ ਸੀ ਹੁੰਦੀ। ਲੋਕ ਭੁੱਖੇ ਮਰਨ ਲੱਗੇ। ਆਰਟ ਗੈਲਰੀ ਵਿਚ ਲੱਗੀ ਪਹਿਲੀ ਪੇਂਟਿੰਗ ਉਸ ਸਮੇਂ ਦਾ ਹੀ ਇਕ ਸੀਨ ਪੇਸ਼ ਕਰਦੀ ਹੈ।
ਸਮੁੰਦਰੀ ਡਾਕੂ ਅਤੇ ਇਹੋ ਜਹੇ ਦੂਜੇ ਧਾੜਵੀ ਬਰਤਾਨੀਆਂ ਦੀ ਮਹਾਰਾਣੀ ਕੋਲ ਜਾਂਦੇ ਹਨ ਤੇ ਉਸ ਕੋਲ ਦਰਖ਼ਾਸਤ ਕਰਦੇ ਹਨ, ‘‘ਮਲਿਕਾ ਸਾਹਿਬਾ, ਸਾਨੂੰ ਇਜਾਜ਼ਤ ਦਿਤੀ ਜਾਏ ਕਿ ਅਸੀ ਇੰਗਲੈਂਡ ਤੋਂ ਬਾਹਰ ਜਾ ਕੇ, ਉਥੋਂ ਦੇ ਲੋਕਾਂ ਕੋਲੋਂ ਅਨਾਜ ਅਤੇ ਖਾਣ ਪੀਣ ਦੀਆਂ ਹੋਰ ਵਸਤਾਂ ਲੁਟ ਕੇ ਲੈ ਆਈਏ ਤਾਕਿ ਇੰਗਲੈਂਡ ਦੇ ਲੋਕਾਂ ਦੀ ਭੁੱਖ ਦੂਰ ਕਰ ਸਕੀਏ।’’ ਪੇਂਟਿੰਗ ਵਿਚ ਦਿਖਾਏ ਅਨੁਸਾਰ, ਮਹਾਰਾਣੀ ਉਨ੍ਹਾਂ ਨੂੰ ਇਹ ਲੁਟਮਾਰ ਕਰਨ ਦੀ ਆਗਿਆ ਦੇ ਰਹੀ ਹੈ। ਇਥੋਂ ਹੀ ਮਾਡਰਨ ਇੰਗਲੈਂਡ ਦਾ ਇਤਿਹਾਸ ਸ਼ੁਰੂ ਹੁੰਦਾ ਹੈ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਦੁਨੀਆਂ ਦੀ ਸੱਭ ਤੋਂ ਵੱਡੀ ਤਾਕਤ ਵੀ ਬਣ ਗਏ। ਅੱਜ ਵੀ ਉਨ੍ਹਾਂ ਦਾ ਪੌਂਡ ਦੁਨੀਆਂ ਦੀ ਸੱਭ ਤੋਂ ਮਹਿੰਗੀ ਕਰੰਸੀ ਹੈ। ਇਕ ਡਾਲਰ 80-85 ਰੁਪਏ ਦਾ ਮਿਲ ਜਾਂਦਾ ਹੈ ਜਦਕਿ ਇਕ ਪੌਂਡ ਦੀ ਕੀਮਤ 109-110 ਰੁਪਏ ਹੋ ਚੁੱਕੀ ਹੈ।
ਮੈਂ ਅਕਸਰ ਸੋਚਦਾ ਹਾਂ, ਇੰਗਲੈਂਡ ਵਰਗੇ ਭੁੱਖੇ ਦੇਸ਼ ਨੇ ਇਹ ਸਫ਼ਲਤਾ ਹਾਸਲ ਕਿਵੇਂ ਕੀਤੀ? ਉੱਤਰ ਮਿਲਦਾ ਹੈ, ਉਸ ਦੇ ਹਿੰਮਤੀ ਲੋਕਾਂ ਨੇ ਦੋ ਚੀਜ਼ਾਂ ਦੀ ਵਰਤੋਂ ਹਰ ਵੇਲੇ ਉਸ ਹੀ ਵਿਉਂਤ ਅਨੁਸਾਰ ਕੀਤੀ ਜਿਸ ਵਿਉਂਤ ਨੂੰ ਸਾਹਮਣੇ ਰੱਖ ਕੇ ਪ੍ਰਮਾਤਮਾ ਨੇ ਮਨੁੱਖ ਦਾ ਸ੍ਰੀਰ ਬਣਾਇਆ ਸੀ। ਪ੍ਰਮਾਤਮਾ ਦੀ ਵਿਉਂਤ ਅਨੁਸਾਰ, ਸ੍ਰੀਰ ਵਿਚ ਸੱਭ ਤੋਂ ਉਪਰ ਦਿਮਾਗ਼ ਹੈ। ਬਾਹਵਾਂ ਗਲੇ ਤੋਂ ਹੇਠਾਂ ਹਨ ਅਤੇ ਹੱਥ ਅੱਧੀ ਲੱਤ ਦੇ ਨੇੜੇ ਪੁੱਜੇ ਹੁੰਦੇ ਹਨ। ਇਹ ਪ੍ਰਮਾਤਮਾ ਜਾਂ ਸ੍ਰੀਰ ਨੂੰ ਬਨਾਉਣ ਵਾਲੀ ਸ਼ਕਤੀ ਦੀ ਹੀ ਤਾਂ ਵਿਉਂਤ ਹੈ ਨਾ। ਹੁਣ ਇਸ ਵਿਉਂਤ ਅਨੁਸਾਰ ਕੰਮ ਕਰੀਏ ਤਾਂ ਕੋਈ ਵੀ ਕੰਮ ਕਰਨ ਸਮੇਂ, ਸੱਭ ਤੋਂ ਪਹਿਲਾਂ ਦਿਮਾਗ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਤਲਵਾਰ ਦੀ ਵਰਤੋਂ ਕਰਨੀ ਹੋਵੇ ਤਾਂ ਅਖ਼ੀਰ ਵਿਚ ਹੀ ਕਰਨੀ ਚਾਹੀਦੀ ਹੈ ਅਰਥਾਤ ਉਦੋਂ ਜਦੋਂ ਅਖਾਣਾਂ ਵਿਚ ਬਿਆਨ ਕੀਤੀ ਗਈ ਸਚਾਈ ਅਨੁਸਾਰ, ਪਾਣੀ ਗੋਡਿਆਂ ਤੋਂ ਉਪਰ ਆਉਣਾ ਸ਼ੁਰੂ ਹੋ ਜਾਏ ਤੇ ਭਾਈ ਨੰਦ ਨਾਲ ਦੇ ਕਥਨ ਅਨੁਸਾਰ, ‘‘ਚੂੰ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।’’
ਅੰਗਰੇਜ਼ਾਂ ਨੇ ਜੇ ਦਿਮਾਗ਼ੀ ਕੰਮ ਕੀਤਾ ਤਾਂ ਦਿਮਾਗ਼ ਨੂੰ ਪੂਰੀ ਤਰ੍ਹਾਂ ਵਰਤਿਆ ਤੇ ਦਿਮਾਗ਼ੀ ਕਸਰਤ ਦਾ ਕੋਈ ਐਸਾ ਦਾਅ ਪੇਚ ਨਾ ਛਡਿਆ ਜਿਸ ਨੂੰ ਵਰਤੋਂ ਵਿਚ ਨਾ ਲਿਆਂਦਾ। ਤਲਵਾਰ ਦੀ ਵਰਤੋਂ ਕਰਨ ਸਮੇਂ ਵੀ ਉੁਨ੍ਹਾਂ ਨੇ ਦਿਮਾਗ਼ ਦੀ ਵਰਤੋਂ ਕਰਨੀ ਕਦੇ ਨਾ ਛੱਡੀ। ਤੁਸੀ ਵੇਖ ਲਉ, ਅੰਗਰੇਜ਼, ਤਲਵਾਰ ਦੀ ਲੜਾਈ ਸਿੱਖਾਂ ਕੋਲ ਪੂਰੀ ਤਰ੍ਹਾਂ ਹਾਰ ਗਏ ਸਨ ਅਤੇ ਅੰਗਰੇਜ਼ ਗਵਰਨਰ ਜਨਰਲ ਨੇ ਬਰਤਾਨਵੀ ਸਰਕਾਰ ਨੂੰ ਲਿਖਤੀ ਰੀਪੋਰਟ ਭੇਜੀ ਸੀ ਕਿ ਜੇ ਸਿੱਖਾਂ ਨਾਲ ਇਕ ਵੀ ਲੜਾਈ ਹੋਰ ਲੜਨੀ ਪੈ ਗਈ ਤਾਂ ਪੰਜਾਬ ਵਿਚੋਂ ਹੀ ਨਹੀਂ, ਅੰਗਰੇਜ਼ਾ ਨੂੰ ਸਾਰੇ ਹਿੰਦੁਸਤਾਨ ਵਿਚੋਂ ਬੋਰੀਆ ਬਿਸਤਰਾ ਗੋਲ ਕਰ ਕੇ ਭੱਜਣਾ ਪਵੇਗਾ। ਉਸ ਵੇਲੇ ਦਾ ਇਕ ਬੜਾ ਦਿਲਚਸਪ ਸੀਨ ਮਾ. ਤਾਰਾ ਸਿੰਘ ਦੇ ਨਾਵਲ ‘ਤੇਗਾ ਸਿੰਘ’ ਵਿਚ ਦਿਤਾ ਗਿਆ ਹੈ ਜੋ ਖ਼ਾਲਸਾ ਫ਼ੌਜ ਦੇ ਇਕ ਫ਼ੌਜੀ ਤੇਗਾ ਸਿੰਘ ਦੀ ਹੱਡ-ਬੀਤੀ ਦਾ ਭਾਗ ਹੈ। ਉਸ ਸੀਨ ਵਿਚ ਤੇਗਾ ਸਿੰਘ ਦਸਦਾ ਹੈ ਕਿ ਜਦ ਸਿੱਖ ਫ਼ੌਜੀ ਚੇਲੀਆਂ ਵਾਲਾ ਦੀ ਲੜਾਈ ਵਿਚ ਅੰਗਰੇਜ਼ਾਂ ਨੂੰ ਮਾਰ ਰਹੇ ਸਨ ਤਾਂ ਅੰਗਰੇਜ਼ ਫ਼ੌਜੀ ‘‘ਡਊ’’ ‘‘ਡਊ’’ ਕਹਿ ਕੇ ਜਾਨ-ਬਖ਼ਸ਼ੀ ਅਤੇ ਰਹਿਮ ਦੀ ਭੀਖ ਮੰਗ ਰਹੇ ਸਨ। ‘‘ਡਊ ਡਊ’’ ਦਾ ਮਤਲਬ ਸਮਝਦੇ ਹੋ ਨਾ? ਅੰਗਰੇਜ਼ਾਂ ਨੇ ਸੁਣ ਰਖਿਆ ਸੀ ਕਿ ਸਿੱਖ ‘ਗਊ ਗ਼ਰੀਬ’ ਉਤੇ ਹੱਥ ਨਹੀਂ ਚੁਕਦੇ। ਇਸ ਲਈ ਉਹ ‘ਡਊ ਡਊ’ ਕਹਿ ਕੇ ਬੇਨਤੀ ਕਰ ਰਹੇ ਸਨ ਕਿ ਉਹ ਤਾਂ ‘‘ਗਊਆਂ’’ ਹਨ, ਇਸ ਲਈ ਉਨ੍ਹਾਂ ਨੂੰ ਬਖ਼ਸ਼ ਦਿਤਾ ਜਾਏ ਤੇ ਮਾਰਿਆ ਨਾ ਜਾਏ।
ਪਰ ਇਨ੍ਹਾਂ ‘ਡਊਆਂ’ ਜਾਂ ‘ਗਊਆਂ’ ਨੇ ਹੀ, ਤਲਵਾਰ ਦੀ ਲੜਾਈ ਹਾਰਨ ਮਗਰੋਂ, ਦਿਮਾਗ਼ ਦੀ ਲੜਾਈ ਲੜ ਕੇ, ਖ਼ਾਲਸਾ ਦਰਬਾਰ ਦੇ ਦਰਬਾਰੀਆਂ ਨੂੰ ਖ਼ਰੀਦ ਲਿਆ ਤੇ ਅਜਿਹਾ ਚੱਕਰ ਚਲਾਇਆ ਕਿ ਸਿੱਖ ਫ਼ੌਜਾਂ ਜਦੋਂ ਬਾਰੂਦ ਵਾਲੇ ਬੋਰੇ ਖੋਲ੍ਹਦੀਆਂ ਤਾਂ ਵਿਚੋਂ ਸਰ੍ਹੋਂ ਨਿਕਲ ਆਉਂਦੀ। ਇਸ ਤਰ੍ਹਾਂ ਅੰਗਰੇਜ਼ੀ ਫ਼ੌਜ, ਹਾਰ ਕੇ ਵੀ ਜਿੱਤ ਗਈ ਤੇ ਸਿੱਖ ਜਿੱਤ ਕੇ ਵੀ ਹਾਰ ਗਏ। ਬਾਕੀ ਦੇ ਭਾਰਤ ਵਿਚ ਵੀ ਇਹੀ ਕੁੱਝ ਹੋਇਆ। ਅੰਗਰੇਜ਼ਾਂ ਨੇ ਹਰ ਥਾਂ ਦਿਮਾਗ਼ ਨੂੰ ਪਹਿਲਾਂ ਵਰਤਿਆ ਤੇ ਤਲਵਾਰ ਨੂੰ ਮਗਰੋਂ। ਹਿੰਦੁਸਤਾਨੀਆਂ ਨੇ ਤਲਵਾਰ ਨੂੰ ਪਹਿਲਾਂ ਵਰਤਿਆ ਤੇ ਦਿਮਾਗ਼ ਨੂੰ ਅਖ਼ੀਰ ਵਿਚ ਜਾਂ ਕਦੇ ਵੀ ਨਹੀਂ।
ਕੀ ਤੁਸੀ ਜਾਣਦੇ ਹੋ, ਅੱਜ ਦਾ ਮੁਸਲਮਾਨ ਦੇਸ਼ ਅਫ਼ਗ਼ਾਨਿਸਤਾਨ ਕਿਸੇ ਸਮੇਂ ਇਕ ਹਿੰਦੂ ਦੇਸ਼ ਸੀ? ਜੀ ਹਾਂ, ਪਾਕਿਸਤਾਨ ਤਾਂ ਹੈ ਹੀ ਹਿੰਦੂ ਦੇਸ਼ ਸੀ ਪਰ ਅਫ਼ਗ਼ਾਨਿਸਤਾਨ ਵੀ ਇਕ ਹਿੰਦੂ ਦੇਸ਼ ਹੀ ਸੀ ਪਰ ਉਸ ਤੋਂ ਪਹਿਲਾਂ ਉਸ ਦੇਸ਼ ਵਿਚ ਬੋਧੀਆਂ ਦਾ ਰਾਜ ਕਾਇਮ ਹੋ ਗਿਆ ਸੀ। ਜਦੋਂ ਹਿੰਦੂ ਸ਼ੰਕਰਾਚਾਰੀਆਂ, ਭਾਰਤ ਵਿਚੋਂ ਬੋਧੀਆਂ ਨੂੰ ਜ਼ਿੰਦਾ ਸਾੜਨ ਤੇ ਇਥੋਂ ਭਜਾਉਣ ਦੇ ਆਹਰ ਵਿਚ ਲੱਗ ਗਏ ਤਾਂ ਹਿੰਦੂਆਂ ਨੇ ਅਫ਼ਗ਼ਾਨਿਸਤਾਨ ਉਤੇ ਕਬਜ਼ਾ ਕਰ ਲਿਆ। ਉਥੇ ਪਹੁੰਚ ਕੇ ਪਹਿਲਾ ਕੰਮ ਜੋ ਉਨ੍ਹਾਂ ਕੀਤਾ, ਉਹ ਇਹ ਸੀ ਕਿ ਬਾਮਿਆਨ ਵਿਚ ਪੱਥਰਾਂ ਉਤੇ ਉਕਰੀਆਂ ਹੋਈਆਂ ਮਹਾਤਮਾ ਬੁੱਧ ਦੀਆਂ ਮੂਰਤੀਆਂ ਉਤੇ ਤਲਵਾਰਾਂ ਚਲਾ ਕੇ ਤੇ ਹੋਰ ਕਈ ਤਰੀਕਿਆਂ ਨਾਲ ਉਨ੍ਹਾਂ ਨੂੰ ਤੋੜਨਾ ਸ਼ੁਰੂ ਕਰ ਦਿਤਾ। ਜੇ ਉਹ ਦਿਮਾਗ਼ ਦੀ ਵਰਤੋਂ ਕਰਦੇ ਤਾਂ ਕਦੀ ਇਹ ਮੂਰਖਤਾ ਨਾ ਕਰਦੇ। ਇਹ ਨਜ਼ਾਰਾ ਵੇਖਣ ਵਾਲਾ ਇਕ ਬੋਧੀ ਬਾਅਦ ਵਿਚ ਮੁਸਲਮਾਨ ਬਣ ਗਿਆ ਤੇ ਮੁਗ਼ਲ ਫ਼ੌਜਾਂ ਵਿਚ ਸ਼ਾਮਲ ਹੋ ਕੇ ਉਸ ਨੇ ਭਾਰਤ ਵਿਚ ਜਾ ਕੇ ਹਿੰਦੂਆਂ ਦਾ ਕਤਲੇਆਮ ਕਰ ਕੇ ਜੋ ਬਦਲਾ ਲਿਆ, ਉਹ ਇਤਿਹਾਸ ਦਾ ਭਾਗ ਬਣ ਚੁੱਕਾ ਹੈ। ਜੇ ਅਫ਼ਗ਼ਾਨਿਸਤਾਨ ਵਿਚ ਜਾ ਕੇ ਹਿੰਦੂ ਅਪਣੇ ਦਿਮਾਗ਼ ਦੀ ਵਰਤੋਂ ਕਰਦੇ ਤਾਂ ਅੱਜ ਤਕ ਵੀ ਅਫ਼ਗ਼ਾਨਿਸਤਾਨ ਸ਼ਾਇਦ ਇਕ ਹਿੰਦੂ ਦੇਸ਼ ਹੁੰਦਾ।
ਸਿੱਖਾਂ ਬਾਰੇ ਵੀ ਇਹੀ ਕਿਹਾ ਜਾਂਦਾ ਹੈ ਕਿ 6 ਜਾਂ 7 ਵਾਰੀ ਉੁਨ੍ਹਾਂ ਨੇ ਦਿੱਲੀ ਉਤੇ ਹਮਲੇ ਕੀਤੇ ਪਰ ਕੇਵਲ ਤਲਵਾਰ ਹੀ ਵਰਤਦੇ ਰਹੇ। ਜੇ ਕਦੇ ਇਕ ਵਾਰ ਵੀ ਦਿਮਾਗ਼ ਦੀ ਵਰਤੋਂ ਕਰ ਲੈਂਦੇ ਤਾਂ ਸਮਾਂ ਅਜਿਹਾ ਸੀ ਕਿ ਸਾਰਾ ਹਿੰਦੁਸਤਾਨ ਸਿੱਖ ਬਣ ਜਾਂਦਾ। ਦੁਨੀਆਂ ਵਿਚ ਉਹੀ ਕੌਮਾਂ ਵਿਕਸਤ ਹੋਈਆਂ ਹਨ ਤੇ ਫੈਲੀਆਂ ਹਨ ਜਿਨ੍ਹਾਂ ਨੇ ਕੁਦਰਤ ਦੇ ਨਿਯਮ ਅਨੁਸਾਰ ਹੀ, ਸ੍ਰੀਰ ਦੇ ਹੋਰ ਕਿਸੇ ਹਿੱਸੇ ਨਾਲੋਂ, ਦਿਮਾਗ਼ ਦੀ ਵਰਤੋਂ ਜ਼ਿਆਦਾ ਕੀਤੀ ਹੈ। ਚਲੋ ਪਿੱਛੇ ਜੋ ਹੋਇਆ, ਸੋ ਹੋਇਆ ਪਰ ‘ਰਘੂਕੁਲ ਰੀਤ’ ਵਰਗੀ ਇਹ ਇਕ ਨਾ ਬਦਲੀ ਜਾ ਸਕਣ ਵਾਲੀ ਰੀਤ ਤਾਂ ਨਹੀਂ ਬਣ ਜਾਣੀ ਚਾਹੀਦੀ ਕਿ ਅਸੀ ਦਿਮਾਗ਼ ਨੂੰ ਉਥੇ ਵੀ ਨਹੀਂ ਵਰਤਣਾ ਜਿਥੇ ਇਸ ਦੀ ਵਰਤੋਂ, ਲੱਖ ਤਲਵਾਰਾਂ ਦੀ ਵਰਤੋਂ ਨਾਲੋਂ ਛੇਤੀ, ਤੁਰਤ ਤੇ ਜ਼ਿਆਦਾ ਚੰਗੇ ਨਤੀਜੇ ਕੱਢ ਸਕਦੀ ਹੋਵੇ। ਦੂਜਿਆਂ ਨਾਲੋਂ ਜ਼ਿਆਦਾ ਗੁੱਸਾ ਉਨ੍ਹਾਂ ਸਿੱਖਾਂ ਤੇ ਆਉਂਦਾ ਹੈ ਜੋ ਹਰ ਮਸਲਾ ਅੱਜ ਦੇ ਯੁਗ ਵਿਚ ਵੀ ‘ਤਲਵਾਰ’ ਜਾਂ ‘ਕ੍ਰਿਪਾਨ’ ਦੀ ਵਰਤੋਂ ਦੁਆਰਾ ਹੀ ਹੱਲ ਕਰਨਾ ਪਸੰਦ ਕਰਦੇ ਹਨ।
‘ਦਸਮ ਗ੍ਰੰਥ’ ਦੀ ਗੱਲ ਲੈ ਲਉ। ਸਿੱਖਾਂ ਦੀ ਭਾਰੀ ਬਹੁਗਿਣਤੀ ਅੱਜ ਇਸ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਮੰਨਦੀ। ਕੋਈ ਵੀ ਵੱਡਾ ਵਿਦਵਾਨ ਇਸ ਦੇ ਹੱਕ ਵਿਚ ਨਿਤਰਨ ਲਈ ਤਿਆਰ ਨਹੀਂ। ਅਕਾਲ ਤਖ਼ਤ ਦੇ ਅਨਪੜ੍ਹ ਪੁਜਾਰੀ ਤੇ ਉਨ੍ਹਾਂ ਦੇ ਗੋਲ ਪੱਗਾਂ ਵਾਲੇ ਗੋਲਕਧਾਰੀ ਕਹਿੰਦੇ ਹਨ ਕਿ ਨਹੀਂ ਇਹ ਸਾਰੀ ਰਚਨਾ ਗੁਰੂ ਗੋਬਿੰਦ ਸਿੰਘ ਦੀ ਕ੍ਰਿਤ ਹੈ। ਵਿਰੋਧੀ ਹਜ਼ਾਰ ਦਲੀਲ ਪਏ ਦੇਣ ਪਰ ਜਵਾਬ ਵਿਚ ਉਹ ਏਨਾ ਹੀ ਕਹਿੰਦੇ ਹਨ :
‘‘ਜਿਹੜਾ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਮੰਨੇਗਾ, ਅਸੀ ਉਸ ਨੂੰ ਸੋਧ ਦਿਆਂਗੇ ....
‘‘ਅਸੀ ਅਜਿਹੇ ਤੱਤਾਂ ਨੂੰ ਔਰੰਗਜ਼ੇਬ ਦੀ ਔਲਾਦ ਆਖਾਂਗੇ...
‘‘ਅਸੀ ਉੁਨ੍ਹਾਂ ਨੂੰ ਸਿੱਖ ਹੀ ਨਹੀਂ ਮੰਨਾਂਗੇ....
‘‘ਅਸੀ ਉਨ੍ਹਾਂ ਵਿਰੁਧ ਅਦਾਲਤ ਵਿਚ ਜਾਵਾਂਗੇ ....
‘‘ਅਸੀ ਉੁਨ੍ਹਾਂ ਨੂੰ ਪੰਥ ਵਿਚੋਂ ਛੇਕ ਦਿਆਂਗੇ ...
ਕੀ ਕਿਸੇ ਵੀ ‘ਗ੍ਰੰਥ’ ਨੂੰ ਮਾਨਤਾ ਦਿਵਾਉਣ ਦਾ ਤਰੀਕਾ ਇਹ ਹੈ ਕਿ ਉਪ੍ਰੋਕਤ ਧਮਕੀਆਂ ਦਿਤੀਆਂ ਜਾਣ? ਜੇ ਉਹ ਦਲੀਲ ਨਾਲ ਕਾਇਲ ਕਰ ਸਕਣਗੇ ਤਾਂ ਕੋਈ ਉੁਨ੍ਹਾਂ ਦੀ ਗੱਲ ਸੁਣ ਵੀ ਲਵੇਗਾ ਪਰ ਧਮਕੀਆਂ ਦੇ ਸਹਾਰੇ ‘ਗ੍ਰੰਥ’ ਨੂੰ ਮਾਨਤਾ ਦਿਵਾਉਣ ਵਾਲੇ ਆਪ ਵੀ ਗ਼ਰਕ ਹੋ ਜਾਣਗੇ ਤੇ ਅਪਣੇ ‘ਗ੍ਰੰਥ’ ਲਈ ਵੀ ਬਦਨਾਮੀ ਹੀ ਖੱਟਣਗੇ। ਗੁਰੂ ਨਾਨਕ ਦੇਵ ਜੀ ਨੇ ਸਾਡੇ ਹੱਥ ਵਿਚ ਸਾਰੀ ਮਨੁੱਖਤਾ ਨੂੰ ਇਕ ਲੜੀ ਵਿਚ ਪਰੋਣ ਵਾਲਾ ਫ਼ਲਸਫ਼ਾ ਦਿਤਾ ਸੀ ਜੋ ਮਨੁੱਖ ਨੂੰ ਹਰ ਉਸ ਗ਼ੁਲਾਮੀ ਦੇ ਬੰਧਨ ਤੋਂ ਮੁਕਤ ਕਰਦਾ ਸੀ ਜੋ ਪੁਜਾਰੀ ਸ਼ੇ੍ਰਣੀ ਨੇ ਮਨੁੱਖ ਦੀ ਹੋਣੀ ਵਿਚ ਲਿਖ ਦਿਤੀ ਸੀ। ਸਮੇਂ ਦਾ ਗੇੜ ਅਜਿਹਾ ਚਲਿਆ ਕਿ ਗੁਰੂ ਨਾਨਕ ਦਾ ਫ਼ਲਸਫ਼ਾ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਆ ਗਿਆ ਜੋ ਦਿਮਾਗ਼ ਦੀ ਨਹੀਂ, ਕ੍ਰਿਪਾਨ ਜਾਂ ਤਲਵਾਰ ਦੀ ਵਰਤੋਂ ਕਰਨਾ ਹੀ ਜਾਣਦੇ ਸਨ। ਇਹ ਲੋਕ, ਗੁਰੂ ਨਾਨਕ ਵਲੋਂ ਖ਼ਤਮ ਕੀਤੇ ਪੁਜਾਰੀਆਂ ਨੂੰ ਵਾਪਸ ਹੀ ਨਾ ਲੈ ਆਏ ਸਗੋਂ ਗੁਰੂ ਨਾਨਕ ਦੇ ਧਰਮ ਦੀਆਂ ਵਾਗਾਂ ਹੀ ਉਨ੍ਹਾਂ ਦੇ ਹੱਥਾਂ ਵਿਚ ਫੜਾ ਦਿਤੀਆਂ।
ਨਤੀਜਾ ਇਹ ਕਿ ਅੱਜ ਮੇਰੇ ਵਰਗੇ ਪੱਕੇ ਸਿੱਖ ਨੂੰ ਵੀ, ਗੁਰੂ ਨਾਨਕ ਦੇ ਨਾਂ ’ਤੇ ਬਣੇ ਹੋਏ ਗੁਰਦਵਾਰੇ, ਗੁਰੂ ਦੇ ਘਰ ਨਜ਼ਰ ਨਹੀਂ ਆਉਂਦੇ ਤੇ ਸਿੱਖੀ, ਪੁਰਾਤਨ ਧਰਮਾਂ ਨਾਲੋਂ ਵੀ ਜ਼ਿਆਦਾ ਕਰਮ ਕਾਂਡੀ ਤੇ ਵਹਿਮਾਂ ਭਰਮਾਂ ਵਾਲਾ ਧਰਮ ਨਜ਼ਰ ਆਉਣ ਲੱਗ ਪਈ ਹੈ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਜੇ ਕੋਈ ਠੀਕ ਗੱਲ ਸਮਝਾਉਣ ਦੀ ਕੋਸ਼ਿਸ਼ ਵੀ ਕਰੇ ਤਾਂ ਬੰਦ ਦਿਮਾਗ਼ਾਂ ਤੇ ਨੰਗੀਆਂ ਤਲਵਾਰਾਂ ਵਾਲੇ ਲੋਕ ਅਪਣੇ ਚਿੱਟੇ, ਨੀਲੇ ਤੇ ਪੀਲੇ ਬਾਣਿਆਂ ਦਾ ਵਿਖਾਵਾ ਕਰਦੇ ਹੋਏ ‘ਅਲੀ ਅਲੀ’ ਕੂਕਦੇ ਮੁਸਲਮਾਨ ਕੱਟੜਵਾਦੀਆਂ ਵਾਂਗ, ‘ਕਾਫ਼ਰਾਂ’ ਨੂੰ ਬੋਲਣ ਦੀ ਆਗਿਆ ਵੀ ਨਹੀਂ ਦੇਣਾ ਚਾਹੁੰਦੇ।
ਸਾਡੇ ਇਥੇ ਤਾਂ ਕੁੱਝ ਲੋਕ ਇਹੀ ਚਾਹੁੰਦੇ ਹਨ ਕਿ ਕੇਵਲ ਉਹੀ ਕੁੱਝ ਲਿਖਿਆ ਜਾਏ ਜੋ ਉੁਨ੍ਹਾਂ ਨੂੰ ਪਸੰਦ ਹੈ ਤੇ ਨਵੀਂ ਗੱਲ ਕੋਈ ਕੀਤੀ ਹੀ ਨਾ ਜਾਏ। ਜੇ ਕਿਸੇ ਨੇ ਗ਼ਲਤ ਲਿਖਿਆ ਵੀ ਹੈ ਤਾਂ ਦਲੀਲਾਂ ਨਾਲ ਉਸ ਨੂੰ ਗ਼ਲਤ ਸਾਬਤ ਕਰੋ। ਅਸੀ ਅਜਿਹੀ ਲਿਖਤ ਜ਼ਰੂਰ ਪ੍ਰਕਾਸ਼ਤ ਕਰਾਂਗੇ। ਪਰ ਦਲੀਲ ਉਹੀ ਦੇ ਸਕੇਗਾ ਜੋ ਇਕ ਹੱਥ ਵਿਚ ਤਲਵਾਰ ਤੇ ਦੂਜੇ ਹੱਥ ਵਿਚ ਕਲਮ ਫੜ ਕੇ ਨਹੀਂ ਲਿਖੇਗਾ ਸਗੋਂ ਦਿਮਾਗ਼ ਦੀ ਸਹੀ ਵਰਤੋਂ ਕਰ ਕੇ, ਹਰ ਨਵੀਂ ਗੱਲ ਅਤੇ ਨਵੇਂ ਵਿਚਾਰ ਨੂੰ ਚੰਗੀ ਤਰ੍ਹਾਂ ਸੋਚੇ, ਵਿਚਾਰੇਗਾ ਤੇ ਫਿਰ ਦਲੀਲ-ਯੁਕਤ ਉੱਤਰ ਦੇਵੇਗਾ। ਗੁਰੂ ਨਾਨਕ ਜੀ ਨੇ ਦਲੀਲ ਨਾਲ ਵੱਡੇ ਵੱਡੇ ਖ਼ੱਬੀ ਖ਼ਾਨਾਂ ਨੂੰ ਜਿੱਤ ਕੇ ਵਿਖਾਇਆ ਸੀ ਕਿਉਂਕਿ ਉਹ ਦਿਮਾਗ਼ ਦੀ ਵਰਤੋਂ ਕਰਦੇ ਸਨ। ਗੁਰੂ ਨਾਨਕ ਜੀ ਦੇ ਸਿੱਖ ਵੀ ਉਸ ਰਾਹ ’ਤੇ ਚਲ ਕੇ ਹੀ ਸੰਸਾਰ ਵਿਚ ਅਪਣੀ ਥਾਂ ਬਣਾ ਸਕਣਗੇ। ਤਲਵਾਰ ਨਾਲ ਜਿੱਤ ਪ੍ਰਾਪਤ ਕਰਨ ਦੇ ਦਿਨ ਬੀਤ ਚੁੱਕੇ ਹਨ। ਜੇ ਉਹ ਦਿਨ ਫਿਰ ਤੋਂ ਆ ਗਏ ਤਾਂ ਤਲਵਾਰ ਵੀ ਵਰਤ ਲਵਾਂਗੇ ਪਰ ਇਸ ਵੇਲੇ ਦਿਮਾਗ਼ ਨੂੰ ਵਰਤਣ ਦੀ ਲੋੜ ਜ਼ਿਆਦਾ ਹੈ। ਜਿਹੜੀਆਂ ਕੌਮਾਂ ਨੂੰ ਦਿਮਾਗ਼ ਦੀ ਵਰਤੋਂ ਕਰਨੀ ਆਉਂਦੀ ਹੈ, ਉਹ ਦੁਨੀਆਂ ਨੂੰ ਅਪਣੇ ਪਿੱਛੇ ਲਾਈ ਫਿਰਦੀਆਂ ਹਨ। ਜਿਹੜੀਆਂ ਕੌਮਾਂ ਬੀਤੇ ਵਿਚ ਤਲਵਾਰ ਨਾਲ ਹੀ ਫ਼ਤਹਿ ਪ੍ਰਾਪਤ ਕਰਦੀਆਂ ਰਹੀਆਂ ਸਨ ਪਰ ਅੱਜ ਦਿਮਾਗ਼ ਦੀ ਵਰਤੋਂ ਨਹੀਂ ਕਰ ਸਕਦੀਆਂ, ਉਹ ਹਾਰੀਆਂ ਹੋਈਆਂ ਕੌਮਾਂ ਵਾਂਗ, ਮੂੰਹ ਸਿਰ ਛੁਪਾਈ, ਕਿਸੇ ਹਨੇਰੀ ਗੁਠ ਵਿਚ ਸਿਮਟੀਆਂ ਬੈਠੀਆਂ ਹਨ ਜਾਂ ਇਤਿਹਾਸ ਦੇ ਹਨੇਰੇ ਵਿਚ ਅਲੋਪ ਹੋ ਜਾਣ ਦੀ ਤਿਆਰੀ ਕਰੀ ਬੈਠੀਆਂ ਹਨ।
(31 ਜਨਵਰੀ 2007, ਸਪੋਕਸਮੈਨ)