
ਜਦੋਂ ਦਾ 'ਰੋਜ਼ਾਨਾ ਸਪੋਕਸਮੈਨ' ਸ਼ੁਰੂ ਹੋਇਆ ਹੈ, ਮੈਂ ਇਕ ਦਿਨ ਦੀ ਵੀ ਛੁੱਟੀ ਨਹੀਂ ਕੀਤੀ, ਨਾ ਕਿਤੇ ਬਾਹਰ ਜਾਣ ਦੀ ਹੀ ਸੋਚ ਸਕਿਆ ਸੀ। ਅਖ਼ਬਾਰ ਦਾ ਸੰਪਾਦਕੀ ਪੰਨਾ
ਜਦੋਂ ਦਾ 'ਰੋਜ਼ਾਨਾ ਸਪੋਕਸਮੈਨ' ਸ਼ੁਰੂ ਹੋਇਆ ਹੈ, ਮੈਂ ਇਕ ਦਿਨ ਦੀ ਵੀ ਛੁੱਟੀ ਨਹੀਂ ਕੀਤੀ, ਨਾ ਕਿਤੇ ਬਾਹਰ ਜਾਣ ਦੀ ਹੀ ਸੋਚ ਸਕਿਆ ਸੀ। ਅਖ਼ਬਾਰ ਦਾ ਸੰਪਾਦਕੀ ਪੰਨਾ, ਪੂਰਾ ਦਾ ਪੂਰਾ ਮੈਂ ਆਪ ਤਿਆਰ ਕਰਦਾ ਹਾਂ ਤੇ ਕਿਸੇ ਅਦਾਲਤ ਵਿਚ ਪੇਸ਼ੀ ਭੁਗਤਣ ਲਈ ਵੀ ਜਾਣਾ ਹੋਵੇ ਤਾਂ ਇਕ ਦਿਨ ਪਹਿਲਾਂ, ਦੋ ਦਿਨ ਦਾ ਸੰਪਾਦਕੀ ਪੰਨਾ ਤਿਆਰ ਕਰ ਕੇ ਦੇਣਾ ਪੈਂਦਾ ਹੈ।
Rozana Spokesman
ਵਾਪਸ ਆ ਕੇ ਡਾਕ ਦਾ ਢੇਰ ਵੱਖ ਲੱਗਾ ਹੁੰਦਾ ਹੈ ਜਿਸ ਨੂੰ ਪੜ੍ਹਨਾ ਵੀ ਹੁੰਦਾ ਹੈ ਤੇ ਉਸ ਉਤੇ ਕਾਰਵਾਈ ਵੀ ਕਰਨੀ ਹੁੰਦੀ ਹੈ। ਸੋ ਵਾਪਸ ਆ ਕੇ ਵੀ ਦੋ ਦਿਨ ਦੁਗਣਾ ਕੰਮ ਕਰਨਾ ਪੈਂਦਾ ਹੈ। ਨਤੀਜੇ ਵਜੋਂ, ਬਾਹਰ ਜਾਣ ਦੀ ਹਿੰਮਤ ਹੀ ਨਹੀਂ ਪੈਂਦੀ। ਭਾਵੇਂ ਬੁਖ਼ਾਰ ਚੜ੍ਹਿਆ ਹੋਵੇ ਤੇ ਭਾਵੇਂ ਉਂਜ ਤਬੀਅਤ ਢਿੱਲੀ ਹੋਵੇ, ਚੰਡੀਗੜ੍ਹ ਵਿਚ ਬੈਠ ਕੇ ਤਾਂ ਸਵੇਰੇ ਪੰਜ ਵਜੇ ਤੋਂ ਸ਼ੁਰੂ ਹੋ ਕੇ, ਰਾਤ 11 ਵਜੇ ਤਕ, ਅਖ਼ਬਾਰ ਦੇ ਕੰਮ ਤੋਂ ਵਿਹਲਿਆਂ ਹੋਇਆ ਹੀ ਨਹੀਂ ਜਾ ਸਕਦਾ।
File Photo
ਬਚਪਨ ਤੋਂ ਪੰਜਾਬੀ ਅਖ਼ਬਾਰਾਂ ਪੜ੍ਹਦਾ ਆ ਰਿਹਾ ਹਾਂ ਤੇ ਸਾਰੀਆਂ ਹੀ ਪੰਜਾਬੀ ਅਖ਼ਬਾਰਾਂ ਦੇ ਸੰਪਾਦਕੀ ਪੜ੍ਹ ਕੇ ਮੈਨੂੰ ਬਹੁਤ ਨਿਰਾਸ਼ਾ ਹੁੰਦੀ ਸੀ। ਟਾਈਮਜ਼ ਆਫ਼ ਇੰਡੀਆ ਦੇ ਸੁਰਗਵਾਸੀ ਐਡੀਟਰ ਫ਼ਰੈਂਕ ਮੋਰੇਸ ਦੇ ਲੇਖ ਪੜ੍ਹਦਾ ਸੀ ਤਾਂ ਦਿਲ ਖ਼ੁਸ਼ ਹੋ ਜਾਂਦਾ ਸੀ। ਮੇਰਾ ਦਿਲ ਕਰਦਾ ਹੁੰਦਾ ਸੀ ਕਿ ਪੰਜਾਬੀ ਅਖ਼ਬਾਰਾਂ ਦੇ ਐਡੀਟਰਾਂ ਨੂੰ ਵੀ ਇਸੇ ਤਰ੍ਹਾਂ ਗਿਆਨ-ਭਰਪੂਰ ਤੇ ਹਰ ਸੱਤਰ, ਹਰ ਅੱਖਰ ਦਾ ਧਿਆਨ ਰੱਖ ਕੇ ਸੰਪਾਦਕੀ ਅਤੇ ਦੂਜੇ ਲੇਖ ਲਿਖਣੇ ਚਾਹੀਦੇ ਹਨ।
ਪਰ ਫ਼ਰੈਂਕ ਮੋਰੇਸ ਵਰਗਾ ਲਿਖਣ ਲਈ, ਬਹੁਤ ਪੜ੍ਹਨਾ ਪੈਂਦਾ ਹੈ ਤੇ ਅਪਣੇ ਲਿਖੇ ਇਕ ਇਕ ਵਾਕ ਨੂੰ 'ਧਰਮ ਕਾਂਟੇ' ਤੇ ਰੱਖ ਕੇ ਤੋਲਣਾ ਪੈਂਦਾ ਹੈ। ਪੰਜਾਬੀ ਅਖ਼ਬਾਰਾਂ ਦੇ ਸੰਪਾਦਕੀਆਂ ਵਿਚ 'ਬਹੁਤ ਚੰਗਾ ਹੋ ਗਿਆ', 'ਬਹੁਤ ਮਾੜਾ ਹੋ ਗਿਆ', 'ਚੰਗੀਆਂ ਸੰਭਾਵਨਾਵਾਂ ਉਜਾਗਰ ਹੋਈਆਂ', 'ਨਿਰਾਸ਼ਾ ਦੇ ਬੱਦਲ ਛਾਏ' ਵਰਗੇ ਫ਼ਿਕਰਿਆਂ ਨਾਲ ਹੀ ਮਹੱਤਵਪੂਰਨ ਮਾਮਲਿਆਂ ਦਾ ਨਿਪਟਾਰਾ ਕਰ ਦਿਤਾ ਜਾਂਦਾ ਸੀ ਤੇ ਅਜੇ ਵੀ ਹਾਲਤ ਵਿਚ ਕੋਈ ਵੱਡੀ ਤਬਦੀਲੀ ਨਹੀਂ ਆਈ।
File Photo
ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਫ਼ਰੈਂਕ ਮੋਰੇਸ ਵਾਂਗ ਹੀ, ਜਿਸ ਵਿਸ਼ੇ ਤੇ ਲਿਖਣਾ ਹੈ, ਉਸ ਵਿਸ਼ੇ ਤੇ ਹਰ ਪ੍ਰਕਾਰ ਦੀ ਜਾਣਕਾਰੀ ਪਹਿਲਾਂ ਇਕੱਤਰ ਕਰ ਲਵਾਂ। ਕਈ ਵਾਰ ਸੰਪਾਦਕੀ ਲਿਖਦੇ ਲਿਖਦੇ ਜਦੋਂ ਮਹਿਸੂਸ ਹੁੰਦਾ ਹੈ ਕਿ ਕੁੱਝ ਅੰਕੜੇ ਜਾਂ ਤੱਥ ਮੁਕੰਮਲ ਨਹੀਂ, ਤਾਂ ਮੈਂ ਅੱਧਾ ਲਿਖਿਆ ਸੰਪਾਦਕੀ ਵੀ ਅਧਵਾਟੇ ਛੱਡ ਕੇ, ਕਿਸੇ ਦੂਜੇ ਵਿਸ਼ੇ ਤੇ ਲਿਖਣਾ ਸ਼ੁਰੂ ਕਰ ਦੇਂਦਾ ਹਾਂ। ਗ਼ਲਤ, ਅਧੂਰੀ ਜਾਂ ਗੋਲਮੋਲ ਜਹੀ ਜਾਣਕਾਰੀ ਦੇਣਾ ਮੈਂ ਪਾਠਕਾਂ ਨਾਲ ਕੀਤਾ ਗਿਆ ਇਕ ਗੁਨਾਹ ਜਾਂ ਉੁਨ੍ਹਾਂ ਅੱਗੇ ਅੱਧ ਪੱਕੀ ਦਾਲ ਅਤੇ ਕੱਚੀਆਂ ਰੋਟੀਆਂ ਪਰੋਸਣ ਵਰਗੀ ਗੱਲ ਸਮਝਦਾ ਹਾਂ।
ਗੱਲ ਦੂਜੇ ਪਾਸੇ ਚਲੀ ਗਈ। ਦਸਣਾ ਮੈਂ ਕੇਵਲ ਇਹ ਸੀ ਕਿ ਅਖ਼ਬਾਰ ਦੇ ਇਕ ਪੰਨੇ ਦੀ ਸਾਰੀ ਜ਼ਿੰਮੇਵਾਰੀ ਅਪਣੇ ਉਤੇ ਲੈ ਕੇ, ਮੈਂ ਕੰਮ ਵਿਚ ਏਨਾ ਫਸਿਆ ਰਹਿੰਦਾ ਹਾਂ ਕਿ ਤਿੰਨ ਸਾਲਾਂ ਵਿਚ ਇਕ ਵੀ ਛੁੱਟੀ ਕਰਨ ਦੀ ਕਦੇ ਨਾ ਸੋਚ ਸਕਿਆ। ਜੇ ਕਦੇ, ਅਖ਼ਬਾਰ ਦੇ ਕੰਮ ਤੇ, ਬਾਹਰ ਜਾਣਾ ਵੀ ਪਿਆ ਤਾਂ ਜਾਣ ਤੋਂ ਪਹਿਲਾਂ ਵੀ ਤੇ ਵਾਪਸ ਪਰਤਣ ਤੇ ਵੀ, ਦੁਗਣਾ ਕੰਮ ਕਰਨਾ ਪਿਆ।
DARBAR SAHIB
ਪਰ ਇਸ ਵਾਰ ਮੇਰੀ ਬੇਟੀ, ਜਿਸ ਨੂੰ ਮੇਰੀ ਸਿਹਤ ਦੀ ਬਹੁਤ ਚਿੰਤਾ ਲੱਗੀ ਰਹਿੰਦੀ ਹੈ ਤੇ ਏਨਾ ਜ਼ਿਆਦਾ ਕੰਮ ਕਰਦਿਆਂ ਵੇਖ ਕੇ, ਮੇਰੇ ਨਾਲ ਗੁੱਸੇ ਹੁੰਦੀ ਰਹਿੰਦੀ ਹੈ, ਨੇ ਮੈਨੂੰ ਪਹਿਲੀ ਵਾਰ ਤਿੰਨ ਛੁੱਟੀਆਂ ਕਰਨ ਲਈ ਮਜਬੂਰ ਕਰ ਦਿਤਾ। ਉਹਨੇ ਟਿਕਟਾਂ ਲੈ ਕੇ ਭੇਜ ਦਿਤੀਆਂ ਤੇ ਅਪਣਾ 'ਹੁਕਮਨਾਮਾ' ਜਾਰੀ ਕਰ ਦਿਤਾ ਕਿ 'ਇਸ ਵਾਰ ਤੁਹਾਨੂੰ ਆਉਣਾ ਹੀ ਪਵੇਗਾ ਤੇ ਕੋਈ ਬਹਾਨਾ ਨਹੀਂ ਸੁਣਾਂਗੀ।'
File Photo
ਸਨਿੱਚਰਵਾਰ ਬੰਬਈ ਲਈ ਰਵਾਨਾ ਹੋਣਾ ਸੀ ਤੇ ਸੋਮਵਾਰ ਵਾਪਸ ਆਉਣਾ ਸੀ। ਵੀਰ, ਸ਼ੁੱਕਰ ਦੋ ਦਿਨ ਮੈਂ 'ਡਬਲ ਸ਼ਿਫ਼ਟ' ਲਾ ਕੇ, ਸਨਿੱਚਰਵਾਰ, ਐਤਵਾਰ, ਸੋਮਵਾਰ ਤੇ ਮੰਗਲਵਾਰ ਦੇ ਸੰਪਾਦਕੀ ਪੰਨੇ ਪੂਰੀ ਤਰ੍ਹਾਂ ਤਿਆਰ ਕਰ ਕੇ ਦੇ ਦਿਤੇ ਤਾਕਿ ਮੇਰੀ ਗ਼ੈਰ-ਹਾਜ਼ਰੀ ਵਿਚ, ਇਨ੍ਹਾਂ ਨੂੰ ਇਨ ਬਿਨ ਵਰਤਿਆ ਜਾ ਸਕੇ। ਮੈਂ ਹਦਾਇਤ ਦੇ ਦਿਤੀ ਕਿ ਜੇ ਕਿਸੇ ਤਬਦੀਲੀ ਦੀ ਲੋੜ ਪਈ ਤਾਂ ਮੈਂ ਫ਼ੋਨ ਤੇ ਲਿਖਵਾ ਦਿਆਂਗਾ। ਮੁੰਬਈ ਵਿਚ ਮੈਂ 'ਰੋਜ਼ਾਨਾ ਸਪੋਕਸਮੈਨ' ਦੀ ਵੈੱਬਸਾਈਟ 'ਤੇ, ਤਾਜ਼ਾ ਪਰਚਾ ਵੇਖ ਲੈਂਦਾ ਸੀ।
ਮੁੰਬਈ ਵਿਚ ਸੜਕਾਂ ਤੇ ਕਾਰ ਘੁਮਾਉਂਦਿਆਂ ਉਸ ਮਰਾਠਾ ਸ਼ਹਿਰ ਦਾ ਮੁਕਾਬਲਾ, ਪੰਜਾਬ ਨਾਲ ਕਰਨ ਨੂੰ ਐਵੇਂ ਮਨ ਕਰ ਆਉਂਦਾ ਸੀ। ਮੁੰਬਈ ਨੂੰ ਹਿੰਦੁਸਤਾਨ ਦੀ 'ਆਰਥਕ ਰਾਜਧਾਨੀ' ਕਿਹਾ ਜਾਂਦਾ ਹੈ ਤੇ ਹਿੰਦੁਸਤਾਨ ਦੇ ਹਰ ਰਾਜ ਤੋਂ ਆ ਕੇ ਲੋਕ ਉਥੇ ਰਹਿੰਦੇ ਹਨ। ਵਿਦੇਸ਼ੀ ਵੀ ਆਮ ਵੇਖਣ ਨੂੰ ਮਿਲਦੇ ਹਨ। ਹਿੰਦੁਸਤਾਨ ਦੀ ਹਰ ਭਾਸ਼ਾ ਬੋਲਣ ਵਾਲੇ ਲੋਕ ਤੁਹਾਨੂੰ ਉਥੇ ਕਾਰੋਬਾਰ ਕਰਦੇ ਮਿਲ ਜਾਂਦੇ ਹਨ। ਪੰਜਾਬੀਆਂ ਅਤੇ ਸਿੱਖਾਂ ਦਾ ਵੀ ਚੰਗਾ ਦਬਦਬਾ ਹੈ। ਪਰ ਜਿਹੜੀ ਗੱਲ ਵਲ ਧਿਆਨ ਦਿਵਾਉਣ ਜਾ ਰਿਹਾ ਹਾਂ,
Rozana Spokesman
ਉਹ ਇਹ ਹੈ ਕਿ ਸਾਰੀ ਮੁੰਬਈ ਵਿਚ ਇਕ ਵੀ ਦੁਕਾਨ ਜਾਂ ਦਫ਼ਤਰ ਦਾ ਬੋਰਡ ਅਜਿਹਾ ਨਹੀਂ ਮਿਲਦਾ ਜਿਸ ਉਤੇ ਨਾਂ ਮਰਾਠੀ ਵਿਚ ਨਾ ਲਿਖਿਆ ਹੋਵੇ। ਸਾਡੀ ਕਾਰ ਮੁੰਬਈ ਦੀਆਂ ਸੜਕਾਂ ਉਤੇ ਦੌੜਦੀ ਜਾ ਰਹੀ ਸੀ ਤੇ ਮੈਂ ਬਾਹਰ ਦੁਕਾਨਾਂ, ਦਫ਼ਤਰਾਂ ਦੇ ਮੱਥਿਆਂ ਉਤੇ ਲੱਗੇ ਬੋਰਡ ਵੇਖ ਰਿਹਾ ਸੀ। ਜਗਜੀਤ ਨੇ ਮੇਰੇ ਨਾਲ ਕੋਈ ਗੱਲ ਕਰਨੀ ਚਾਹੀ ਪਰ ਮੈਂ ਕਿਹਾ, ਮੈਨੂੰ ਅਜੇ ਨਾ ਬੁਲਾਉ, ਮੈਂ ਕੋਈ ਜ਼ਰੂਰੀ ਚੀਜ਼ ਵੇਖ ਰਿਹਾ ਹਾਂ।
ਜ਼ਰੂਰੀ ਚੀਜ਼ ਇਹੀ ਸੀ ਕਿ ਮੈਂ ਵੇਖਣਾ ਚਾਹੁੰਦਾ ਸੀ ਕਿ ਕਿਸੇ ਇਕ ਵੀ ਦੁਕਾਨ ਦੇ ਬਾਹਰ, ਮਰਾਠੀ ਦੀ ਬਜਾਏ ਸ਼ਾਇਦ ਕਿਸੇ ਹੋਰ ਭਾਸ਼ਾ ਦਾ ਬੋਰਡ ਲੱਭ ਜਾਏ। ਨਹੀਂ, ਮੈਨੂੰ ਅਜਿਹਾ ਇਕ ਵੀ ਬੋਰਡ ਨਾ ਮਿਲ ਸਕਿਆ। ਇਹ ਨਹੀਂ ਕਿ ਦੂਜੀਆਂ ਭਾਸ਼ਾਵਾਂ ਵਿਚ ਲਿਖਣਾ ਹੀ ਮਨ੍ਹਾਂ ਹੈ ਪਰ ਪਹਿਲੀ ਭਾਸ਼ਾ ਮਰਾਠੀ ਹੀ ਹੋਣੀ ਚਾਹੀਦੀ ਹੈ ਤੇ ਮੋਟੇ ਅੱਖਰਾਂ ਵਿਚ ਨਾਂ ਮਰਾਠੀ ਵਿਚ ਹੀ ਲਿਖਿਆ ਹੋਣਾ ਚਾਹੀਦਾ ਹੈ।
File Photo
ਉਸ ਦੇ ਹੇਠਾਂ ਛੋਟੇ ਅੱਖਰਾਂ ਵਿਚ ਤੁਸੀਂ ਅੰਗ੍ਰੇਜ਼ੀ, ਹਿੰਦੀ, ਪੰਜਾਬੀ, ਬੰਗਾਲੀ ਅਰਥਾਤ ਕਿਸੇ ਵੀ ਭਾਸ਼ਾ ਵਿਚ ਲਿਖ ਲਉ, ਸੱਭ ਪ੍ਰਵਾਨ ਹੈ ਪਰ ਹਰ ਬੋਰਡ ਉਤੇ ਪਹਿਲੀ ਤੇ ਮੋਟੇ ਅੱਖਰਾਂ ਵਾਲੀ ਭਾਸ਼ਾ ਮਰਾਠੀ ਹੋਣੀ ਜ਼ਰੂਰੀ ਹੈ। ਦੂਜੀ ਕਿਸੇ ਭਾਸ਼ਾ ਦੇ ਅੱਖਰ, ਮਰਾਠੀ ਭਾਸ਼ਾ ਦੇ ਅੱਖਰਾਂ ਦੇ ਮੁਕਾਬਲੇ, ਛੋਟੇ ਹੀ ਹੋਣੇ ਚਾਹੀਦੇ ਹਨ।
ਇਹੀ ਕੁੱਝ ਸਾਨੂੰ ਪੰਜਾਬ ਵਿਚ ਵੀ ਕਰਨਾ ਚਾਹੀਦਾ ਹੈ।
ਭਾਸ਼ਾਈ ਸੂਬੇ ਬਨਾਉਣ ਦੀ ਲੋੜ ਹੀ ਕੀ ਹੈ ਜੇ ਪੰਜਾਬ ਦੇ ਕਿਸੇ ਸ਼ਹਿਰ ਦਾ ਪੂਰਾ ਚੱਕਰ ਲਾਉਣ ਮਗਰੋਂ ਵੀ ਤੁਹਾਨੂੰ ਪੰਜਾਬੀ ਵਿਚ ਲਿਖਿਆ ਕੋਈ ਬੋਰਡ ਹੀ ਨਜ਼ਰ ਨਾ ਆਵੇ? 95 ਫ਼ੀ ਸਦੀ ਬੋਰਡ ਇਥੇ ਅੰਗਰੇਜ਼ੀ ਵਿਚ ਲਿਖੇ ਹੁੰਦੇ ਹਨ, ਜਿਵੇਂ ਕਿ ਇਹ ਪੰਜਾਬੀਆਂ ਦਾ ਨਹੀਂ, ਅੰਗਰੇਜ਼ਾਂ ਦਾ ਸੂਬਾ ਹੋਵੇ। ਸਕੂਲਾਂ ਵਿਚ ਪੰਜਾਬੀ ਨੂੰ 'ਘਰ ਦੀ ਮੁਰਗੀ ਦਾਲ ਬਰਾਬਰ' ਸਮਝ ਕੇ ਹੀ 'ਪੜ੍ਹਾਇਆ' ਜਾਂਦਾ ਹੈ।
CBSE
ਪ੍ਰਾਈਵੇਟ ਸਕੂਲਾਂ ਨੂੰ ਸੀ.ਬੀ.ਐਸ.ਈ. ਅਧੀਨ ਹੋਣ ਦੀ ਜਿਹੜੀ ਖੁੱਲ੍ਹ ਦਿਤੀ ਗਈ ਹੈ, ਉਸ ਦਾ ਫ਼ਾਇਦਾ ਉਠਾ ਕੇ ਪੰਜਾਬ ਵਿਚ ਵੀ ਹਿੰਦੀ ਦਾ ਹੱਥ ਉਪਰ ਰੱਖਣ ਦਾ ਰਾਹ ਖੋਲ੍ਹ ਦਿਤਾ ਗਿਆ ਹੈ। ਜਿਹੜੇ ਲੋਕ ਬਾਹਵਾਂ ਉਲਾਰ ਉਲਾਰ ਕੇ, ਪੰਜਾਬੀ ਭਾਸ਼ਾ ਦਾ ਸੂਬਾ ਮੰਗਦੇ ਰਹੇ ਸਨ, ਉਨ੍ਹਾਂ ਦੇ ਵਜ਼ੀਰਾਂ ਦਾ ਵੀ ਇਹ ਹਾਲ ਹੈ ਕਿ ਉਨ੍ਹਾਂ ਨੂੰ ਨਾ ਤਾਂ ਸ਼ੁਧ ਪੰਜਾਬੀ ਬੋਲਣੀ ਆਉਂਦੀ ਹੈ, ਨਾ ਲਿਖਣੀ।
ਅਤੇ ਸੱਭ ਤੋਂ ਮਾੜੀ ਗੱਲ ਇਹ ਕਿ ਉਨ੍ਹਾਂ ਦੀ ਸੋਚ ਵਿਚੋਂ ਹੀ ਪੰਜਾਬੀ ਗੁੰਮ ਹੋ ਚੁੱਕੀ ਹੈ। ਉਨ੍ਹਾਂ ਦੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹੇ ਬੱਚਿਆਂ ਬਾਰੇ ਤਾਂ ਗੱਲ ਨਾ ਹੀ ਕਰੀਏ ਤਾਂ ਠੀਕ ਰਹੇਗਾ। 21 ਦਸੰਬਰ ਦੇ ਸਮਾਗਮ ਵਿਚ ਜਿਨ੍ਹਾਂ ਨੇ ਅਮੀਨ ਮਲਿਕ ਦੀ ਤਕਰੀਰ ਸੁਣੀ ਸੀ, ਉਨ੍ਹਾਂ ਦੇ ਕੰਨਾਂ ਵਿਚ ਅੱਜ ਵੀ ਉਸ ਦਾ ਉਹ ਕਥਨ ਗੂੰਜਦਾ ਹੋਵੇਗਾ, ''ਤੁਸੀਂ ਆਂਹਦੇ ਹੁੰਦੇ ਸੀ ਪੰਜਾਬੀ ਨਾਲ ਧੱਕਾ ਹੋ ਰਿਹੈ, ਇਸ ਲਈ ਪੰਜਾਬੀ ਸੂਬਾ ਲੈਣਾ ਜ਼ਰੂਰੀ ਏ। ਤੁਸੀ ਸੂਬਾ ਤਾਂ ਲੈ ਲਿਆ ਪਰ ਇਸ ਵਿਚ ਪੰਜਾਬੀ ਕਿਥੇ ਜੇ?
Punjabi Language
ਅੰਮ੍ਰਿਤਸਰ ਦੇ ਸਕੂਲ ਵਿਚ ਪੰਜਾਬੀ ਵਿਚ ਗੱਲ ਕਰਨ ਵਾਲੇ ਬੱਚੇ ਨੂੰ ਸਜ਼ਾ ਦਿਤੀ ਜਾਂਦੀ ਏ। ਓਏ ਕਾਹਨੂੰ ਕਮਾ ਰਹੇ ਓ ਅਪਣੀ ਮਾਂ ਨਾਲ ਦਗ਼ਾ?'' ਮੁੰਬਈ ਜਾ ਕੇ ਅਤੇ ਤਿੰਨ ਦਿਨ ਮਰਾਠਿਆਂ ਵਿਚ ਰਹਿ ਕੇ, ਸ਼ਿੱਦਤ ਨਾਲ ਮਹਿਸੂਸ ਹੋਣ ਲੱਗਾ ਕਿ ਸਚਮੁਚ ਅਸੀ ਪੰਜਾਬੀ ਨੂੰ ਪ੍ਰੇਮ ਕਰਨ ਦਾ ਦਾਅਵਾ ਕਰਨ ਵਾਲੇ ਤਾਂ ਨਿਰੇ ਬੇਈਮਾਨ ਲੋਕ ਹੀ ਹਾਂ। ਇਸੇ ਲਈ ਤਾਂ ਯੂ.ਐਨ.ਓ. ਵਾਲੇ ਕਹਿ ਰਹੇ ਨੇ, ਅਗਲੇ 50 ਸਾਲਾਂ ਵਿਚ ਜਿਹੜੀਆਂ ਭਾਸ਼ਾਵਾਂ ਮਰ ਜਾਣਗੀਆਂ, ਪੰਜਾਬੀ ਵੀ ਉੁਨ੍ਹਾਂ ਵਿਚੋਂ ਇਕ ਹੋਵੇਗੀ।
ਪੰਜਾਬੀ ਸੂਬਾ ਬਣਨ ਤੋਂ ਪਹਿਲਾਂ, ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਮਾ. ਤਾਰਾ ਸਿੰਘ, ਅਪਣੇ ਸਾਥੀਆਂ ਨਾਲ, ਆਪ ਪੇਂਟ ਅਤੇ ਬੁਰਸ਼ ਹੱਥਾਂ ਵਿਚ ਫੜ ਕੇ, ਉਨ੍ਹਾਂ ਬੋਰਡਾਂ ਉਤੇ ਫੇਰਦੇ ਹੁੰਦੇ ਸਨ ਜਿਨ੍ਹਾਂ ਉਤੇ ਨਾਂ ਪੰਜਾਬੀ ਵਿਚ ਨਹੀਂ ਸਨ ਲਿਖੇ ਹੁੰਦੇ। ਉਨ੍ਹਾਂ ਦੀ ਮੰਗ ਹੁੰਦੀ ਸੀ ਕਿ ਸਾਰੇ ਬੋਰਡ ਪੰਜਾਬੀ ਵਿਚ ਲਿਖੇ ਜਾਣੇ ਚਾਹੀਦੇ ਹਨ। ਹੁਣ ਜਦ ਪੰਜਾਬੀ ਸੂਬਾ ਬਣ ਗਿਆ ਹੈ ਤੇ ਅਕਾਲੀ ਹੀ ਰਾਜ ਭਾਗ ਦੇ ਮਾਲਕ ਹਨ ਤਾਂ ਸਾਰੇ ਪੰਜਾਬ ਵਿਚ ਕਿਧਰੇ ਵੀ ਪੰਜਾਬੀ ਵਿਚ ਲਿਖਿਆ ਬੋਰਡ ਨਹੀਂ ਮਿਲਦਾ ਪਰ ਉਨ੍ਹਾਂ ਨੂੰ ਕਦੇ ਖ਼ਿਆਲ ਹੀ ਨਹੀਂ ਆਇਆ ਕਿ ਇਹ ਕੰਮ ਵੀ ਉਨ੍ਹਾਂ ਨੇ ਕਰਨ ਦਾ ਕਦੇ ਅਹਿਦ ਲਿਆ ਸੀ।
BJP
ਹੁਣ ਜੇ ਕੋਈ ਦੂਜਾ ਵੀ ਉਨ੍ਹਾਂ ਨੂੰ ਯਾਦ ਕਰਾਵੇ ਤਾਂ ਉਹ ਕਹਿ ਦੇਣਗੇ, ''ਛੱਡੋ ਜੀ, ਵੱਡਾ ਦਿਲ ਕਰਨਾ ਚਾਹੀਦਾ ਹੈ। ਨਾਲੇ ਐਵੇਂ ਬੀ.ਜੇ.ਪੀ. ਵਾਲਿਆਂ ਨੂੰ ਕਾਹਨੂੰ ਨਰਾਜ਼ ਕਰੀਏ?'' ਜੇ ਬੀ.ਜੇ.ਪੀ. ਵਾਲਿਆਂ ਨੂੰ ਨਾਰਾਜ਼ ਨਾ ਕਰਨਾ ਹੀ ਉਨ੍ਹਾਂ ਦੀ ਸੱਭ ਤੋਂ ਵੱਡੀ ਨੀਤੀ ਹੋਣੀ ਸੀ ਤਾਂ ਪੰਜਾਬੀ ਸੂਬਾ ਹੀ ਕਾਹਨੂੰ ਲੈਣਾ ਸੀ? ਪੰਜਾਬੀ ਸੂਬਾ ਨਾ ਮੰਗਦੇ ਤਾਂ ਬੀ.ਜੇ.ਪੀ. ਵਾਲੇ ਤਾਂ ਖ਼ੁਸ਼ ਹੀ ਖ਼ੁਸ਼ ਸਨ।
ਅਸੀ ਜ਼ਿਕਰ ਕਰ ਰਹੇ ਸੀ ਕਿ ਪੰਜਾਬੀ ਦਾ ਨਾਂ ਲੈ ਕੇ, ਹਕੂਮਤ ਦੀਆਂ ਗੱਦੀਆਂ ਤਕ ਪਹੁੰਚਣ ਵਾਲੇ ਅਕਾਲੀਆਂ ਦਾ ਪੰਜਾਬੀ ਪ੍ਰਤੀ ਅੱਜ ਦਾ ਵਤੀਰਾ ਵੇਖ ਕੇ, ਕਈ ਲੋਕ ਕਹਿਣ ਲੱਗ ਪਏ ਹਨ ਕਿ ਪੰਜਾਬੀ ਭਾਸ਼ਾ ਛੇਤੀ ਹੀ ਮਰ ਜਾਏਗੀ। ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਸੀ.ਬੀ.ਐਸ.ਈ. ਨਾਲ ਜੁੜਨ ਦੀ ਖੁਲ੍ਹ ਦੇ ਕੇ ਅਤੇ ਸਰਕਾਰੀ ਸਕੂਲਾਂ ਨੂੰ ਬੰਦ ਹੋਣ ਵਾਲੀ ਹਾਲਤ ਵਿਚ ਪਹੁੰਚਾ ਕੇ ਜਾਂ ਵਿਦਿਆ ਦੇ ਮੰਦਰ ਵਜੋਂ ਅਤਿ ਦੇ ਪਛੜੇ ਹੋਏ ਸਕੂਲ ਬਣਾ ਕੇ, ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਤੇ ਹਿੰਦੀ ਦੇ ਨੇੜੇ ਕਰਨ ਦਾ ਰਾਹ ਵੀ ਖੋਲ੍ਹ ਦਿਤਾ ਗਿਆ ਹੈ
Spokesman
ਹਾਲਾਂਕਿ ਸੰਵਿਧਾਨ ਅਨੁਸਾਰ, ਸਿਖਿਆ, ਰਾਜਾਂ ਦੇ ਅਧਿਕਾਰ ਖੇਤਰ ਵਿਚ ਆਉਂਦੀ ਹੈ ਤੇ ਕੇਂਦਰ ਇਸ ਵਿਖ ਦਖ਼ਲ ਨਹੀਂ ਦੇ ਸਕਦਾ। ਪਰ ਰਾਜ ਜਦੋਂ ਆਪ ਹੀ ਕੇਂਦਰ ਨੂੰ ਦਖ਼ਲ ਦੇਣ ਲਈ ਸੱਦਾ ਦੇਣ (ਜਿਵੇਂ ਸ. ਬਾਦਲ ਨੇ ਪੰਜਾਬ ਯੂਨੀਵਰਸਿਟੀ ਹੀ ਕੇਂਦਰ ਨੂੰ ਦੇਣ ਦਾ ਫ਼ੈਸਲਾ ਕਰ ਲਿਆ ਸੀ ਤੇ ਜੇ ਰੋਜ਼ਾਨਾ ਸਪੋਕਸਮੈਨ ਆਵਾਜ਼ ਨਾ ਉਠਾਉਂਦਾ ਤਾਂ ਇਹ ਵੀ ਕੇਂਦਰ ਕੋਲ ਚਲੀ ਹੀ ਗਈ ਸੀ) ਅਤੇ ਕੇਂਦਰੀ ਸੰਸਥਾ ਸੀ.ਬੀ.ਐਸ.ਈ. ਨਾਲ ਜੁੜਨ ਦੀ ਖੁਲ੍ਹ ਅਪਣੇ ਸਕੂਲਾਂ ਨੂੰ ਦੇਣ ਲੱਗ ਜਾਣ ਤਾਂ ਕੇਂਦਰ ਸਿਰ ਦੋਸ਼ ਕਿਵੇਂ ਮੜ੍ਹਿਆ ਜਾ ਸਕਦਾ ਹੈ?
ਪੰਜਾਬੀ ਸੂਬਾ ਲੈਣ ਪਿੱਛੇ ਵੀ ਸੱਭ ਤੋਂ ਵੱਡੀ ਦਲੀਲ ਇਹੀ ਸੀ ਕਿ ਜੇ ਇਸ ਭਾਸ਼ਾ ਦਾ ਆਪਣਾ ਰਾਜ ਨਾ ਬਣਾਇਆ ਗਿਆ ਤਾਂ ਸਾਂਝੇ ਪੰਜਾਬ ਦੀ '70 ਫ਼ੀ ਸਦੀ ਹਿੰਦੂ ਬਹੁਗਿਣਤੀ' ਦੇ ਨਾਂ 'ਤੇ ਪੰਜਾਬੀ ਨੂੰ, ਪੰਜਾਬ ਵਿਚ ਵੀ ਖ਼ਤਮ ਕਰ ਦਿਤਾ ਜਾਏਗਾ। ਪਰ ਜੇ 'ਬੀ.ਜੇ.ਪੀ. ਨਾਰਾਜ਼ ਨਾ ਹੋ ਜਾਵੇ' ਦੇ ਨਾਂ ਤੇ, ਪੰਜਾਬੀ ਨੂੰ ਪੰਜਾਬੀ ਸੂਬੇ ਵਿਚ ਵੀ ਸਕੂਲਾਂ, ਦੁਕਾਨਾਂ, ਦਫ਼ਤਰਾਂ, ਹਸਪਤਾਲਾਂ, ਕਾਲਜਾਂ, ਯੂਨੀਵਰਸਿਟੀਆਂ, ਅਦਾਲਤਾਂ ਵਿਚ ਪਹਿਲੀ ਥਾਂ ਨਾ ਦਿਤੀ ਗਈ ਤਾਂ ਵੀ ਤਾਂ ਇਹ ਭਾਸ਼ਾ ਖ਼ਤਮ ਹੋ ਹੀ ਜਾਵੇਗੀ। ਫਿਰ ਫ਼ਾਇਦਾ ਕੀ ਹੋਇਆ ਪੰਜਾਬੀ ਸੂਬਾ ਲੈਣ ਦਾ?
Punjabi language
ਯੂ.ਐਨ.ਓ. ਨੇ ਤਾਂ ਪਹਿਲਾਂ ਹੀ ਕਹਿ ਦਿਤਾ ਹੈ ਕਿ ਅਗਲੇ 50 ਸਾਲਾਂ ਵਿਚ ਜਿਹੜੀਆਂ ਭਾਸ਼ਾਵਾਂ ਮਰ ਜਾਣਗੀਆਂ, ਪੰਜਾਬੀ ਵੀ ਉਨ੍ਹਾਂ ਵਿਚ ਸ਼ਾਮਲ ਹੋਵੇਗੀ। ਯੂ.ਐਨ.ਓ. ਇਸ ਨਤੀਜੇ 'ਤੇ ਇਸ ਲਈ ਪੁੱਜੀ ਕਿਉਂਕਿ ਉਸ ਨੇ ਬਹੁਗਿਣਤੀ ਪੰਜਾਬੀਆਂ (ਪਾਕਿਸਤਾਨ ਦੇ ਪੰਜਾਬੀਆਂ, ਪੰਜਾਬ ਤੋਂ ਬਾਹਰ ਭਾਰਤ ਵਿਚ ਰਹਿੰਦੇ ਪੰਜਾਬੀਆਂ ਤੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ) ਦੀ ਅਪਣੀ ਭਾਸ਼ਾ ਪ੍ਰਤੀ ਬੇਰੁਖ਼ੀ ਨੂੰ ਵੇਖ ਲਿਆ ਸੀ।
ਮੁੰਬਈ ਜਾ ਕੇ ਮੈਨੂੰ ਇਹ ਗੱਲ ਜ਼ੋਰ ਨਾਲ ਚੂੰਢੀਆਂ ਵੱਢਣ ਲੱਗੀ ਕਿ ਅਸੀ ਜਿਹੜੇ ਅਪਣੀ ਭਾਸ਼ਾ ਨੂੰ ਪਿਆਰ ਕਰਨ ਦਾ ਦਾਅਵਾ ਕਰਦੇ ਹਾਂ, ਅਸੀ ਬੇਮੁਖ ਹੋਇਆਂ ਨੂੰ ਵਾਪਸ ਲਿਆਉਣ ਲਈ ਕੀ ਕੀਤਾ ਹੈ ਤੇ ਅਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੁੜੇ ਰਹਿਣ ਲਈ ਕੀ ਕੁੱਝ ਕੀਤਾ ਹੈ? ਜਿਹੜੇ ਅਪਣੀ ਮਾਤ ਭਾਸ਼ਾ ਤੋਂ ਦੂਰ ਚਲੇ ਗਏ ਹਨ, ਉਨ੍ਹਾਂ ਨੂੰ ਤਾਂ ਕੀ ਕਹਿਣਾ ਹੈ ਪਰ ਜਿਹੜੇ ਅਜੇ ਇਸ ਭਾਸ਼ਾ ਨਾਲ ਹੇਜ ਜਤਾਉਂਦੇ ਹਨ, ਆਉ ਉਨ੍ਹਾਂ ਨੂੰ ਲਾਮਬੰਦ ਕਰ ਕੇ, ਕੁੱਝ ਵੱਡੇ ਕੰਮ ਕਰੀਏ ਤਾਕਿ ਦੂਰ ਚਲੇ ਗਿਆਂ 'ਚੋਂ ਵੀ ਕਾਫ਼ੀ ਲੋਕ ਵਾਪਸ ਆ ਜਾਣ ਤੇ ਅਗਲੀ ਪੀੜ੍ਹੀ ਵੀ ਅਪਣੀ ਮਾਤ-ਭਾਸ਼ਾ ਨਾਲ ਜੁੜ ਜਾਏ। ਇਹ ਕੰਮ ਨਿਰਾ ਪੁਰਾ ਅਸੰਭਵ ਤਾਂ ਨਹੀਂ ਹੈ।
File Photo
ਬਲਰਾਜ ਸਾਹਣੀ (ਫ਼ਿਲਮ ਐਕਟਰ ਤੇ ਲੇਖਕ) ਅਤੇ ਬਲਵੰਤ ਗਾਰਗੀ, ਦੋਵੇਂ ਹੀ ਪੰਜਾਬੀ ਨੂੰ 'ਗਵਾਰਾਂ ਦੀ ਭਾਸ਼ਾ' ਕਹਿੰਦੇ ਸਨ ਅਤੇ ਦੋਵੇਂ ਹੀ ਅੰਗਰੇਜ਼ੀ ਵਿਚ ਲਿਖਣਾ ਪਸੰਦ ਕਰਦੇ ਸਨ ਪਰ ਦੋਵੇਂ ਹੀ, ਰਾਬਿੰਦਰ ਨਾਥ ਟੈਗੋਰ ਦੀ ਇਕ ਦਲੀਲ ਸੁਣ ਕੇ ਹੀ, ਮਾਂ ਵਲ ਮੁੜ ਆਏ ਤੇ ਸਾਰੀ ਉਮਰ ਪੰਜਾਬੀ ਦੇ ਉਪਾਸ਼ਕ ਵੀ ਬਣੇ ਰਹੇ ਤੇ ਲੇਖਕ ਵੀ। ਟੈਗਰ ਨੇ ਏਨਾ ਹੀ ਕਿਹਾ ਸੀ, ''ਜੇ ਤੁਹਾਡੀ ਮਾਂ ਬੀਮਾਰ, ਕਮਜ਼ੋਰ ਤੇ ਗੰਦੇ ਕਪੜਿਆਂ ਵਾਲੀ ਹੈ ਤਾਂ ਸੋਹਣੀ, ਜਵਾਨ ਤੇ ਗਹਿਣਿਆਂ, ਚੰਗੇ ਕਪੜਿਆਂ ਵਿਚ ਸਜੀ ਧਜੀ ਵੇਸਵਾ ਨੂੰ ਮਾਂ ਕਹਿ ਲਉਗੇ?''
'ਆਰੀਆ ਸਮਾਜੀ' ਕਰ ਕੇ ਮੰਨਿਆ ਜਾਦਾ ਪੰਜਾਬੀ ਲੇਖਕ ਦੇਵਿੰਦਰ ਸਤਿਆਰਥੀ ਜਦੋਂ ਅਪਣੀ ਪੰਜਾਬੀ ਕਵਿਤਾ ਸੁਣਾਉਣ ਲਈ ਟੈਗੋਰ ਨੂੰ ਮਿਲਿਆ ਤਾਂ ਟੈਗੋਰ ਨੇ ਉਸ ਨੂੰ ਪੁੱਛ ਲਿਆ, ''ਕਈ ਪੜ੍ਹੇ ਲਿਖੇ ਪੰਜਾਬੀ ਹਿੰਦੂ ਮੈਨੂੰ ਮਿਲੇ ਨੇ ਜਿਹੜੇ ਪੰਜਾਬੀ ਵਿਚ ਇਸ ਲਈ ਨਹੀਂ ਲਿਖਣਾ ਚਾਹੁੰਦੇ ਕਿ ਉਨ੍ਹਾਂ ਦੀ ਨਜ਼ਰ ਵਿਚ, ਪੰਜਾਬੀ ਗਵਾਰਾਂ ਦੀ ਬੋਲੀ ਹੈ। ਤੂੰ ਵੀ ਕੱਟੜ ਹਿੰਦੂ ਏਂ? ਤੈਨੂੰ ਪੰਜਾਬੀ ਬੁਰੀ ਨਹੀਂ ਲਗਦੀ?''
File Photo
ਦੇਵਿੰਦਰ ਸਤਿਆਰਥੀ ਬੋਲਿਆ, ''ਮੂਰਖ ਨੇ ਜਿਹੜੇ ਪੰਜਾਬੀ ਨੂੰ ਗਵਾਰਾਂ ਦੀ ਭਾਸ਼ਾ ਕਹਿੰਦੇ ਨੇ। ਇਹ ਤਾਂ ਦੁਨੀਆਂ ਦੀਆਂ ਅਮੀਰ-ਤਰੀਨ ਤੇ ਸੱਭ ਤੋਂ ਚੰਗੀਆਂ ਭਾਸ਼ਾਵਾਂ ਵਿਚੋਂ ਇਕ ਏ। ਇਹ ਵਖਰੀ ਗੱਲ ਹੈ ਕਿ ਦੇਸ਼ ਦੀ ਖੜਗ-ਭੁਜਾ ਹੋਣ ਕਰ ਕੇ, ਪੰਜਾਬੀਆਂ ਨੂੰ ਸਾਹਿਤ ਅਤੇ ਭਾਸ਼ਾ ਵਲੋਂ ਹੱਟ ਕੇ ਤਲਵਾਰ ਵਲ ਮੁੜਨਾ ਪਿਆ ਪਰ ਜਿਉਂ ਹੀ ਉਹ ਸਾਹਿਤ ਵਲ ਮੁੜੇ ਤਾਂ ਦੁਨੀਆਂ ਦਾ ਬੇਹਤਰੀਨ ਸਾਹਿਤ ਪੰਜਾਬੀ ਵਿਚ ਹੀ ਪੈਦਾ ਹੋਵੇਗਾ।''
Rabindranath Tagor
ਟੈਗੋਰ ਨੇ ਕੋਈ ਮਿਸਾਲ ਦੇ ਕੇ ਸਮਝਾਉਣ ਦੀ ਫ਼ਰਮਾਇਸ਼ ਕੀਤੀ ਤਾਂ ਸਤਿਆਰਥੀ ਨੇ ਇਹ ਸ਼ੇਅਰ ਸੁਣਾਇਆ:
''ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਕਰ ਗਈ।''
ਫਿਰ ਉਸ ਨੇ ਸਿਰ ਉਤੇ ਚੁੰਨੀ ਲੈ ਕੇ, ਅਮਲੀ ਤੌਰ ਤੇ ਇਸ ਦਾ ਮਤਲਬ ਸਮਝਾਇਆ ਕਿ ਮਾਂ-ਬਾਪ ਦੀ ਮੌਜੂਦਗੀ ਵਿਚ ਬੈਠੇ ਪਤੀ ਨੂੰ ਬੁਲਾਉਣ ਲਈ ਨਵ-ਵਿਆਹੀ ਕੁੜੀ ਕਿਵੇਂ ਅਪਣੀ ਗੱਲ ਦੀਵੇ ਤੇ ਪੱਲਾ ਮਾਰ ਕੇ ਸਮਝਾ ਜਾਂਦੀ ਹੈ ਤੇ ਪਤੀ ਨੂੰ ਸੇਜ ਤੇ ਆ ਜਾਣ ਲਈ ਬੁਲਾਵਾ ਦੇ ਜਾਂਦੀ ਹੈ। ਟੈਗੋਰ ਨੇ ਸੁਣਿਆ ਤਾਂ ਅਸ਼ ਅਸ਼ ਕਰ ਉਠਿਆ ਤੇ ਕਹਿਣ ਲੱਗਾ, ''ਸਚਮੁਚ ਜਿਸ ਭਾਸ਼ਾ ਵਿਚ ਏਨੀ ਅਮੀਰੀ ਹੋਵੇ,
uno
ਉਸ ਨੂੰ 'ਗਵਾਰੂ' ਕਹਿਣ ਵਾਲੇ ਆਪ ਹੀ ਗਵਾਰ ਨੇ। ਜੇ ਕੋਈ ਮੈਨੂੰ ਆਖੇ ਕਿ ਇਹੀ ਗੱਲ ਮੈਂ ਬੰਗਾਲੀ ਕਵਿਤਾ ਦੇ ਇਕ ਸ਼ੇਅਰ ਵਿਚ ਕਹਿ ਦੇਵਾਂ ਤਾਂ ਮੈਂ ਹਾਰ ਮੰਨ ਲਵਾਂਗਾ। ਮੈਂ ਬੰਗਲਾ ਭਾਸ਼ਾ ਦੇ 10 ਅੱਖਰਾਂ ਵਿਚ ਏਨੀ ਅਰਥ-ਭਰਪੂਰ ਗੱਲ ਨਹੀਂ ਕਹਿ ਸਕਾਂਗਾ।'' ਇਹ ਤਾਂ ਮਿਸਾਲਾਂ ਹਨ ਕਿ ਛੋਟੀ ਛੋਟੀ ਗੱਲ ਨਾਲ ਇਕੱਲੇ ਇਕੱਲੇ ਵਿਅਕਤੀਆਂ ਦੇ ਅੰਦਰ ਦਾ ਪੰਜਾਬੀ-ਵਿਰੋਧ ਕਿਵੇਂ ਢਹਿ ਢੇਰੀ ਹੋ ਗਿਆ ਪਰ ਜਦੋਂ ਸਾਰੇ ਸਮਾਜ ਨੂੰ ਹੀ ਬਦਲਣਾ ਹੋਵੇ ਤੇ ਉਸ ਭਾਸ਼ਾ ਨੂੰ ਦੁਨੀਆਂ ਦੀ ਅਮੀਰ-ਤਰੀਨ ਭਾਸ਼ਾ ਵਜੋਂ ਪੇਸ਼ ਕਰਨਾ ਹੋਵੇ ਜਿਸ ਦੇ ਖ਼ਾਤਮੇ ਦੇ ਐਲਾਨ ਯੂ.ਐਨ.ਓ. ਵਲੋਂ ਵੀ ਕੀਤੇ ਜਾ ਰਹੇ ਹੋਣ ਤਾਂ ਬਹੁਤ ਸਾਰੇ ਵੱਡੇ ਕੰਮ ਕਰਨੇ ਜ਼ਰੂਰੀ ਹੋ ਜਾਂਦੇ ਹਨ।
Punjabi Language
ਏਕਸ ਕੇ ਬਾਰਕ ਜਥੇਬਦੀ ਜਿਸ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਜਿਤਦੀ ਜਾ ਰਹੀ ਹੈ, ਇਹ ਜਥੇਬੰਦੀ ਛੇਤੀ ਹੀ ਉਹ ਵੱਡੇ ਕੰਮ ਹੱਥ ਵਿਚ ਲੈ ਲਵੇਗੀ ਜਿਨ੍ਹਾਂ ਨਾਲ ਉਪਰ ਵਰਣਤ ਟੀਚੇ ਸਰ ਕਰ ਲਵੇਗੀ। ਪੰਜ ਪਾਣੀ ਪ੍ਰਕਾਸ਼ਨ ਦੇ 'ਬਾਟਾ' ਵਰਗੇ 'ਸਾਹਿਤ ਹੱਟ' ਜਦੋਂ ਸਾਰੇ ਪੰਜਾਬ ਵਿਚ ਸ਼ੁਰੂ ਹੋ ਗਏ ਤੇ 10 ਹਜ਼ਾਰ ਪੱਕੇ ਸਾਹਿਤ-ਪ੍ਰੇਮੀਆਂ ਦੀਆਂ ਸੂਚੀਆਂ ਤਿਆਰ ਹੋ ਗਈਆਂ ਜੋ ਸਾਲ ਵਿਚ ਘੱਟੋ-ਘੱਟ 5 ਸਰਬੋਤਮ ਕਿਤਾਬਾਂ ਜ਼ਰੂਰ ਖ਼ਰੀਦਣਗੇ ਤਾਂ ਪੰਜਾਬੀ-ਪ੍ਰੇਮ ਦਾ ਇਕ ਹੜ੍ਹ ਜਿਹਾ ਪੰਜਾਬ ਵਿਚ ਆ ਜਾਏਗਾ ਤੇ ਰਾਜਸੀ ਕਿਸਮ ਦੇ 'ਵਾਦਾਂ' ਨੇ ਇਸ ਅਮੀਰ ਭਾਸ਼ਾ ਦੇ ਅਮੀਰ ਸਾਹਿਤ ਨੂੰ ਜਿਹੜਾ ਗ੍ਰਹਿਣ ਲਾ ਦਿਤਾ ਸੀ, ਉਹ ਹੱਟ ਜਾਏਗਾ।
Bulleh Shah
ਪੰਜਾਬੀ ਭਾਸ਼ਾ ਨੂੰ ਲੋਕ-ਭਾਸ਼ਾ ਦੀ ਬਜਾਏ, ਨਾ ਸਮਝੀ ਜਾ ਸਕਣ ਵਾਲੀ, ਸੰਸਕ੍ਰਿਤ-ਹਿੰਦੀ ਦੀ ਗੋਲੀ-ਭਾਸ਼ਾ ਵਾਲਾ ਜੋ ਰੂਪ ਸਾਡੇ ਸਾਹਿਤਿਕ ਠੇਕੇਦਾਰਾਂ ਤੇ ਪ੍ਰੋਫ਼ੈਸਰਾਂ ਨੇ ਇਸ ਨੂੰ ਦੇ ਦਿਤਾ ਸੀ, ਉਹ ਵੀ ਅਪਣੇ ਆਪ ਠੀਕ ਹੋ ਜਾਏਗਾ। ਕੇਂਦਰੀ, ਟਕਸਾਲੀ ਪੰਜਾਬੀ ਵਾਲਾ, ਲੋਕਾਂ ਦੀ ਰੂਹ ਨੂੰ ਛੂਹ ਜਾਣ ਵਾਲਾ ਸਾਹਿਤ ਹੋਂਦ ਵਿਚ ਆ ਜਾਏਗਾ ਤੇ ਨਵੇਂ ਲੇਖਕਾਂ ਦਾ ਇਕ ਮਜ਼ਬੂਤ ਵਰਗ ਪੈਦਾ ਹੋ ਜਾਏਗਾ ਜੋ ਫ਼ਰੀਦ, ਬੁਲ੍ਹੇ ਸ਼ਾਹ, ਵਾਰਸ, ਭਾਈ ਵੀਰ ਸਿੰਘ ਤੇ ਸ਼ਿਵ ਬਟਾਲਵੀ ਦੇ ਵਾਰਸ ਬਣਨਗੇ, ਨਾਕਿ ਉਹ ਜੋ ਕਿਸੇ ਦੇਸੀ ਜਾਂ ਵਿਦੇਸ਼ੀ ਸਿਆਸੀ ਵਿਚਾਰਧਾਰਾ ਦੇ ਪ੍ਰਚਾਰਕ ਬਣਨ ਲਈ ਹੀ ਸਾਹਿਤ ਨੂੰ ਮੂੰਹ ਮਾਰਨਾ ਸ਼ੁਰੂ ਕਰਦ ਹਨ ਤੇ ਰਾਜਨੀਤਕ ਵਿਚਾਰਧਾਰਾ ਦੀ ਖ਼ਾਤਰ, ਸਾਹਿਤ ਦੀ ਰੂਹ ਨੂੰ ਮਾਰ ਕੇ, ਉਸ ਦੀ ਕੁਦਰਤੀ ਖ਼ੁਸ਼ਬੂ ਨੂੰ ਹੀ ਨਸ਼ਟ ਕਰ ਦੇਂਦੇ ਹਨ।
Ucha dar Babe nanak Da
ਉਸ ਤੋਂ ਬਾਅਦ 'ਏਕਸ ਕੇ ਬਾਰਕ' ਜਥੇਬੰਦੀ ਵੇਖੇਗੀ ਕਿ ਪੰਜਾਬ ਵਿਚ ਪੰਜਾਬੀ ਨੂੰ ਉਹ ਮੁਕਾਮ ਕਿਵੇਂ ਨਹੀਂ ਮਿਲਦਾ ਜਿਹੜਾ ਮੁਕਾਮ ਮਰਾਠੀ ਨੂੰ ਮਹਾਰਾਸ਼ਟਰ ਵਿਚ, ਬੰਗਾਲੀ ਨੂੰ ਬੰਗਾਲ ਵਿਚ ਤੇ ਤਾਮਿਲ ਨੂੰ ਤਾਮਿਲਨਾਡੂ ਵਿਚ ਮਿਲਿਆ ਹੋਇਆ ਹੈ। 'ਪੰਜ ਪਾਣੀ ਪ੍ਰਕਾਸ਼ਨ' ਦੀ ਪਹਿਲੀ ਕਿਤਾਬ ਨੇ ਹੀ ਆਉਣ ਵਾਲੇ 'ਸਾਹਿਤਿਕ ਇਨਕਲਾਬ' ਦੀ ਝਲਕ ਵਿਖਾ ਦਿਤੀ ਹੈ। 'ਉੱਚਾ ਦਰ ਬਾਬੇ ਨਾਨਕ ਦਾ' ਸ਼ੁਰੂ ਹੁੰਦਾਂ ਹੀ ਦੁਨੀਆਂ ਵੇਖ ਲਵੇਗੀ ਕਿ ਸੰਸਾਰ ਦਾ ਸੱਭ ਤੋਂ ਅਮੀਰ ਫ਼ਲਸਫ਼ਾ ਵੀ ਪੰਜਾਬ ਦੀ ਧਰਤੀ ਤੇ ਹੀ ਸਿਰਜਿਆ ਗਿਆ ਸੀ -
Language
ਤੇ ਉਹ ਵੀ ਪੰਜਾਬੀ ਵਿਚ। ਆਉ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਸਹੁੰ ਖਾ ਲਈਏ ਤੇ ਇਹ ਪ੍ਰਣ ਵੀ ਲੈ ਲਈਏ ਕਿ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਕੰਮ ਕਰਨ ਲਗਿਆਂ, ਨਾ ਅਸੀ ਕਿਸੇ ਕੁਰਬਾਨੀ ਤੋਂ ਪਿੱਛੇ ਹਟਾਂਗੇ ਤੇ ਨਾ ਅਪਣੇ ਨਿਜ ਦੇ ਕਿਸੇ ਫ਼ਾਇਦੇ, ਨੁਕਸਾਨ ਦਾ ਖ਼ਿਆਲ ਮਨ ਵਿਚ ਆਉਣ ਦੇਵਾਂਗੇ। ਪੰਜਾਬੀ ਟੀਚੇ ਤਾਂ ਵੱਡੇ ਮਿਥ ਸਕਦੇ ਹਨ ਪਰ ਛੇਤੀ ਹੀ ਜਦ, ਰਸਤੇ ਵਿਚ ਹੀ ਉਨ੍ਹਾਂ ਨੂੰ ਅਪਣੇ ਲਾਭ ਹਾਣ ਦੀ ਸੋਚ ਘੇਰ ਲੈਂਦੀ ਹੈ ਤਾਂ ਉਹ ਟੀਚਿਆਂ ਨੂੰ ਭੁੱਲ ਜਾਂਦੇ ਹਨ ਤੇ ਅਪਣੇ ਨਿਜੀ ਏਜੰਡੇ ਤੇ ਅਟਕ ਕੇ ਰਹਿ ਜਾਂਦੇ ਹਨ। ਜੇ ਮੈਨੂੰ 10 ਹੋਰ ਸਾਥੀ ਇਹੋ ਜਹੇ ਮਿਲ ਗਏ ਜੋ ਇਸ ਪ੍ਰਣ ਤੇ ਕਾਇਮ ਰਹਿਣ ਦੀ ਸਹੁੰ ਚੁਕਣ ਲਈ ਤਿਆਰ ਹੋਣ ਤਾਂ ਸਾਰੇ ਟੀਚੇ ਛੇਤੀ - ਸਗੋਂ ਬਹੁਤ ਛੇਤੀ - ਹਕੀਕਤ ਦਾ ਰੂਪ ਧਾਰ ਲੈਣਗੇ।
ਜੋਗਿੰਦਰ ਸਿੰਘ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।