
Nijji Diary De Panne: ਸਾਰੀ ਦੁਨੀਆਂ ਦੇ ਵੱਖ-ਵੱਖ ਭਾਸ਼ਾਵਾਂ ਬੋਲਣ ਤੇ ਸਮਝਣ ਵਾਲੇ ਯਾਤਰੂਆਂ ਨੂੰ ਹਰ ਜਾਣਕਾਰੀ ਉਨ੍ਹਾਂ ਦੀਆਂ ਭਾਸ਼ਾਵਾਂ ਵਿਚ ਦੇਣ ......
Nijji Diary De Panne today article in punjabi : ਦੁਨੀਆਂ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਅਖ਼ਬਾਰ ਦੀ ਸਰਪ੍ਰਸਤੀ ਹੇਠ, ਉਸ ਦੇ ਗ਼ਰੀਬ ਜਾਂ ਸਾਧਾਰਣ ਪਾਠਕਾਂ ਨੇ ਅਪਣੇ ਇਸ਼ਟ ਬਾਬਾ ਨਾਨਕ ਦੀ ਯਾਦ ਵਿਚ ਜੀ.ਟੀ. ਰੋਡ ਉਤੇ 14 ਏਕੜ ਜ਼ਮੀਨ ਖ਼ਰੀਦ ਕੇ ਏਨਾ ਵਧੀਆ ਤੇ ਸਾਰੀ ਮਨੁੱਖਤਾ ਨੂੰ ਸ਼ਾਂਤੀ, ਸੁੱਖ ਤੇ ਸੱਚਾ ਗਿਆਨ ਦੇਣ ਵਾਲਾ ਇਕ ਬੇਮਿਸਾਲ ਤੋਹਫ਼ਾ ਰੱਚ ਕੇ ਵੱਡਾ ਮਾਅਰਕਾ ਮਾਰਿਆ ਹੋਵੇ ਤੇ ਜਿਸ ਦਾ ਫ਼ਾਇਦਾ ਕੇਵਲ ਸਿੱਖ ਜਾਂ ਪੰਜਾਬੀ ਹੀ ਨਹੀਂ ਉਠਾ ਸਕਣਗੇ ਸਗੋਂ ਮਨੁੱਖਤਾ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਬੋਲਣ ਤੇ ਸਮਝਣ ਵਾਲੇ ਲੋਕ ਵੀ ਉਠਾ ਸਕਣਗੇ। ਬਾਬੇ ਨਾਨਕ ਬਾਰੇ ਸਾਰੇ ਪ੍ਰੋਗਰਾਮ (ਫ਼ਿਲਮਾਂ, ਦੁਨੀਆਂ ਦੇ ਮਹਾਂ ਵਿਦਵਾਨਾਂ ਵਲੋਂ ਬਾਬਾ ਨਾਨਕ ਹਜ਼ੂਰ ਨੂੰ ਦਿਤੀਆਂ ਬਾ-ਤਸਵੀਰ ਸ਼ਰਧਾਂਜਲੀਆਂ ਤੇ ਲੰਮੀ ਯਾਤਰਾ ਵਾਲੀਆਂ ਉਦਾਸੀਆਂ ਆਦਿ ਬਾਰੇ ਜਾਣਕਾਰੀ ਹੁਣ ਤਾਂ ਕੇਵਲ ਪੰਜਾਬੀ ਭਾਸ਼ਾ ਵਿਚ ਹੀ ਉਪਲਭਦ ਹੈ ਪਰ ਇਸ ਸਾਲ ਦੇ ਅੰਤ ਤਕ ਅੰਗਰੇਜ਼ੀ, ਹਿੰਦੀ ਤੇ ਉਰਦੂ ਭਾਸ਼ਾਵਾਂ ਵਿਚੋਂ ਜਿਹੜੀ ਵੀ ਭਾਸ਼ਾ ਵਿਚ ਕੋਈ ਚਾਹੇਗਾ, ਉਸ ਵਿਚ ਹੀ ਸੁਣ ਸਕੇਗਾ। ਉਸ ਤੋਂ ਬਾਅਦ ਸੰਸਾਰ ਦੀਆਂ 15-20 ਵੱਡੀਆਂ ਭਾਸ਼ਾਵਾਂ ਵਿਚ ਵੀ ਸਾਰੇ ਪ੍ਰੋਗਰਾਮ ਤਿਆਰ ਕਰਵਾਏ ਜਾਣਗੇ ਤਾਕਿ ਦੁਨੀਆਂ ਭਰ ਤੋਂ ਆਉਣ ਵਾਲੇ ਯਾਤਰੀ (ਜੋ ਸਾਲ ਕੁ ਦੇ ਅੰਦਰ ਅੰਦਰ ਆਉਣੇ ਸ਼ੁਰੂ ਹੋ ਜਾਣਗੇ) ਅਪਣੀ ਅਪਣੀ ਵਿਦੇਸ਼ੀ ਭਾਸ਼ਾ ਵਿਚ ਸਾਰੀ ਗੱਲ ਸਮਝ ਸਕਣ।
‘ਉੱਚਾ ਦਰ’ ਯਕੀਨਨ ਵਧੀਆ ਇਮਾਰਤ ਬਣਾਉਣ ਦੀ ਮੁਕਾਬਲੇਬਾਜ਼ੀ ਵਿਚ ਪੈਣ ਵਾਲਾ ਅਜੂਬਾ ਨਹੀਂ ਸਗੋਂ ਵਧੀਆ ਤੋਂ ਵਧੀਆ ਸੁਨੇਹੇ ਦੇਣ ਵਾਲਾ ਅਜੂਬਾ ਸਾਬਤ ਹੋਵੇਗਾ ਜਿਸ ਵਿਚੋਂ ਸਾਰੀ ਮਨੁੱਖਤਾ ਨੂੰ ਉਹ ਸੰਦੇਸ਼ ਪਹਿਲੀ ਵਾਰ ਅਪਣੀ ਪਸੰਦ ਦੀ ਭਾਸ਼ਾ ਵਿਚ ਸੁਣਨ ਨੂੰ ਮਿਲੇਗਾ ਜੋ ਬਾਬਾ ਨਾਨਕ ਨੇ ਉਨ੍ਹਾਂ ਤਕ ਪਹੁੰਚਾਉਣ ਲਈ ਆਪ 500-550 ਸਾਲ ਪਹਿਲਾਂ 45 ਹਜ਼ਾਰ ਮੀਲ ਦਾ ਪੈਦਲ ਸਫ਼ਰ ਕੀਤਾ ਸੀ ਤੇ ਉਨ੍ਹਾਂ ਕੋਲ ਜਾ ਕੇ, ਵੱਖ-ਵੱਖ ਭਾਸ਼ਾਵਾਂ ਵਿਚ ਉਨ੍ਹਾਂ ਨੂੰ ਸਮਝਾਇਆ ਵੀ ਸੀ। ਜੋ ਕੰਮ ਬਾਬੇ ਨਾਨਕ ਨੇ, ਸੰਸਾਰ ਵਿਚ ਪਹਿਲੀ ਵਾਰ, ਬਹੁਤ ਵੱਡੇ ਪੱਧਰ ’ਤੇ ਸ਼ੁਰੂ ਕੀਤਾ ਸੀ, ਉਹ ਮਗਰੋਂ ਬਾਬੇ ਨਾਨਕ ਦੇ ਸਿੱਖਾਂ ਨੇ ਹੀ ਛੱਡ ਦਿਤਾ ਪਰ ‘ਉੱਚਾ ਦਰ ਬਾਬੇ ਨਾਨਕ ਦਾ’ ਫਿਰ ਤੋਂ ਉਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ।
ਤੁਸੀ ਮੇਰੀਆਂ ਗੱਲਾਂ ’ਤੇ ਬਿਲਕੁਲ ਯਕੀਨ ਨਾ ਕਰੋ ਤੇ ਇਕ ਵਾਰ ਆਪ ਜਾ ਕੇ ਵੇਖੋ ਕਿ ‘ਉੱਚਾ ਦਰ’ ਦਾ ਮਕਸਦ ਕੇਵਲ ਤੇ ਕੇਵਲ ਅਪਣੀ ਇਮਾਰਤ ਵਿਖਾ ਕੇ ਹੀ ਬੁੱਤਾ ਸਾਰ ਲੈਣਾ ਨਹੀਂ ਬਲਕਿ ਇਸ ਦਾ ਮਕਸਦ ਬਾਬੇ ਨਾਨਕ ਦੇ ਸ਼ੁਰੂ ਕੀਤੇ ਕੰਮ ਨੂੰ ਫਿਰ ਤੋਂ ਅੱਗੇ ਚਲਾਣਾ ਵੀ ਹੈ। ਤੁਸੀ ਅੱਜ ਵੀ ‘ਉੱਚਾ ਦਰ’ ਦੀ ਵਿਸ਼ਾਲ ਲਾਇਬ੍ਰੇਰੀ ਵਿਚ ਜਾ ਕੇ ਵੇਖੋ, ਪੰਜਾਬੀ ਤੇ ਅੰਗਰੇਜ਼ੀ ਦੀਆਂ ਹਜ਼ਾਰਾਂ ਕਿਤਾਬਾਂ ਵਿਚ ਤੁਹਾਨੂੰ ਹਿੰਦੀ, ਉਰਦੂ ਤੇ ਗੁਜਰਾਤੀ ਪੁਸਤਕਾਂ ਵੀ ਮਿਲ ਜਾਣਗੀਆਂ ਹਾਲਾਂਕਿ ਇਨ੍ਹਾਂ ਭਾਸ਼ਾਵਾਂ ਨੂੰ ਪੜ੍ਹਨ ਵਾਲੇ ਥੋੜਾ ਠਹਿਰ ਕੇ ਹੀ ‘ਉੱਚਾ ਦਰ’ ਵਿਚ ਆਉਣਾ ਸ਼ੁਰੂ ਕਰਨਗੇ। ਉਨ੍ਹਾਂ ਦੇ ਆਉਣ ਤਕ ਅਸੀ ਉਨ੍ਹਾਂ ਭਾਸ਼ਾਵਾਂ ਵਿਚ ਬਾਬੇ ਨਾਨਕ ਦਾ ਚੋਖਾ ਸਾਹਿਤ ਤਿਆਰ ਕਰਵਾ ਲਵਾਂਗੇ। ਇਹ ਸਾਰਾ ਕੰਮ ਕਰਨ ਦਾ ਖ਼ਾਕਾ ਮੈਂ ‘ਉੱਚਾ ਦਰ’ ਬਾਬੇ ਨਾਨਕ ਦਾ ਟਰੱਸਟ ਨੂੰ ਸ਼ੁਰੂ ਵਿਚ ਹੀ ਤਿਆਰ ਕਰ ਦਿਤਾ ਸੀ। ਟਰੱਸਟ ਨੇ ਮੇਰੀਆਂ ਇੱਛਾਵਾਂ ਮੁਤਾਬਕ ਬਹੁਤ ਸੁੰਦਰ ਕੰਮ ਕੀਤਾ ਹੈ ਜਿਸ ਵਿਚੋਂ ਆਉਣ ਵਾਲੀਆਂ ਕਈ ਨਸਲਾਂ ਨੂੰ ਬਾਬੇ ਨਾਨਕ ਅਤੇ ਸੱਚੇ ਧਰਮ ਬਾਰੇ ਨਵੀਂ ਤੋਂ ਨਵੀਂ ਜਾਣਕਾਰੀ ਮਿਲਦੀ ਰਹੇਗੀ।
ਕਈ ਪਾਠਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਮੈਂ ਇਸ ਦਾ ਮੈਂਬਰ/ਟਰੱਸਟੀ ਜਾਂ ਅਹੁਦੇਦਾਰ ਕਿਉਂ ਨਹੀਂ ਬਣਿਆ? ਇਸ ਲਈ ਕਿ ਮੈਂ ਇਸ ਨੂੰ ਗ਼ਰੀਬਾਂ ਦਾ ਤੇ ਆਮ ਲੋਕਾਂ ਦਾ ਅਜੂਬਾ ਬਣਾਉਣਾ ਚਾਹੁੰਦਾ ਸੀ ਤੇ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਅਸੀ ਨਿਸ਼ਕਾਮ ਹੋ ਕੇ ਅਪਣੇ ਪਾਠਕਾਂ ਦੇ ਉੱਦਮ ਦੀ ਹਰ ਤਰ੍ਹਾਂ ਮਦਦ ਤਾਂ ਜ਼ਰੂਰ ਕਰਾਂਗੇ ਪਰ ਬਦਲੇ ਵਿਚ ਅਪਣੇ ਲਈ ਕੁੱਝ ਨਹੀਂ ਲਵਾਂਗੇ। ਅਸੀ ਖ਼ਾਸ ਤੌਰ ’ਤੇ ਮਤਾ ਪਾਸ ਕੀਤਾ ਕਿ ਰੋਜ਼ਾਨਾ ਸਪੋਕਸਮੈਨ, ਜਗਜੀਤ ਪਬਲਿਸ਼ਿੰਗ ਕੰਪਨੀ ਪ੍ਰਾ: ਲਿਮਿਟਿਡ ਅਤੇ ਸਪੋਕਸਮੈਨ ਟਰੱਸਟ ਨਾਲ ਜੁੜਿਆ ਕੋਈ ਵੀ ਬੰਦਾ ਉਦੋਂ ਤਕ ‘ਉੱਚਾ ਦਰ’ ਦਾ ਮੈਂਬਰ/ ਅਹੁਦੇਦਾਰ/ਟਰੱਸਟੀ ਨਹੀਂ ਬਣ ਸਕਦਾ ਜਦ ਤਕ ਉਹ ਇਨ੍ਹਾਂ ਸੰਸਥਾਵਾਂ ਨਾਲ ਕਿਸੇ ਤਰ੍ਹਾਂ ਵੀ ਜੁੜਿਆ ਹੋਇਆ ਹੋਵੇਗਾ। ਇਸ ਦਾ ਕਾਰਨ ਇਹ ਸੀ ਕਿ ‘ਖ਼ਾਰ ਖਾਊ’ ਅਤੇ ਸਾੜੇਬਾਜ਼ੀ ਵਿਚ ਸੜ ਰਹੇ ਲੋਕ ਇਹ ਝੂਠ-ਪ੍ਰਚਾਰ ਕਰਦੇ ਰਹਿੰਦੇ ਸਨ ਕਿ ਜੋਗਿੰਦਰ ਸਿੰਘ ਨੇ ਲੋਕਾਂ ਦੇ ਪੈਸੇ ਨਾਲ ਅਪਣਾ ਡੇਰਾ ਬਣਾ ਕੇ ਆਪ ਇਥੇ ‘ਡੇਰੇਦਾਰ’ ਬਣ ਕੇ ਬਹਿ ਜਾਣਾ ਹੈ ਤੇ ਇਸ ਦਾ ਮਾਲ ਛਕਦੇ ਰਹਿਣਾ ਹੈ।
ਅਸੀ ਉਦੋਂ ਹੀ, ਉਸਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ, ਇਹ ਮਤਾ ਵੀ ਪਾਸ ਕਰ ਦਿਤਾ ਸੀ ਕਿ ਰੋਜ਼ਾਨਾ ਸਪੋਕਸਮੈਨ, ਜਗਜੀਤ ਪਬਲਿਸ਼ਿੰਗ ਕੰਪਨੀ ਪ੍ਰਾ: ਲਿਮਿਟਿਡ ਤੇ ਸਪੋਕਸਮੈਨ ਟਰੱਸਟ ਨਾਲ ਜੁੜਿਆ ਕੋਈ ਬੰਦਾ ਚਾਹ ਦਾ ਕੱਪ ਵੀ ‘ਉੱਚਾ ਦਰ’ ਦੇ ਪੈਸਿਆਂ ਨਾਲ ਨਹੀਂ ਪੀਏਗਾ। ਅਸੀ ਅੱਜ ਤਕ ਇਕ ਕੱਪ ਚਾਹ ਵੀ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਕੋਲੋਂ ਨਹੀਂ ਪੀਤਾ, ਕੋਈ ਪੈਸਾ ਟਕਾ ਲੈਣ ਦੀ ਤਾਂ ਗੱਲ ਹੀ ਸਾਡੇ ਲਈ ਪਾਪ ਹੈ। ਫਿਰ ਵੀ ਜੇ ਕੁੱਝ ਮਹਾਂ ਝੂਠੇ ਲੋਕ ‘ਮਹਾਂ ਝੂਠ’ ਪ੍ਰਚਾਰਦੇ ਰਹੇੇ ਹਨ ਤਾਂ ਅਸੀ ਉਨ੍ਹਾਂ ਨੂੰ ਕੁੱਝ ਨਹੀਂ ਕਹਾਂਗੇ ਪਰ ਸੱਚਾ ਰੱਬ ਸੱਭ ਕੁੱਝ ਵੇਖਦਾ ਹੈ ਤੇ ਉਸ ਦੇ ਇਨਸਾਫ਼ ਦੀ ਬੇਆਵਾਜ਼ ਲਾਠੀ ਤੋਂ ਕੋਈ ਨਹੀਂ ਬੱਚ ਸਕਦਾ। ਜਿਹੜੇ ਮਤੇ ਰੋਜ਼ਾਨਾ ਸਪੋਕਸਮੈਨ, ਜੇਪੀਸੀ ਪ੍ਰਾ.ਲਿ. ਨੇ ਅਪਣੇ ਨਾਲ ਜੁੜੇ ਸਾਰੇ ਵਿਅਕਤੀਆਂ ਉਤੇ ਲਾਗੂ ਕੀਤੇ, ਉਹ ਟਰੱਸਟ ਦੇ ਟਰੱਸਟੀਆਂ ਨੇ ਅਪਣੇ ਉਪਰ ਵੀ ਲਾਗੂ ਕਰ ਲਏ ਤੇ ਉਨ੍ਹਾਂ ਵਿਚੋਂ ਵੀ ਕਿਸੇ ਨੇ ਚਾਹ ਦਾ ਕੱਪ ਵੀ ਉੱਚਾ ਦਰ ਟਰੱਸਟ ਦੇ ਖ਼ਰਚੇ ਤੋਂ ਨਹੀਂ ਪੀਤਾ।
ਸਖ਼ਤ ਜ਼ਬਤ, ਸਰਫ਼ੇ ਅਤੇ ਲਗਨ ਦਾ ਹੀ ਨਤੀਜਾ ਹੈ ਕਿ ਥੋੜੇ ਪੈਸਿਆਂ ਨਾਲ ਵੀ ਬਹੁਤ ਵੱਡਾ ਅਜੂਬਾ ਤਿਆਰ ਹੋ ਗਿਆ ਹੈ ਵਰਨਾ ਇਕ ਦਿਨ ਵੀ ਅਜਿਹਾ ਨਹੀਂ ਸੀ ਵੇਖਿਆ ਜਦੋਂ ‘ਪੈਸਾ ਹੈ ਨਹੀਂ’, ‘ਕਿਸ ਕੋਲੋਂ ਮੰਗੀਏ ਪੈਸਾ?’ ਵਰਗੇ ਫ਼ਿਕਰੇ ਹੀ ਸਵੇਰ ਦਾ ਕੰਮ ਸ਼ੁਰੂ ਕਰਨ ਸਮੇਂ ਸੁਣਨ ਨੂੰ ਨਾ ਮਿਲੇ ਹੋਣ। ਰੋਜ਼ਾਨਾ ਸਪੋਕਸਮੈਨ ਤੋਂ ਹੀ ਆਸ ਕੀਤੀ ਜਾਂਦੀ ਸੀ ਕਿ ਉਹ ਕੁੱਝ ਮਦਦ ਕਰੇ ਜਾਂ ਕਰਵਾਏ ਵਰਨਾ ਕੰਮ ਵਾਰ-ਵਾਰ ਰੁਕਣ ਤੇ ਆ ਜਾਂਦਾ ਸੀ। ਸਪੋਕਸਮੈਨ ਦੀਆਂ ਅਪਣੀਆਂ ਮਜਬੂਰੀਆਂ ਸਨ ਪਰ ਬਹੁਤੀ ਵਾਰੀ ਸਪੋਕਸਮੈਨ ਦੇ ਅਪਣੇ ਜ਼ਰੂਰੀ ਕੰਮ ਰੋਕ ਰੋਕ ਕੇ ਵੀ, ਪਹਿਲ ਪਾਠਕਾਂ ਵਲੋਂ ਉਸਾਰੇ ਜਾ ਰਹੇ ਅਜੂਬੇ ‘ਉੱਚਾ ਦਰ’ ਨੂੰ ਦਿਤੀ ਜਾਂਦੀ ਸੀ। ਬਹੁਤੇ ਔਖ ਵੇਲੇ ਮੋਹਾਲੀ ਵਾਲੀ ਸਪੋਕਸਮੈਨ ਦੀ ਬਿਲਡਿੰਗ ਗਿਰਵੀ ਰੱਖ ਕੇ ਵੀ ਪੈਸਾ ‘ਉੱਚਾ ਦਰ’ ਨੂੰ ਦੇ ਦਿਤਾ ਗਿਆ ਤੇ ਉਹ ਬਿਲਡਿੰਗ ਅਜੇ ਵੀ ਗਿਰਵੀ ਪਈ ਹੈ ਤੇ ਕਿਸਤਾਂ, ਸੂਦ ਅਖ਼ਬਾਰ ਵਲੋਂ ਦਿਤੇ ਜਾ ਰਹੇ ਹਨ, ‘ਉੱਚਾ ਦਰ’ ਦੇ ਟਰੱਸਟੀਆਂ ਨੂੰ ਕਿਸੇ ਨੂੰ ਕੁੱਝ ਨਹੀਂ ਕਿਹਾ।
(ਚਲਦਾ) (ਜੋਗਿੰਦਰ ਸਿੰਘ)