
Nijji Diary De Panne: ਸਿੱਖਾਂ ਨੇ ਅਪਣੇ ਚੰਗੇ ਨੇਤਾਵਾਂ ਨਾਲ ਸਦਾ ਹੀ ਮਾੜੀ ਕੀਤੀ ਜਦਕਿ ਖ਼ੁਫ਼ੀਆ ਏਜੰਸੀਆਂ ਨਾਲ ਰਲੇ ਨੇਤਾਵਾਂ ਨੂੰ ਚੁੱਕੀ ਫਿਰਦੇ ਰਹੇ
After Master Tara Singh, political Sikh leadership has become indulgent Nijji Diary De Panne: ਪੰਥ ਦਾ ਪੈਸਾ ਕੇਵਲ ਪੰਥ ਲਈ
ਅੱਜ ਦੇ ‘ਅਕਾਲੀ ਲੀਡਰਾਂ’ ਵਲ ਨਜ਼ਰ ਮਾਰੀਏ ਤਾਂ ਲਗਦਾ ਨਹੀਂ ਕਿ ਮਾ: ਤਾਰਾ ਸਿੰਘ ਤੇ ਗਿ: ਕਰਤਾਰ ਸਿੰਘ ਵਰਗੇ ਲੀਡਰ ਵੀ ਇਸ ਕੌਮ ਦੇ ਲੀਡਰ ਰਹੇ ਹਨ। ਹੁਣ ਤਾਂ ਅਰਬਪਤੀ, ਹੋਟਲ-ਪਤੀ, ਟਰਾਂਸਪੋਰਟ ਪਤੀ ਅਤੇ ਹਰ ਵਪਾਰ ਵਿਚ ‘ਹਿੱਸਾ ਪੱਤੀ’ ਰੱਖਣ ਵਾਲੇ ਹੀ ਅਕਾਲੀ ਲੀਡਰ ਅਖਵਾਉਣ ਦਾ ਹੱਕ ਰਖਦੇ ਵੇਖੇ ਜਾ ਸਕਦੇ ਹਨ ਜਿਨ੍ਹਾਂ ਦੇ ਲੰਗਾਹ ਵਰਗੇ ਹਮਾਇਤੀ ਸਟੇਜ ਤੋਂ ਐਲਾਨ ਕਰਦੇ ਹਨ ਕਿ ‘‘ਸਾਡੇ ਲੀਡਰ ਤਾਂ ਹਰ ਸਾਲ ਕਰੋੜਾਂ ਰੁਪਏ, ਪਾਰਟੀ ਲਈ ਖ਼ਰਚਦੇ ਹਨ; ਹੋਰ ਕਿਹੜਾ ਏਨਾ ਖ਼ਰਚਾ ਪਾਰਟੀ ਲਈ ਕਰ ਸਕਦੈ? ਕੋਈ ਨਹੀਂ।
ਇਸੇ ਲਈ ਮੌਜੂਦਾ ਲੀਡਰਾਂ ਤੋਂ ਬਿਨਾਂ, ਹੋਰ ਕੋਈ ਪਾਰਟੀ ਨੂੰ ਚਲਾ ਹੀ ਨਹੀਂ ਸਕਦਾ।’’ ਸੋ ਅੱਜ ਤਾਂ ਸ਼ਾਇਦ ਅਰਬਪਤੀ ਆਗੂ ਹੀ ਪਾਰਟੀ ਨੂੰ ਚਲਾ ਸਕਦੇ ਹਨ ਜੋ ਹਰ ਸਾਲ ਕਰੋੜਾਂ ਰੁਪਏ ਪਾਰਟੀ ਦੇ ਨਾਂ ’ਤੇ ਖ਼ਰਚ ਕਰ ਸਕਣ। ਆਜ਼ਾਦੀ ਤੋਂ ਬਾਅਦ ਵੀ ਪਾਰਟੀ ਲਈ ਭੀਆਵਲੇ ਦਿਨ ਆਏ ਸਨ। ‘ਪੰਜਾਬੀ ਸੂਬਾ ਜ਼ਿੰਦਾਬਾਦ’ ਕਹਿਣ ਤੇ ਪਾਬੰਦੀ ਲਗਾ ਦਿਤੀ ਗਈ ਸੀ। ਸ਼੍ਰੋਮਣੀ ਕਮੇਟੀ ਉਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਸੀ, ਅਕਾਲ ਤਖ਼ਤ ਦੇ ਜਥੇਦਾਰ ਕਾਂਗਰਸੀ ਬਣ ਗਏ ਸਨ। ਸਾਰੇ ਮਝੈਲ ਅਕਾਲੀ, ਵਜ਼ੀਰੀਆਂ ਤੇ ਅਹੁਦੇ ਲੈ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਤੇ ਪਾਰਟੀ ਕੋਲ ਰੋਜ਼ ਦੇ ਖ਼ਰਚਿਆਂ ਜਿੰਨਾ ਪੈਸਾ ਵੀ ਨਹੀਂ ਸੀ ਹੁੰਦਾ। ਪਰ ਉਸ ਵੇਲੇ ਕੌਮ ਨੂੰ ਅਗਵਾਈ ਕਿਸੇ ਕਰੋੜਪਤੀ ਨੇ ਦਿਤੀ? ਨਹੀਂ ਮਾ: ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਤੇ ਹੁਕਮ ਸਿੰਘ ਵਰਗੇ ਭੁੱਖਣ ਭਾਣੇ ਲੀਡਰਾਂ ਨੇ ਹੀ ਦਿਤੀ।
ਘਰ ਵਿਚ ਨਾ ਚਾਹ ਪੱਤੀ, ਨਾ ਚੀਨੀ
ਮਾ: ਤਾਰਾ ਸਿੰਘ ਬਾਰੇ ਕਾਂਗਰਸੀ ਆਗੂ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਨੇ ਗੱਲ ਸੁਣਾਈ ਕਿ 8-10 ਲੀਡਰ ਇਕੱਠੇ ਹੋ ਕੇ ਮਾਸਟਰ ਜੀ ਦੇ ਘਰ ਗਏ ਤਾਕਿ ਕੁੱਝ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਜਾ ਸਕੇ। ਮਾਸਟਰ ਜੀ ਨੇ ਧਰਮ-ਪਤਨੀ ਨੂੰ ਚਾਹ ਬਣਾਉਣ ਲਈ ਕਹਿ ਦਿਤਾ। ਜਦ 10 ਮਿੰਟ ਤਕ ਵੀ ਚਾਹ ਬਣ ਕੇ ਨਾ ਆਈ ਤਾਂ ਮਾਸਟਰ ਜੀ ਨੇ ਮੁਸਾਫ਼ਰ ਜੀ ਨੂੰ ਕਿਹਾ, ‘‘ਤੁਸੀਂ ਜਾ ਕੇ ਪਤਾ ਕਰੋ।’’
ਮੁਸਾਫ਼ਰ ਜੀ ਨੇ ਅੰਦਰ ਜਾ ਕੇ ਬੀਬੀ ਜੀ ਤੋਂ ਚਾਹ ਬਾਰੇ ਪੁਛਿਆ ਤਾਂ ਉਨ੍ਹਾਂ ਨੇ ਚਾਹ ਅਤੇ ਚੀਨੀ ਦੇ ਦੋਵੇਂ ਡੱਬੇ ਉਲਟੇ ਕਰ ਕੇ ਵਿਖਾ ਦਿਤੇ। ਦੋਵੇਂ ਖ਼ਾਲੀ ਪਏ ਸਨ। ਨਾ ਘਰ ਵਿਚ ਚਾਹ ਪੱਤੀ ਸੀ, ਨਾ ਚੀਨੀ।
ਮੁਸਾਫ਼ਰ ਜੀ ਦੌੜ ਕੇ ਹੱਟੀ ਵਾਲੇ ਤੋਂ ਚਾਹ ਪੱਤੀ ਅਤੇ ਚੀਨੀ ਲੈ ਆਏ। ਬੀਬੀ ਤੇਜ ਕੌਰ ਨੇ ਮੁਸਾਫ਼ਰ ਜੀ ਨੂੰ ਦਸਿਆ, ‘‘ਮੈਂ ਜਦੋਂ ਵੀ ਚਾਹ ਚੀਨੀ ਲਈ ਪੈਸੇ ਮੰਗਦੀ ਹਾਂ ਤਾਂ ਇਹ ਕਹਿ ਦੇਂਦੇ ਹਨ, ‘‘ਮੇਰੀ ਜੇਬ ਵਿਚ ਇਸ ਵੇਲੇ ਜਿੰਨੇ ਪੈਸੇ ਹਨ, ਪੰਥ ਦੀ ਅਮਾਨਤ ਹਨ। ਉਨ੍ਹਾਂ ਚੋਂ ਘਰ ਦੇ ਖ਼ਰਚਿਆਂ ਲਈ ਇਕ ਪੈਸਾ ਨਹੀਂ ਦੇਵਾਂਗਾ। ਮੇਰੀ ਤਨਖ਼ਾਹ ਆਈ ਤਾਂ ਉਸ ਵਿਚੋਂ ਹੀ ਘਰ ਦੇ ਖ਼ਰਚਿਆਂ ਲਈ ਪੈਸੇ ਮਿਲਣਗੇ।’’
ਗਿ. ਕਰਤਾਰ ਸਿੰਘ ਤੇ ਸ. ਹੁਕਮ ਸਿੰਘ ਦੀ ਮਾਇਕ ਹਾਲਤ ਉਨ੍ਹਾਂ ਤੋਂ ਵੀ ਖ਼ਰਾਬ ਸੀ। ਜੇ ਮਾ: ਤਾਰਾ ਸਿੰਘ ਗ਼ਰੀਬੜੇ ਅਕਾਲੀ ਲੀਡਰ ਸਨ ਤਾਂ ਉਹ ਦੋਵੇਂ ਤੇ ਹੋਰ ਦੂਜੇ ਅਕਾਲੀ ਲੀਡਰ ਵੀ ਪੈਸੇ ਵਲੋਂ ‘ਯਤੀਮ’ ਹੀ ਸਨ, ਨਿਰੇ ਭੁੱਖਣ ਭਾਣੇ। ਜੀਵਨ ਸਿੰਘ ਉਮਰਾਨੰਗਲ ਨੇ ਐਲਾਨੀਆ ਕਹਿ ਕੇ ਪਾਰਟੀ ਛੱਡੀ ਕਿ ਉਨ੍ਹਾਂ ਘਰ ਦੇ ਇਕ ਜੀਅ ਦੇ ਇਲਾਜ ਲਈ ਇਕ ਲੱਖ ਪਾਰਟੀ ਫ਼ੰਡ ’ਚੋਂ ਮੰਗਿਆ ਪਰ ਮਾਸਟਰ ਜੀ ਨੇ ਸਾਫ਼ ਕਹਿ ਦਿਤਾ, ‘‘ਬੀਮਾਰੀ ਦੇ ਇਲਾਜ ਲਈ ਪੰਥ ਦਾ ਫ਼ੰਡ ਨਹੀਂ ਵਰਤਿਆ ਜਾ ਸਕਦਾ, ਹੋਰ ਕਿਸੇ ਪਾਸਿਉਂ ਪ੍ਰਬੰਧ ਕਰੋ।’’ ਸ. ਹੁਕਮ ਸਿੰਘ ਨੇ ਵੀ ਕਾਂਗਰਸ ਵਿਚ ਜਾ ਕੇ ਮੰਨਿਆ ਕਿ ਮਾਸਟਰ ਜੀ ਕੋਲੋਂ 10-10 ਰੁਪਏ ਮੰਗਣ ਲਈ ਵੀ ਤਰਲੇ ਕਰਨੇ ਪੈਂਦੇ ਸੀ ਤੇ ਉਹ ਪੰਥ ਦੇ ਪੈਸੇ ’ਚੋਂ ਮਦਦ ਨਹੀਂ ਸਨ ਦੇਂਦੇ, ਨਾ ਆਪ ਹੀ ਵਰਤਦੇ ਸਨ। ਪਰ ਇਨ੍ਹਾਂ ਲੀਡਰਾਂ ਨੇ ਇਕ ਵਾਰ ਨਹੀਂ, ਵਾਰ-ਵਾਰ ਪੰਥ ਦੀ ਝੋਲੀ ਪ੍ਰਾਪਤੀਆਂ ਨਾਲ ਭਰ ਵਿਖਾਈ। ਇਨ੍ਹਾਂ ‘ਭੁੱਖਣ ਭਾਣੇ’ ਤੇ ਅਤਿ ਗ਼ਰੀਬੜੇ ਅਕਾਲੀ ਲੀਡਰਾਂ ਨੇ ਨਹਿਰੂ-ਕੈਰੋਂ ਦੀ ਸਾਂਝੀ ਤਾਕਤ ਤੇ ਕਮਿਊਨਿਸਟਾਂ ਦੀ ਇਨ੍ਹਾਂ ਨਾਲ ਭਾਈਵਾਲੀ ਹੁੰਦਿਆਂ ਵੀ, 140 ’ਚੋਂ 136 ਸੀਟਾਂ ਜਿੱਤ ਕੇ ਪੰਥ ਵਿਚ ਫਿਰ ਤੋਂ ਜਾਨ ਪਾ ਦਿਤੀ। ਹੋਰ ਪ੍ਰਾਪਤੀਆਂ ਵੀ ਘੱਟ ਨਹੀਂ ਸਨ।
ਸਿੱਖ ਦਲਿਤਾਂ ਨੂੰ ਬਰਾਬਰੀ ਦੇ ਹੱਕ
ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ‘ਹਿੰਦੂ ਦਲਿਤਾਂ’ ਨੂੰ ਸੰਵਿਧਾਨਕ ਰਿਆਇਤਾਂ ਦੇ ਦਿਤੀਆਂ ਪਰ ਉਹੀ ਰਿਆਇਤਾਂ ਸਿੱਖ ਦਲਿਤਾਂ ਨੂੰ ਦੇਣ ਤੋਂ ਇਨਕਾਰ ਕਰ ਦਿਤਾ। ਮਾ: ਤਾਰਾ ਸਿੰਘ ਜੱਥਾ ਲੈ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਇਸ ਵਿਰੁਧ ਨਿਕਲ ਪਏ। ਪਟੇਲ ਨੇ ਕਿਹਾ, ‘‘ਪਹਿਲਾਂ ਮੰਨੋ ਤਾਂ ਸਹੀ ਕਿ ਸਿੱਖ ਧਰਮ ‘ਹਰੀਜਨਾਂ’ ਅਥਵਾ ਜਾਤ ਪਾਤ ਨੂੰ ਮੰਨਦਾ ਹੈ। ਹਿੰਦੂ ਧਰਮ ਜਾਤ-ਪਾਤ ਨੂੰ ਮੰਨਦਾ ਹੈ, ਇਸ ਲਈ ਉਸ ਧਰਮ ਦੇ ਪਛੜੀ ਜਾਤ ਦੇ ਲੋਕਾਂ ਨੂੰ ਰਿਆਇਤਾਂ ਦਿਤੀਆਂ ਹਨ ਪਰ ਸਿੱਖ ਧਰਮ ਜਦ ਜਾਤ-ਪਾਤ ਨੂੰ ਮੰਨਦਾ ਹੀ ਨਹੀਂ ਤਾਂ ਰਿਆਇਤਾਂ ਕਿਹੜੇ ਸਿੱਖਾਂ ਲਈ ਮੰਗਦਾ ਹੈ? ਲੜਾਈ ਬਹੁਤ ਔਖੀ ਸੀ। ਮਾ: ਤਾਰਾ ਸਿੰਘ ਨੇ ਕਿਹਾ, ‘‘ਹਾਕਮ ਦਾ ਕੰਮ ਨਿਰੇ ਗ੍ਰੰਥ ਫੋਲਣਾ ਹੀ ਨਹੀਂ ਹੁੰਦਾ, ਸਾਹਮਣੇ ਦਿਸਦੇ ਸੱਚ ਵਲ ਵੀ ਨਜ਼ਰ ਮਾਰਨੀ ਉਸ ਲਈ ਜ਼ਰੂਰੀ ਹੁੰਦੀ ਹੈ। ਸਾਹਮਣੇ ਦਿਸਦਾ ਸੱਚ ਇਹੀ ਹੈ ਕਿ ਹਿੰਦੂ ਧਰਮ ਦੀ ਅਤਿ ਖ਼ਰਾਬ ਰੀਤ ਮੁਸਲਮਾਨਾਂ, ਈਸਾਈਆਂ ਤੇ ਸਿੱਖਾਂ ਉਤੇ ਵੀ ਇਤਿਹਾਸਕ ਕਾਰਨਾਂ ਕਰ ਕੇ ਅਸਰ-ਅੰਦਾਜ਼ ਹੋਈ ਪਈ ਹੈ ਤੇ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਵੀ ਜੇ ਅਸੀ ਸਾਹਮਣੇ ਦਿਸਦੀ ਸਚਾਈ ਤੋਂ ਮੂੰਹ ਫੇਰ ਲਵਾਂਗੇ ਤਾਂ ਹਾਕਮ ਹੋਣ ਦਾ ਫ਼ਰਜ਼ ਨਹੀਂ ਪੂਰਾ ਕਰ ਰਹੇ ਹੋਵਾਂਗੇ ਸਗੋਂ ਕੁੱਝ ਲੋਕਾਂ ਨਾਲ ਹੋਈ ਜ਼ਿਆਦਤੀ ਨੂੰ ਸਦਾ ਲਈ ਪੱਕਾ ਕਰ ਰਹੇ ਹੋਵਾਂਗੇ। ਮੈਂ ਇਹ ਨਹੀਂ ਹੋਣ ਦਿਆਂਗਾ।’’ ਇਸ ਤਰ੍ਹਾਂ ਦਲਿਤ ਸਿੱਖਾਂ ਦਾ ਮੋਚਾ ਜਿੱਤ ਵਿਖਾਇਆ ਤੇ ਨਹਿਰੂ ਨੇ ਹਿੰਦੂ ਹਰੀਜਨਾਂ ਵਾਲੇ ਹੱਕ ਸਿੱਖ ਹਰੀਜਨਾਂ (ਦਲਿਤਾਂ) ਨੂੰ ਵੀ ਦੇ ਦਿਤੇ।
ਅੱਧਾ ਪੰਜਾਬ ਪਾਕਿਸਤਾਨ ਕੋਲੋਂ ਕਿਸ ਨੇ ਬਚਾਇਆ-- ਮਾ. ਤਾਰਾ ਸਿੰਘ ਨੇ ਜਾਂ ਸ਼ਿਆਮਾ ਪ੍ਰਸ਼ਾਦ ਮੁਕਰਜੀ ਨੇ?
ਧਾਰਮਕ ਮਾਮਲਿਆਂ ਵਿਚ ਸਰਕਾਰੀ ਦਖ਼ਲ ਰੋਕਣ ਲਈ ਨਹਿਰੂ-ਤਾਰਾ ਸਿੰਘ ਪੈਕਟ
ਮਾ. ਤਾਰਾ ਸਿੰਘ ਨੇ ਦੂਜੀ ਲੜਾਈ ਛੇੜੀ ਕਿ ਸਰਕਾਰ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਦਖ਼ਲ ਨਾ ਦੇਵੇ ਤੇ ਕਾਨੂੰਨ ਵਿਚ ਕੋਈ ਤਬਦੀਲੀ ਸ਼੍ਰੋਮਣੀ ਕਮੇਟੀ ਦੇ ਦੋ ਤਿਹਾਈ ਮੈਂਬਰਾਂ ਦੀ ਪ੍ਰਵਾਨਗੀ ਬਿਨਾਂ ਨਾ ਕਰੇ। ਅਟਲ ਬਿਹਾਰੀ ਵਾਜਪਾਈ ਤੇ ਜਨਸੰਘ ਦੀ ਸਖ਼ਤ ਵਿਰੋਧਤਾ ਦੇ ਬਾਵਜੂਦ, ਨਹਿਰੂ ਨੇ ਮਾ: ਤਾਰਾ ਸਿੰਘ ਦੀ ਇਹ ਗੱਲ ਮੰਨ ਲਈ ਤੇ ਸਮਝੌਤੇ (ਪੈਕਟ) ਉਤੇ ਦਸਤਖ਼ਤ ਕਰ ਦਿਤੇ।
ਪਰ ਜਦ ਮਾ. ਤਾਰਾ ਸਿੰਘ ਨੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਗੱਲ ਛੇੜ ਦਿਤੀ ਤਾਂ ਨਹਿਰੂ ਤੇ ਪਟੇਲ, ਪੰਜਾਬੀ ਹਿੰਦੂਆਂ ਨੂੰ ਅੱਗੇ ਲਾ ਕੇ, ਇਸ ਮੰਗ ਦੀ ਵਿਰੋਧਤਾ ਲਈ ਡਟ ਗਏ। ਉਨ੍ਹਾਂ ਦੋ ਟੁਕ ਕਹਿ ਦਿਤਾ, ‘‘ਪੁਰਾਣੀਆਂ ਗੱਲਾਂ ਭੁਲ ਜਾਉ ਹੁਣ।’’ ਗਿ. ਕਰਤਾਰ ਸਿੰਘ ਦੀ ਸਲਾਹ ਤੇ ਫ਼ੈਸਲਾ ਕੀਤਾ ਗਿਆ ਇਹ ਮੰਗ ਇਨ੍ਹਾਂ ਸਿਧੇ ਹੱਥ ਨਹੀਂ ਮੰਨਣੀ। ਸੋ ਕਿਸਤਾਂ ਵਿਚ ਮੰਗ ਪੂਰੀ ਕਰਵਾਉਣੀ ਪਵੇਗੀ।
ਸੱਚਰ-ਗਿਆਨੀ ਫ਼ਾਰਮੂਲਾ
ਸੱਚਰ-ਗਿਆਨੀ ਫ਼ਾਰਮੂਲਾ ਮਨਵਾ ਕੇ ਪਹਿਲੀ ਸਫ਼ਲਤਾ ਪ੍ਰਾਪਤ ਕਰ ਕੇ ਪੰਜਾਬੀ ਭਾਸ਼ਾ ਦਾ ਕੁੱਝ ਬਚਾਅ ਕੀਤਾ ਗਿਆ ਪਰ ਟੀਚਾ ਭਾਰਤ ਅੰਦਰ ਇਕ ਸਿੱਖ ਬਹੁਗਿਣਤੀ ਵਾਲਾ ਰਾਜ ਕਾਇਮ ਕਰਨ ਦਾ ਹੀ ਮਿਥਿਆ ਤੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਜਦੋਜਹਿਦ ਛੇੜ ਦਿਤੀ ਗਈ।
ਰੀਜਨਲ ਫ਼ਾਰਮੂਲਾ
ਰੀਜਨਲ ਫ਼ਾਰਮੂਲਾ ਮਨਵਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਤੇ ਪੰਜਾਬੀ ਸੂਬੇ ਦੀ ਲੜਾਈ ਦੇ ਹੱਕ ਵਿਚ ਰਾਜਗੋਪਾਲ ਆਚਾਰੀਆ, ਚੰਦਰ ਸ਼ੇਖ਼ਰ, ਆਚਾਰੀਆ ਕ੍ਰਿਪਲਾਨੀ, ਜੈ ਪ੍ਰਕਾਸ਼ ਨਾਰਾਇਣ ਤੇ ਕੇ.ਜੀ. ਜੋਧ ਵਰਗੇ ਵੱਡੇ ਲੀਡਰਾਂ ਦੀ ਹਮਾਇਤ ਵੀ ਪ੍ਰਾਪਤ ਕਰ ਲਈ ਜੋ ਮਾ. ਤਾਰਾ ਸਿੰਘ ਦੇ ਸੱਦੇ ਤੇ ਹਰ ਅਕਾਲੀ ਕਾਨਫ਼ਰੰਸ ਵਿਚ ਆ ਜਾਂਦੇ ਸਨ।
ਕੈਰੋਂ ਨੇ ਕਮਾਨ ਸੰਭਾਲੀ
ਮਾ. ਤਾਰਾ ਸਿੰਘ ਦੀ ਹਰ ਮੈਦਾਨ ਫ਼ਤਿਹ ਹੁੰਦੀ ਵੇਖ ਨਹਿਰੂ ਘਬਰਾ ਗਿਆ ਸੀ ਤੇ ਅਖ਼ੀਰ ਪ੍ਰਤਾਪ ਸਿੰਘ ਕੈਰੋਂ ਨੇ ਜਦ ਪੇਸ਼ਕਸ਼ ਕੀਤੀ ਕਿ, ‘‘ਮੈਂ ਮਾ: ਤਾਰਾ ਸਿੰਘ ਨੂੰ ਖ਼ਤਮ ਕਰ ਵਿਖਾਵਾਂਗਾ ਜੇ ਮੈਨੂੰ ਉਹ ਸੱਭ ਕੁੱਝ ਕਰਨ ਦੀ ਖੁਲ੍ਹ ਹੋਵੇ ਜੋ ਮੈਂ ਕਰਨਾ ਚਾਹਵਾਂਗਾ ਤੇ ਸਫ਼ਲ ਹੋਣ ਤੇ ਮੈਨੂੰ ਹਿੰਦੁਸਤਾਨ ਦਾ ਡੀਫ਼ੈਂਸ ਮਨਿਸਟਰ ਬਣਾਉਣ ਦੀ ਮੇਰੀ ਰੀਝ ਪੂਰੀ ਕੀਤੀ ਜਾਣ ਦਾ ਯਕੀਨ ਵੀ ਦਿਵਾਇਆ ਜਾਵੇ।’’ ਨਹਿਰੂ ਨੇ ਦੋਵੇਂ ਮੰਗਾਂ ਮੰਨ ਲਈਆਂ ਤੇ ਕੈਰੋਂ ਨੇ ‘ਜੱਟ-ਭਾਪੇ’ ਦਾ ਸਵਾਲ ਏਨੇ ਘਟੀਆ ਤੇ ਨਫ਼ਰਤ ਪੈਦਾ ਕਰਨ ਵਾਲੇ ਢੰਗ ਨਾਲ ਚੁਕਿਆ ਕਿ ਸਿੱਖ ਵੰਡੇ ਗਏ ਤੇ ਕੈਰੋਂ ਅਪਣੇ ਬੰਦੇ ਸੰਤ ਫ਼ਤਿਹ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਵਿਚ ਸਫ਼ਲ ਹੋ ਗਿਆ। ਪਾਕਿਸਤਾਨ ਵਲੋਂ ਜ਼ਬਰਦਸਤ ਪ੍ਰਾਪੇਗੰਡੇ ਦਾ ਜਵਾਬ ਦੇਣ ਲਈ ਅਖ਼ੀਰ ਇਕ ਨਕਲੀ ਜਿਹਾ ਪੰਜਾਬੀ ਸੂਬਾ ਬਣਾ ਤਾਂ ਦਿਤਾ ਗਿਆ ਪਰ ਇਹ ਧਿਆਨ ਵੀ ਰਖਿਆ ਗਿਆ ਕਿ ਪੰਜਾਬੀ ਸੂਬਾ (ਭਾਰਤ ਦਾ ਇਕੋ ਇਕ ਸਿੱਖ ਬਹੁਗਿਣਤੀ ਵਾਲਾ ਸੂਬਾ) ਸਦਾ ਲਈ ਬਣਿਆ ਨਾ ਰਹਿ ਸਕੇ। ਇਸ ਦੀ ਰਾਜਧਾਨੀ ਖੋਹ ਲਈ, ਡੈਮ ਖੋਹ ਲਏ, ਪੰਜਾਬੀ ਇਲਾਕੇ ਖੋਹ ਲਏ ਤੇ ਇਸ ਨੂੰ ਇਕ ਮਿਊਂਸੀਪਲ ਕਮੇਟੀ ਵਰਗਾ ਸੂਬਾ ਬਣਾ ਦਿਤਾ ਗਿਆ।
ਹੋਰ ਗੱਲਾਂ ਇਕ ਪਾਸੇ ਪਰ ਇਸ ਵਿਚ ਤਾਂ ਜ਼ਰਾ ਜਿੰਨਾ ਸ਼ੱਕ ਵੀ ਨਹੀਂ ਕਿ ਮਾ. ਤਾਰਾ ਸਿੰਘ ਦੀ ਮੌਤ ਸਮੇਂ ਪੰਜਾਬ ਜਿਸ ਹਾਲਤ ਵਿਚ ਸੀ, ਉਸ ਦਿਨ ਤੋਂ ਅੱਜ ਤਕ ਪੰਜਾਬੀ ਸੂਬਾ ਇਕ ਇੰਚ ਵੀ ਅੱਗੇ ਨਹੀਂ ਵਧਿਆ ਹਾਲਾਂਕਿ ਕੈਰੋਂ ਦੇ ਬਣਾਏ ਅਕਾਲੀ ਦਿੱਲੀ ਵਿਚ ਵੀ ਤੇ ਪੰਜਾਬ ਵਿਚ ਵੀ ਰਾਜਗੱਦੀ ਦਾ ਸੁਖ ਵਾਰ ਵਾਰ ਮਾਣਦੇ ਰਹੇ ਤੇ ਪੰਜਾਬ ਦੀ ਇਕ ਵੀ ਰਾਜਸੀ ਜਾਂ ਸਿੱਖ ਮੰਗ ਨਹੀਂ ਮਨਵਾਈ ਗਈ (ਧਰਮ ਯੁਧ ਮੋਰਚੇ ਦੀ ਲਿਸਟ ਵੇਖ ਲਉ ਜਾਂ ਬਲੂ-ਸਟਾਰ ਆਪ੍ਰੇਸ਼ਨ ਮਗਰੋਂ ਅਕਾਲੀਆਂ ਵਲੋਂ ਤਿਆਰ ਕੀਤੀਆਂ ਮੰਗਾਂ ਦੀ ਸੂਚੀ ਵੇਖ ਲਉ, ਸੱਭ ਪਾਸੇ ਜ਼ੀਰੋ ਹੀ ਜ਼ੀਰੋ (ਸਿਫ਼ਰ) ਹੈ। ਸਿੱਖ ਕੈਦੀ ਉਦੋਂ ਦੇ ਜੇਲ੍ਹਾਂ ਵਿਚ ਸੜ ਰਹੇ ਹਨ ਤੇ ਲਾਪਤਾ ਕਹਿ ਕੇ ਮਾਰੇ ਗਿਆਂ ਦਾ ਕੋਈ ਜ਼ਿਕਰ ਵੀ ਨਹੀਂ ਕੀਤਾ ਜਾਂਦਾ।
ਮੌਜੂਦਾ ‘ਅਕਾਲੀ’ ਨਹਿਰੂ-ਕੈਰੋਂ ਦੀ ਡੂੰਘੀ ਸਾਜ਼ਸ਼ ਵਿਚੋਂ ਨਿਕਲੇ ਹਨ ਤੇ ਉਨ੍ਹਾਂ ਨੇ ਮਾ: ਤਾਰਾ ਸਿੰਘ ਦੀ ਅੱਧੀ ਸਦੀ ਦੀ ਲੀਡਰਸ਼ਿਪ ਦੌਰਾਨ ਕੀਤੀਆਂ ਵੱਡੀਆਂ ਪ੍ਰਾਪਤੀਆਂ ਦਾ ਵੀ ਕਦੇ ਜ਼ਿਕਰ ਨਹੀਂ ਕੀਤਾ, ਨਾ ਉਸ ਮਹਾਨ ਲੀਡਰ ਦੀ ਕੋਈ ਢੁਕਵੀਂ ਯਾਦਗਾਰ ਹੀ ਬਣਾਈ ਹੈ। ਅੱਧਾ ਪੰਜਾਬ ਬਚਾ ਕੇ ਹਿੰਦੁਸਤਾਨ ਦੇ ਹਵਾਲੇ ਕਰਨ ਦਾ ਜ਼ਿਕਰ ਵੀ ਨਹੀਂ ਕੀਤਾ ਜਾਂਦਾ ਜਦਕਿ ਬੀਜੇਪੀ ਵਾਲੇ ਟੀਵੀ ਤੋਂ ਸ਼ਰੇਆਮ ਪ੍ਰਚਾਰ ਕਰਦੇ ਹਨ ਕਿ ਸ਼ਿਆਮਾ ਪ੍ਰਸ਼ਾਦ ਮੁਕਰਜੀ ਨੇ ਅੱਧਾ ਬੰਗਾਲ ਤੇ ਅੱਧਾ ਪੰਜਾਬ, ਬਚਾ ਕੇ ਹਿੰਦੁਸਤਾਨ ਨੂੰ ਦਿਤਾ। ਕਿਵੇਂ ਬਈ? ਅਖੇ ਇਸ ਤਰ੍ਹਾਂ ਕਿ ਉਸ ਵੇਲੇ ਬੰਗਾਲ ਦੀ ਮੁਸਲਿਮ ਲੀਗ ਵਜ਼ਾਰਤ ਵਿਚ ਵਜ਼ੀਰ ਸਨ। ਫਿਰ ਉਨ੍ਹਾਂ ਕੀ ਕੀਤਾ? ਕੁੱਝ ਵੀ ਨਹੀਂ ਜਦਕਿ ਮਾ: ਤਾਰਾ ਸਿੰਘ ਨੂੰ ਜਦ ਪੰਜਾਬ ਦੇ ਸਾਰੇ ਹਿੰਦੂ-ਸਿੱਖ ਵਿਧਾਇਕਾਂ ਨੇ ਲਾਹੌਰ ਵਿਚ ਅਪਣਾ ਲੀਡਰ ਚੁਣਿਆ ਤਾਂ ਦੋ ਦਿਨਾਂ ਵਿਚ ਉਨ੍ਹਾਂ ਨੇ ਅੰਗਰੇਜ਼ ਦਾ ਮੁਸਲਿਮ ਲੀਗ ਨੂੰ ਪੰਜਾਬ ਵਿਚ ਸਰਕਾਰ ਬਣਾਉਣ ਦਾ ਦਿਤਾ ਸੱਦਾ ਵਾਪਸ ਕਰਵਾ ਲਿਆ। ਇਸ ਨਾਲ ਲੀਗੀਆਂ ਨੇ ਸਿੱਖਾਂ ਉਤੇ ਕਾਤਲਾਨਾ ਹਮਲੇ ਵੀ ਕੀਤੇ ਤੇ ਮਾ: ਤਾਰਾ ਸਿੰਘ ਉਤੇ ਪਾਕਿਸਤਾਨ ਨੂੰ ‘ਲੰਗੜਾ’ ਬਣਾਉਣ ਦਾ ਇਲਜ਼ਾਮ ਵੀ ਲਗਾ ਦਿਤਾ ਤੇ ਉਨ੍ਹਾਂ ਦੇ ਜੱਦੀ ਪਿੰਡ ਵਿਚ ਜਾ ਕੇ ਮਾਸਟਰ ਜੀ ਦੇ ਘਰ ਨੂੰ ਮਲਬਾ ਬਣਾ ਕੇ ਉਸ ਉਤੇ ਜੁੱਤੀਆਂ ਵੀ ਮਾਰੀਆਂ।
ਹੁਣ ਦੱਸੋ ਸ਼ਿਆਮਾ ਪ੍ਰਸ਼ਾਦ ਨੇ ਲੀਗ ਸਰਕਾਰ ਵਿਚ ਰਹਿ ਕੇ ਕੁੱਝ ਕੀਤਾ ਕਿ ਮਾ: ਤਾਰਾ ਸਿੰਘ ਨੇ ਪੰਜਾਬ ਵਿਚ ਲੀਗ ਸਰਕਾਰ ਨੂੰ ਸਰਕਾਰ ਬਣਾਉਣ ਲਈ ਦਿਤਾ ਸੱਦਾ ਵਾਪਸ ਕਰਵਾ ਕੇ ਕੁੱਝ ਕੀਤਾ? ਜੇ ਲੀਗ ਸਰਕਾਰ ਬਣ ਜਾਂਦੀ ਤਾਂ ਸਾਰਾ ਪੰਜਾਬ ਰਾਵਲਪਿੰਡੀ ਤੋਂ ਗੁੜਗਾਉਂ ਤਕ ਪਾਕਿਸਤਾਨ ਵਿਚ ਚਲੇ ਜਾਣਾ ਸੀ ਕਿਉਂਕਿ ਇਸ ਸਾਰੇ ਇਲਾਕੇ ਵਿਚ ਹਿੰਦੂਆਂ ਸਿੱਖਾਂ ਦੀ ਕੁਲ ਮਿਲਾ ਕੇ ਵੀ ਆਬਾਦੀ ਘੱਟ ਸੀ ਤੇ ਮੁਸਲਮਾਨਾਂ ਦੀ ਜ਼ਿਆਦਾ ਸੀ। ਮਾ. ਤਾਰਾ ਸਿੰਘ ਦੇ ਇਸ ਕਾਰਨਾਮੇ ਤੇ ਅਕਾਲੀਆਂ ਨੂੰ ਖ਼ੁਦ ਫ਼ਖ਼ਰ ਕਰਨਾ ਚਾਹੀਦਾ ਸੀ। ਤੇ ਹਿੰਦੁਸਤਾਨ ਸਰਕਾਰ ਤੋਂ ਉਨ੍ਹਾਂ ਲਈ ਸੱਭ ਤੋਂ ਵੱਡਾ ਖ਼ਿਤਾਬ ਭਾਰਤ ਰਤਨ ਮੰਗਣਾ ਚਾਹੀਦਾ ਸੀ। ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼ ਦੀ ਸਕੂਲਾਂ ਵਿਚ ਲੱਗੀ ਇਤਿਹਾਸ ਦੀ ਕਿਤਾਬ (1950) ਵਿਚ ਉਨ੍ਹਾਂ ਨੂੰ ਪੰਜਾਬ ਰਾਜ ਹਿੰਦੁਸਤਾਨ ਲਈ ਬਚਾ ਕੇ ਦੇਣ ਨਾਲ ਸੱਭ ਤੋਂ ਵੱਡਾ ਨੇਤਾ ਵੀ ਲਿਖਿਆ ਗਿਆ ਸੀ ਤੇ ਮਾਸਟਰ ਜੀ ਦੀ ਵੱਡੀ ਫ਼ੋਟੋ ਵੀ ਨਾਲ ਦਿਤੀ ਸੀ।
(ਜੋਗਿੰਦਰ ਸਿੰਘ)