Nijji Diary De Panne: 'ਸ. ਅਮਰੀਕ ਸਿੰਘ ਨੇ ਧਰਮੀ ਫ਼ੌਜੀਆਂ ਦੀ ਗੁਰੂ ਲਈ ਕੁਰਬਾਨੀ ਦੀ ਜੋ ਵਿਥਿਆ ਮੈਨੂੰ ਸੁਣਾਈ, ਉਹ ਵੀ ਦਿਲ ਹਿਲਾ ਦੇਣ ਵਾਲੀ ਸੀ।'
‘ਸਪੋਕਸਮੈਨ’ ਇਕ ਮਾਸਕ ਪਰਚੇ ਵਜੋਂ ਅਪਣੇ ਬਚਪਨੇ ਵਿਚ ਹੀ ਸੀ ਜਦ ਮੈਂ ਅਪਣੇ ਦਫ਼ਤਰ ਵਿਚ ਬੈਠਾ ਹੋਇਆ ਸੀ। ਦੋ ਬੀਬੀਆਂ ਮੇਰੇ ਕੋਲ ਆਈਆਂ ਤੇ ਕੋਈ ਗੱਲ ਕੀਤੇ ਬਿਨਾਂ, ਇਕ ਲਿਫ਼ਾਫ਼ਾ ਮੇਰੇ ਹੱਥ ਫੜਾ ਦਿਤਾ। ਸ਼ਰਮਾਕਲ ਜਹੀਆਂ ਲਗਦੀਆਂ ਸਨ। ਮੈਂ ਵੀ ਕੁੱਝ ਲਿਖ ਰਿਹਾ ਸੀ। ਲਿਫ਼ਾਫ਼ਾ ਲੈ ਕੇ ਮੈਂ ਕਿਹਾ, ‘‘ਠੀਕ ਐ, ਮੈਂ ਪੜ੍ਹ ਲਵਾਂਗਾ।’’ ਮੈਂ ਸੋਚਿਆ, ਕੋਈ ਲੇਖ, ਕਵਿਤਾ ਜਾਂ ਕਹਾਣੀ ਹੋਵੇਗੀ ਉਸ ਲਿਫ਼ਾਫ਼ੇ ਵਿਚ। ਉਹ ਉਸੇ ਤਰ੍ਹਾਂ, ਬਿਨਾਂ ਕੁੱਝ ਬੋਲੇ, ਖੜੀਆਂ ਖੜੀਆਂ ਹੀ, ਬਾਹਰ ਚਲੀਆਂ ਗਈਆਂ।
ਪਰ ਲਿਖਣ ਤੋਂ ਵਿਹਲਾ ਹੋ ਕੇ ਜਦ ਮੈਂ ਉਹ ਲਿਫ਼ਾਫ਼ਾ ਖੋਲ੍ਹਿਆ ਤਾਂ ਉਸ ਵਿਚਲੀ ਲਿਖਤ ਪੜ੍ਹ ਕੇ ਮੇਰੇ ਰੌਂਗਟੇ ਖੜੇ ਹੋ ਗਏ। ਮੇਰਾ ਦਿਲ ਕਰੇ, ਮੈਂ ਉਨ੍ਹਾਂ ਨੂੰ ਜਾ ਕੇ ਲੱਭਾਂ ਪਰ ਅੱਧੇ ਘੰਟੇ ਮਗਰੋਂ ਕਿਸੇ ਟੁਰ ਗਏ ਨੂੰ ਲੱਭਣ ਵਾਲੀ ਗੱਲ ਪਛਤਾਵਾ ਕਰਨ ਤੋਂ ਵੱਧ ਕੋਈ ਅਰਥ ਨਹੀਂ ਸੀ ਰਖਦੀ। ਮੈਂ ਉਸੇ ਵੇਲੇ ਜਨਰਲ ਨਰਿੰਦਰ ਸਿੰਘ ਨੂੰ ਫ਼ੋਨ ਕੀਤਾ ਕਿ 84 ਦੇ ਸ਼ਹੀਦਾਂ ਦੇ ਅਨਾਥ ਬੱਚਿਆਂ ਦੀ ਲੂੰ-ਕੰਡੇ ਖੜੇ ਕਰਨ ਵਾਲੀ ਦਾਸਤਾਨ ਮੇਰੇ ਕੋਲ ਆਈ ਹੈ। ਸਾਨੂੰ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਦਾ ਹਾਲ ਜਾਣਨਾ ਚਾਹੀਦੈ ਤੇ ਇਨ੍ਹਾਂ ਬੱਚਿਆਂ ਦੀ ਮਦਦ ਵੀ ਕਰਨੀ ਚਾਹੀਦੀ ਹੈ।
ਜਨਰਲ ਨਰਿੰਦਰ ਸਿੰਘ ਵੀ ਅਜਿਹੇ ਕੰਮਾਂ ਲਈ ਝੱਟ ਤਿਆਰ ਹੋ ਜਾਂਦੇ ਸਨ ਪਰ ਮਦਦ ਦੀ ਗੱਲ ਸੁਣ ਕੇ ਬੋਲੇ, ‘‘ਮਦਦ ਕਰਨ ਲਈ ਕੋਈ ਫ਼ੰਡ ਹੈ ਤੁਹਾਡੇ ਕੋਲ? ਕਿੰਨੀ ਮਦਦ ਕਰ ਸਕੋਗੇ?’’ ਮੈਂ ਕਿਹਾ, ‘‘ਪਹਿਲਾਂ ਚੱਲ ਕੇ ਵੇਖ ਤੇ ਸਮਝ ਤਾਂ ਲਈਏ, ਫਿਰ ਮਦਦ ਬਾਰੇ ਕੁੱਝ ਤਾਂ ਕਹਾਂਗੇ ਹੀ।’’ ਮੇਰੇ ਕੋਲ ਉਸ ਸਮੇਂ ਕਾਰ ਨਹੀਂ ਸੀ ਹੁੰਦੀ। ਜਨਰਲ ਸਾਹਬ ਝੱਟ ਕਾਰ ਲੈ ਕੇ ਪਹੁੰਚ ਜਾਂਦੇ ਸਨ। ਉਹ ਮੇਰੇ ਕੋਲ ਆ ਗਏ। ਉਨ੍ਹਾਂ ਵੀ ਚਿੱਠੀ ਪੜ੍ਹੀ। ਬੀਬੀਆਂ ਨੇ ਲਿਖਿਆ ਸੀ ਕਿ ਪੁਲਿਸ ਮੁਕਾਬਲਿਆਂ ਵਿਚ ਜਿਹੜੇ ਬੱਚੇ ਅਨਾਥ ਹੋ ਗਏ ਸਨ, ਉਨ੍ਹਾਂ ਨੂੰ ਉਹ ਸੰਭਾਲ ਰਹੀਆਂ ਹਨ ਪਰ ਥਾਂ-ਥਾਂ ਧੱਕੇ ਖਾ ਕੇ ਵੀ, ਉਨ੍ਹਾਂ ਨੂੰ ਮਦਦ ਦੇਣ ਵਾਲਾ ਕੋਈ ਨਹੀਂ ਸੀ ਮਿਲਿਆ। ਉਹ ਚਾਹੁੰਦੀਆਂ ਸਨ ਕਿ ਸਪੋਕਸਮੈਨ ਉਨ੍ਹਾਂ ਦੀ ਵਿਥਿਆ ਲੋਕਾਂ ਨੂੰ ਦੱਸੇ। ਅਗਲੇ ਹੀ ਦਿਨ ਅਸੀ ਚਾਰ ਜਣੇ, ਚਿੱਠੀ ਵਿਚ ਦਿਤੇ ਪਤੇ ਬਾਰੇ ਪੁਛਦੇ ਪੁਛਾਂਦੇ ਉਨ੍ਹਾਂ ਕੋਲ ਪਹੁੰਚ ਗਏ। ਬੀਬੀਆਂ ਮਿਲ ਗਈਆਂ। ਅਸੀ ਉਨ੍ਹਾਂ ਨੂੰ ਕਿਹਾ, ‘‘ਸਾਨੂੰ ਬੱਚੇ ਵਿਖਾਉ।’’
ਬੜੇ ਵੀਰਾਨ ਜਹੇ ਇਲਾਕੇ ਵਿਚ ਤੂੜੀ ਵਾਲੇ ਕਮਰੇ ਵਰਗੇ ਛੋਟੇ ਜਹੇ ਕਮਰੇ ਵਿਚ 50 ਬੱਚੇ ਬੰਦ ਕੀਤੇ ਹੋਏ ਸਨ। ਵੇਖ ਕੇ ਸਾਡਾ ਅੰਦਰਲਾ ਕੰਬ ਉਠਿਆ। ਨਾ ਉਨ੍ਹਾਂ ਕੋਲ ਰਹਿਣ ਲਈ ਥਾਂ ਸੀ, ਨਾ ਖਾਣ ਲਈ ਚੰਗੀ ਰੋਟੀ, ਨਾ ਖੇਡਣ ਲਈ ਥਾਂ, ਨਾ ਪੜ੍ਹਨ ਲਈ ਕਿਤਾਬਾਂ। ਦੋ ਬੀਬੀਆਂ ਪਤਾ ਨਹੀਂ ਕਿਹੜੇ ਹੱਠ ਅਤੇ ਤਿਆਗ ਦੀ ਭਾਵਨਾ ਨਾਲ ਇਹ ਜ਼ਿੰਮੇਵਾਰੀ ਨਿਭਾ ਰਹੀਆਂ ਸਨ।
ਅਸੀ ਪੁਛਿਆ, ‘‘ਇਨ੍ਹਾਂ ਲਈ ਰੋਟੀ ਪਾਣੀ ਦਾ ਕੀ ਪ੍ਰਬੰਧ ਹੈ?’’ ਜਵਾਬ ਮਿਲਿਆ, ‘‘ਗੁਰਦਵਾਰਾ ਦੁਖ ਨਿਵਾਰਨ ਸਾਹਿਬ ਤੋਂ ਇਨ੍ਹਾਂ ਲਈ ਇਕ ਡੰਗ ਦੀ ਰੋਟੀ ਮਿਲਦੀ ਹੈ ਜਿਹੜੀ ਅਸੀ ਦੋ ਡੰਗ ਵੰਡ ਕੇ ਇਨ੍ਹਾਂ ਨੂੰ ਖੁਆਂਦੀਆਂ ਹਾਂ। ਅਸੀ ਤੁਹਾਡੇ ਕੋਲ ਇਹ ਮੰਗ ਲੈ ਕੇ ਹੀ ਗਈਆਂ ਸੀ ਕਿ ਗੁਰਦਵਾਰੇ ਵਾਲਿਆਂ ਨੂੰ ਆਖੋ, 50 ਬੱਚਿਆਂ ਲਈ ਦੋ ਡੰਗ ਦੀ ਰੋਟੀ ਤਾਂ ਦੇ ਦਿਆ ਕਰਨ। ਇਨ੍ਹਾਂ ਲਈ ਕਪੜੇ ਅਸੀ ਘਰਾਂ ਵਿਚੋਂ ਮੰਗ-ਮੰਗ ਕੇ ਇਕੱਠੇ ਕਰਦੀਆਂ ਹਾਂ ਪਰ ਰੁਪਏ ਪੈਸੇ ਦੀ ਮਦਦ ਬਹੁਤ ਥੋੜੀ ਮਿਲਦੀ ਹੈ।’’
ਮੇਰਾ ਸਿਰ ਚਕਰਾ ਗਿਆ। ਕਾਹਦੇ ਲਈ ਅਸੀ ਕਰੋੜਾਂ ਦੇ ਗੁਰਦਵਾਰੇ ਬਣਾਏ ਹੋਏ ਨੇ ਜੇ ਅਸੀ ਕੁੱਝ ਕੁ ਨਿਆਸਰੇ, ਯਤੀਮ ਤੇ ਬੇਸਹਾਰਾ ਲੋਕਾਂ ਦੀ ਏਨੀ ਮਦਦ ਵੀ ਨਹੀਂ ਕਰ ਸਕਦੇ? ਕੁੱਝ ਸੋਚ ਕੇ, ਮੈਂ ਬੀਬੀਆਂ ਨੂੰ ਕਿਹਾ, ‘‘ਮੈਨੂੰ ਸਾਰੇ ਬੱਚਿਆਂ ਦੀਆਂ ਵਖਰੀਆਂ-ਵਖਰੀਆਂ ਤਸਵੀਰਾਂ ਦੇ ਸਕਦੇ ਹੋ?’’ ਉਨ੍ਹਾਂ ਨੇ ਉਸੇ ਵੇਲੇ ਨੇੜੇ ਦਾ ਫ਼ੋਟਗ੍ਰਾਫ਼ਰ ਬੁਲਾ ਕੇ ਫ਼ੋਟੋ ਖਿਚਵਾ ਲਈਆਂ ਤੇ ਫ਼ੋਟੋਗ੍ਰਾਫ਼ਰ ਸਾਰੀਆਂ ਤਸਵੀਰਾਂ ਵੱਡੇ ਲਿਫ਼ਾਫ਼ੇ ਵਿਚ ਪਾ ਕੇ ਅਗਲੇ ਦਿਨ ਚੰਡੀਗੜ੍ਹ ਆ ਕੇ ਦੇ ਵੀ ਗਿਆ।
ਮੈਂ ਆਰਟਿਸਟ ਨੂੰ ਬੁਲਾ ਕੇ, ਉਸ ਨੂੰ ਕਿਹਾ, ‘‘ਅਗਲੇ ਪਰਚੇ ਦੇ ਟਾਈਟਲ ਤੇ ਇਹ ਸਾਰੀਆਂ ਤਸਵੀਰਾਂ ਕੋਲਾਜ ਬਣਾ ਕੇ ਛਾਪਣੀਆਂ ਹਨ। ਵਧੀਆ ਜਿਹਾ ‘ਕੋਲਾਜ’ ਬਣਾ ਦੇ।’’
ਅਗਲੇ ਅੰਕ ਵਿਚ ਮੁੱਖ ਪੰਨੇ ’ਤੇ 50 ਅਨਾਥ ਬੱਚਿਆਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ ਤੇ ਅੰਦਰ ਮੈਂ ਉਨ੍ਹਾਂ ਦੀ ਵਿਥਿਆ ਲਿਖ ਕੇ, ਕੌਮ ਨੂੰ ਹਲੂਣਾ ਦਿਤਾ ਸੀ ਕਿ ਇਨ੍ਹਾਂ ਦੀ ਤੁਰਤ ਮਦਦ ਕਰੋ। ਦਿਨਾਂ ਵਿਚ ਹੀ ਭਲੇ ਲੋਕ ਲੱਖਾਂ ਰੁਪਏ ਲੈ ਕੇ ਉਨ੍ਹਾਂ ਕੋਲ ਪਹੁੰਚ ਗਏ। ਸ਼ਾਇਦ ਵਿਦੇਸ਼ ਦੀ ਕੋਈ ਸੰਸਥਾ ਵੀ ਉਨ੍ਹਾਂ ਦੀ ਮਦਦ ਤੇ ਆ ਗਈ। ਮੈਨੂੰ ਬਹੁਤ ਚੰਗਾ ਲੱਗਾ ਕਿ ਮੇਰੀ ਅਪੀਲ ਸਦਕਾ ਬੱਚਿਆਂ ਨੂੰ ਚੰਗੀ ਮਦਦ ਮਿਲ ਗਈ ਸੀ ਪਰ ਮੇਰੇ ਦਿਲ ਵਿਚ ਇਹ ਵਿਚਾਰ ਹੋਰ ਵੀ ਜ਼ੋਰ ਫੜ ਗਿਆ ਕਿ ਸਿੱਖਾਂ ਨੂੰ ਗਾਹੇ ਬਗਾਹੇ, ਕੋਈ ਨਾ ਕੋਈ ਮੁਸੀਬਤ ਬਣੀ ਹੀ ਰਹਿੰਦੀ ਹੈ, ਇਸ ਲਈ ਇਨ੍ਹਾਂ ਕੋਲ ਇਕ ਪੱਕਾ ਟਿਕਾਣਾ ਜ਼ਰੂਰ ਹੋਣਾ ਚਾਹੀਦਾ ਹੈ ਜਿਥੋਂ ਗਿੜਗੜਾਏ ਬਿਨਾਂ, ਹਰ ਦੁਖੀ ਨੂੰ ਅਪਣੇ ਆਪ ਮਦਦ ਮਿਲ ਜਾਇਆ ਕਰੇ। ਗੁਰਦਵਾਰੇ ਤੇ ਡੇਰੇ ਤਾਂ ਮੈਂ ਛੋਟੀ ਉਮਰ ਤੋਂ ਵੇਖਦਾ ਆ ਰਿਹਾ ਸੀ, ਕਿਸੇ ਦੁਖੀ ਦੀ ਮਦਦ ਨਹੀਂ ਕਰਦੇ ਬਲਕਿ ਆਏ ਦੁਖੀ ਨੂੰ ਵੀ ਇਹੀ ਕਹਿ ਦਿੰਦੇ ਹਨ, ‘‘ਜੋ ਕੁੱਝ ਹੈ ਈ, ਉਹ ਵੀ ਦੇ ਜਾ, ਅਸੀ ਤੇਰੀ ਅਰਦਾਸ ਕਰ ਦਿਆਂਗੇ ਸ਼ਾਇਦ ਵਾਹਿਗੁਰੂ ਤੇਰੀ ਸੁਣ ਹੀ ਲਵੇ।’’
ਉਸ ਤੋਂ ਬਾਅਦ ਅਸੀ ਕਈ ਦੁਖੀਆਂ ਦੀ ਮਦਦ ਲਈ ਅਪੀਲਾਂ ਕੀਤੀਆਂ। ਪਾਠਕਾਂ ਵਲੋਂ ਉਨ੍ਹਾਂ ਨੂੰ ਵੀ ਮਦਦ ਮਿਲ ਜਾਂਦੀ ਰਹੀ। ਗੱਲ ਫੈਲਦੀ ਗਈ ਤੇ ਘਰ ਘਰ ਚਰਚਾ ਹੋਣ ਲੱਗੀ। ਦੂਰ ਬੈਠਿਆਂ ਨੂੰ ਲੱਗਣ ਲੱਗ ਪਿਆ ਕਿ ਮੈਂ ਸ਼ਾਇਦ ਕੋਈ ਬਹੁਤ ਅਮੀਰ ਆਦਮੀ ਹਾਂ ਜੋ ਖ਼ਾਲੀ ਹੱਥ ਕਿਸੇ ਨੂੰ ਨਹੀਂ ਮੋੜਦਾ। ਮੇਰੇ ਕੋਲ ਜੇਲ ਵਿਚ ਬੰਦ ਮੁੰਡਿਆਂ/ਖਾੜਕੂਆਂ ਦੀਆਂ ਚਿੱਠੀਆਂ ਵੀ ਆਉਣ ਲੱਗ ਪਈਆਂ ਕਿ ਉਨ੍ਹਾਂ ਦੇ ਘਰ ਦਿਆਂ ਨੂੰ ਵੀ ਮਦਦ ਪਹੁੰਚਾਵਾਂ। ਮੈਂ ਸੱਭ ਦੀ ਮਦਦ ਤਾਂ ਨਹੀਂ ਸੀ ਕਰ ਸਕਦਾ ਪਰ ਮੇਰਾ ਇਹ ਵਿਚਾਰ ਪੱਕਾ ਹੁੰਦਾ ਗਿਆ ਕਿ ਇਕ ਪੱਕਾ ਟਿਕਾਣਾ ਅਜਿਹਾ ਵੀ ਹੋਣਾ ਚਾਹੀਦਾ ਹੈ ਜਿਥੋਂ ਹਰ ਦੁਖੀ ਤੇ ਲੋੜਵੰਦ ਮਨੁੱਖ, ਰੋ-ਰੋ ਕੇ ਜਾਂ ਗਿੜਗਿੜਾ ਕੇ, ਭੀਖ ਮੰਗਣ ਵਾਂਗ ਮਦਦ ਨਾ ਮੰਗੇ ਸਗੋਂ ਹੱਕ ਵਜੋਂ ਮੰਗੇ ਤੇ ਉਸ ਨੂੰ ਤੁਰਤ ਮਦਦ ਮਿਲ ਵੀ ਜਾਏ। ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਵਿਚਾਰ ਉਸੇ ਸੋਚ ਦਾ ਹੀ ਨਤੀਜਾ ਸੀ। ਉਸ ਬਾਰੇ ਹੋਰ ਕੁੱਝ ਕਹਿਣ ਤੋਂ ਪਹਿਲਾਂ ਮੈਂ ਤੁਹਾਨੂੰ ਬਲੂ ਸਟਾਰ ਆਪ੍ਰੇਸ਼ਨ ਅਰਥਾਤ ਫ਼ੌਜੀ ਹਮਲੇ ਦੇ ਵਿਰੋਧ ਵਿਚ ਬੈਰਕਾਂ ਛੱਡ ਕੇ ਅੰਮਿ੍ਰਤਸਰ ਵਲ ਕੂਚ ਕਰਨ ਵਾਲੇ ਧਰਮੀ ਫ਼ੌਜੀਆਂ ਦੀ ਗੱਲ ਸੁਣਾਣੀ ਚਾਹਾਂਗਾ।
ਧਰਮੀ ਫ਼ੌਜੀਆਂ ਨੇ ਕੌਮੀ ਅਣਖ ਖ਼ਾਤਰ, ਫ਼ੌਜ ਦੀ ਨੌਕਰੀ ਨੂੰ ਲੱਤ ਮਾਰ ਕੇ ਤੇ ਦਰਬਾਰ ਸਾਹਿਬ ਵਲ ਪੈਦਲ ਕੂਚ ਕਰ ਕੇ ਜੋ ਮਾਅਰਕਾ ਮਾਰਿਆ ਸੀ, ਚਾਹੀਦਾ ਤਾਂ ਇਹ ਸੀ ਕਿ ਕੌਮ ਉਨ੍ਹਾਂ ਨੂੰ ਸਿਰ ਮੱਥੇ ਤੇ ਚੁੱਕ ਲੈਂਦੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਉਨ੍ਹਾਂ ਦੀ ਕੁਰਬਾਨੀ ਦਾ ਪੂਰਾ ਮੁਲ ਪਾ ਦੇਂਦੀ। ਇਨ੍ਹਾਂ ਨੂੰ ਕਈ ਸਾਲ ਦੀਆਂ ਬਾਮੁਸ਼ੱਕਤ ਕੈਦ ਦੀਆਂ ਸਜ਼ਾਵਾਂ ਵੀ ਹੋਈਆਂ ਤੇ ਤਨਖ਼ਾਹਾਂ ਵੀ ਬੰਦ ਹੋ ਗਈਆਂ। ਕਈ ਸਾਲ ਫ਼ੌਜੀ ਕੈਦਖ਼ਾਨਿਆਂ ਵਿਚ ਰਹਿ ਕੇ ਘਰ ਆਏ ਤਾਂ ਉਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰਨਾ ਵੀ ਔਖਾ ਹੋ ਗਿਆ। ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲ ਭੱਜੇ, ਹੋਰ ‘ਪੰਥਕ’ ਜਥੇਬੰਦੀਆਂ ਤੇ ਵੱਡੀਆਂ ‘ਪੰਥਕ ਸੰਸਥਾਵਾਂ’ ਕੋਲ ਗਏ। ਸੱਭ ਨੇ ਮਿੱਠੇ ਸ਼ਬਦ ਬੋਲ ਕੇ ਟਾਲ ਦਿਤਾ ਪਰ ਮਦਦ ਕਿਸੇ ਨੇ ਕੋਈ ਨਾ ਕੀਤੀ।
ਅਖ਼ੀਰ ਕਿਸੇ ਦੇ ਕਹਿਣ ਉਤੇ ਮੇਰੇ ਕੋਲ ਆ ਗਏ। ਮੈਂ ਪੁਛਿਆ, ਕਿੰਨੇ ਕੁ ਧਰਮੀ ਫ਼ੌਜੀਆਂ ਨੂੰ ਮਦਦ ਚਾਹੀਦੀ ਹੈ? ਉਨ੍ਹਾਂ ਨੇ ਵੱਡੀ ਸਾਰੀ ਸੂਚੀ ਫੜਾ ਦਿਤੀ। ਧਰਮੀ ਫ਼ੌਜੀਆਂ ਨੇ ਅਪਣੀ ਇਕ ਐਸੋਸੀਏਸ਼ਨ ਵੀ ਬਣਾ ਲਈ ਸੀ-- ਧਰਮੀ ਫ਼ੌਜੀ ਐਸੋਸੀਏਸ਼ਨ। ਮੈਂ ਚਾਰ ਸਿੱਖ ਫ਼ੌਜੀ ਜਰਨੈਲਾਂ ਤਕ ਜਨਰਲ ਨਰਿੰਦਰ ਸਿੰਘ ਰਾਹੀਂ ਪਹੁੰਚ ਕਰ ਕੇ ਉਨ੍ਹਾਂ ਦੀ ਇਕ ਕਮੇਟੀ ਬਣਾ ਦਿਤੀ ਜਿਸ ਨੇ ਸਿਫ਼ਾਰਸ਼ ਕੀਤੀ ਕਿ ਕਿਹੜੇ ਕਿਹੜੇ ਧਰਮੀ ਫ਼ੌਜੀ ਮਦਦ ਦੇ ਹੱਕਦਾਰ ਸਨ। ਕਈ ਤਾਂ ਨੌਕਰੀ ਵਿਚ ਵਾਪਸ ਵੀ ਲੈ ਲਏ ਗਏ ਸਨ ਤੇ ਕਈ ਸ਼ਹੀਦ ਹੋ ਗਏ ਸਨ।
ਸ. ਅਮਰੀਕ ਸਿੰਘ ਨੇ ਧਰਮੀ ਫ਼ੌਜੀਆਂ ਦੀ ਗੁਰੂ ਲਈ ਕੁਰਬਾਨੀ ਦੀ ਜੋ ਵਿਥਿਆ ਮੈਨੂੰ ਸੁਣਾਈ, ਉਹ ਵੀ ਦਿਲ ਹਿਲਾ ਦੇਣ ਵਾਲੀ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ‘‘ਉਹ ਇਹ ਪੂਰੀ ਵਿਥਿਆ ਲਿਖ ਦੇਣ, ਮੈਂ ਕਿਤਾਬ ਛਪਵਾਉਣ ਦਾ ਪ੍ਰਬੰਧ ਅਪਣੇ ਕੋਲੋਂ ਕਰ ਦਿਆਂਗਾ।’’ ਉਹ ਕਹਿੰਦੇ, ‘‘ਮੈਨੂੰ ਲਿਖਣਾ ਨਹੀਂ ਆਉਂਦਾ।’’ ਮੈਂ ਕਿਹਾ ‘‘ਜਿਵੇਂ ਦਾ ਵੀ ਲਿਖ ਸਕਦੇ ਹੋ, ਲਿਖ ਦਿਉ। ਅਸੀ ਆਪੇ ਠੀਕ ਕਰ ਲਵਾਂਗੇ।’’ ਕਿਤਾਬ ਦਾ ਖਰੜਾ ਤਿਆਰ ਹੋ ਗਿਆ। ਕੁਰਬਾਨੀ ਕਰਨ ਵਾਲੇ ਧਰਮੀ ਫ਼ੌਜੀਆਂ ਦੀਆਂ ਰੰਗੀਨ ਤਸਵੀਰਾਂ ਦਾ ਵੀ ਉਨ੍ਹਾਂ ਨੇ ਪ੍ਰਬੰਧ ਕਰ ਦਿਤਾ। ਫਿਰ ਮੇਰਾ ਦਿਲ ਕੀਤਾ, ਇਹ ਪੰਜਾਬੀ ਦੇ ਨਾਲ-ਨਾਲ, ਅੰਗਰੇਜ਼ੀ ਵਿਚ ਵੀ ਛਪਣੀ ਚਾਹੀਦੀ ਹੈ। ਮੈਂ ਕਾਹਲੀ ਕਾਹਲੀ ਇਸ ਦਾ ਅੰਗਰੇਜ਼ੀ ਤਰਜਮਾ ਵੀ ਕਰ ਲਿਆ। ਦੋਵੇਂ ਕਿਤਾਬਾਂ ਛਪਣ ਲਈ ਤਿਆਰ ਹੋ ਗਈਆਂ।
ਪਰਚੇ ਵਿਚ ਮੈਂ ਧਰਮੀ ਫ਼ੌਜੀਆਂ ਦੀ ਕੁਰਬਾਨੀ ਬਾਰੇ ਦਸ ਕੇ, ਲਗਾਤਾਰ ਅਪੀਲਾਂ ਕਰਨੀਆਂ ਜਾਰੀ ਰਖੀਆਂ। ਲੱਖਾਂ ਰੁਪਏ ਆਉਣੇ ਸ਼ੁਰੂ ਹੋ ਗਏ। ਮੈਂ ਸਾਰੀ ਪ੍ਰਾਪਤ ਹੋਈ ਰਕਮ ਦੀ ਸੂਚੀ ਪਰਚੇ ਵਿਚ ਹਰ ਮਹੀਨੇ ਛਾਪ ਦੇਂਦਾ ਸੀ। ਸ. ਅਮਰੀਕ ਸਿੰਘ ਤਾਂ ਚਾਹੁੰਦੇ ਸਨ ਕਿ ਭਾਵੇਂ 1100-1100 ਰੁਪਏ ਪ੍ਰਤੀ ਧਰਮੀ ਫ਼ੌਜੀ ਹੀ ਦੇ ਦਿਉ, ਉਨ੍ਹਾਂ ਦਾ ਸਨਮਾਨ ਤਾਂ ਹੋ ਜਾਏਗਾ ਪਰ ਮੈਂ ਘੱਟੋ ਘੱਟ 10 ਹਜ਼ਾਰ ਰੁਪਿਆ ਹਰ ਧਰਮੀ ਫ਼ੌਜੀ ਨੂੰ ਦੇਣਾ ਚਾਹੁੰਦਾ ਸੀ। ਛੇਤੀ ਹੀ ਪਠਕਾਂ ਨੇ ਮੇਰੀ ਸੁਣ ਲਈ ਤੇ ਅਸੀ ਹਰ ਲੋੜਵੰਦ ਧਰਮੀ ਫ਼ੌਜੀ ਲਈ 10-10 ਹਜ਼ਾਰ ਦੇ ਬੈਂਕ ਡਰਾਫ਼ਟ/ਚੈੱਕ ਬਣਵਾ ਲਏ ਤੇ ਕਿਸੇ ਸਿਆਸੀ ਆਗੂ ਨੂੰ ਬੁਲਾਉਣ ਦੀ ਬਜਾਏ, ਕੁੱਝ ਪਤਵੰਤਿਆਂ ਦੀ ਹਾਜ਼ਰੀ ਵਿਚ ਧਰਮੀ ਫ਼ੌਜੀਆਂ ਦਾ ਸਨਮਾਨ ਵੀ ਕੀਤਾ ਤੇ ਉਨ੍ਹਾਂ ਨੂੰ 10-10 ਹਜ਼ਾਰ ਦੇ ਚੈੱਕ/ਬੈਂਕ ਡਰਾਫ਼ਟ ਵੀ ਵੱਖ-ਵੱਖ ਹਸਤੀਆਂ ਕੋਲੋਂ ਦਿਵਾਏ ਜਿਨ੍ਹਾਂ ਵਿਚ ਜਨਰਲ ਨਰਿੰਦਰ ਸਿੰਘ, ਡਾ. ਹਰਨਾਮ ਸਿੰਘ ਸ਼ਾਨ, ਗੁਰਤੇਜ ਸਿੰਘ ਆਈ.ਏ.ਐਸ, ਡਾ. ਕੁਲਦੀਪ ਸਿੰਘ, ਭਾਈ ਜਸਬੀਰ ਸਿੰਘ ਖੰਨਾ, ਭਾਈ ਅਸ਼ੋਕ ਸਿੰਘ ਬਾਗੜੀਆਂ ਸਮੇਤ ਹੋਰ ਕਈ ਪਤਵੰਤੇ ਵੀ ਸਨ।
ਧਰਮੀ ਫ਼ੌਜੀਆਂ ਬਾਰੇ ਦੋਵੇਂ ਕਿਤਾਬਾਂ ਵੀ ਮੌਕੇ ਉਤੇ ਹੀ ਰੀਲੀਜ਼ ਕਰ ਦਿਤੀਆਂ ਗਈਆਂ। ਜਿਹੜੇ ਧਰਮੀ ਫ਼ੌਜੀ, ਰਸਤੇ ਵਿਚ ਹੀ ਪਿੱਛਾ ਕਰ ਰਹੇ ਫ਼ੌਜੀਆਂ ਨੇ ਸ਼ਹੀਦ ਕਰ ਦਿਤੇ ਸਨ, ਉਨ੍ਹਾਂ ਦੀਆਂ ਵਿਧਵਾਵਾਂ ਨੂੰ 10-10 ਹਜ਼ਾਰ ਦੇ ਦਿਤੇ ਗਏ। ਸੱਭ ਨੂੰ ਫੁੱਲਾਂ ਦੇ ਹਾਰ ਪਾਏ ਗਏ। ਤਕਰੀਬਨ 110 ਧਰਮੀ ਫ਼ੌਜੀ ਸਮਾਗਮ ਵਿਚ ਪੁੱਜੇ ਸਨ। ਉਹ ਬਹੁਤ ਖ਼ੁਸ਼ ਸਨ ਕਿ ਪਹਿਲੀ ਵਾਰ ਕਿਸੇ ਨੇ ਉਨ੍ਹਾਂ ਦੀ ਕੁਰਬਾਨੀ ਬਦਲੇ ਉਨ੍ਹਾਂ ਨੂੰ ਸਨਮਾਨਿਆ ਤਾਂ ਹੈ ਤੇ 10-10 ਹਜ਼ਾਰ ਤਾਂ ਸੱਭ ਨੂੰ ਦਿਤੇ ਹਨ ਵਰਨਾ ਕਿਸੇ ਨੇ ਉਦੋਂ ਤਕ ਇਕ ਰੁਪਿਆ ਵੀ ਉਨ੍ਹਾਂ ਨੂੰ ਨਹੀਂ ਸੀ ਦਿਤਾ। ਖ਼ੁਸ਼ੀ ਨਾਲ ਉਨ੍ਹਾਂ ਦੀਆਂ ਅੱਖਾਂ ਵਿਚੋਂ ਵਾਰ-ਵਾਰ ਅੱਥਰੂ ਨਿਕਲ ਆਉਂਦੇ ਸਨ ਅਪਣੀ ਕੌਮ ਦੀ ਬੇਰੁਖ਼ੀ ਨੂੰ ਯਾਦ ਕਰ ਕੇ ਤੇ ਸਪੋਕਸਮੈਨ ਦੇ ਵਿਹੜੇ ਵਿਚੋਂ ਪਿਆਰ ਮਿਲਦਾ ਵੇਖ ਕੇ।
ਫ਼ਖ਼ਰ ਹੈ ਮੈਨੂੰ ਇਸ ਗੱਲ ਦਾ ਕਿ ਅਪਣੀ ਕੌਮ ਦੇ ਹਰ ਜ਼ਖ਼ਮ ਉਤੇ ਗੱਲਾਂ ਦਾ ਨਹੀਂ, ਅਮਲੀ ਸਹਾਇਤਾ ਦਾ ਫੋਹਾ ਰੱਖਣ ਦਾ ਕੰਮ ਸਿਰਫ਼ ਸਪੋਕਸਮੈਨ ਨੇ ਹੀ ਕੀਤਾ ਹੈ। ਕਿਸੇ ਹੋਰ ਮੀਡੀਆ, ਅਖ਼ਬਾਰ ਨੂੰ ਮੈਂ ਤਾਂ ਇਹ ਕੰਮ ਕਰਦੇ ਨਹੀਂ ਵੇਖਿਆ। ਪਰ ਮੈਂ ਸਦਾ ਇਹ ਵੀ ਚਾਹਿਆ ਹੈ ਕਿ ਬਾਬੇ ਨਾਨਕ ਦੇ ਦਰ ਵਰਗਾ ਇਥੇ ਇਕ ਪੱਕਾ ਟਿਕਾਣਾ ਵੀ ਜ਼ਰੂਰ ਹੋਣਾ ਚਾਹੀਦਾ ਹੈ ਜਿਥੋਂ ਹਰ ਦੁਖੀ ਤੇ ਲੋੜਵੰਦ, ਗਿੜਗਿੜਾ ਕੇ ਨਹੀਂ, ਮੰਗਤਾ ਬਣ ਕੇ ਨਹੀਂ ਸਗੋਂ ਹੱਕ ਵਜੋਂ ਮਦਦ ਪ੍ਰਾਪਤ ਕਰ ਸਕੇ। ਬਾਬੇ ਨਾਨਕ ਦੇ ਦਰ ਤੋਂ ਵੀ ਕਦੇ ਕਿਸੇ ਲੋੜਵੰਦ ਨੂੰ ਖ਼ਾਲੀ ਹੱਥ ਨਹੀਂ ਸੀ ਮੁੜਨਾ ਪਿਆ।
ਹੋਰ ਗੁਣਾਂ ਤੋਂ ਇਲਾਵਾ, ਬਾਬਾ ਨਾਨਕ ਸੱਭ ਤੋਂ ਵੱਡਾ ਦਾਨੀ ਵੀ ਸੀ ਤੇ ਉਸ ਨੇ ਸਾਰੀ ਉਮਰ ਮੰਗਿਆ ਜਾਂ ਲਿਆ ਕਿਸੇ ਕੋਲੋਂ ਨਹੀਂ ਸੀ। ਇਸੇ ਲਈ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਸਥਾਪਤੀ ਬਾਰੇ ਸੋਚਣ ਸਮੇਂ ਸੱਭ ਤੋਂ ਵੱਡਾ ਵਿਚਾਰ ਮੇਰੇ ਮਨ ਵਿਚ ਇਹੀ ਉਠਿਆ ਸੀ ਕਿ ਇਸ ਦੀ ਸਾਰੀ ਆਮਦਨ ਉਤੇ ਗ਼ਰੀਬਾਂ ਤੇ ਲੋੜਵੰਦਾਂ ਦਾ ਪੂਰਾ ਹੱਕ ਕਾਇਮ ਕਰ ਦਿਤਾ ਜਾਵੇ ਤੇ ਕਿਸੇ ਨੂੰ ਕੋਈ ਨਾਂਹ ਨਾ ਕਰ ਸਕੇ, ਨਾ ਕੋਈ ਪ੍ਰਬੰਧਕ, ਅਪਣੇ ਲਈ ਚਾਹ ਦਾ ਇਕ ਕੱਪ ਵੀ ਮੁਫ਼ਤ ਵਿਚ ਲੈ ਸਕੇ।
ਗੁਰਦਵਾਰਿਆਂ ਦੀਆਂ ਗੋਲਕਾਂ ਦੇ ਪੈਸੇ ਨਾਲ ਕੈਮਰੀ ਕਾਰਾਂ ਤੇ ਦੁਨੀਆਂ ਭਰ ਦੀਆਂ ਸੁੱਖ ਸਹੂਲਤਾਂ ਲੁੱਟੀਆਂ ਜਾ ਰਹੀਆਂ ਹਨ ਪਰ ਗ਼ਰੀਬ ਤੇ ਲੋੜਵੰਦ ਦੀ ਮਦਦ ਦੀ ਗੱਲ ਕਰੋ ਤਾਂ ਖ਼ਜ਼ਾਨਾ ਖ਼ਾਲੀ ਦਸ ਦਿਤਾ ਜਾਂਦਾ ਹੈ। ਸਾਰੇ ਹੀ ਚੰਗੇ ਸਿੱਖ ‘ਉੱਚਾ ਦਰ’ ਦੇ ਮੈਂਬਰ ਬਣ ਜਾਉ ਤੇ ਉਹ ਇਨਕਲਾਬ ਲੈ ਆਉ ਜੋ ਬਾਬੇ ਨਾਨਕ ਨੇ ਸਾਨੂੰ ਲਿਆਉਣ ਦੀ ਜਾਚ ਸਿਖਾਈ ਸੀ ਤੇ ਤਾਕੀਦ ਕੀਤੀ ਸੀ। ਇਸ ਨਾਨਕੀ ਇਨਕਲਾਬ ਵਿਚ ਬਾਬੇ ਨਾਨਕ ਦੇ ਹਰ ਸਿੱਖ ਨੂੰ ਸ਼ਾਮਲ ਹੋਣਾ ਚਾਹੀਦਾ ਹੈ।
1984 ਵਿਚ ਜਦ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕੀਤਾ ਗਿਆ ਤਾਂ ਧਰਮੀ ਫ਼ੌਜੀਆਂ ਨੇ ਅਪਣੀ ਸਰਕਾਰੀ ਨੌਕਰੀ ਨੂੰ ਲੱਤ ਮਾਰ ਕੇ ਜੋ ਕੁਰਬਾਨੀ ਕੀਤੀ ਸੀ, ਜੇ ਉਸ ਬਦਲੇ ਸਾਡੇ ਅਕਾਲੀ ਲੀਡਰ ਜਾਂ ਕੌਮ ਉਨ੍ਹਾਂ ਨੂੰ 10-10 ਲੱਖ ਰੁਪਏ ਦੀ ਮਦਦ ਵੀ ਦੇਂਦੀ ਤਾਂ ਉਹ ਵੀ ਥੋੜੇ ਸਨ। ਪ੍ਰੰਤੂ ਨਾ ਹੀ ਸਾਡੇ ਸਿਆਸੀ ਲੀਡਰਾਂ ਨੇ ਉਨ੍ਹਾਂ ਦੀ ਬਾਂਹ ਫੜੀ ਤੇ ਨਾ ਹੀ ਕੌਮ ਨੇ ਉਨ੍ਹਾਂ ਧਰਮੀ ਫ਼ੌਜੀਆਂ ਦੀ ਕੋਈ ਮਦਦ ਕੀਤੀ। ਜਦ ਇਸ ਪਾਸੇ ਕਿਸੇ ਨੇ ਧਿਆਨ ਨਾ ਦਿਤਾ ਤਾਂ ਸਪੋਕਸਮੈਨ ਨੇ 150 ਦੇ ਕਰੀਬ ਧਰਮੀ ਫ਼ੌਜੀਆਂ ਨੂੰ 10-10 ਹਜ਼ਾਰ ਦੇ ਚੈੱਕ, ਨਾਮਵਰ ਸ਼ਖ਼ਸੀਅਤਾਂ ਹੱਥੋਂ, ਸੰਗਤ ਦੇ ਸਾਹਮਣੇ ਦਿਵਾਏ।
ਫ਼ੌਜੀਆਂ ਦੀਆਂ ਅਰਜ਼ੀਆਂ ਬਾਰੇ ਫ਼ੈਸਲਾ ਲੈਣ ਲਈ ਜਨਰਲ ਨਰਿੰਦਰ ਸਿੰਘ ਦੀ ਅਗਵਾਈ ਹੇਠ ਚਾਰ ਜਰਨੈਲਾਂ ਦਾ ਇਕ ਬੋਰਡ ਬਣਾਇਆ ਗਿਆ ਜਿਸ ਨੇ ਸਾਰੀਆਂ ਅਰਜ਼ੀਆਂ ਦੀ ਆਪ ਘੋਖ ਕੀਤੀ ਤੇ ਜਿਸ-ਜਿਸ ਦੀ ਵੀ ਉਸ ਬੋਰਡ ਨੇ ਲਿਖਤੀ ਸਿਫ਼ਾਰਸ਼ ਕੀਤੀ, ਸਪੋਕਸਮੈਨ ਵਲੋਂ ਉਨ੍ਹਾਂ ਸਾਰੇ ਧਰਮੀ ਫ਼ੌਜੀਆਂ ਨੂੰ 10-10 ਹਜ਼ਾਰ ਦੀ ਸਹਾਇਤਾ ਤੁਰਤ ਦੇ ਦਿਤੀ ਗਈ। ਅਫ਼ਸੋਸ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁਣ ਤਕ ਇਸ ’ਤੇ ਮਿੱਟੀ ਹੀ ਪਾਉਂਦੇ ਆਏ ਹਨ।
ਇਸ ਸਬੰਧੀ ਉਨ੍ਹਾਂ ਦਾ ਹਮੇਸ਼ਾ ਇਕੋ ਜਵਾਬ ਹੁੰਦਾ ਹੈ ਕਿ ਅਜੇ ‘ਪੜਤਾਲ’ ਪੂਰੀ ਨਹੀਂ ਹੋਈ ਜਦਕਿ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਹੁੰਦੀ ਵੇਖ ਕੇ ਧਰਮੀ ਫ਼ੌਜੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਕਹਿਣ ਉਤੇ ਹੀ ਬੈਰਕਾਂ ਛੱਡੀਆਂ ਸਨ। ਇਸ ਲਈ ਇਨ੍ਹਾਂ ਕੋਲ ਤਾਂ ਧਰਮੀ ਫ਼ੌਜੀਆਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਸੀ। ਉਹ ਮਦਦ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥਕ ਜਥੇਬੰਦੀਆਂ ਕੋਲ ਗਏ ਪਰ ਉਨ੍ਹਾਂ ਦੀ ਕਿਸੇ ਨੇ ਵੀ ਮਦਦ ਨਾ ਕੀਤੀ।
ਇਸੇ ਸਬੰਧ ਵਿਚ ਅਸੀ ਸ. ਜੋਗਿੰਦਰ ਸਿੰਘ ਦੀ ਉਹ ‘ਨਿੱਜੀ ਡਾਇਰੀ’ (5 ਜਨਵਰੀ 2020) ਪ੍ਰਕਾਸ਼ਤ ਕਰ ਰਹੇ ਹਨ ਜਿਸ ਵਿਚ ਉਨ੍ਹਾਂ ਧਰਮੀ ਫ਼ੌਜੀਆਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਦਾ ਸਪੋਕਸਮੈਨ ਵਲੋਂ ਸਨਮਾਨ ਕੀਤਾ ਗਿਆ ਸੀ।
ਸਿੱਖ ਬੁੱਧੀਜੀਵੀਆਂ ਦੀ ਇਕੱਤਰਤਾ ਦੌਰਾਨ ਸੱਭ ਤੋਂ ਪਹਿਲਾਂ ਜੂਨ 1984 ਦਾ ਹੱਲ ਹੋਵੇ: ਧਰਮੀ ਫੌਜੀ
ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪ੍ਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਿੱਖ ਧਰਮ ਅਤੇ ਸਿੱਖ ਕੌਮ ’ਤੇ ਸੱਭ ਤੋਂ ਵੱਡਾ ਹਮਲਾ 1984 ਦੌਰਾਨ ਫ਼ੌਜੀ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ ਜਿਸ ਦੌਰਾਨ ਨਿਰਦੋਸ਼ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਪ੍ਰਕਮਾ ਅਤੇ ਸ੍ਰੀ ਦਰਬਾਰ ਸਾਹਿਬ ਵਿਚ ਸ਼ਹੀਦ ਕੀਤੀ ਗਈ ਜਿਸ ਦੇ ਰੋਸ ਵਜੋਂ ਸਿੱਖ ਧਰਮੀ ਫ਼ੌਜੀਆਂ ਨੇ ਬੈਰਕਾਂ ਛੱਡ ਕੇ ਅਕਾਲ ਤਖ਼ਤ ਸਾਹਿਬ ਨੂੰ ਫ਼ੌਜ ਤੋਂ ਆਜ਼ਾਦ ਕਰਵਾਉਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਲ ਕੂਚ ਕੀਤਾ।
ਇਸ ਦੌਰਾਨ ਧਰਮੀ ਫ਼ੌਜੀਆਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਦਾ 100 ਫ਼ੀ ਸਦੀ ਨੁਕਸਾਨ ਹੋਇਆ। ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਕਿ ਅਕਾਲੀ ਦਲ ਸੁਧਾਰ ਲਹਿਰ ਦੀ ਦਰਖ਼ਾਸਤ ’ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ-ਬਹਿਬਲ ਕਲਾਂ ਵਿਚ ਦੋ ਸਿੰਘ ਸ਼ਹੀਦ ਹੋ ਜਾਣ ਅਤੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਆਦਿ ਸਬੰਧੀ ਸਿੱਖ ਬੁੱਧੀਜੀਵੀਆਂ ਦੀ ਇਕੱਤਰਤਾ ਬੁਲਾਈ ਜਾ ਰਹੀ ਹੈ ਜਦਕਿ ਸਿੱਖ ਕੌਮ ਅਤੇ ਧਰਮ ਦਾ ਸੱਭ ਤੋਂ ਵੱਧ ਨੁਕਸਾਨ ਜੂਨ 1984 ਦੌਰਾਨ ਹੋਇਆ। ਹਜ਼ਾਰਾਂ ਬੇਕਸੂਰ ਮਾਸੂਮ ਬੱਚੇ, ਔਰਤਾਂ, ਨੌਜਵਾਨ ਅਤੇ ਬਜ਼ੁਰਗ ਮਾਰੇ ਗਏ ਅਤੇ ਅਕਾਲ ਤਖ਼ਤ ਸਾਹਿਬ ’ਤੇ ਫ਼ੌਜ ਨੇ ਕਬਜ਼ਾ ਕਰ ਲਿਆ। ਧਰਮ ਖ਼ਾਤਰ ਸਿੱਖ ਫ਼ੌਜੀਆਂ ਨੇ ਅਪਣੀ ਨੌਕਰੀਆਂ ਦੀ ਪ੍ਰਵਾਹ ਨਾ ਕਰਦਿਆਂ ਅਸਲੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਵਲ ਕੂਚ ਕਰ ਦਿਤਾ। ਸਰੀਰਕ ਅਤੇ ਮਾਨਸਕ ਤਸੀਹੇ ਝੱਲੇ।
ਸ਼੍ਰ੍ਰੋ੍ਰ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਵਾਰ-ਵਾਰ ਮਤੇ ਪਾ ਕੇ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿਚ ਮਿਲਾ ਦਿਤਾ ਗਿਆ ਜਿਸ ਕਾਰਨ ਧਰਮੀਆਂ ਫ਼ੌਜੀਆਂ ਦੇ ਮਨਾਂ ਵਿਚ ਭਾਰੀ ਰੋਸ ਹੈ। ਇਸ ਕਰ ਕੇ ਧਰਮੀ ਫ਼ੌਜੀਆਂ ਵਲੋਂ ਦਿਤੇ ਮੰਗ-ਪੱਤਰ ਨੂੰ ਪਹਿਲ ਦੇ ਆਧਾਰ ’ਤੇ ਵਿਚਾਰ ਕੇ ਜੂਨ 1984 ਦਾ ਇਨਸਾਫ਼ ਦਿਤਾ ਜਾਵੇ। ਸਿੱਖ ਬੁੱਧੀਜੀਵੀਆਂ ਦੀ ਇਕੱਤਰਤਾ ਦੌਰਾਨ ਜੂਨ 1984 ਦੇ ਫ਼ੌਜੀ ਹਮਲੇ ਬਾਰੇ ਵੀ ਚਰਚਾ ਹੋਵੇ ਕਿਉਂਕਿ 1984 ਦੇ ਫ਼ੌਜੀ ਹਮਲੇ ਦੇ ਸਾਰੇ ਤੱਥ ਸ਼੍ਰੋਮਣੀ ਕਮੇਟੀ ਅਤੇ ਸਿੱਖ ਬੁੱਧੀਜੀਵੀਆਂ ਕੋਲ ਵੀ ਮੌਜੂਦ ਹਨ। ਧਰਮੀ ਫ਼ੌਜੀਆਂ ਨੂੰ ਜੂਨ 1984 ਦੇ ਹੱਲ ਤੇ ਇਨਸਾਫ਼ ਤੋਂ ਬਗ਼ੈਰ ਹੋਰ ਕੁੱਝ ਵੀ ਮਨਜ਼ੂੁਰ ਨਹੀਂ।