ਬਾਬੇ ਨਾਨਕ ਦਾ ਏਨਾ ਵੱਡਾ ਮਹਿਲ ਬਣਾ ਲਿਆ ਜੇ ਪਰ ਹੁਣ ਅੰਤਮ ਹੱਲੇ ਵਿਚ ਢਿੱਲੇ ਨਾ ਪੈ ਜਾਣਾ.....
Published : Aug 25, 2018, 9:24 am IST
Updated : Aug 25, 2018, 9:24 am IST
SHARE ARTICLE
Ucha Dar Baba Nanak Da
Ucha Dar Baba Nanak Da

ਬਾਬੇ ਨਾਨਕ ਦਾ ਏਨਾ ਵੱਡਾ ਮਹਿਲ ਬਣਾ ਲਿਆ ਜੇ ਪਰ ਹੁਣ ਅੰਤਮ ਹੱਲੇ ਵਿਚ ਢਿੱਲੇ ਨਾ ਪੈ ਜਾਣਾ, ਸਾਰੀ ਕੀਤੀ ਕਰਾਈ ਖੂਹ ਵਿਚ ਪੈ ਜਾਏਗੀ............

2015 ਤਕ ਮੈਂ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਵਿਚ ਜਿਹੜਾ ਅੱਧਾ ਹਿੱਸਾ ਪਾ ਦੇਣ ਦਾ ਵਾਅਦਾ ਕੀਤਾ ਸੀ, ਉਹ ਪੂਰਾ ਕਰ ਦਿਤਾ ਸੀ ਤੇ ਤਿੰਨ ਚੌਥਾਈ ਉਸਾਰੀ ਵੀ ਮੁਕੰਮਲ ਹੋ ਗਈ ਸੀ, ਸੋ ਹੁਣ ਮੈਂ ਅਪਣਾ ਦੂਜਾ ਵਾਅਦਾ ਪੂਰਾ ਕਰਨ ਦਾ ਫ਼ੈਸਲਾ ਕੀਤਾ ਕਿ 'ਉੱਚਾ ਦਰ' ਦੀ ਮਾਲਕੀ ਮੈਂ ਅਪਣੇ ਕੋਲ ਨਹੀਂ ਰੱਖਾਂਗਾ ਤੇ ਮੈਂਬਰਾਂ ਦੇ ਨਾਂ ਕਰ ਦੇਵਾਂਗਾ ਤਾਕਿ ਇਸ ਨੂੰ ਕਿਸੇ ਇਕ ਦੀ ਨਹੀਂ, ਕੌਮੀ ਯਾਦਗਾਰ ਮੰਨਿਆ ਜਾਏ (ਮੈਂਬਰ ਕੋਈ ਵੀ ਬਣ ਸਕਦਾ ਸੀ ਤੇ ਕਿਸੇ ਨੂੰ ਵੀ ਬਾਹਰ ਨਹੀਂ ਸੀ ਰਖਿਆ ਗਿਆ)।

ਮੇਰੇ ਇਸ ਫ਼ੈਸਲੇ ਦਾ ਸਵਾਗਤ ਕਰਨ ਵਾਲੇ ਘੱਟ ਸਨ ਤੇ ਵਿਰੋਧ ਕਰਨ ਵਾਲੇ ਵੱਧ। ਵਿਰੋਧ ਕਰਨ ਵਾਲਿਆਂ ਨੂੰ ਮੈਂ ਸਮਝਾਇਆ ਕਿ ਇਮਾਰਤ ਦਾ ਚੌਥਾ ਹਿੱਸਾ, ਸਾਰੇ ਰਲ ਕੇ ਆਸਾਨੀ ਨਾਲ ਤਿਆਰ ਕਰ ਲੈਣਗੇ ਪਰ ਜੋ ਕੁੱਝ ਅੰਦਰ ਵਿਖਾਇਆ ਜਾਣਾ ਹੈ, ਉਸ ਨੂੰ ਤਿਆਰ ਕਰਨ ਲਈ ਮੈਨੂੰ 6-ਮਹੀਨੇ, ਭੌਰੇ ਦੇ ਸਾਧ ਵਾਂਗ, ਇਕਾਗਰ ਹੋ ਕੇ, ਦਿਨ ਰਾਤ ਅੰਦਰ ਬੈਠ ਕੇ ਕੰਮ ਕਰਨਾ ਪਵੇਗਾ। ਉਹ ਕੰਮ ਹਰ ਪ੍ਰਕਾਰ ਦੇ ਬੋਝ ਤੋਂ ਸੁਤੰਤਰਤਾ ਅਤੇ ਇਕਾਗਰਤਾ ਦੀ ਬਹੁਤ ਮੰਗ ਕਰਦਾ ਹੈ ਕਿਉਂਕਿ ਦੁਨੀਆਂ ਭਰ ਤੋਂ ਲੋਕਾਂ ਨੇ ਇਮਾਰਤ ਨੂੰ ਵੇਖਣ ਲਈ ਨਹੀਂ, ਉਸ ਬਾਰੀਕੀ ਵਾਲੇ ਕੰਮ ਨੂੰ ਵੇਖਣ ਲਈ ਹੀ ਆਉਣਾ ਹੈ।

ਉਸ ਕੰਮ ਨੂੰ ਠੀਕ ਤਰ੍ਹਾਂ ਸਿਰੇ ਚੜ੍ਹਾਉਣ ਲਈ ਹੋਰ ਕਿਸੇ ਤਰ੍ਹਾਂ ਦੀ ਚਿੰਤਾ, ਸਿਰ ਤੇ ਸਵਾਰ ਨਹੀਂ ਹੋਣੀ ਚਾਹੀਦੀ। ਸੋ ਮੈਂ ਸੋਚਿਆ ਕਿ ਹੁਣ ਇਮਾਰਤ ਦਾ ਬਾਕੀ ਦਾ ਕੰਮ, ਸਾਰੇ ਰਲ ਕੇ, ਸਿਰੇ ਚੜ੍ਹਾ ਹੀ ਲੈਣਗੇ ਤੇ ਜਦ ਨੂੰ ਉਹ ਇਮਾਰਤ ਦਾ ਕੰਮ ਮੁਕਾਉਣਗੇ, ਮੈਂ ਅੰਦਰ ਦਾ ਕੰਮ ਨਿਸ਼ਚਿੰਤ ਹੋ ਕੇ ਮੁਕਾ ਲਵਾਂਗਾ ਤੇ ਹੋਰ ਕਿਸੇ ਕੰਮ ਵਿਚ ਦਖ਼ਲ ਨਹੀਂ ਦੇਵਾਂਗਾ। ਮੇਰੇ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਅੱਜ ਤਕ ਵੀ ਅਪਣੀ ਗੱਲ ਤੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਦਰਦ ਨਾਲ ਮੈਂ ਇਕ ਅਸੰਭਵ ਜਿਹਾ ਕੰਮ ਨੇਪਰੇ ਚਾੜ੍ਹਿਆ ਹੈ, ਇਸ ਦਰਦ ਨਾਲ ਹੋਰ ਕਿਸੇ ਨੇ ਕੰਮ ਨਹੀਂ ਕਰ ਸਕਣਾ।

ਦੂਜੀ ਦਲੀਲ ਉਨ੍ਹਾਂ ਦੀ ਇਹ ਸੀ ਕਿ ਜਦੋਂ ਮੈਂ ਅਪਣੇ ਸਾਰੇ ਹੱਕ ਹੀ ਖ਼ਤਮ ਕਰ ਕੇ ਦੂਜਿਆਂ ਨੂੰ ਦੇ ਦਿਤੇ ਹਨ ਤਾਂ ਇਹ 'ਅਪਣੇ' ਹੀ, ਥੋੜੀ ਦੇਰ ਮਗਰੋਂ, ਤੁਹਾਡੀ ਗੱਲ ਸੁਣਨੋਂ ਨਾਂਹ ਕਰ ਦੇਣਗੇ। ਉਨ੍ਹਾਂ ਦੀ ਦਲੀਲ ਸੀ ਕਿ ਤੁਹਾਡੀ ਇੱਜ਼ਤ ਉਦੋਂ ਤਕ ਹੀ ਹੁੰਦੀ ਹੈ ਜਦ ਤੁਸੀ ਕਿਸੇ ਨੂੰ ਕੁੱਝ ਦੇ ਸਕਣ ਦੇ ਯੋਗ ਹੁੰਦੇ ਹੋ। ਪਰ ਜਦ ਤੁਸੀ ਅਪਣੇ ਸਾਰੇ ਇਖਤਿਆਰ ਹੀ ਛੱਡ ਦਿਤੇ ਤਾਂ ਕਿਸੇ ਨੂੰ ਕੀ ਦਿਉਗੇ ਤੇ ਕੋਈ ਤੁਹਾਡੀ ਗੱਲ ਕਿਉਂ ਸੁਣੇਗਾ?

ਬਾਪ ਵੀ ਜਦ ਜੀਊਂਦਿਆਂ ਅਪਣੀ ਜਾਇਦਾਦ ਬੱਚਿਆਂ ਦੇ ਨਾਂ ਲਵਾ ਦੇਂਦਾ ਹੈ ਤਾਂ ਥੋੜੀ ਦੇਰ ਬਾਅਦ, ਉਹੀ ਬੱਚੇ ਬਾਪ ਨੂੰ ਰੋਟੀ ਵੀ ਠੀਕ ਤਰ੍ਹਾਂ ਨਹੀਂ ਦੇਂਦੇ ਤੇ ਉਸ ਦੀ ਕੋਈ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੇ ਜਿਸ ਮਗਰੋਂ ਸੁਖੀ ਵਸਦਾ ਘਰ 'ਕਲ੍ਹਾ ਕਲੇਸ਼' ਦਾ ਘਰ ਬਣ ਜਾਂਦਾ ਹੈ ਤੇ ਖ਼ੁਸ਼ੀ ਨੱਸ ਜਾਂਦੀ ਹੈ। ਜਿਸ ਬਾਪ ਨੇ ਬੜੀ ਮਿਹਨਤ ਨਾਲ ਘਰ ਬਣਾਇਆ ਹੁੰਦਾ ਹੈ, ਉਸ ਦੀਆਂ ਅੱਖਾਂ 'ਚੋਂ ਹਰ ਵੇਲੇ ਅਥਰੂ ਹੀ ਕਿਰਦੇ ਰਹਿੰਦੇ ਹਨ ਤੇ ਛਾਤੀ 'ਚੋਂ ਹਉਕੇ। ਉਨ੍ਹਾਂ ਦਾ ਡਰ ਇਹ ਸੀ ਕਿ ਇਥੇ ਵੀ ਇਹੀ ਹੋ ਜਾਏਗਾ ਤੇ ਸੰਸਥਾ ਬਰਬਾਦ ਹੋ ਜਾਏਗੀ।

ਮੈਂ ਕਿਸੇ ਦੀ ਕੋਈ ਗੱਲ ਨਾ ਸੁਣੀ ਕਿਉਂਕਿ ਮੈਂ ਅਪਣੇ ਰੱਬ ਨਾਲ ਵਾਅਦਾ ਕਰ ਚੁੱਕਾ ਸੀ ਕਿ ਇਹ ਮੇਰੀ ਨਹੀਂ, ਕੌਮ ਦੀ ਤੇ ਮਾਨਵਤਾ ਦੀ ਜਾਇਦਾਦ ਹੋਵੇਗੀ। ਕਿੰਨੀਆਂ ਵੀ ਕੋਈ ਦਲੀਲਾਂ ਦੇ ਲਵੇ, ਮੈਂ ਅਪਣੀ ਆਤਮਾ ਤੇ ਅਪਣੇ ਪ੍ਰਮਾਤਮਾ ਨਾਲ ਕੀਤਾ ਵਾਅਦਾ ਨਹੀਂ ਤੋੜ ਸਕਦਾ। ਸੋ ਅਪ੍ਰੈਲ 2016 ਵਿਚ, ਕੋਰਟ ਕਚਹਿਰੀ ਵਿਚ ਜਾ ਕੇ, 'ਉੱਚਾ ਦਰ' ਦੀ ਮਾਲਕੀ, ਇਸ ਦੇ ਟਰੱਸਟੀਆਂ ਰਾਹੀਂ, ਇਸ ਦੇ ਮੈਂਬਰਾਂ ਦੇ ਨਾਂ ਕਰ ਦਿਤੀ। ਹੁਣ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਹੀ ਸੱਭ ਕੁੱਝ ਦਾ ਮਾਲਕ ਹੈ ਤੇ ਮੈਂ ਉਸ ਵਿਚ ਕੋਈ ਅਹੁਦਾ ਜਾਂ ਸਥਾਨ ਜਾਂ ਹਿੱਸਾ ਅਪਣੇ ਲਈ ਨਹੀਂ ਰਖਿਆ।

ਪਿਛਲੇ 2 ਸਾਲ ਦਾ ਮੇਰਾ ਤਜਰਬਾ ਕਿਹੋ ਜਿਹਾ ਰਿਹਾ, ਇਹ ਲਿਖਣ ਲਈ ਮੈਂ ਕਲਮ ਨਹੀਂ ਚੁੱਕੀ। ਉਹ ਲਿਖਣ ਦਾ ਸਮਾਂ ਅਜੇ ਨਹੀਂ ਆਇਆ। ਇਸ ਵੇਲੇ ਮੇਰਾ ਧਿਆਨ ਕੇਵਲ ਇਕੋ ਗੱਲ ਵਲ ਲੱਗਾ ਹੋਇਆ ਹੈ ਕਿ ਜੋ ਕੁੱਝ ਵੀ ਕਰਨਾ ਪਵੇ ਤੇ ਜਿਵੇਂ ਵੀ ਕਰਨਾ ਪਵੇ, ਬਾਬੇ ਨਾਨਕ ਦੇ 550ਵੇਂ ਆਗਮਨ ਪੁਰਬ ਤੋਂ ਪਹਿਲਾਂ 'ਉੱਚਾ ਦਰ' ਹਰ ਲਿਹਾਜ਼ ਨਾਲ, ਲੋਕਾਂ ਲਈ ਖੋਲ੍ਹ ਦੇਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ।

ਇਸੇ ਲਈ ਮੈਂ ਅਪੀਲਾਂ ਕਰਦਾ ਰਹਿੰਦਾ ਹਾਂ ਤੇ ਅਖ਼ਬਾਰ ਵਿਚੋਂ ਜਾਂ ਅਪਣੇ ਕੋਲੋਂ ਜੋ ਕੁੱਝ ਵੀ ਸੰਭਵ ਹੋ ਸਕਦਾ ਹੋਵੇ, ਉੱਚਾ ਦਰ ਲਈ ਕਢਦਾ ਰਹਿੰਦਾ ਹਾਂ ਤੇ ਅਜਿਹਾ ਕਰਨ ਸਮੇਂ ਇਹ ਨਹੀਂ ਸੋਚਦਾ ਕਿ ਮੈਂ ਤਾਂ ਇਸ ਦਾ ਟਰੱਸਟੀ ਵੀ ਨਹੀਂ, ਮੈਂਬਰ ਵੀ ਨਹੀਂ ਤੇ ਅਪਣਾ ਹਿੱਸਾ ਵੀ ਇਸ ਵਿਚ ਕੋਈ ਨਹੀਂ ਰਖਿਆ। ਨਹੀਂ, ਮੇਰੀ ਤਾਂ ਤਮੰਨਾ ਹੈ ਕਿ ਮੈਨੂੰ ਖ਼ਰੀਦ ਕੇ ਵੀ (ਹੋਰ ਮੇਰੇ ਕੋਲ ਕੋਈ ਜਾਇਦਾਦ ਆਦਿ ਤਾਂ ਰਹੀ ਨਹੀਂ) ਜੇ ਕੋਈ ਉੱਚਾ ਦਰ ਮੁਕੰਮਲ ਕਰ ਕੇ ਚਾਲੂ ਕਰ ਦੇਵੇ ਤਾਂ ਮੈਂ ਉਸ ਦਾ ਜ਼ਰ-ਖ਼ਰੀਦ ਗ਼ੁਲਾਮ ਬਣਨ ਨੂੰ ਵੀ ਤਿਆਰ ਹਾਂ। ਬੜੇ ਅਮੀਰ ਲੋਕ ਹਨ ਜੋ ਅਪਣੇ ਆਪ ਨੂੰ ਸਪੋਕਸਮੈਨ ਦੇ 'ਅਨਿਨ ਭਗਤ' ਅਤੇ ਪ੍ਰੇਮੀ ਦਸਦੇ ਹਨ।

ਮੈਂ ਤਾਂ ਉਨ੍ਹਾਂ ਨੂੰ ਵੀ ਆਖਿਆ ਹੈ ਕਿ ਉਹ ਇਕੱਲੇ ਇਕੱਲੇ ਹੀ 10-ਕਰੋੜ ਲਗਾ ਸਕਦੇ ਹਨ, ਉਧਾਰ ਹੀ ਦੇ ਦੇਣ, ਮੈਂ ਇਕ ਹਿੱਸੇ ਦਾ ਨਾਂ ਵੀ ਉਨ੍ਹਾਂ ਦੇ ਨਾਂ ਤੇ ਰਖਵਾ ਦਿਆਂਗਾ। ਚਲੋ, ਮੈਂ ਜੋ ਯਤਨ ਕਰ ਸਕਦਾ ਹਾਂ, ਕਰਦਾ ਹੀ ਰਹਾਂਗਾ ਤੇ ਜ਼ਿੰਦਗੀ ਦੇ ਆਖ਼ਰੀ ਸਾਹ ਤਕ 'ਉੱਚੇ ਦਰ' ਲਈ ਜੋ ਵੀ ਕਰ ਸਕਿਆ, ਕਰਦਾ ਰਹਾਂਗਾ¸ਬਦਲੇ ਵਿਚ ਕਿਸੇ ਚੀਜ਼ ਦੀ ਇੱਛਾ ਮਨ ਵਿਚ ਪਾਲੇ ਬਗ਼ੈਰ। 'ਉੱਚਾ ਦਰ' ਹੁਣ ਇਕ 'ਟਰੱਸਟ' ਦੀ ਮਲਕੀਅਤ ਹੈ ਤੇ ਕਾਨੂੰਨ ਅਨੁਸਾਰ ਟਰੱਸਟ ਵਲੋਂ ਜੋ ਕੁੱਝ ਵੀ ਕਰਨਾ ਹੋਵੇ, ਟਰੱਸਟੀ ਹੀ ਕਰ ਸਕਦੇ ਹਨ¸ਹੋਰ ਕਿਸੇ ਦਾ ਕੀਤਾ, ਕਾਨੂੰਨ ਵਿਚ ਪ੍ਰਵਾਨ ਨਹੀਂ ਹੁੰਦਾ।

'ਉੱਚਾ ਦਰ' ਦੇ ਬਹੁਤੇ ਟਰੱਸਟੀ ਮੀਟਿੰਗਾਂ ਵਿਚ ਆ ਹੀ ਨਹੀਂ ਰਹੇ। ਆਉਣ ਤਾਂ ਸੋਚਣ ਕਿ ਬਾਕੀ ਦੇ ਕੰਮ ਲਈ ਲੋੜੀਂਦੀ 10 ਕਰੋੜ ਦੀ ਰਕਮ ਦਾ ਪ੍ਰਬੰਧ ਕਿਵੇਂ ਕਰਨਾ ਹੈ ਤੇ ਬਾਬੇ ਨਾਨਕ ਦੇ 550ਵੇਂ ਜਨਮ ਪੁਰਬ ਤੇ 'ਉੱਚਾ ਦਰ' ਕਿਸ ਤਰ੍ਹਾਂ ਚਾਲੂ ਕਰਨਾ ਹੈ। ਜੇ ਉਹ ਇਹ ਦੋ ਕੰਮ ਅਪਣੇ ਹੱਥ ਲੈ ਲੈਂਦੇ ਤੇ ਅੰਦਰ ਵਿਖਾਏ ਜਾਣ ਵਾਲੇ ਪ੍ਰੋਗਰਾਮ ਲਈ ਮੈਨੂੰ ਇਕ ਕਮਰੇ ਵਿਚ ਡੱਕ ਕੇ ਬਾਹਰੋਂ ਤਾਲਾ ਲਾ ਦੇਂਦੇ (ਅਰਥਾਤ ਬਾਕੀ ਚਿੰਤਾਵਾਂ ਤੋਂ ਮੈਨੂੰ ਮੁਕਤ ਕਰ ਦੇਂਦੇ) ਤਾਂ ਹੁਣ ਤਕ 'ਉੱਚਾ ਦਰ' ਦਾ ਸਾਰਾ ਕੰਮ ਸਿਰੇ ਚੜ੍ਹਨ ਨੇੜੇ ਪੁਜ ਚੁੱਕਾ ਹੁੰਦਾ।

ਪਰ ਟਰੱਸਟ ਦੇ ਟਰੱਸਟੀ ਤੇ ਦੂਜੇ ਮੋਹਰੀ ਅਜੇ ਤਨ, ਮਨ, ਧਨ ਨਾਲ ਇਹ ਦੋ ਕੰਮ ਅਪਣੇ ਉਪਰ ਲੈਣ ਲਈ ਸਰਗਰਮ ਨਹੀਂ ਹੋਏ। ਮੈਂ ਚਾਹੁੰਦਾ ਹਾਂ, ਉਹ ਸਰਗਰਮ ਵੀ ਹੋਣ ਤੇ ਸਫ਼ਲ ਵੀ ਤਾਕਿ ਮੈਂ ਕਹਿ ਸਕਾਂ ਕਿ ''ਵੇਖੋ ਮੈਂ ਕਿੰਨਾ ਠੀਕ ਫ਼ੈਸਲਾ ਲਿਆ ਸੀ।'' ਟਰੱਸਟੀ ਹਾਰ ਗਏ ਤਾਂ ਮੈਂ ਅਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਾਂਗਾ ਤੇ ਸਫ਼ਲ ਹੋ ਗਏ ਤਾਂ ਇਹ ਮੇਰੀ ਸਫ਼ਲਤਾ ਮੰਨੀ ਜਾਏਗੀ। 26 ਅਗੱਸਤ ਦੀ ਮੀਟਿੰਗ ਇਹ ਗੱਲ ਉੱਚੀ ਹੇਕ ਨਾਲ ਕਹਿਣ ਲਈ ਹੀ ਬੁਲਾਈ ਗਈ ਹੈ।
26 ਦੀ ਮੀਟਿੰਗ ਵਿਚ ਹਰ ਉਸ ਸੱਜਣ ਦਾ ਸਵਾਗਤ ਹੈ

ਜੋ 'ਉੱਚਾ ਦਰ' ਵਿਚ ਹਿੱਸਾ ਪਾ ਕੇ ਇਸ ਨੂੰ ਬਾਬੇ ਨਾਨਕ ਦੇ 550ਵੇਂ ਆਗਮਨ ਪੁਰਬ ਤਕ ਚਾਲੂ ਕਰਨਾ ਚਾਹੁੰਦਾ ਹੈ। ਉਂਜ ਟਰੱਸਟੀਆਂ ਤੇ ਗਵਰਨਿੰਗ ਕੌਂਸਲ ਦੇ ਮੈਂਬਰਾਂ ਨੂੰ ਮੈਂ ਖ਼ਾਸ ਤੌਰ ਤੇ ਇਹ ਗੱਲ ਕਹਿਣ ਲਈ ਬੁਲਾਇਆ ਹੈ ਕਿ ਉਹ ਹੁਣ ਸਾਰਾ ਕੰਮ ਸਰਗਰਮ ਹੋ ਕੇ ਸੰਭਾਲ ਲੈਣ ਤੇ ਇਹ ਪ੍ਰਭਾਵ ਬਣਨ ਦੇਣ ਕਿ ਸਾਰੇ ਪੈਸੇ ਦਾ ਪ੍ਰਬੰਧ ਉਹ ਆਪ ਕਰਨਗੇ ਤੇ ਜੇ ਹੋਰ ਕੋਈ ਅੱਗੇ ਨਾ ਵੀ ਆਇਆ ਤਾਂ ਵੀ ਉਹ ਅਪਣੇ ਕੋਲੋਂ ਰਲ-ਮਿਲ ਕੇ, ਆਰਜ਼ੀ ਸਮੇਂ ਲਈ ਪੈਸਾ ਪਾ ਕੇ ਵੀ, ਉੱਚਾ ਦਰ ਨੂੰ ਸਮੇਂ ਸਿਰ ਚਾਲੂ ਕਰ ਕੇ ਰਹਿਣਗੇ। ਮੈਂ ਵੀ ਇਹੀ ਕੁੱਝ ਕੀਤਾ ਸੀ।

ਜਦ ਮੈਂ ਵੇਖਿਆ ਕਿ ਅਪੀਲਾਂ ਦਾ ਅਸਰ ਬਹੁਤਾ ਨਹੀਂ ਸੀ ਹੋ ਰਿਹਾ ਤਾਂ ਅਪਣੇ ਕੋਲ ਕੁੱਝ ਨਾ ਹੋਣ ਦੇ ਬਾਵਜੂਦ, ਵਾਅਦੇ ਅਨੁਸਾਰ, ਅਪਣਾ ਹਿੱਸਾ, ਉਧਾਰ ਚੁਕ ਕੇ ਵੀ ਪਾ ਦਿਤਾ। ਇਸ ਨਾਲ ਪਾਠਕਾਂ ਨੂੰ ਹੌਸਲਾ ਹੋ ਗਿਆ ਕਿ ਮੈਂ ਨਿਰੀਆਂ ਗੱਪਾਂ ਮਾਰਨ ਵਾਲਿਆਂ ਵਿਚੋਂ ਨਹੀਂ। ਇਮਾਰਤ ਉਸਰਦੀ ਵੇਖ ਕੇ, ਹੌਲੀ ਹੌਲੀ ਮੈਂਬਰ ਬਣਨੇ ਸ਼ੁਰੂ ਹੋ ਗਏ ਤੇ 18 ਕਰੋੜ ਰੁਪਿਆ, ਸਾਡੇ ਪਾਠਕਾਂ ਨੇ ਉਸਾਰੀ ਦੌਰਾਨ ਮੈਂਬਰਸ਼ਿਪ ਲੈ ਕੇ ਦੇ ਦਿਤਾ। ਸਮੁੱਚੇ ਸਿੱਖ ਇਤਿਹਾਸ ਵਿਚ ਇਸ ਤੋਂ ਪਹਿਲਾਂ, ਕਿਸੇ ਚੀਜ਼ ਦੇ ਬਣਨ ਤੋਂ ਪਹਿਲਾਂ ਹੀ ਏਨੀ ਰਕਮ ਸਿੱਖਾਂ ਨੇ ਕਦੇ ਕਿਸੇ ਨੂੰ ਨਹੀਂ ਸੀ ਦਿਤੀ।

ਮੈਂ ਇਹ ਜ਼ਰੂਰ ਚਾਹੁੰਦਾ ਸੀ ਕਿ ਉਹ ਸਾਰੇ ਰਲ ਕੇ ਮੇਰੇ ਤੇ ਸਪੋਕਸਮੈਨ ਦੇ ਹਿੱਸੇ ਨੂੰ ਅਪਣੇ ਹਿੱਸੇ ਨਾਲੋਂ ਛੋਟਾ ਸਾਬਤ ਕਰ ਦੇਣ ਪਰ ਮੇਰੀ ਇਹ ਖ਼ਾਹਿਸ਼ ਅਜੇ ਪੂਰੀ ਨਹੀਂ ਹੋ ਸਕੀ, ਉਂਜ 18 ਕਰੋੜ ਦੇ ਕੇ, ਭਾਈ ਲਾਲੋ ਵਰਗੇ ਪਾਠਕਾਂ ਨੇ ਮੈਨੂੰ ਘੱਟ ਸਹਿਯੋਗ ਨਹੀਂ ਦਿਤਾ। ਬਹੁਤ ਬਹੁਤ ਧਨਵਾਦੀ ਹਾਂ ਉਨ੍ਹਾਂ ਸਾਰਿਆਂ ਦਾ। ਜੇ ਸਾਰੇ ਪਾਠਕ ਮਿਲ ਕੇ, ਨੰਬਰ ਇਕ ਤੇ ਆ ਜਾਂਦੇ ਤਾਂ ਮੇਰੀ ਖ਼ੁਸ਼ੀ ਉਸ ਤਰ੍ਹਾਂ ਦੀ ਹੀ ਹੋਣੀ ਸੀ ਜਿਸ ਤਰ੍ਹਾਂ ਦੀ ਮਿਲਖਾ ਸਿੰਘ ਨੂੰ ਹੋਈ ਜਦ ਦੌੜਨ ਦਾ ਉਸ ਦਾ ਰੀਕਾਰਡ ਪਿਛੇ ਜਹੇ ਕਿਸੇ ਹੋਰ ਨੇ ਤੋੜ ਦਿਤਾ। ਮਿਲਖਾ ਸਿੰਘ ਨਿਰਾਸ਼ ਨਹੀਂ ਸੀ ਹੋਇਆ।

ਅਪਣਾ ਰੀਕਾਰਡ ਟੁੱਟਣ ਤੇ ਖ਼ੁਸ਼ ਹੋਇਆ ਸੀ, ਦੁਖੀ ਨਹੀਂ। ਮੈਂ ਵੀ ਇਸੇ ਤਰ੍ਹਾਂ ਪਾਠਕਾਂ ਦੇ ਨੰਬਰ ਇਕ ਤੇ ਆ ਜਾਣ ਨਾਲ ਤੇ ਮੈਨੂੰ ਪਿੱਛੇ ਸੁੱਟ ਦੇਣ ਨਾਲ, ਖ਼ੁਸ਼ ਹੋਣਾ ਸੀ, ਉਦਾਸ ਨਹੀਂ। ਜਿਨ੍ਹਾਂ ਨੇ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਦੇ ਟਰੱਸਟੀ ਤੇ ਮੋਹਰੀ ਬਣ ਕੇ ਅਗਲਾ ਭਾਰ ਚੁਕਣਾ ਮੰਨਿਆ ਹੈ, ਉਨ੍ਹਾਂ ਨੂੰ ਵੀ ਮੈਂਬਰਾਂ ਤੇ ਹੋਰਨਾਂ ਦਾ ਇਤਬਾਰ ਜ਼ਰੂਰ ਜਿਤਣਾ ਪਵੇਗਾ। ਇਤਬਾਰ ਗੱਲਾਂ ਨਾਲ ਨਹੀਂ ਜਿਤਿਆ ਜਾ ਸਕਦਾ, ਆਪ ਕੁਰਬਾਨੀ ਦੇਣ ਲਈ ਸਦਾ ਤਿਆਰ ਰਹਿ ਕੇ ਹੀ ਜਿਤਿਆ ਜਾ ਸਕਦਾ ਹੈ।

ਮੈਂ ਤਾਂ ਕਹਾਂਗਾ, 10 ਮੋਹਰੀ ਸੱਜਣ (ਟਰੱਸਟੀਆਂ ਸਮੇਤ) ਇਕ ਇਕ ਕਰੋੜ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਲੈ ਲੈਣ (ਭਾਵੇਂ ਜਿਥੋਂ ਵੀ ਕਰਨ ਤੇ ਜਿਵੇਂ ਵੀ ਕਰਨ) ਜਾਂ ਦੱਸਣ ਕਿ ਉਹ ਟੀਚਾ ਕਿਵੇਂ ਸਰ ਕਰਨ ਦੀ ਸੋਚਦੇ ਹਨ। ਜਿਥੋਂ ਤਕ ਮੇਰਾ ਅਪਣਾ ਸਬੰਧ ਹੈ, ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ, ਫਿਰ ਕਹਿੰਦਾ ਹਾਂ, ਜੇ ਹੋਰ ਕੋਈ ਵੀ ਨਾ ਨਿਤਰਿਆ ਤਾਂ ਮੈਂ ਇਕੱਲਾ ਵੀ, ਟਰੱਸਟ ਤੋਂ ਬਾਹਰ ਰਹਿ ਕੇ ਵੀ, ਇਸ ਨੂੰ ਮੁਕੰਮਲ ਕਰ ਕੇ ਰਹਾਂਗਾ ਭਾਵੇਂ ਮੈਨੂੰ ਮੰਗਤਾ ਬਣ ਕੇ ਗਲੀ ਗਲੀ ਘੁੰਮ ਕੇ ਪੈਸੇ ਕਿਉਂ ਨਾ ਇਕੱਠੇ ਕਰਨੇ ਪੈਣ।

ਪਰ ਉਸ ਕੰਮ ਲੱਗ ਗਿਆ ਤਾਂ ਜੋ ਕੁੱਝ ਅੰਦਰ ਵਿਖਾਣਾ ਹੈ, ਉਹ ਹੋਰ ਅੱਗੇ ਪੈ ਜਾਵੇਗਾ ਕਿਉਂਕਿ ਉਹ 24 ਘੰਟੇ, ਲਗਾਤਾਰ ਛੇ ਮਹੀਨੇ ਨਿਠ ਕੇ ਕਰਨ ਵਾਲਾ ਕੰਮ ਹੈ।
ਮੈਨੂੰ ਯਕੀਨ ਹੈ ਕਿ ਮੈਨੂੰ ਮੇਰਾ ਕੰਮ ਕਰਨ ਦਿਤਾ ਜਾਵੇਗਾ ਤੇ ਬਾਕੀ ਸਾਰੇ, ਬਾਕੀ ਰਹਿੰਦੇ 10% ਕੰਮ ਨੂੰ ਸਿਰੇ ਚੜ੍ਹਾਉਣ ਲਈ ਡਟ ਜਾਣਗੇ। ਮੈਨੂੰ ਯਕੀਨ ਹੈ, ਉਹ ਮਨ ਬਣਾ ਲੈਣਗੇ ਤਾਂ ਕੋਈ ਤਾਕਤ, ਉਨ੍ਹਾਂ ਨੂੰ ਨਹੀਂ ਰੋਕ ਸਕੇਗੀ। ਇਸ ਦੇ ਨਾਲ ਹੀ, ਪਾਠਕਾਂ ਤੇ ਮੈਂਬਰਾਂ ਨੂੰ ਵੀ ਬੇਨਤੀ ਕਰਨੀ ਹੈ ਕਿ ਇਸ ਆਖ਼ਰੀ ਹੱਲੇ ਸਮੇਂ ਦੂਜਿਆਂ ਨੂੰ ਹੀ ਨਾ ਪਰਖੋ, ਅਪਣੇ ਆਪ ਨੂੰ ਵੀ ਅੰਤਮ ਪ੍ਰੀਖਿਆ ਵਿਚ ਬੈਠੇ ਸਮਝੋ।

2500 ਤੋਂ 3000 ਤਕ ਮੈਂਬਰ ਹਨ। ਅੰਤਮ ਹੱਲੇ ਵਿਚ ਸਾਰੇ 50, 50 ਹਜ਼ਾਰ ਉਧਾਰੇ (ਵਾਪਸ ਹੋ ਜਾਣ ਵਾਲੇ) ਵੀ ਪਾ ਦੇਣ ਤਾਂ ਇਕ ਦਿਨ ਵਿਚ ਸਾਰੀ ਕਮੀ ਦੂਰ ਹੋ ਜਾਂਦੀ ਹੈ। ਏਨੀ ਵੱਡੀ ਸੰਸਥਾ ਬਣ ਗਈ ਹੈ ਕਿ ਏਨੀ ਛੋਟੀ ਕੁਰਬਾਨੀ ਕਰਨ ਤੋਂ ਕਿਸੇ ਨੂੰ ਵੀ ਝਿਜਕਣਾ ਨਹੀਂ ਚਾਹੀਦਾ। ਪੈਸੇ ਵਾਪਸ ਵੀ ਮਿਲ ਜਾਣੇ ਹਨ ਤਾਂ ਫਿਰ ਝਿਜਕ ਕਾਹਦੀ?

ਜਿਨ੍ਹਾਂ ਥੋੜੇ ਜਹੇ ਪਾਠਕਾਂ ਨੇ ਪਿਛੇ ਉਧਾਰ ਦਿਤਾ ਸੀ ਤੇ ਉਹ ਉਧਾਰ ਵਾਪਸ ਕਰਨ ਦਾ ਸਮਾਂ ਹੋ ਗਿਆ ਹੈ ਜਾਂ ਹੋਣ ਵਾਲਾ ਹੈ, ਉਨ੍ਹਾਂ ਨੂੰ ਵੀ ਬੇਨਤੀ ਹੈ ਕਿ ਹੁਣ ਜਦ ਉੱਚਾ ਦਰ ਚਾਲੂ ਕਰਨ ਦਾ ਅੰਤਮ ਤੌਰ ਤੇ ਫ਼ੈਸਲਾ ਹੋ ਗਿਆ ਹੈ ਤਾਂ ਮਦਦ ਦੇਣ ਦੀ ਬਜਾਏ, ਪੈਸਾ ਕੱਢਣ ਦੀ ਗੱਲ, ਸੰਸਥਾ ਦੇ ਚਾਲੂ ਹੋਣ ਵਿਚ ਰੁਕਾਵਟ ਬਣ ਸਕਦੀ ਹੈ। ਇਸ ਲਈ ਦਿਲੋਂ ਮਨੋਂ ਆਪ ਪੇਸ਼ਕਸ਼ ਕਰਨੀ ਚਾਹੀਦੀ ਹੈ ਕਿ ਪਹਿਲਾਂ ਉੱਚਾ ਦਰ ਚਾਲੂ ਕਰ ਲਉ, ਫਿਰ ਮੈਂ ਅਪਣੇ ਪੈਸੇ ਲੈ ਲਵਾਂਗਾ/ਲਵਾਂਗੀ। ਪਹਿਲਾਂ ਬਾਬੇ ਨਾਨਕ ਦੇ ਉੱਚੇ ਦਰ ਦੀ ਲੋੜ, ਫਿਰ ਮੇਰੀ ਲੋੜ!!

ਇਹ ਕੁੱਝ ਨੁਕਤੇ ਤੇ ਸੁਝਾਅ 26 ਦੀ ਮੀਟਿੰਗ ਲਈ, ਲਿਖ ਦਿਤੇ ਹਨ। ਜ਼ਰੂਰੀ ਨਹੀਂ ਕਿ ਸਾਰੇ ਸੁਝਾਅ ਚੰਗੇ ਹੋਣ। ਜਿਸ ਨੂੰ ਜੋ ਚੰਗਾ ਲੱਗੇ, ਅਪਣਾ ਲਏ, ਨਾ ਚੰਗਾ ਲੱਗੇ ਤਾਂ ਸੁਟ ਦੇਵੇ। ਮੇਰਾ ਤਾਂ ਇਕੋ ਨਿਸ਼ਚਾ ਤੇ ਇਕੋ ਮਕਸਦ ਹੈ ਕਿ ਇਸ ਵਾਰ 'ਉੱਚਾ ਦਰ' ਦਾ ਚਾਲੂ ਹੋਣਾ, ਕਿਸੇ ਵੀ ਹਾਲਤ ਵਿਚ ਅੱਗੇ ਨਹੀਂ ਪੈਣਾ ਚਾਹੀਦਾ। ਜਿਸ ਦਿਨ ਇਹ ਚਾਲੂ ਹੋ ਗਿਆ, ਉਸ ਦਿਨ ਤੋਂ ਸਾਡੀਆਂ ਸੱਭ ਦੀਆਂ ਔਕੜਾਂ ਖ਼ਤਮ ਸਮਝੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement