PM ਗੁਜਰਾਲ ਵਲੋਂ ਰੋਕਣ ਦੇ ਬਾਵਜੂਦ ਬਰਤਾਨੀਆਂ ਦੀ ਮਹਾਰਾਣੀ ਨੇ ਦਰਬਾਰ ਸਾਹਿਬ ਮੱਥਾ ਟੇਕਣ ਦੀ ਜ਼ਿਦ ਕਿਉਂ ਪੁਗਾਈ? 
Published : Sep 25, 2022, 10:24 am IST
Updated : Dec 4, 2022, 2:36 pm IST
SHARE ARTICLE
Despite being stopped by PM Gujral, why did the Queen of the British insist on bowing down at Darbar Sahib?
Despite being stopped by PM Gujral, why did the Queen of the British insist on bowing down at Darbar Sahib?

ਪਿਛਲੇ ਹਫ਼ਤੇ ਮੈਂ 1997 ਵਿਚ ਮਹਾਰਾਣੀ ਐਲਿਜ਼ਬੈਥ ਦੀ ਅੰਮ੍ਰਿਤਸਰ ਯਾਤਰਾ ਦੀ ਗੱਲ ਕੀਤੀ ਸੀ ਤੇ ਸਵਾਲ ਚੁਕਿਆ ਸੀ ...........

ਪਿਛਲੇ ਹਫ਼ਤੇ ਮੈਂ 1997 ਵਿਚ ਮਹਾਰਾਣੀ ਐਲਿਜ਼ਬੈਥ ਦੀ ਅੰਮ੍ਰਿਤਸਰ ਯਾਤਰਾ ਦੀ ਗੱਲ ਕੀਤੀ ਸੀ ਤੇ ਸਵਾਲ ਚੁਕਿਆ ਸੀ ਕਿ ਸਾਡੇ ਵਿਦਵਾਨਾਂ ਤੇ ਸਾਡੀਆਂ ਸੰਸਥਾਵਾਂ ਨੇ ਇਸ ਗੱਲ ਨੂੰ ਲੈ ਕੇ ਕੋਈ ਖੋਜ ਕਿਉਂ ਨਹੀਂ ਕੀਤੀ ਤੇ ਇਹ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਉਹ ਕਿਹੜਾ ਕਾਰਨ ਸੀ ਜਿਸ ਦੇ ਹੁੰਦਿਆਂ, ਮਹਾਰਾਣੀ ਐਲਿਜ਼ਬੈਥ ਨੂੰ ਦਰਬਾਰ ਸਾਹਿਬ ਜਾਣੋਂ ਰੋਕਣ ਦੀ ਹੱਦ ਦਰਜੇ ਦੀ ਕੋਸ਼ਿਸ਼ ਜਦ ਭਾਰਤੀ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਵੀ ਕੀਤੀ ਤੇ ਫਿਰ ਦੁਰਗਿਆਣੇ ਮੰਦਰ ਜਾਣ ਦੀ ਸ਼ਰਤ ਵੀ ਰੱਖ ਦਿਤੀ ਤਾਂ ਮਹਾਰਾਣੀ ਨੇ ਕੋਈ ਵੀ ਸ਼ਰਤ ਮੰਨਣ ਤੋਂ ਇਨਕਾਰ ਕਿਉਂ ਕੀਤਾ ਤੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਤੇ ਹੀ ਕਿਉਂ ਅੜੀ ਰਹੀ? ਇਸ ਦੇ ਪਿੱਛੇ ਕੋਈ ਖ਼ਾਸ ਕਾਰਨ ਸੀ? ਹਾਂ, ਖ਼ਾਸ ਕਾਰਨ ਸੀ ਤੇ ਮੈਂ ਇਸ ਬਾਰੇ ਕਾਫ਼ੀ ਜਾਣਕਾਰੀ ਵੀ ਇਕੱਤਰ ਕੀਤੀ ਹੈ।

ਪਰ ਨਵੀਆਂ ਗੱਲਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀ ਇਕ ਵਾਰ ਫਿਰ ਤੋਂ ਉਹ ਜ਼ਰੂਰ ਪੜ੍ਹ ਲਉ ਜੋ ਮੈਂ ਨਵੰਬਰ, 1997 ਦੇ ਪਰਚੇ ਵਿਚ ਲਿਖਿਆ ਸੀ। ਪਹਿਲਾਂ ਨਵੰਬਰ, 1997 ਦੀ ਲਿਖਤ ਪੜ੍ਹ ਲਉ, ਉਸ ਤੋਂ ਬਾਅਦ ਦੀ ਗੱਲ ਫਿਰ ਹੀ ਸਮਝ ਆਵੇਗੀ। ਸੋ ਲਉ ਪੜ੍ਹੋ ਨਵੰਬਰ, 1997 ਦੇ ਸਪੋਕਸਮੈਨ ਵਿਚ ਜੋ ਲਿਖਿਆ ਗਿਆ ਸੀ...

ਨਵੰਬਰ, 1997 ਦੇ ਸਪੋਕਸਮੈਨ ਵਿਚ ਜੋ ਲਿਖਿਆ....
‘‘ਮਹਾਰਾਣੀ ਐਲਿਜ਼ਬੈਥ ਦੀ ਦਰਬਾਰ ਸਾਹਿਬ ਯਾਤਰਾ ਕਿਸੇ ਹੋਰ ਕਾਰਨ ਕਰ ਕੇ ਨਾ ਸਹੀ ਪਰ ਇਸ ਗੱਲੋਂ ਜ਼ਰੂਰ ਇਕ ਇਤਿਹਾਸਕ ਯਾਤਰਾ ਹੋ ਨਿਬੜੀ ਹੈ ਕਿ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਇਕ ਵਿਦੇਸ਼ੀ ਆਗੂ ਨੂੰ ਦਰਬਾਰ ਸਾਹਿਬ ਦੀ ਯਾਤਰਾ ’ਤੇ ਜਾਣੋਂ ਰੋਕਣ ਲਈ ਉਹ ਹਰ ਵਾਹ ਲਾਈ ਗਈ ਜੋ ਦਰਬਾਰ ਸਾਹਿਬ ਦੀ ਚੜ੍ਹਤ ਪ੍ਰਤੀ ਈਰਖਾ ਰੱਖਣ ਵਾਲੀਆਂ ਸ਼ਕਤੀਆਂ ਲਾ ਸਕਦੀਆਂ ਸਨ।

ਸੱਭ ਤੋਂ ਪਹਿਲਾਂ, ਇਕ ਸੋਚੀ ਸਮਝੀ ਸਾਜ਼ਿਸ਼ ਅਧੀਨ, ਜਲਿਆਂਵਾਲਾ ਬਾਗ਼ ਦਾ ਰੇੜਕਾ ਖੜਾ ਕੀਤਾ ਗਿਆ। 78 ਸਾਲ ਪਹਿਲਾਂ ਵਾਪਰੀ ਘਟਨਾ ਦਾ ਇਸ ਸਮੇਂ ਅਚਾਨਕ ਉਠਾਉਣਾ ਉਂਜ ਵੀ ਬੜਾ ਬੇ-ਤੁਕਾ ਸੀ ਕਿਉਂਕਿ ਇਨ੍ਹਾਂ 78 ਸਾਲਾਂ ਵਿਚ ਕਈ ਅੰਗਰੇਜ਼ ਆਗੂ ਇਥੇ ਆ ਚੁੱਕੇ ਸਨ ਤੇ ਮਹਾਰਾਣੀ ਵੀ ਦੋ ਵਾਰ ਭਾਰਤ ਯਾਤਰਾ ਕਰ ਚੁੱਕੀ ਸੀ। ਪਹਿਲਾਂ ਕਿਸੇ ਨੇ ਬਰਤਾਨਵੀ ਆਗੂਆਂ ਕੋਲ ਇਸ ਦਾ ਜ਼ਿਕਰ ਵੀ ਨਹੀਂ ਸੀ ਕੀਤਾ। ਇਸ ਵਾਰ ਸ਼ਹੀਦ ਭਗਤ ਸਿੰਘ ਦੇ ਇਕ ਸਿੱਖ ਰਿਸ਼ਤੇਦਾਰ ਨੂੰ ਅੱਗੇ ਲਾ ਕੇ ਇਸ ਮਾਮਲੇ ਨੂੰ ਏਨਾ ਭਖਾਇਆ ਗਿਆ ਜਿਵੇਂ ਭਾਰਤ-ਬਰਤਾਨੀਆਂ ਸਬੰਧਾਂ ਨੂੰ ਹਮਵਾਰ ਕਰਨ ’ਚ ਇਹ ਸਾਕਾ ਬੜੀ ਦੇਰ ਤੋਂ ਰੁਕਾਵਟ ਬਣਿਆ ਹੋਇਆ ਹੋਵੇ।

ਅਜਿਹੀ ਕੋਈ ਵੀ ਗੱਲ ਨਹੀਂ ਸੀ। 1984 ਦੇ ਸਾਕੇ ਮਗਰੋਂ ਤਾਂ ਉਂਜ ਵੀ ਜਲਿਆਂਵਾਲੇ ਬਾਗ਼ ਦਾ ਸਾਕਾ ਬਹੁਤ ਛੋਟਾ ਤੇ ਨਿਗੂਣਾ ਜਿਹਾ ਲੱਗਣ ਲੱਗ ਪਿਆ ਹੈ ਤੇ ਇਸ ਦੀ ਕੋਈ ਮਹੱਤਤਾ ਹੀ ਨਹੀਂ ਰਹਿ ਜਾਂਦੀ। 1984 ਦੇ ਸਾਕੇ ਮਗਰੋਂ ਬਹੁਗਿਣਤੀ ਫ਼ਿਰਕੇ ਨਾਲ ਸਬੰਧਤ ਆਮ ਜਨਤਾ ਸਮੇਤ ਭਾਰਤ ਸਰਕਾਰ ਵਲੋਂ ਅਪਣਾਏ ਗਏ ਵਤੀਰੇ ਦਾ ਮੁਕਾਬਲਾ ਜੇ ਉਸ ਸਮੇਂ ਦੀ ਅੰਗਰੇਜ਼ ਸਰਕਾਰ ਦੇ, ਜਲਿਆਂਵਾਲੇ ਬਾਗ਼ ਦੇ ਸਾਕੇ ਪ੍ਰਤੀ ਰਵਈਏ ਨਾਲ ਕਰੀਏ ਤਾਂ ਸਾਨੂੰ ਕੋਈ ਹੱਕ ਹੀ ਨਹੀਂ ਰਹਿ ਜਾਂਦਾ ਕਿ ਇਕ ਵਿਦੇਸ਼ੀ ਪ੍ਰਾਹੁਣੇ ਨੂੰ ਮਾਫ਼ੀ ਮੰਗਣ ਲਈ ਕਹੀਏ। ਫਿਰ ਕੀ ਸ਼ਹੀਦਾਂ ਦੀ ਯਾਦਗਾਰ ਉਤੇ ਫੁੱਲ ਚੜ੍ਹਾਉਣੇ ਮਾਫ਼ੀ ਮੰਗਣ ਤੋਂ ਵੀ ਅਗਲਾ ਕਦਮ ਨਹੀਂ ਹੁੰਦਾ? 1984 ਦੇ ਫ਼ੌਜੀ ਹਮਲੇ ਲਈ ਤਾਂ ਸ਼ਾਇਦ ਕਲ ਬਣਨ ਵਾਲੀ ਕੋਈ ਕੇਂਦਰ ਸਰਕਾਰ ਮਾਫ਼ੀ ਮੰਗ ਲਵੇ

ਪਰ ਜੂਨ, 84 ਦੇ ਘਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਉਤੇ ਫੁੱਲ ਚੜ੍ਹਾਉਣ ਲਈ ਕੋਈ ਵੀ ਤਿਆਰ ਨਹੀਂ ਹੋਵੇਗਾ। ਅੱਜ ਪ੍ਰਕਰਮਾ ਵਿਚ 84 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਬਣਾ ਕੇ ਵੇਖ ਲਉ, ਦਰਬਾਰ ਸਾਹਿਬ ਦੀ ਯਾਤਰਾ ਤੇ ਆਉਣ ਵਾਲੇ ਵਾਜਪਾਈ, ਅਡਵਾਨੀ, ਗੁਜਰਾਲ, ਕੇਸਰੀ ਆਦਿ ਉਸ ਯਾਦਗਾਰ ਤੇ ਫੁੱਲ ਚੜ੍ਹਾਉਣ ਲਈ ਰਾਜ਼ੀ ਨਹੀਂ ਹੋਣਗੇ ਕਿਉਂਕਿ ਸ਼ਹੀਦਾਂ ਨੂੰ ਅਕੀਦਤ ਪੇਸ਼ ਕਰਨਾ ਮਾਫ਼ੀ ਮੰਗਣ ਨਾਲੋਂ ਜ਼ਿਆਦਾ ਔਖਾ ਹੁੰਦਾ ਹੈ।

ਨਿਰੇ ਬਹਾਨੇ 
ਪਰ ਜਲਿਆਂਵਾਲੇ ਬਾਗ਼ ਦੀ ਘਟਨਾ ਤਾਂ ਨਿਰਾ ਇਕ ਬਹਾਨਾ ਹੀ ਸੀ। ਅਸਲ ਗੱਲ ਤਾਂ ਇਹ ਸੀ ਕਿ ਸਿੱਖ-ਵਿਰੋਧੀ ਲਾਬੀ ਦਰਬਾਰ ਸਾਹਿਬ ਦੀ ਚੜ੍ਹਤ ਤੋਂ ਸ਼ੁਰੂ ਤੋਂ ਹੀ ਦੁਖੀ ਸੀ ਤੇ ਇਸੇ ਲਈ ਦਰਬਾਰ ਸਾਹਿਬ ਦੇ ਮੁਕਾਬਲੇ, ਉਸੇ ਵਰਗਾ ਇਕ ਦੁਰਗਿਆਣਾ ਮੰਦਰ ਬਣਾਇਆ ਗਿਆ ਸੀ ਤਾਕਿ ਹਿੰਦੂ ਦਰਬਾਰ ਸਾਹਿਬ ਜਾਣਾ ਛੱਡ ਦੇਣ। ਪਿਛਲੇ ਕੁੱਝ ਸਮੇਂ ਤੋਂ ਰਾਜਸੀ ਆਗੂਆਂ ਦੀ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ, ਦਰਬਾਰ ਸਾਹਿਬ ਨਾਲ ਈਰਖਾ ਖਾਣ ਵਾਲੀ ਲਾਬੀ ਨੇ ਦੁਰਗਿਆਣੇ ਮੰਦਰ ਤੇ ਦਰਬਾਰ ਸਾਹਿਬ ਨੂੰ ਇਕ ਬਰਾਬਰ ਰੱਖਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਸੀ

ਜੋ ਕਿ ਦਰਬਾਰ ਸਾਹਿਬ ਨਾਲ ਸਰਾਸਰ ਜ਼ਿਆਦਤੀ ਸੀ। ਹਰ ਧਰਮ-ਅਸਥਾਨ ਸਤਿਕਾਰ ਵਾਲਾ ਸਥਾਨ ਹੁੰਦਾ ਹੈ ਪਰ ਕਿਸੇ ਇਕ ਧਰਮ ਦੇ ਸੱਭ ਤੋਂ ਪੂਜਨੀਕ ਸਥਾਨ ਦਾ ਟਾਕਰਾ ਕਿਸੇ ਦੂਜੇ ਧਰਮ ਦੇ ਮਗਰੋਂ ਬਣਾਏ ਧਰਮ ਅਸਥਾਨ ਨਾਲ ਕਰਨਾ ਸ਼ੁਰੂ ਕਰ ਦਿਤਾ ਜਾਵੇ ਤਾਂ ਇਸ ਦੇ ਪਿਛੋਕੜ ਵਿਚ ਕੇਵਲ ਸਾੜੇ ਅਤੇ ਈਰਖਾ ਦੀ ਭਾਵਨਾ ਹੀ ਕੰਮ ਕਰਦੀ ਵਿਖਾਈ ਦੇ ਸਕਦੀ ਹੈ।

ਈਰਖਾ ਤੇ ਸਾੜਾ
ਇਸ ਈਰਖਾ ਤੇ ਸਾੜੇ ਨੇ ਗੱਲ ਇਸ ਹੱਦ ਤਕ ਪਹੁੰਚਾ ਦਿਤੀ ਕਿ ਆਮ ਹੜਤਾਲ ਕਾਰਨ, ਕਾਲੇ ਝੰਡਿਆਂ ਨਾਲ ਵਿਖਾਵੇ ਕਰਨ ਅਤੇ ਰਾਜਘਾਟ ਦਿੱਲੀ ਵਿਖੇ ਭੁੱਖ ਹੜਤਾਲ ਰੱਖਣ ਦੀਆਂ ਧਮਕੀਆਂ ਦੇਣ ਦੇ ਨਾਲ-ਨਾਲ ਆਰੀਆ ਸਮਾਜੀ ਲਾਬੀ ਨੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਤਕ ਵੀ ਪਹੁੰਚ ਕੀਤੀ ਕਿ ਰਾਣੀ ਨੂੰ ਜਾਂ ਤਾਂ ਦੁਰਗਿਆਣੇ ਮੰਦਰ ਜਾਣ ਲਈ ਵੀ ਮਨਾਇਆ ਜਾਵੇ ਜਾਂ ਦਰਬਾਰ ਸਾਹਿਬ ਜਾਣੋਂ ਵੀ ਰੋਕ ਦਿਤਾ ਜਾਏ। ਗੁਜਰਾਲ ਸਾਹਿਬ ਇਕ ਆਰੀਆ ਸਮਾਜੀ ਪ੍ਰਵਾਰ ਦੇ ਜੰਮਪਲ ਹੋਣ ਸਦਕਾ, ਆਰੀਆ ਸਮਾਜੀ ਲਾਬੀ ਦੇ ਦਬਾਅ ਹੇਠ ਆਉਣੋਂ ਨਾ ਰਹਿ ਸਕੇ ਅਤੇ ਉਨ੍ਹਾਂ ਨੇ ਇਕ ਅਨਾੜੀ ਸਿਆਸਤਦਾਨ ਵਾਂਗ ਮਲਿਕਾ ਨੂੰ ਅੰਮ੍ਰਿਤਸਰ ਯਾਤਰਾ ਰੱਦ ਕਰਨ ਲਈ ਕਹਿ ਦਿਤਾ। ਇਧਰੋਂ ਆਰੀਆ ਸਮਾਜੀ ਲਾਬੀ ਨੇ ਹਜ਼ਾਰਾਂ ਚਿੱਠੀਆਂ ਮਹਾਰਾਣੀ ਨੂੰ ਭਿਜਵਾਈਆਂ ਜਿਨ੍ਹਾਂ ਵਿਚ ਮਹਾਰਾਣੀ ਨੂੰ ਕਿਹਾ ਗਿਆ ਸੀ ਕਿ ਜੇ ਉਨ੍ਹਾਂ ਨੇ ਦਰਬਾਰ ਸਾਹਿਬ ਜਾਣਾ ਹੈ ਤਾਂ ਦੁਰਗਿਆਣੇ ਮੰਦਰ ਵੀ ਜਾਣ।

ਮਲਿਕਾ ਨੇ ਪ੍ਰਧਾਨ ਮੰਤਰੀ ਗੁਜਰਾਲ ਦੀ ਸਲਾਹ ਮੰਨਣ ਤੋਂ ਵੀ ਇਨਕਾਰ ਕਰ ਦਿਤਾ, ਦੁਰਗਿਆਣੇ ਜਾਣੋਂ ਵੀ ਨਾਂਹ ਕਰ ਦਿਤੀ ਅਤੇ ਮਾਫ਼ੀ ਮੰਗਣ ਦੀ ਮੰਗ ਵੀ ਠੁਕਰਾ ਦਿਤੀ। ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ, ਆਰੀਆ ਸਮਾਜੀ ਲਾਬੀ ਦਾ ਗ਼ਲਤ ਪ੍ਰਭਾਵ ਕਬੂਲ ਕਰ ਕੇ ਮਹਾਰਾਣੀ ਨੂੰ ਅੰਮ੍ਰਿਤਸਰ ਨਾ ਜਾਣ ਦੀ ਜੋ ਸਲਾਹ (‘ਵਾਰਨਿੰਗ’ ਅਰਥਾਤ ਚੇਤਾਵਨੀ) ਦਿਤੀ ਸੀ, ਉਹ ਵੀ ਵਾਪਸ ਲੈਣੀ ਪਈ। ਮਲਿਕਾ ਇਕ ਧਰਮ-ਅਸਥਾਨ ਦੀ ਯਾਤਰਾ ਕਰਨ ਆਈ ਸੀ। ਇਸ ਯਾਤਰਾ ਵਿਚ ਰੁਕਾਵਟ ਪਾਉਣ ਦਾ ਹਰ ਯਤਨ ਇਨਸਾਨੀਅਤ ਅਤੇ ਧਾਰਮਕ ਆਜ਼ਾਦੀ ਦੇ ਅਸੂਲਾਂ ਦੇ ਉਲਟ ਸੀ। ਆਰੀਆ ਸਮਾਜੀ ਲਾਬੀ ਦੇ ਸਾਰੇ ਯਤਨ ਨਾਕਾਮ ਹੋ ਗਏ ਅਤੇ ਪੰਜਾਬ ਸਰਕਾਰ ਤੇ ਰਾਜ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਯਾਤਰਾ ਅਮਨ ਅਮਾਨ ਨਾਲ ਪੂਰੀ ਹੋ ਗਈ।

ਮਲਿਕਾ ਇਸ ਯਾਤਰਾ ਤੋਂ ਬਹੁਤ ਖ਼ੁਸ਼ ਹੋਈ ਤੇ ਭਾਵੇਂ ਉਸ ਨੇ ਮੂੰਹੋਂ ਤਾਂ ਕੁੱਝ ਨਾ ਬੋਲਿਆ, ਨਾ ਹੀ ਰਜਿਸਟਰ ’ਤੇ ਕੁੱਝ ਲਿਖਿਆ ਪਰ ਪਤਾ ਲੱਗਾ ਹੈ ਕਿ ਇਸ ਯਾਤਰਾ ਬਾਰੇ ਉਹ ਕਾਫ਼ੀ ਖ਼ੁਸ਼ ਹੈ। ਅੰਮ੍ਰਿਤਸਰ ਦੇ ਲੋਕਾਂ ਨੇ ਸ਼ਾਹੀ ਜੋੜੀ ਦਾ ਉਸ ਤਰ੍ਹਾਂ ਹੀ ਸਵਾਗਤ ਕੀਤਾ ਜਿਸ ਤਰ੍ਹਾਂ ‘‘ਬਾਦਸ਼ਾਹ ਬਾਦਸ਼ਾਹਾਂ ਦਾ ਕਰਦੇ ਹਨ।’’ ਮਗਰੋਂ ਅਖ਼ਬਾਰਾਂ ਪੜ੍ਹ ਕੇ ਹੀ ਪਤਾ ਲੱਗਾ ਕਿ ਪੰਜਾਬ ਵਿਚ ਸਿੱਖ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਹੱਕ ਵਿਚ, ਭਾੜਾ ਲੈ ਕੇ ਛਾਤੀਆਂ ਪਿੱਟਣ ਲਈ ਹਰ ਸਮੇਂ ਤਿਆਰ ਰਹਿਣ ਵਾਲੇ ਕੁੱਝ ਕਾਮਰੇਡਾਂ ਨੇ, ਮੁੱਠੀ ਭਰ ਆਰੀਆ ਸਮਾਜੀਆਂ ਦਾ ਸਾਥ ਦਿਤਾ ਤੇ ‘ਗੋ ਬੈਕ’ ਦੇ ਨਾਹਰੇ ਲਾਏ ਪਰ ਇਹ  ਸੁਣੇ ਕਿਸੇ ਨੇ ਵੀ ਨਾ। 
ਸਿੱਖ ਇਸ ਯਾਤਰਾ ਤੋਂ ਸੰਤੁਸ਼ਟ ਹਨ

ਕਿਉਂਕਿ ਇਸ ਨਾਲ ਬਾਹਰਲੀ ਦੁਨੀਆਂ ਨਾਲ ਸਿੱਖਾਂ ਦਾ ਉੱਚ ਪਧਰੀ ਰਾਬਤਾ ਜੁੜਿਆ ਹੈ ਤੇ ਸਿੱਖਾਂ ਨੇ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਬਾਰੇ ਦੂਜੇ ਲੋਕ ਵੀ ਸੋਚਦੇ ਹਨ ਤੇ ਇਥੇ ਵਾਪਰ ਰਹੀਆਂ ਗੱਲਾਂ ਬਾਰੇ ਸੁਚੇਤ ਹਨ। ਸਿੱਖ ਧਰਮ ਧਰਤੀ ਤੇ ਵਸਦੇ ਸਾਰੇ ਮਨੁੱਖਾਂ ਨੂੰ ‘ਏਕਸ ਕੇ ਹਮ ਬਾਰਕ’ ਸਮਝਣ ਦਾ ਉਪਦੇਸ਼ ਦੇਂਦਾ ਹੈ, ਇਸ ਲਈ ਸਿੱਖ ਇਸ ਗੱਲ ਨੂੰ ਪਸੰਦ ਕਰਦੇ ਹਨ ਕਿ ਬਾਹਰਲੀ ਦੁਨੀਆਂ ਵਾਲਿਆਂ ਨਾਲ ਉਨ੍ਹਾਂ ਦਾ ਸਿੱਧਾ ਰਾਬਤਾ ਹੋਰ ਵੀ ਵਧੇ ਤੇ ਸੰਸਾਰ ਦੇ ਹੋਰ ਵੀ ਵੱਡੇ ਆਗੂ ਦਰਬਾਰ ਸਾਹਿਬ ਦੀ ਯਾਤਰਾ ਤੇ ਆ ਕੇ ਸਿੱਖਾਂ ਨਾਲ ਅਪਣੀ ਸਾਂਝ ਤੇ ਮਿੱਤਰਤਾ ਦਾ ਪ੍ਰਗਟਾਵਾ ਕਰਨ।’’          
(ਚਲਦਾ) ਇਹ ਸੀ ਜੋ ਸਪੋਕਸਮੈਨ ਨੇ 1997 ਵਿਚ ਲਿਖਿਆ। ਅਗਲੀ ਗੱਲ ਅਰਥਾਤ ਹੁਣ ਤਕ ਹੋਈ ਖੋਜ ਬਾਰੇ ਮੈਂ ਅਗਲੇ ਹਫ਼ਤੇ ਲਿਖਾਂਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement