
ਇਸ ਵੇਲੇ ਜਿਵੇਂ ਕੋਰੋਨਾ ਵਾਇਰਸ ਸਾਰੇ ਦੇਸ਼ ਅਤੇ ਸਾਰੀ ਦੁਨੀਆਂ ਦੀ ਚਿੰਤਾ ਅਤੇ ਚਰਚਾ ਦਾ ਕੇਂਦਰੀ ਵਿਸ਼ਾ ਬਣਿਆ ਹੋਇਆ ਹੈ,
ਇਸ ਵੇਲੇ ਜਿਵੇਂ ਕੋਰੋਨਾ ਵਾਇਰਸ ਸਾਰੇ ਦੇਸ਼ ਅਤੇ ਸਾਰੀ ਦੁਨੀਆਂ ਦੀ ਚਿੰਤਾ ਅਤੇ ਚਰਚਾ ਦਾ ਕੇਂਦਰੀ ਵਿਸ਼ਾ ਬਣਿਆ ਹੋਇਆ ਹੈ, ਠੀਕ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕਾਇਮੀ ਦੇ ਸੌ ਸਾਲ ਪੂਰੇ ਹੋਣ ਸਮੇਂ, ਸਿੱਖਾਂ ਲਈ ਚਰਚਾ ਦਾ ਸੱਭ ਤੋਂ ਵੱਡਾ ਵਿਸ਼ਾ ਇਹ ਬਣਿਆ ਹੋਇਆ ਹੈ ਕਿ 100 ਸਾਲਾਂ ਮਗਰੋਂ ਸਚਮੁਚ ਦੇ ਪੰਥ-ਪ੍ਰਸਤ ਅਕਾਲੀ ਰਹਿ ਕਿੰਨੇ ਗਏ ਹਨ ਤੇ ਅਸਲੀ ਅਕਾਲੀ ਦਲ ਹੈ ਕਿਹੜਾ?
Sukhdev Singh Dhindsa
ਸ: ਸੁਖਦੇਵ ਸਿੰਘ ਢੀਂਡਸਾ ਇਸ ਸਵਾਲ ਦਾ ਸੌਖਾ ਜਿਹਾ ਜਵਾਬ ਇਹ ਦੇਂਦੇ ਹਨ ਕਿ ‘ਅਸਲੀ ਅਕਾਲੀ ਉਹੀ ਜਿਹੜਾ ਆਉਂਦੀਆਂ ਗੁਰਦਵਾਰਾ ਚੋਣਾਂ ਜਿਤ ਗਿਆ।’ ਉਨ੍ਹਾਂ ਦੀ ਦਲੀਲ ਇਹ ਹੈ ਕਿ ਸਿੱਖ ਰਾਜਨੀਤੀ ਵਿਚ ਬੋਲਬਾਲਾ ਸਦਾ ਉਸ ਦਾ ਹੀ ਰਿਹਾ ਹੈ ਜਿਹੜਾ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਹੋ ਜਾਵੇ। ਕਿਉਂ? ਕਿਉਂਕਿ ਗੁਰਦਵਾਰਾ ਚੋਣਾਂ ਵਿਚ ਵੋਟਾਂ ਕੇਵਲ ਪੱਕਾ ਸਿੱਖ ਹੀ ਪਾ ਸਕਦਾ ਹੈ (ਕਾਨੂੰਨ ਅਨੁਸਾਰ) ਜਦਕਿ ਸੱਚ ਇਹ ਹੈ ਕਿ ਜੇ ਅੱਜ ਪੱਕੇ ਸਿੱਖ ਵੋਟਰ ਹੀ ਲੱਭਣ ਦਾ ਕੋਈ ਦਿਲੋਂ ਮਨੋਂ ਹੋ ਕੇ ਯਤਨ ਕਰ ਬੈਠੇ ਤਾਂ ਉਹ ਦੋ ਚਾਰ ਦਿਨਾਂ ਮਗਰੋਂ ਹੀ ਢੇਰੀ ਢਾਹ ਕੇ ਬਹਿ ਜਾਏਗਾ।
Sikh
ਪੰਜਾਬ ਦੇ ਪਿੰਡਾਂ ਵਿਚ ਤਾਂ ਸਿੱਖੀ ਉਤੇ ਇਸ ਤਰ੍ਹਾਂ ਉਸਤਰਾ ਫਿਰ ਗਿਆ ਹੈ ਕਿ 1984 ਮਗਰੋਂ ਦੇ ਪਿੰਡ ਵੇਖ ਕੇ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਕਿ ਇਹ ਕਦੇ ਦਸਤਾਰ ਧਾਰੀਆਂ ਤੇ ਸਾਬਤ-ਸੂਰਤ ਸਿੱਖਾਂ ਦਾ ਸੂਬਾ ਵੀ ਹੋਇਆ ਕਰਦਾ ਸੀ। ਕਹਿੰਦੇ ਨੇ ਫ਼ੈਸ਼ਨ ਦੀ ਹਨੇਰੀ ਤੇ ਜ਼ਮਾਨੇ ਦੀ ਹਵਾ ਹੀ ਐਸੀ ਚੱਲੀ ਕਿ ਚੰਗੇ ਚੰਗੇ ਸਿੱਖ ਘਰਾਣਿਆਂ ਦੇ ਬੱਚੇ ਵੀ ਕੇਸ-ਰਹਿਤ ਹੋ ਗਏ। ਕਮਾਲ ਹੈ, ਫ਼ੈਸ਼ਨ ਦੀ ਹਨੇਰੀ ਤੇ ਜ਼ਮਾਨੇ ਦੀ ਹਵਾ ਪੰਜਾਬ ਵਿਚ ਹੀ ਕਿਉਂ ਚੱਲੀ? ਜੰਮੂ ਕਸ਼ਮੀਰ, ਹਿਮਾਚਲ, ਦਿੱਲੀ, ਯੂ.ਪੀ., ਮਹਾਰਾਸ਼ਟਰ ਵਿਚ ਕਿਸੇ ਵੀ ਥਾਂ ਇਹ ਸਿੱਖਾਂ ਦੇ ਸਿਰਾਂ ’ਤੇ ਸਵਾਰ ਨਾ ਹੋ ਸਕੀ। ਕੇਵਲ ਪੰਜਾਬ ਵਿਚ ਹੀ ਕਿਉਂ ਕਾਮਯਾਬ ਹੋ ਗਈ?
1984
ਬੜੀ ਸਿੱਧੀ ਜਹੀ ਤੇ ਸਾਫ਼ ਜਹੀ ਗੱਲ ਹੈ। 1984 ਵਿਚ ਸਿੱਖ ਪੰਜਾਬ ਵਿਚ ਹਾਰ ਗਏ ਸਨ। ਸਿੱਖਾਂ ਦੇ ਲੀਡਰਾਂ ਨੇ 1984 ਦੀ ਲੜਾਈ ਇਸ ਤਰ੍ਹਾਂ ਲੜੀ ਕਿ ਉਨ੍ਹਾਂ ਨੇ ਸਿੱਖੀ ਤੇ ਸਿੱਖਾਂ ਦੀ ਹਾਰ ਯਕੀਨੀ ਬਣਾ ਦਿਤੀ। ਅੰਦਰੋਂ ਸਾਰੇ ਧੜੇ ਚਾਹੁੰਦੇ ਇਹੀ ਸਨ ਕਿ ‘ਸਾਡਾ ਹਰ ਵਿਰੋਧੀ ਲੀਡਰ’ ਇਸ ਲੜਾਈ ਵਿਚ ਮਾਰਿਆ ਜਾਵੇ ਤੇ ਬਾਅਦ ਵਿਚ ਸਿਰਫ਼ ਸਾਡਾ ਸਿੱਕਾ ਹੀ ਚਲੇ। ਮੈਂ ਕਿਸੇ ਇਕ ਧੜੇ ਦੀ ਗੱਲ ਨਹੀਂ ਕਰ ਰਿਹਾ। ਸਾਰਿਆਂ ਦੀ ਸੋਚ ਇਕੋ ਤਰ੍ਹਾਂ ਦੀ ਸੀ। ਕੇਂਦਰ ਨਾਲ ਅੰਦਰੋਂ ਸਾਜ਼-ਬਾਜ਼ ਕੀਤੀ ਜਾ ਰਹੀ ਸੀ ਤੇ ਬਾਹਰੋਂ ਲੜਾਈ ਦੇ ਜੈਕਾਰੇ ਛੱਡੇ ਜਾ ਰਹੇ ਸਨ।
Sikh
ਕੇਂਦਰ ਨੇ ਮੌਕੇ ਦਾ ਲਾਭ ਲੈਣ ਦਾ ਫ਼ੈਸਲਾ ਕੀਤਾ ਤੇ ਲੀਡਰਾਂ ’ਚੋਂ ਉਨ੍ਹਾਂ ਸਾਰਿਆਂ ਨੂੰ ਮਾਰ ਮੁਕਾਇਆ ਜਿਨ੍ਹਾਂ ਅੰਦਰੋਂ ਸਵੈ-ਮਾਣ ਦੀ ਮਾੜੀ ਜਹੀ ‘ਆਕੜ’ ਵੀ ਵਿਖਾਈ ਦੇਂਦੀ ਸੀ ਤੇ ‘ਗ਼ੁਲਾਮ’ ਜ਼ਹਿਨੀਅਤ ਵਾਲੇ ਪਿਛੇ ਰਹਿਣ ਦਿਤੇ (ਉਂਜ ਯਕੀਨ ਸਾਰਿਆਂ ਨੂੰ ਇਹੀ ਸੀ ਕਿ ਕੇਂਦਰ ਇਸ ਲੜਾਈ ਵਿਚ ਸਾਡੇ ਸਾਰੇ ਵਿਰੋਧੀਆਂ ਨੂੰ ਮਾਰ ਮੁਕਾਏਗਾ ਪਰ ਸਾਡੇ ਨਾਲ ਕੁੱਝ ਬੁਰਾ ਨਹੀਂ ਹੋਣ ਦੇਵੇਗਾ)। ਉਸ ਤੋਂ ਬਾਅਦ ਕੇਂਦਰ ਨੇ ਪੰਜਾਬ ਦੇ ਪਿੰਡਾਂ ਵਿਚ ਮਿਲਟਰੀ ਅਤੇ ਪੁਲਿਸ ਰਾਹੀਂ ਹਰ ਬੰਦੇ ਨੂੰ ਇਹ ਯਕੀਨ ਕਰਵਾਉਣ ਦਾ ਅਭਿਆਨ ਛੇੜਿਆ ਕਿ ‘‘ਸਿੱਖ ਹਾਰ ਗਏ ਹਨ ਤੇ ਬੜੀ ਬੁਰੀ ਤਰ੍ਹਾਂ ਹਾਰ ਗਏ ਹਨ ਤੇ ਭਾਰਤੀ ਫ਼ੌਜੀ ਸ਼ਕਤੀ ਜਿੱਤ ਗਈ ਹੈ।’’
Maharaja Ranjit Singh
ਇਤਿਹਾਸ ਪੜ੍ਹਨ ਵਾਲਿਆਂ ਨੂੰ ਪਤਾ ਹੈ ਕਿ ਜਦੋਂ ਸਿੱਖ ਹਾਰ ਜਾਣ ਤਾਂ ਉਹ ਸਿੱਖ ਰਹਿਣਾ ਜਾਂ ਸਿੱਖ ਦਿਸਣਾ ਬਿਲਕੁਲ ਪਸੰਦ ਨਹੀਂ ਕਰਦੇ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਡੋਗਰਿਆਂ ਨੇ ਹਾਰ ਖਾ ਕੇ ਭੱਜੇ ਜਾਂਦੇ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਨੂੰ ਹਰਾਉਣ ਦਾ ਪ੍ਰਬੰਧ ਕਰ ਦਿਤਾ ਤਾਂ ਸਿੱਖਾਂ ਦਾ ਕੀ ਹਸ਼ਰ ਹੋਇਆ ਸੀ? ਧੜਾਧੜ ਸਿੱਖਾਂ ਨੇ ਸਿੱਖੀ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿਤਾ ਸੀ। ਮਗਰੋਂ ਅੰਗਰੇਜ਼ ਮਰਦਮ ਸ਼ੁਮਾਰੀ ਕਮਿਸ਼ਨਰ ਨੇ ਅਪਣੀ ਰੀਪੋਰਟ ਵਿਚ ਲਿਖਿਆ ਕਿ ‘Sikhs are fast dwindling (ਸਿੱਖ ਬੜੀ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ ਨੇ) ਅਤੇ ਅਗਲੀ ਮਰਦਮ ਸ਼ੁਮਾਰੀ ਵਿਚ ਸਿੱਖਾਂ ਲਈ ਵਖਰਾ ਖ਼ਾਨਾ ਰੱਖਣ ਦੀ ਲੋੜ ਨਹੀਂ ਰਹੇਗੀ।
1984
1984 ਮਗਰੋਂ ਵੀ ਉਹੀ ਕੁੱਝ ਹੋਇਆ ਹੈ। ਇਕ ਧਿਰ ਦੇ ਲੀਡਰ ਮਾਰੇ ਗਏ ਤੇ ਦੂਜੀ ਧਿਰ ਨਿਰੀ ਪੁਰੀ ਗ਼ੁਲਾਮ ਧਿਰ ਸੀ ਜੋ ਸੱਤਾ ਵਿਚ ਤਾਂ ਆ ਗਈ ਪਰ ਸਿੱਖਾਂ ਅੰਦਰ ਇਹ ਯਕੀਨ ਪੈਦਾ ਕਰਨ ਲਈ ਕੁੱਝ ਨਾ ਕੀਤਾ ਕਿ ਅਸੀ ਹਾਰੇ ਨਹੀਂ ਸੀ ਤੇ ਛੇਤੀ ਹੀ ਫਿਰ ਉਠਾਂਗੇ। ਚੜ੍ਹਦੀ ਕਲਾ ਦਾ ਸੁਨੇਹਾ ਦੇਣ ਵਾਲੀ ਲੀਡਰਸ਼ਿਪ ਹੀ ਖ਼ਤਮ ਹੋ ਗਈ ਸੀ। ‘ਅਨੰਦਪੁਰ ਮਤਾ’ ਭੁਲ ਗਏ, ਚੰਡੀਗੜ੍ਹ ਭੁੱਲ ਗਏ, ਪੰਜਾਬ ਦੇ ਬਾਹਰ ਰਹਿ ਗਏ ਇਲਾਕੇ ਭੁੱਲ ਗਏ, ਪੰਜਾਬ ਦੇ ਪਾਣੀ ਭੁੱਲ ਗਏ, ਜੇਲਾਂ ਵਿਚ ਬੈਠੇ ਸਿੱਖ ਕੈਦੀ ਭੁੱਲ ਗਏ, ਧਰਮੀ ਫ਼ੌਜੀ ਭੁੱਲ ਗਏ, ਲਾਪਤਾ ਕੀਤੇ ਨੌਜੁਆਨ ਭੁੱਲ ਗਏ,
1984
ਜਾਂਚ ਕਮਿਸ਼ਨ ਬਿਠਾਣਾ ਭੁੱਲ ਗਏ, ਸਾਰੇ ਸਿੱਖ ਮਸਲੇ ਹੀ ਭੁੱਲ ਗਏ। ਯਾਦ ਇਕੋ ਗੱਲ ਰਹਿ ਗਈ ਕਿ ਦਿੱਲੀ ਦੇ ‘ਦੇਵਤਿਆਂ’ ਦੀ ਆਰਤੀ ਉਤਾਰ ਕੇ ਸੱਤਾ ਦੀ ਕੁਰਸੀ ਕਿਵੇਂ ਹਥਿਆਉਣੀ ਹੈ। ਦਿੱਲੀ ਵਾਲੇ ਵੀ ਏਨੇ ਖ਼ੁਸ਼ ਹੋ ਗਏ ਕਿ ਉਨ੍ਹਾਂ ਸਿੱਖ ਦਿਸਦੇ ਲੀਡਰਾਂ ਨੂੰ ਖੁਲ੍ਹ ਦੇ ਦਿਤੀ ਕਿ ਜਿੰਨੀ ਮਰਜ਼ੀ ਕੁਰੱਪਸ਼ਨ ਕਰ ਸਕਦੇ ਹੋ, ਕਰ ਲਉ। ਉਦੋਂ ਤਕ ਤੁਹਾਨੂੰ ਕੋਈ ਹੱਥ ਨਹੀਂ ਲਾਏਗਾ ਜਦ ਤਕ ਤੁਸੀ ਪੰਜਾਬ ਦੇ ਸਿੱਖਾਂ ਅੰਦਰ ਪੈਦਾ ਹੋਈ ‘ਵੱਡੀ ਹਾਰ’ ਦਾ ਅਹਿਸਾਸ ਖ਼ਤਮ ਕਰਨ ਲਈ ਕੋਈ ਹੱਥ ਪੈਰ ਨਹੀਂ ਹਿਲਾਂਦੇ।
SGPC
ਸੋ ਗੁਰਦਵਾਰੇ ਹੋਣ, ਸ਼੍ਰੋਮਣੀ ਕਮੇਟੀ ਹੋਵੇ ਜਾਂ ਸਿੱਖਾਂ ਦੀ ਕੋਈ ਸਿਆਸੀ ਸੰਸਥਾ ਹੋਵੇ, ਲੀਡਰ ਲੋਕ ਕੁਰੱਪਸ਼ਨ ਕਰਨ ਤੇ ਪੈਸਾ ਬਣਾਉਣ ਵਿਚ ਮਸਤ ਹੋ ਗਏ ਤੇ ਸਿੱਖਾਂ ਅੰਦਰ ਇਹ ਅਹਿਸਾਸ ਭਰ ਦਿਤਾ ਕਿ ਅਸੀ ਤਾਂ ‘ਵੱਡੀ ਹਾਰ’ ਦਾ ਪੱਥਰ ਚੱਟ ਚੁੱਕੇ ਹਾਂ, ਇਸ ਲਈ ਹੁਣ ਹੋਰ ਕੁੱਝ ਨਹੀਂ ਕਰ ਸਕਦੇ। ਦਿੱਲੀ ਵਾਲੇ ਸੱਭ ਵੇਖ ਰਹੇ ਸਨ ਅਤੇ ਉਹ ਖ਼ੁਸ਼ ਸਨ ਕਿ ਜਿਸ ਦਿਨ ਕੋਈ ਕੁਸਕਿਆ, ਉਸ ਦਿਨ ਉਸ ਦੀ ਫ਼ਾਈਲ ਖੋਲ੍ਹ ਦਿਆਂਗੇ।
1984
ਸੋ ਸਿੱਖਾਂ ਦੇ ਲੀਡਰ ‘ਮੁਰਦਿਆਂ ਵਰਗੇ’ ਹੋ ਗਏ। ਜੇ ਉਹ ਕਿਸੇ ਵੇਲੇ ਮੂੰਹ ਖੋਲ੍ਹਦੇ ਵੀ ਸਨ ਤੇ ਬਹਾਦਰੀ ਦੀਆਂ ਡੀਂਗਾਂ ਮਾਰਦੇ ਵੀ ਸਨ ਤਾਂ ਉਹ ਕੇਂਦਰ ਦੀ ਆਗਿਆ ਨਾਲ ਤੇ ਸਿੱਖਾਂ ਨੂੰ ਮੂਰਖ ਬਣਾਉਣ ਦੇ ਇਰਾਦੇ ਨਾਲ ਹੀ ਇੰਜ ਕਰਦੇ ਸਨ। ਨਤੀਜਾ ਇਹ ਕਿ ਜਿਥੇ ਇਨ੍ਹਾਂ ਲੀਡਰਾਂ ਦੀ ਹੋਂਦ ਨਹੀਂ ਸੀ, ਉਥੇ ਸਿੱਖੀ ਬਚੀ ਰਹੀ (ਪੰਜਾਬ ਤੋਂ ਬਾਹਰ) ਤੇ ਪੰਜਾਬ ਵਿਚ ਕਿਉਂਕਿ ‘ਸਿੱਖ ਲੀਡਰਾਂ’ ਵਜੋਂ ਇਹ ਹਰ ਵੇਲੇ ਨਜ਼ਰ ਆਉਂਦੇ ਸਨ, ਇਥੇ ਸਿੱਖਾਂ ਅੰਦਰ ‘ਹਾਰ ਜਾਣ’ ਦਾ ਖ਼ੌਫ਼ ਵੀ ਕਾਇਮ ਰਿਹਾ ਤੇ ਸਿੱਖ ਨਜ਼ਰ ਆਉਣ ਤੇ ਫ਼ਖ਼ਰ ਕਰਨ ਦਾ ਜਜ਼ਬਾ ਵੀ ਖ਼ਤਮ ਹੁੰਦਾ ਗਿਆ।
File Photo
ਜੋਧਪੁਰ ਦੇ ਕੈਦੀ
ਮੈਨੂੰ ਯਾਦ ਹੈ, ਜੋਧਪੁਰ ਵਿਚ ਸਾਡੇ ਨੌਜੁਆਨ ਮੁੰਡੇ ਜੋ ਕੈਦੀ ਬਣਾ ਕੇ ਰੱਖੇ ਗਏ, ਉਨ੍ਹਾਂ ਉਤੇ ਤਸ਼ੱਦਦ ਵੀ ਬੜਾ ਹੋਇਆ ਪਰ ਉਹ ਡੋਲੇ ਬਿਲਕੁਲ ਵੀ ਨਾ। ਉਥੋਂ ਦੀ ਅਸਲ ਕਹਾਣੀ ਮੈਨੂੰ ਇਕ ਜੱਜ ਨੇ ਸੁਣਾਈ ਜੋ ਉਨ੍ਹਾਂ ਨੂੰ ਮਿਲਣ ਲਈ ਸਰਕਾਰ ਵਲੋਂ ਭੇਜਿਆ ਗਿਆ ਸੀ। ਪਰ ਉਸ ਬਾਰੇ ਗੱਲ ਫਿਰ ਕਿਸੇ ਸਮੇਂ ਕਰਾਂਗਾ। ਇਸ ਵੇਲੇ ਦੋ ਨੌਜੁਆਨ ਕੈਦੀਆਂ ਦਾ ਕਿੱਸਾ ਹੀ ਸੁਣਾਵਾਂਗਾ।
File Photo
ਰਾਜੀਵ-ਲੌਂਗੋਵਾਲ ਸਮਝੌਤੇ ਮਗਰੋਂ ਜੋਧਪੁਰ ਦੇ ਬੰਦੀਆਂ ’ਚੋਂ ਬਹੁਤਿਆਂ ਦੀ ਰਿਹਾਈ ਹੋ ਗਈ। ਉਨ੍ਹਾਂ ’ਚੋਂ ਦੋ ਨੌਜੁਆਨ ਮੈਨੂੰ ਮਿਲਣ ਮੇਰੇ ਦਫ਼ਤਰ ਵਿਚ ਆਏ। ਬੜੇ ਚੜ੍ਹਦੀਆਂ ਕਲਾਂ ਵਿਚ ਸਨ। ਉਨ੍ਹਾਂ ਨੇ ਜੇਲ੍ਹ ਦੇ ਦਿਨਾਂ ਦੀਆਂ ਜੋ ਗੱਲਾਂ ਸੁਣਾਈਆਂ, ਸੁਣ ਕੇ ਮਨ ਖ਼ੁਸ਼ੀ ਨਾਲ ਭਰ ਗਿਆ ਕਿ ਅਥਾਹ ਜਬਰ ਦਾ ਸਾਹਮਣਾ ਕਰ ਕੇ ਵੀ ਉਨ੍ਹਾਂ ਦੇ ਹੌਸਲੇ ਵਿਚ ਜ਼ਰਾ ਜਿੰਨਾ ਵੀ ਫ਼ਰਕ ਨਹੀਂ ਸੀ ਆਇਆ। ਉਹ ਸਗੋਂ ਮੈਨੂੰ ਵੀ ਚੜ੍ਹਦੀਆਂ ਕਲਾਂ ਵਿਚ ਕਰ ਗਏ।
File Photo
ਦੋ ਕੁ ਸਾਲ ਬਾਅਦ ਉਹੀ ਦੋ ਨੌਜੁਆਨ ਸਿੱਖ ਦੁਬਾਰਾ ਮੈਨੂੰ ਮਿਲਣ ਆਏ ਤੇ ਕਹਿੰਦੇ, ‘‘ਸਾਨੂੰ ਪਛਾਣਿਆ ਨਹੀਂ?’’ ਮੈਂ ਕਿਹਾ ਨਹੀਂ। ਤਾਂ ਉਨ੍ਹਾਂ ਦਸਿਆ ਕਿ ਜੋਧਪੁਰ ਜੇਲ੍ਹ ’ਚੋਂ ਛੁਟ ਕੇ ਉਹ ਸਿਧੇ ਮੈਨੂੰ ਮਿਲਣ ਆਏ ਸੀ। ਹਾਂ, ਮੈਨੂੰ ਯਾਦ ਸੀ। ਪਰ ਉਸ ਸਮੇਂ ਤਾਂ ਉਹ ਸਾਬਤ-ਸੂਰਤ ਸਿੱਖ ਸਨ ਤੇ ਅੱਜ ਤਾਂ ਉਨ੍ਹਾਂ ਦੀ ‘ਸਿੱਖੀ’ ਨਜ਼ਰ ਨਹੀਂ ਸੀ ਆਉਂਦੀ। ਉਨ੍ਹਾਂ ਦੁਖੀ ਮਨ ਨਾਲ ਦਸਿਆ ਕਿ ਪਿੰਡਾਂ ਵਿਚ ਕੇਸਾਧਾਰੀ ਨੌਜੁਆਨਾਂ ਦਾ ਜੀਣਾ ਪੁਲਿਸ ਅਤੇ ਫ਼ੌਜ ਨੇ ਹਰਾਮ ਕੀਤਾ ਹੋਇਆ ਹੈ ਤੇ ਕੋਈ ਸਿੱਖ ਆਗੂ ਉਨ੍ਹਾਂ ਦੀ ਮਦਦ ’ਤੇ ਨਹੀਂ ਆਉਂਦਾ।
Akali Dal
ਮਾਪੇ ਆਪ ਵੀ ਕਹਿ ਦੇਂਦੇ ਹਨ, ਇਸ ਜ਼ੁਲਮ ਤੋਂ ਬਚਣ ਲਈ ਬੇਸ਼ੱਕ ਕੇਸਾਂ ਦਾ ਹਾਲੇ ਤਿਆਗ ਕਰ ਦਿਉ। ਉਨ੍ਹਾਂ ਰੋ ਰੋ ਕੇ ਦਸਿਆ ਕਿ ਸਿੱਖਾਂ ਅੰਦਰ ‘ਹਾਰ ਗਏ ਹੋਣ’ ਦਾ ਡਰ ਏਨਾ ਜ਼ਿਆਦਾ ਘਰ ਕਰ ਗਿਆ ਹੈ ਕਿ ਉਨ੍ਹਾਂ ਨੂੰ ਵੀ ਅਪਣੀ ਸ਼ਕਲ ਬਦਲਣੀ ਪਈ ਵਰਨਾ ਪੁਲਿਸ, ਥਾਣੇ ਬੁਲਾ ਕੇ ਕੁੱਟਣ ਲੱਗ ਜਾਂਦੀ ਸੀ। ਅੱਜ ਵੀ ‘ਅਸੀ ਹਾਰ ਗਏ ਹਾਂ’ ਵਾਲੀ ਸੋਚ ਸਿੱਖਾਂ ਅੰਦਰ ਹਰ ਪਾਸੇ ਭਾਰੂ ਹੈ। ਕਿਸੇ ਵੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਤਖ਼ਤਾਂ ਵਾਲਿਆਂ ਜਾਂ ਕਿਸੇ ਹੋਰ ਸੰਸਥਾ ਨੇ ਪਿੰਡਾਂ ਵਿਚ ਪਹੁੰਚ ਕੇ ‘ਕੇਸ ਰਖਾਉ’ ਲਹਿਰ ਨਹੀਂ ਚਲਾਈ ਕਿਉਂÎਕਿ ਹਾਰੇ ਹੋਏ ਲੋਕ ਜ਼ਿੰਦਾ ਹੋਣ ਜਾਂ ਜ਼ਿੰਦਾ ਕਰਨ ਦੀ ਲਹਿਰ ਕਦੇ ਨਹੀਂ ਚਲਾ ਸਕਦੇ।
Muslim
ਇਹੀ ਲੋਕ ਗੁਰਦਵਾਰਾ ਚੋਣਾਂ ਵਿਚ ਵੋਟਰ ਵੀ ਹੋਣਗੇ ਤੇ ਉਮੀਦਵਾਰ ਵੀ। ਇਨ੍ਹਾਂ ਨੇ ਥੋੜੇ ਦਿਨਾਂ ਲਈ ਦਾਹੜੀਆਂ ਕਟਵਾਉਣੀਆਂ ਬੰਦ ਕਰ ਲੈਣੀਆਂ ਨੇ ਤੇ ਸਿਰਾਂ ’ਤੇ ਆਰਜ਼ੀ ਦਸਤਾਰਾਂ ਰੱਖ ਕੇ ਵੋਟਾਂ ਪਾ ਆਉਣੀਆਂ ਨੇ। ਕਈ ਹਿੰਦੂ, ਮੁਸਲਿਮ ਵੀ ਇਸੇ ਤਰ੍ਹਾਂ ਨਕਲੀ ਸਿੱਖ ਬਣ ਕੇ ਵੋਟਾਂ ਭੁਗਤਾ ਆਉਣਗੇ। ਨਤੀਜੇ ਦਾ ਅੰਦਾਜ਼ਾ ਤੁਸੀ ਲਗਾ ਸਕਦੇ ਹੋ। ਕਿੰਨੀ ਕੁ ਪ੍ਰਤੀਨਿਧ ਹੋਵੇਗੀ ਉਹ ਨਵੀਂ ਸ਼੍ਰੋਮਣੀ ਕਮੇਟੀ ਇਸ ਸ਼ਾਨਾਂਮੱਤੇ ਪੰਥ ਦੀ ਤੇ ਕਿਹੜੇ ਅਸਲੀ ਅਕਾਲੀਆਂ ਨੂੰ ਜਿਤਾਏਗੀ?
Shiromani Akali Dal
ਦੁੱਖ ਦੀ ਗੱਲ ਹੈ ਕਿ ਸਿੱਖਾਂ ਦੇ ਧੁਰ ਅੰਦਰ ਤਕ ਜਾ ਕੇ, ਉਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਲਿਜਾ ਕੇ, ਸਿੱਖ ਹੋਣ ਨੂੰ ਫ਼ਖ਼ਰ ਕਰਨ ਯੋਗ ਗੱਲ ਬਣਾ ਕੇ, ਫਿਰ ਵੋਟਾਂ ਦੀ ਗੱਲ ਕਰਨ ਵਾਲਾ ਕੋਈ ਅਕਾਲੀ ਦਲ ਬਾਕੀ ਨਹੀਂ ਰਿਹਾ। ਸਾਲ ਦੇ ਬਾਰਾਂ ਮਹੀਨੇ ਸਿਰਫ਼ ਵੋਟਾਂ ਬਾਰੇ ਸੋਚਣ ਵਾਲੇ ‘ਅਕਾਲੀ ਦਲ’ ਹੀ ਰਹਿ ਗਏ ਹਨ। ਅਪਣੇ-ਅਪਣੇ ਪ੍ਰਧਾਨਾਂ ਦੀ ਸਥਾਈ ਜਾਗੀਰ ਬਣ ਚੁੱਕੇ ਹਨ ਸਾਰੇ ਅਕਾਲੀ ਦਲ।
SGPC
ਕੋਈ ਨਵਾਂ ਲੀਡਰ ਪੈਦਾ ਹੋਣ ਤੇ ਹੀ ਪਾਬੰਦੀ ਲਾ ਦਿਤੀ ਗਈ ਹੈ। ਸਥਾਈ ਪ੍ਰਧਾਨਾਂ ਦੇ ਕੰਪਨੀਆਂ ਵਰਗੇ ਦਫ਼ਤਰਾਂ ਵਿਚ ਹੀ ਚੇਲੇ ਜੁੜੇ ਰਹਿੰਦੇ ਹਨ ਤੇ ਲੋਕਾਂ ਅੰਦਰ ਜਾ ਕੇ ਕੰਮ ਕਰਨ ਦੀ ਗੱਲ ਜਾਂ ਧਰਮ ਪ੍ਰਚਾਰ ਦੀ ਗੱਲ ਹੀ ਖ਼ਤਮ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੌਰਾਨ ਤਾਂ ਸਾਰੇ ਹੀ ਅਪਣੇ ਆਪ ਨੂੰ ਪੱਕੇ ਤੇ ਅਸਲੀ ਅਕਾਲੀ (ਪੰਥਕ) ਦੱਸਣ ਦਾ ਯਤਨ ਕਰਨਗੇ ਪਰ ਉਸ ਤੋਂ ਬਾਅਦ ਕਈ ‘ਅਕਾਲੀ ਦਲਾਂ’ ਦੀ ਜਿਹੜੀ ਅਸਲੀਅਤ ਸਾਹਮਣੇ ਆਏਗੀ, ਉਸ ਬਾਰੇ ਸੋਚ ਕੇ ਵੀ ਮੈਂ ਡਰ ਜਾਂਦਾ ਹਾਂ ਕਿਉਂਕਿ ਅੰਦਰ ਦੀਆਂ ਗੱਲਾਂ ਬਾਰੇ ਮੈਂ ਬਹੁਤ ਕੁੱਝ ਜਾਣਦਾ ਹਾਂ ਜੋ ਅਜੇ ਲਿਖ ਨਹੀਂ ਸਕਦਾ।