‘ਪੰਥ’ ਨੂੰ ਬੇਦਾਵਾ ਦੇ ਕੇ ‘ਪੰਜਾਬੀ ਪਾਰਟੀ’ ਬਣਿਆ ਬਾਦਲ ਅਕਾਲੀ ਦਲ ਪੰਥਕ ਸੋਚ ਵਾਲਿਆਂ ਨਾਲ ਨਫ਼ਰਤ ਕਿਉਂ ਕਰਦੈ?

By : GAGANDEEP

Published : Aug 27, 2023, 6:41 am IST
Updated : Aug 27, 2023, 7:06 am IST
SHARE ARTICLE
photo
photo

ਪੰਥਕ ਰਾਜਨੀਤੀ ਬਾਰੇ ਸਪੋਕਸਮੈਨ ਦੀ ਹਰ ਪੇਸ਼ੀਨਗੋਈ ਸਹੀ ਸਾਬਤ ਕਿਉਂ ਹੋਈ?

 

ਪਿਛਲੇ ਐਤਵਾਰ ਅਸੀ ਵੇਖਿਆ ਸੀ ਕਿ ਕਿਵੇਂ ਬਾਦਲ ਪ੍ਰਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਪਣੀ ਨਿਜੀ ਜਗੀਰ ਬਣਾਉਣ ਲਈ, ਬੜੀ ਸਫ਼ਾਈ ਨਾਲ ਅੰਮ੍ਰਿਤਸਰੋਂ ਚੁਕ ਕੇ ਅਪਣੇ ਘਰ ਵਿਚ ਅਰਥਾਤ ਚੰਡੀਗੜ੍ਹ ਲਿਆ ਸੁਟਿਆ ਤੇ ਫਿਰ ਇਸ ਨੂੰ ਪੰਥਕ ਪਾਰਟੀ ਦੀ ਬਜਾਏ ‘ਪੰਜਾਬੀ ਪਾਰਟੀ’ ਬਣਾ ਦਿਤਾ। ਬਹਾਨਾ ਇਹੀ ਸੀ ਕਿ ‘ਅਪਣੀ ਸਰਕਾਰ’ ਬਣਾਉਣ ਲਈ ਹੁਣ ਕੇਵਲ ਸਿੱਖ ਵੋਟਾਂ ਤੇ ਟੇਕ ਨਹੀਂ ਰੱਖੀ ਜਾ ਸਕਦੀ। ਪਰ ‘ਅਪਣੀ ਸਰਕਾਰ’ ਕਿਸ ਦੀ? ਮਨ ਵਿਚ ਤਾਂ ਉਹ ਬੜੇ ਸਪੱਸ਼ਟ ਸਨ ਕਿ ‘ਅਪਣੀ ਸਰਕਾਰ’ ਤੋਂ ਉਨ੍ਹਾਂ ਦਾ ਮਤਲਬ ਬਾਦਲ ਸਰਕਾਰ ਹੀ ਸੀ ਤੇ ਕੇਂਦਰ ਨਾਲ ਹੋਏ ਗੁਪਤ ਸਮਝੌਤੇ ਅਧੀਨ ਇਹ ਸੱਭ ਕੀਤਾ ਜਾ ਰਿਹਾ ਸੀ। ਕੇਂਦਰੀ ਖ਼ੁਫ਼ੀਆ ਏਜੰਸੀਆਂ ਦੀ ਰੀਪੋਰਟ ਸੀ ਕਿ ਜੇ ਅਕਾਲੀ ਦਲ ਅੰਮ੍ਰਿਤਸਰ ਵਿਚ ਨਾ ਹੋਵੇ ਤਾਂ ਉਥੋਂ ਵਾਰ ਵਾਰ ਲਗਦੇ ‘ਪੰਥਕ ਮੋਰਚੇ’ ਵੀ ਲਗਣੇ ਬੰਦ ਹੋ ਜਾਣਗੇ ਤੇ ਸਮੁੱਚੇ ਤੌਰ ਤੇ ਸਿੱਖ ਕਮਜ਼ੋਰ ਵੀ ਹੋ ਜਾਣਗੇ। ਸੋ ਕੇਂਦਰ ਨੇ ਸ. ਬਾਦਲ ਤੇ ਦਬਾਅ ਪਾਇਆ ਕਿ, ‘ਤੁਹਾਡੇ ਸੌ ਪਾਪ ਮਾਫ਼ ਜੇ ਤੁਸੀ ਅਕਾਲੀ ਦਲ ਨੂੰ ਅੰਮ੍ਰਿਤਸਰ ਤੋਂ ਚੁਕ ਕੇ ਕਿਸੇ ਹੋਰ ਥਾਂ ਲੈ ਜਾਉ ਤੇ ਪਾਰਟੀ ਦੇ ਸੰਵਿਧਾਨ ਚੋਂ ਪੰਥ ਸ਼ਬਦ ਕੱਢ ‘ਪੰਜਾਬੀ’ ਸ਼ਬਦ ਪਾ ਦਿਉ’।

ਚਲੋ ਸਿੱਖਾਂ ਨੇ ਫਿਰ ਵੀ ਮੰਨ ਲੈਣਾ ਸੀ ਕਿ ਬਾਦਲਾਂ ਨੂੰ ‘ਮਜਬੂਰੀ ਵੱਸ, ਅਕਾਲੀ ਦਲ ਦਾ ਦਫ਼ਤਰ ਵੀ ਅੰਮ੍ਰਿਤਸਰ ਤੋਂ ਚੁਕਣਾ ਪਿਆ ਤੇ ਸੰਵਿਧਾਨ ਵੀ ਬਦਲਣਾ ਪਿਆ ਪਰ ਰਹੇ ਤਾਂ ਅਕਾਲੀ ਦੇ ਅਕਾਲੀ ਹੀ ਸਨ। ਨਹੀ ਨਹੀਂ, ਬਾਦਲਕੇ ਤਾਂ ਹੁਣ ਹਰ ਉਸ ਸਿੱਖ ਨੂੰ ਨਫ਼ਰਤ ਕਰਨ ਲੱਗ ਪਏ ਸਨ ਜੋ ਉਨ੍ਹਾਂ ਨੂੰ ‘ਪੰਥ’ ਦੀ ਯਾਦ ਕਰਵਾਉਂਦਾ ਜਾਂ ਪੰਥਕ ਸੋਚ ਦਾ ਵਿਖਾਵਾ ਕਰਦਾ। ਅਕਾਲੀ ਦਲ ਨੂੰ ‘ਪੰਜਾਬੀ’ ਪਾਰਟੀ ਬਣਾਉਣ ਮਗਰੋਂ ਇਨ੍ਹਾਂ ਨੇ ਕੀ ਕੋਈ ਇਕ ਵੀ ਪੰਥਕ ਮੰਗ ਅੱਜ ਤਕ ਮਨਵਾਈ ਹੈ ਜਾਂ ਉਨ੍ਹਾਂ ਦੀ ‘ਪੰਜਾਬੀ ਪਾਰਟੀ’ ਨੇ ਇਕ ਵੀ ਪੰਥਕ ਮੰਗ ਨੂੰ ਪ੍ਰਵਾਨ ਕਰਵਾਉਣ ਲਈ ਸੰਘਰਸ਼ ਕੀਤਾ ਹੈ? ਹਾਂ ਵੋਟਾਂ ਸਮੇਂ ਜਲਸਿਆਂ ਵਿਚ ਗੱਜ ਵੱਜ ਕੇ ਐਲਾਨ ਕੀਤਾ ਜਾਂਦਾ ਸੀ, ‘‘ਜੇ ਚੰਡੀਗੜ੍ਹ ਲੈਣਾ ਚਾਹੁੰਦੇ ਹੋ ਤਾਂ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਬਣਾਉ। ਇਕ ਮਹੀਨੇ ਵਿਚ ਚੰਡੀਗੜ੍ਹ ਲੈ ਦੇਣਗੇ ਤੇ ਹੋਰ ਮੰਗਾਂ ਵੀ ਮਨਵਾ ਦੇਣਗੇ।’’ ਲੋਕ ਵੋਟਾਂ ਪਾ ਦੇਂਦੇ ਤੇ ‘ਬਾਦਲਕੇ’ ਪੰਜਾਬ ਵਿਚ ਵੀ ਤੇ ਦਿੱਲੀ ਵਿਚ ਵੀ ਵਜ਼ੀਰ ਬਣ ਕੇ, ਹਾਕਮ ਟੋਲਿਆਂ ਵਿਚਕਾਰ ਸਜੇ ਰਹਿੰਦੇ ਪਰ ਪੰਜਾਬ ਤੇ ਪੰਥ ਦੀ ਇਕ ਵੀ ਮੰਗ ਉਨ੍ਹਾਂ ਨੇ ਨਾ ਮਨਵਾਈ ਸਗੋਂ ਪੰਜਾਬ ਤੇ ਪੰਥ ਦੇ ਉਲਟ ਜਾਣ ਵਾਲੇ ਸਾਰੇ ਫ਼ੈਸਲੇ ਵੀ ਇਨ੍ਹਾਂ ਦੇ ਰਾਜ ਸਮੇਂ ਹੀ ਹੁੰਦੇ ਰਹੇ ਪਰ ਇਨ੍ਹਾਂ ਨੇ ਚੂੰ ਤਕ ਨਾ ਕੀਤੀ।
ਉਨ੍ਹਾਂ ਦਿਨਾਂ ਦੀ ਇਕ ਗੱਲ ਮੈਨੂੰ ਯਾਦ ਹੈ ਕਿ ਸ. ਸੁਖਦੇਵ ਸਿੰਘ ਢੀਂਡਸਾ ਮੇਰੇ ਕੋਲ ਆਏ। ਮੈਂ ਗਿਲਾ ਕੀਤਾ ਕਿ ਉਹ ਪਾਰਲੀਮੈਂਟ ਵਿਚ ਮੌਜੂਦ ਸਨ ਜਦ ‘ਘਟ-ਗਿਣਤੀਆਂ’ ਨੂੰ ਜੇਲਾਂ ਵਿਚ ਸੁੱਟਣ ਅਤੇ ਉਨ੍ਹਾਂ ਦੀ ਜ਼ਮਾਨਤ ਵੀ ਹੋਣੋਂ ਰੋਕ ਦੇਣ ਵਾਲਾ ਕਾਨੂੰਨ ਉਥੇ ਪੇਸ਼ ਹੋਇਆ ਸੀ ਤੇ ‘ਤੁਹਾਡੇ (ਢੀਂਡਸਾ) ਸਮੇਤ’, ਕਿਸੇ ਅਕਾਲੀ ਐਮਪੀ ਨੇ ਆਵਾਜ਼ ਵੀ ਨਾ ਚੁੱਕੀ ਤੇ ਸਗੋਂ ਇਸ ਦੇ ਹੱਕ ਵਿਚ ਹੀ ਵੋਟ ਪਾ ਦਿਤੀ।
ਢੀਂਡਸਾ ਸਾਹਬ ਬੋਲੇ, ‘‘ਇਹ ਛਾਪਣਾ ਨਾ ਪਰ ਸੱਚ ਇਹੀ ਹੈ ਕਿ ਮੈਂ ਤਾਂ ਇਸ ਕਾਨੂੰਨ ਵਿਰੁਧ ਜ਼ੋਰਦਾਰ ਭਾਸ਼ਨ ਤਿਆਰ ਕਰ ਲਿਆ ਸੀ ਪਰ ਐਨ ਆਖ਼ਰੀ ਵੇਲੇ, ਬਾਦਲ ਸਾਹਿਬ ਦਾ ਫ਼ੋਨ ਆ ਗਿਆ ਕਿ ‘ਬਿਲ ਦਾ ਵਿਰੋਧ ਬਿਲਕੁਲ ਨਹੀਂ ਕਰਨਾ ਤੇ ਜੇ ਹਮਾਇਤ ਨਹੀਂ ਕਰਨੀ ਤਾਂ ਜ਼ਬਾਨ ਬੰਦ ਰੱਖ ਲੈਣੀ।’ ਦੱਸੋ ਮੈਂ ਕੀ ਕਰਦਾ?’’
ਮੈਂ ਹੌਲੀ ਜਹੀ ਕਹਿ ਦਿਤਾ, ‘‘ਇਸ ਤਰ੍ਹਾਂ ਲੋਕਾਂ ਤੋਂ ਕੱਟੇ ਜਾਉਗੇ।’’
ਅਖ਼ੀਰ ਜਦ ਢੀਂਡਸਾ ਸਾਹਬ ਨੂੰ ਬਾਦਲ ਅਕਾਲੀ ਦਲ ਵਿਚੋਂ ਕੱਢ ਦਿਤਾ ਗਿਆ ਜਾਂ ਉਹ ਆਪ ਨਿਕਲ ਆਏ ਤਾਂ ਉਹੀ ਢੀਂਡਸਾ ਸਾਹਬ ਮੇਰੇ ਘਰ ਆਏ ਤੇ ਕਹਿਣ ਲੱਗੇ ਕਿ ‘‘ਹੁਣ ਸਪੋਕਸਮੈਨ ਸਾਡੇ ‘ਯੁਨਾਇਟਿਡ ਅਕਾਲੀ ਦਲ’ ਦੀ ਮਦਦ ਕਰੇ।’’ 
ਮੈਂ ਹੱਸ ਕੇ ਉਨ੍ਹਾਂ ਨੂੰ ਯਾਦ ਕਰਵਾਇਆ ਕਿ 10-12 ਸਾਲ ਵਿਚ ਸਪੋਕਸਮੈਨ ਨੇ ਪੰਥਕ ਰਾਜਨੀਤੀ ਬਾਰੇ ਜਿਹੜੀ ਜਿਹੜੀ ਗੱਲ ਵੀ ਲਿਖੀ ਸੀ, ਕੀ ਉਨ੍ਹਾਂ ਚੋਂ ਕੋਈ ਇਕ ਵੀ ਗੱਲ ਗ਼ਲਤ ਸਾਬਤ ਹੋਈ? ਮੈਂ   ਕੋਈ ਜੋਤਸ਼ੀ, ਨਜੂਮੀ ਜਾਂ ਔਲੀਆ ਤਾਂ ਨਹੀਂ ਪਰ ਪੰਥ ਦੀ ਨਬਜ਼ ਤੇ ਹੱਥ ਰੱਖ ਕੇ ਉਸ ਨੂੰ ਸਮਝਣ ਵਾਲਾ ਮਾੜਾ ਜਿਹਾ ‘ਤਬੀਬ’ (ਹਕੀਮ) ਜ਼ਰੂਰ ਹਾਂ। ਮੇਰੀ ਅੱਜ ਵੀ ਗੱਲ ਨੋਟ ਕਰ ਲਉ, ਉਹੀ ਅਕਾਲੀ ਦਲ ਕਾਮਯਾਬ ਹੋਵੇਗਾ ਜਿਹੜਾ 100 ਫ਼ੀ ਸਦੀ ਦੀ ਹੱਦ ਤਕ ਜਾ ਕੇ ‘ਪੰਥਕ’ ਪਾਰਟੀ (1920 ਵਰਗੀ) ਦੇਵੇਗਾ ਤੇ ਹੋਰ ਕਿਸੇ ਦੀ ਵੀ ਅਧੀਨਗੀ ਨਹੀਂ ਮੰਨੇਗਾ ਤੇ ਜਿਸ ਦੇ ਲੀਡਰ ਦਾ ਅਪਣਾ ਨਿਜੀ ਏਜੰਡਾ ਕੋਈ ਨਹੀਂ ਹੋਵੇਗਾ।’’
ਖ਼ੈਰ, ਇਹ ਗੱਲ ਤਾਂ ਐਵੇਂ ਵਿਚੋਂ ਹੀ ਨਿਕਲ ਆਈ। ਅਸੀ ਵਿਚਾਰ ਕਰ ਰਹੇ ਸੀ ਕਿ ਅਕਾਲੀ ਦਲ ਨੂੰ ‘ਪੰਜਾਬੀ ਪਾਰਟੀ’ ਬਣਾ ਚੁੱਕਣ ਮਗਰੋਂ, ਇਹ ਹਰ ਉਸ ਬੰਦੇ ਨੂੰ ਨਫ਼ਰਤ ਕਰਨ ਲੱਗ ਪਏ ਜਿਸ ਬਾਰੇ ਇਨ੍ਹਾਂ ਨੂੰ ਸ਼ੱਕ ਹੁੰਦਾ ਸੀ ਕਿ ਇਹ ਅੰਦਰੋਂ ਪੱਕੀ ਪੰਥਕ ਸੋਚ ਵਾਲਾ ਬੰਦਾ ਹੈ। ਸ਼ੁਰੂਆਤ ਇਨ੍ਹਾਂ ਨੇ ਧਾਰਮਕ ਖੇਤਰ ਤੋਂ ਹੀ ਕੀਤੀ ਕਿਉਂਕਿ ਹੁਣ ‘ਪੰਜਾਬੀ ਪਾਰਟੀ’ ਦੇ ਨੇਤਾਵਾਂ ਨੇ ਧਰਮ ਦੇ ਮੁਖੀਆਂ ਨੂੰ ਅਪਣੇ ਮਤਲਬ ਲਈ ਵੀ ਵਰਤਣਾ ਸੀ ਤੇ ਵਰਤਿਆ ਉਹੀ ਜਾ ਸਕਦਾ ਸੀ ਜਿਹੜਾ ਪੰਥ ਦੀ ਨਹੀਂ ‘ਬਾਦਲਾਂ’ ਦੀ ਚਾਕਰੀ ਕਰਨ ਨੂੰ ਤਿਆਰ ਹੋਵੇ। ਸੱਭ ਨੂੰ ਟੋਹਣਾ ਸ਼ੁਰੂ ਕਰ ਦਿਤਾ ਤੇ ਜਿਹੜਾ ਜ਼ਰਾ ਜਿੰਨਾ ਅੜਿਆ, ਉਸ ਨੂੰ ਝਾੜ ਕੇ ਬਾਹਰ ਸੁਟ ਦਿਤਾ।
ਜ਼ਰਾ ਯਾਦ ਕਰੋ, ਭਾਈ ਰਣਜੀਤ ਸਿੰਘ, ਭਾਈ ਮਨਜੀਤ ਸਿੰਘ, ਪ੍ਰੋ. ਦਰਸ਼ਨ ਸਿੰਘ, ਸ. ਗੁਰਚਰਨ ਸਿੰਘ ਟੌਹੜਾ ਨਾਲ ‘ਪੰਜਾਬੀ’  ਪਾਰਟੀ ਦੇ ਦੌਰ ਵਿਚ ਕਿੰਨਾ ਭੱਦਾ ਵਿਉਹਾਰ ਕਰ ਕੇ ਉਨ੍ਹਾਂ ਨੂੰ ਕੱਢ ਕੇ ਬਾਹਰ ਸੁਟ ਦਿਤਾ ਗਿਆ ਜਿਵੇਂ ਉਨ੍ਹਾਂ ਦੀ ਹੈਸੀਅਤ ਹੀ ਕੋਈ ਨਾ ਹੋਵੇ ਜਦਕਿ ਪਹਿਲਾਂ ਉਨ੍ਹਾਂ ਦੇ ਕਥਨਾਂ ਨੂੰ ‘ਇਲਾਹੀ ਹੁਕਮ’ ਦਸਿਆ ਜਾਂਦਾ ਸੀ ਕਿਉਂਕਿ ਵੱਡੇ ਹਾਕਮ (ਬਾਦਲ) ਲਈ ‘ਜਥੇਦਾਰਾਂ’ ਨੂੰ ਵਰਤਿਆ ਜਾਣਾ ਹੁੰਦਾ ਸੀ। ਜਥੇਦਾਰ ਟੌਹੜਾ ਨੂੰ ਤਾਂ ਸਿੱਖਾਂ ਦਾ ‘ਪੋਪ’ ਵੀ ਕਹਿ ਦਿਤਾ ਜਾਂਦਾ ਸੀ। ਇਨ੍ਹਾਂ ਸੱਭ ਨੂੰ ਇਸ ਤਰ੍ਹਾਂ ਮਰੋੜ ਦਿਤਾ ਗਿਆ ਜਿਵੇਂ ਮਾਸ ਖਾਣ ਵਾਲੇ ਲੋਕ, ਘਰ ਦੀ ਪਾਲੀ ਮੁਰਗੀ ਦੀ ਗਿੱਚੀ ਮਰੋੜ ਦੇਂਦੇ ਹਨ। ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ, ਨਾ ਚਾਹੁੰਦਿਆਂ ਹੋਇਆਂ ਵੀ, ‘ਸਪੋਕਸਮੈਨ’ ਵਿਰੁਧ ਬਾਦਲਾਂ ਦਾ ਹੁਕਮ ਸਿਰ ਮੱਥੇ ਮੰਨ ਲਿਆ ਪਰ ਅਖ਼ੀਰ ਉਸ ਦੀ ਮਾਮੂਲੀ ਜਹੀ ‘ਪੰਥਕਤਾ’ ਵੇਖ ਕੇ ਹੀ ਉਸ ਨੂੰ ਵੀ ਡਾਢਾ ਜ਼ਲੀਲ ਕਰ ਕੇ ਬਾਹਰ ਸੁਟ ਦਿਤਾ ਗਿਆ। ਇਸ ਨਾਲ ਦੂਜੇ ‘ਜਥੇਦਾਰਾਂ’ ਨੂੰ ਵੀ ਕੰਨ ਹੋ ਗਏ ਕਿ ਜਾਨ ਬਚਾਣੀ ਹੈ ਤਾਂ ‘ਬਾਦਲਾਂ ਦੇ ਬੰਦੇ’ ਬਣ ਕੇ ਹੀ ਬਚਿਆ ਜਾ ਸਕਦਾ ਹੈ। ‘ਪੰਥਕ ਸੋਚ’ ਵਾਲਿਆਂ ਨੂੰ ਨਫ਼ਰਤ ਕਰਨ ਦੀ ਗੱਲ ਦਰਬਾਰ ਸਾਹਿਬ ਦੀ ਹਦੂਦ ਤਕ ਹੀ ਨਾ ਰੱਖੀ ਗਈ ਸਗੋਂ ਸਾਰਾ ਸਿੱਖ ਜਗਤ ਹੌਲੀ ਹੌਲੀ ਇਸ ਦੀ ਲਪੇਟ ਵਿਚ ਆਉਂਦਾ ਗਿਆ। ਉਨ੍ਹਾਂ ਬਾਰੇ ਗੱਲ ਕਰਾਂਗੇ ਪਰ ਅਗਲੇ ਐਤਵਾਰ। (ਚਲਦਾ)  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਾਂ ਮੈਂ ਚਿੱਟਾ ਪੀਂਦਾ ਹਾਂ' ਦਿਨ ਦਿਹਾੜੇ ਪੱਤਰਕਾਰ ਨੇ ਚਿੱਟਾ ਪੀਂਦੇ ਫੜ ਲਿਆ ਬੰਦਾ, ਉਪਰੋਂ ਆ ਗਈ ਪੁਲਿਸ

14 Jul 2024 6:22 PM

ਹਾਂ ਮੈਂ ਚਿੱਟਾ ਪੀਂਦਾ ਹਾਂ' ਦਿਨ ਦਿਹਾੜੇ ਪੱਤਰਕਾਰ ਨੇ ਚਿੱਟਾ ਪੀਂਦੇ ਫੜ ਲਿਆ ਬੰਦਾ, ਉਪਰੋਂ ਆ ਗਈ ਪੁਲਿਸ

14 Jul 2024 6:20 PM

ਸੋਸ਼ਲ ਮੀਡੀਆ 'ਤੇ BSNL ਦੇ ਹੱਕ 'ਚ ਚੱਲੀ ਮੁਹਿੰਮ, ਅੰਬਾਨੀ ਸਣੇ ਬਾਕੀ ਮੋਬਾਇਲ ਨੈੱਟਵਰਕ ਕੰਪਨੀਆਂ ਨੂੰ ਛਿੜੀ ਚਿੰਤਾ

13 Jul 2024 3:32 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:26 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:24 PM
Advertisement