S. Joginder Singh Ji: ਸੱਤਾਧਾਰੀ ਅਕਾਲੀ ਅਪਣਾ ਪੱਖ ਪੇਸ਼ ਕਰਨਾ ਚਾਹੁਣ ਤਾਂ ‘ਰੋਜ਼ਾਨਾ ਸਪੋਕਸਮੈਨ’ ਵਿਚ ਉਨ੍ਹਾਂ ਨੂੰ ਜੀਅ ਆਇਆਂ ਹੀ ਕਿਹਾ ਜਾਵੇਗਾ।
S. Joginder Singh Ji: ਮੇਰਾ ਵਾਹ ਬਚਪਨ ਤੋਂ ਅਕਾਲੀਆਂ ਨਾਲ ਹੀ ਪੈਂਦਾ ਰਿਹਾ ਹੈ। ਮੇਰੇ ਪਿਤਾ ਵੀ ਅਕਾਲੀਆਂ ਦੇ ਹਮਾਇਤੀ ਸਨ ਤੇ ਨਾਨਾ ਜੀ ਤਾਂ ਸਨ ਹੀ ਅਕਾਲੀ। ਸਾਡੇ ਘਰ ‘ਅਕਾਲੀ’ ਅਖ਼ਬਾਰ ਹੀ ਆਇਆ ਕਰਦਾ ਸੀ (ਬਾਅਦ ਵਿਚ ਉਸ ਦਾ ਨਾਂ ‘ਜਥੇਦਾਰ’ ਰਖਣਾ ਪੈ ਗਿਆ ਸੀ), ਕਾਲਜ ਵਿਚ ਪੜ੍ਹਦੇ ਸਮੇਂ ਹੀ, ਮੈਂ ਅਖ਼ਬਾਰ ਵਿਚ ਲਗਾਤਾਰ ਲਿਖਣਾ ਸ਼ੁਰੂ ਕਰ ਦਿਤਾ ਸੀ ਤੇ ਮੈਂ ਕੇਵਲ ‘ਜਥੇਦਾਰ’ ਨੂੰ ਹੀ ਅਪਣੇ ਲੇਖ ਭੇਜਦਾ ਹੁੰਦਾ ਸੀ।
ਮੇਰਾ ਅਜੇ ਵਿਆਹ ਵੀ ਨਹੀਂ ਸੀ ਹੋਇਆ ਜਦ ‘ਜਥੇਦਾਰ’ ਵਿਚ ਮੇਰੇ ਲੇਖ ਪੜ੍ਹ ਕੇ, ਪਾਠਕ ਮੈਨੂੰ ‘ਪੰਥ ਦਾ ਮਹਾਨ ਵਿਦਵਾਨ’ ਲਿਖਣ ਲੱਗ ਪਏ ਸਨ। ਮੈਂ ਅਪਣੀ ਤਾਰੀਫ਼ ਵਿਚ ਲਿਖੇ ਸ਼ਬਦ ਛਪੇ ਹੋਏ ਪੜ੍ਹਦਾ ਤੇ ਫਿਰ ਅਪਣੀ ਉਮਰ ਵਲ ਵੇਖਦਾ ਤਾਂ ਮੈਨੂੰ ਅਪਣੇ ਆਪ ਉਤੇ ਹੀ ਹਾਸਾ ਆ ਜਾਂਦਾ। ਪਰ ਸੱਚ ਇਹੀ ਹੈ ਕਿ ਪਾਠਕਾਂ ਨਾਲ ਮੇਰੀ ਪਹਿਲੀ ਜਾਣ ਪਛਾਣ ਵੀ ਇਕ ਅਕਾਲੀ ਅਖ਼ਬਾਰ ਨੇ ਹੀ ਕਰਵਾਈ ਸੀ।
ਅਕਾਲੀ ਲੀਡਰਾਂ ਬਾਰੇ ਵੀ ਮੇਰੇ ਵਿਚਾਰ ਬੜੇ ਚੰਗੇ ਬਣੇ ਹੋਏ ਸਨ। ਮੈਂ ਅਜੇ ਚੌਥੀ ਜਮਾਤ ਵਿਚ ਹੀ ਪੜ੍ਹਦਾ ਸੀ ਜਦੋਂ ਮੈਂ ਹੋਰ ਬੱਚਿਆਂ ਨਾਲ ਰਲ ਕੇ ਤੇ ਅਕਾਲੀ ਉਮੀਦਵਾਰ ਦੀ ਜੀਪ ਵਿਚ ਬੈਠ ਕੇ, ਸਾਰੇ ਸ਼ਹਿਰ ਵਿਚ ਨਾਹਰੇ ਮਾਰਦਾ ਹੁੰਦਾ ਸੀ -- ‘ਜਿੱਤੇਗਾ ਬਈ ਜਿੱਤੇਗਾ, ਪੰਥ ਪਿਆਰਾ ਜਿੱਤੇਗਾ’ ਤੇ ‘ਸਾਡਾ ਨਿਸ਼ਾਨ - ਤੀਰ ਕਮਾਨ’। ਉਸ ਜ਼ਮਾਨੇ ਵਿਚ, ‘ਤੀਰ ਕਮਾਨ’ ਹੀ ਅਕਾਲੀਆਂ ਦਾ ਚੋਣ-ਨਿਸ਼ਾਨ ਹੋਇਆ ਕਰਦਾ ਸੀ। ਉਦੋਂ ਚਾਰ ਪੰਜ ਅਕਾਲੀ ਹੀ ਸਾਂਝੇ ਪੰਜਾਬ ’ਚੋਂ ਚੁਣੇ ਜਾਂਦੇ ਸਨ ਤੇ ਉਨ੍ਹਾਂ ਨਾਲ, ਵੇਲੇ ਦੀ ਸਰਕਾਰ ਵੀ ਜ਼ਿਆਦਤੀਆਂ ਹੀ ਕਰਦੀ ਰਹਿੰਦੀ ਸੀ। ਅਕਾਲੀ ਉਮੀਦਵਾਰ, ਇਨ੍ਹਾਂ ਜ਼ਿਆਦਤੀਆਂ ਦਾ ਜ਼ਿਕਰ ਅਪਣੇ ਜਲਸਿਆਂ ਵਿਚ ਕਰਦੇ ਰਹਿੰਦੇ ਸਨ।
ਇਨ੍ਹਾਂ ਤਕਰੀਰਾਂ ਨੂੰ ਸੁਣ ਕੇ, ਸਾਡੇ ਬਾਲ-ਮਨਾਂ ’ਤੇ ਇਹੀ ਪ੍ਰਭਾਵ ਬਣਦਾ ਸੀ ਕਿ ਪੰਥ ਅਤੇ ਪੰਜਾਬੀ ਲਈ ਜੂਝਣ ਵਾਲੇ ਇਹ ਗ਼ਰੀਬੜੇ ਜਹੇ ਲੋਕ ਹਨ ਜਿਨ੍ਹਾਂ ਨਾਲ ਪੈਰ-ਪੈਰ ’ਤੇ ਧੱਕਾ ਹੁੰਦਾ ਹੈ ਤੇ ਜੇਲ੍ਹ ਵਿਚ ਵੀ ਅਕਸਰ ਸੁੱਟ ਦਿਤੇ ਜਾਂਦੇ ਹਨ ਪਰ ਕੌਮ ਦੇ ਪਿਆਰ ਸਦਕਾ, ਹਰ ਤਰ੍ਹਾਂ ਦੀ ਮਾਰ ਖਾ ਕੇ ਵੀ, ਅਪਣੇ ਅਸੂਲਾਂ ਦਾ ਤਿਆਗ ਨਹੀਂ ਕਰਦੇ। ਇਹ ਸਾਦ ਮੁਰਾਦੇ ਜਹੇ, ਢੱਠੇ ਹੋਏ ਘਰਾਂ ’ਚ ਰਹਿਣ ਵਾਲੇ ਅਕਾਲੀ, ਹਰ ਇਕ ਨਾਲ ਆਜਜ਼ੀ ਨਾਲ ਬੋਲਣ ਵਾਲੇ, ਮਿਠ ਬੋਲੜੇ ਅਕਾਲੀ, ਸਾਨੂੰ ਦੇਵਤੇ ਹੀ ਲਗਿਆ ਕਰਦੇ ਸਨ। ਮੁਕਾਬਲੇ ਤੇ ਕਾਂਗਰਸੀ ਤੇ ਜਨਸੰਘੀ, ਜਵਾਨ ਹੋਣ ਵੇਲੇ ਤਕ, ਸਾਨੂੰ ‘ਸਿੱਖ ਦੁਸ਼ਮਣ’, ‘ਪੰਜਾਬੀ ਦੁਸ਼ਮਣ’ ਤੇ ਤਾਕਤ ਦੇ ਨਸ਼ੇ ਵਿਚ ਚੂਰ ਲੋਕ ਹੀ ਨਜ਼ਰ ਆਉਂਦੇ ਸਨ।
ਅਕਾਲੀ ਲੀਡਰਾਂ ਦੀ ਯਾਦ ਕਰਾਂ ਤਾਂ ਮਾ. ਤਾਰਾ ਸਿੰਘ ਦੀਆਂ ਗੱਲਾਂ ਸੁਣ ਸੁਣ ਕੇ ਅਸੀ ਬੜੇ ਪ੍ਰਭਾਵਤ ਹੁੰਦੇ ਸੀ। ਮਿਸਾਲ ਵਜੋਂ, ਗਿ. ਗੁਰਮੁਖ ਸਿੰਘ ਮੁਸਾਫ਼ਰ ਨੇ ਗੱਲ ਸੁਣਾਈ ਸੀ ਕਿ ਕਿਸੇ ਥਾਂ ਮਾਸਟਰ ਜੀ ਦਾ ‘ਸਵਾਗਤ’ ਕੀਤਾ ਗਿਆ ਤਾਂ ਉਨ੍ਹਾਂ ਦੇ ਗਲੇ ਵਿਚ ਗੰਨੇ ਦੀਆਂ ਗਨੇਰੀਆਂ ਦਾ ਹਾਰ ਪਾਇਆ ਗਿਆ ਤੇ ਹਰ ਗਨੇਰੀ ਮਗਰੋਂ, ਇਕ ਰੁਪਏ ਦਾ ਨੋਟ ਵੀ, ਹਾਰ ਵਿਚ ਪਰੁੱਚਾ ਹੋਇਆ ਸੀ। ਉਸ ਵੇਲੇ ਇਕ ਰੁਪਏ ਦੀ ਕੀਮਤ ਵੀ ਅੱਜ ਦੇ 10 ਹਜ਼ਾਰ ਰੁਪਏ ਬਰਾਬਰ ਸੀ। ਮਾਸਟਰ ਜੀ ਨੇ ਗਲੇ ’ਚੋਂ ਹਾਰ ਲਾਹਿਆ, ਰੁਪਏ ਕੱਢ ਕੇ ਸੈਕਟਰੀ ਨੂੰ ਇਹ ਕਹਿ ਕੇ ਦੇ ਦਿਤੇ ਕਿ, ‘‘ਇਹ ਪੰਥ ਦੀ ਅਮਾਨਤ ਹਨ, ਪਾਰਟੀ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾ ਦਿਉ।’’ ਗਨੇਰੀਆਂ ਸਾਰਿਆਂ ਨੇ ਰਲ ਕੇ ਚੂਪ ਲਈਆਂ।
ਮਾਸਟਰ ਜੀ ਬਾਰੇ ਹੀ, ਮੁਸਾਫ਼ਰ ਜੀ ਨੇ ਇਕ ਹੋਰ ਗੱਲ ਸੁਣਾਈ ਕਿ ਅੰਗਰੇਜ਼ ਵੇਲੇ ਜਦ ਮਾਸਟਰ ਜੀ ਜੇਲ ਵਿਚ ਸਨ ਤਾਂ ਉਹ ਮਾਸਟਰ ਜੀ ਦੇ ਘਰ, ਉਨ੍ਹਾਂ ਦੀ ਪਤਨੀ, ਮਾਤਾ ਤੇਜ ਕੌਰ ਦਾ ਹਾਲ ਪੁੱਛਣ ਚਲੇ ਗਏ। ਘਰ ਵਿਚ ਰਾਤ ਦੀ ਰੋਟੀ ਲਈ ਆਟਾ ਵੀ ਨਹੀਂ ਸੀ। ਮੁਸਾਫ਼ਰ ਜੀ ‘ਪੰਥ ਦੇ ਬੇਤਾਜ ਬਾਦਸ਼ਾਹ’ ਦੇ ਘਰ ਦੀ ਗ਼ਰੀਬੀ ਵੇਖ ਕੇ ਰੋ ਪਏ ਤੇ ਜਿੰਨੇ ਵੀ ਪੈਸੇ ਉਨ੍ਹਾਂ ਕੋਲ ਸਨ, ਉਨ੍ਹਾਂ ਦਾ ਆਟਾ ਤੇ ਹੋਰ ਕੁੱਝ ਸਮਾਨ ਲੈ ਕੇ, ਚੁੱਪ-ਚਪੀਤੇ, ਮਾਤਾ ਤੇਜ ਕੌਰ ਨੂੰ ਦੇ ਆਏ।
ਫਿਰ ਅੰਮ੍ਰਿਤਸਰ ਦੀ ਘਟਨਾ ਵੀ ਇਕ ਅਕਾਲੀ ਨੇ ਹੀ ਸੁਣਾਈ ਕਿ ਮਾਸਟਰ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ, ਮੀਟਿੰਗ ਵਿਚ ਸ਼ਾਮਲ ਹੋਣ ਮਗਰੋਂ, ਬਾਹਰ ਨਿਕਲੇ ਤਾਂ ਬਾਰਸ਼ ਸ਼ੁਰੂ ਹੋ ਚੁੱਕੀ ਸੀ। ਮਾਸਟਰ ਜੀ ਨੇ, ਬਾਰਸ਼ ਰੁਕਣ ਤਕ, ਬਰਾਂਡੇ ਵਿਚ ਹੀ ਰੁਕ ਜਾਣ ਦਾ ਫ਼ੈਸਲਾ ਕੀਤਾ। ਬਾਰਸ਼ ਹੋਰ ਤੇਜ਼ ਹੋ ਗਈ। ਇਕ ਘੰਟੇ ਦੀ ਇੰਤਜ਼ਾਰ ਮਗਰੋਂ ਵੀ ਬਾਰਸ਼ ਨਾ ਰੁਕੀ ਤਾਂ ਸੈਕਟਰੀ ਨੇ ਕਿਹਾ, ‘‘ਆਪ ਦਾ ਸਮਾਂ ਬੜਾ ਕੀਮਤੀ ਹੈ। ਬਾਰਸ਼ ਦਾ ਕੀ ਪਤਾ, ਕਦੋਂ ਰੁਕੇ। ਸ਼੍ਰੋਮਣੀ ਕਮੇਟੀ ਦੀ ਜੀਪ ਆਪ ਨੂੰ ਘਰ ਛੱਡ ਆਉਂਦੀ ਹੈ।’’
ਮਾਸਟਰ ਜੀ ਭੜਕ ਉਠੇ, ‘‘ਤੂੰ ਮੈਨੂੰ ਕੁਰੱਪਸ਼ਨ ਕਰਨ ਲਈ ਕਹਿ ਰਿਹੈਂ? ਅੱਜ ਮੈਂ, ਸ਼੍ਰੋਮਣੀ ਕਮੇਟੀ ਦੀ ਜੀਪ, ਅਪਣੇ ਨਿਜ ਲਈ ਵਰਤਾਂਗਾ ਤਾਂ ਕਲ ਨੂੰ ਦੂਜੇ ਸਾਰੇ ਵੀ ਇਹੀ ਕਰਨ ਲੱਗ ਜਾਣਗੇ। ਨਹੀਂ, ਮੈਂ ਉਦੋਂ ਤਕ ਇੰਤਜ਼ਾਰ ਕਰਾਂਗਾ ਜਦ ਤਕ ਬਾਰਸ਼ ਰੁਕ ਨਹੀਂ ਜਾਂਦੀ। ਤੁਸੀ ਮੇਰੀ ਚਿੰਤਾ ਨਾ ਕਰੋ, ਸ਼੍ਰੋਮਣੀ ਕਮੇਟੀ ਦੀ ਚਿੰਤਾ ਕਰੋ ਜੋ ਤੁਹਾਡੀ ਡਿਊਟੀ ਹੈ। ਮੈਂ ਆਪੇ ਘਰ ਪਹੁੰਚ ਜਾਵਾਂਗਾ।’’
ਮਾਸਟਰ ਜੀ ਦੀ ਇਕ ਹੋਰ ਯਾਦ ਬੜੀ ਦਿਲਚਸਪ ਸੀ। ਜਵਾਹਰ ਲਾਲ ਨਹਿਰੂ ਨੇ ਮਾਸਟਰ ਜੀ ਨੂੰ ਮੁਲਾਕਾਤ ਲਈ ਬੁਲਾਇਆ। ਜਿਸ ਸੱਜਣ ਨੇ ਮੈਨੂੰ ਗੱਲ ਸੁਣਾਈ, ਉਸ ਨੇ ਦਸਿਆ ਕਿ ਮਾਸਟਰ ਜੀ ਸਵੇਰੇ ਚਾਰ ਵਜੇ, ਪੈਦਲ ਸਟੇਸ਼ਨ ਵਲ ਜਾ ਰਹੇ ਸਨ ਅਤੇ ਸਿਰ ਉਤੇ ਉਨ੍ਹਾਂ ਅਪਣਾ ਸਮਾਨ ਚੁਕਿਆ ਹੋਇਆ ਸੀ। ਕਿਸੇ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਪੰਥ ਦਾ ਸੱਭ ਤੋਂ ਵੱਡਾ ਆਗੂ, ਚਾਰ ਆਨੇ ਬਚਾਣ ਲਈ, ਸਵੇਰ ਦੇ ਹਨੇਰੇ ਵਿਚ, ਪੈਦਲ ਸਟੇਸ਼ਨ ਵਲ ਜਾ ਰਿਹਾ ਸੀ। ਟਾਂਗੇ ਵਾਲੇ ਨੇ 8 ਆਨੇ ਮੰਗੇ ਸਨ ਕਿਉਂਕਿ ਹਨੇਰੇ ਦਾ ਸਮਾਂ ਸੀ ਤੇ ਮਾਸਟਰ ਜੀ ਚਾਰ ਆਨੇ ਤੋਂ ਵੱਧ ਨਹੀਂ ਸਨ ਦੇਣਾ ਚਾਹੁੰਦੇ।
ਫਿਰ ਚੰਡੀਗੜ੍ਹ ਵਿਚ ਤਾਂ ਗਿ. ਕਰਤਾਰ ਸਿੰਘ ਨੂੰ ਮੈਂ ਆਪ ਵੇਖਿਆ। ਵਜ਼ੀਰ ਬਣ ਕੇ ਵੀ, ਉਹ ਇਕ ਗ਼ਰੀਬ ਵਾਂਗ ਰਹਿਣ ਵਾਲਾ ਆਗੂ ਸੀ ਜਿਸ ਦੀ ਜੇਬ ਵਿਚ ਕਦੇ ਕੋਈ ਪੈਸਾ ਨਹੀਂ ਸੀ ਹੁੰਦਾ। ਭਾਈ ਗੁਰਦਾਸ ਨੇ ਲਿਖਿਆ ਹੈ ਕਿ ਬਾਬਾ ਨਾਨਕ ਜਦੋਂ ਵੇਈਂ ਵਿਚ ਚੁੱਭੀ ਮਾਰ ਕੇ, ਅਕਾਲ ਪੁਰਖ ਕੋਲ ਪੁੱਜੇ ਤਾਂ ਰੱਬ ਨੇ ਪੁਛਿਆ, ‘‘ਮੰਗ ਕੀ ਮੰਗਦਾ ਹੈਂ ਨਾਨਕ? ਮੈਂ ਤੇਰੇ ਤੋਂ ਬਹੁਤ ਖ਼ੁਸ਼ ਹਾਂ।’’
ਜਵਾਬ ਵਿਚ ਬਾਬੇ ਨਾਨਕ ਨੇ, ਅਪਣੇ ਲਈ ‘ਗ਼ਰੀਬੀ’ (ਹਰ ਤਰ੍ਹਾਂ ਦਾ ਗਿਆਨ ਹੋਣ ਦੇ ਬਾਵਜੂਦ, ਹੰਕਾਰ ਤੋਂ ਬੱਚ ਕੇ ਰਹਿਣ ਤੇ ਇਕ ਆਮ ਆਦਮੀ ਵਾਂਗ ਰਹਿਣ ਦੀ ਆਗਿਆ) ਮੰਗੀ। ਬਾਬੇ ਨਾਨਕ ਦੀ ‘ਗ਼ਰੀਬੀ’ ਦਾ ਮਤਲਬ ਤਾਂ ਹੰਕਾਰ ਤੋਂ ਮੁਕਤੀ ਸੀ ਪਰ ਗਿ. ਕਰਤਾਰ ਸਿੰਘ ਵਜ਼ੀਰ ਨੂੰ ਸੱਭ ਕੁੱਝ ਹੁੰਦਿਆਂ ਸੁੰਦਿਆਂ ਵੀ ਮੈਂ ਸਚਮੁਚ ਅਜਿਹੇ ਰੂਪ ਵਿਚ ਵੇਖਿਆ ਕਿ ਪਹਿਲੀ ਵਾਰ ਮਹਿਸੂਸ ਹੋਇਆ, ਅਕਾਲ ਪੁਰਖ ਨੇ ਇਸ ਗਿਆਨਵਾਨ, ਸਿਆਣੇ ਤੇ ਸਾਦੇ ਲੀਡਰ ਨੂੰ ਵੀ ਆਪ ‘ਗ਼ਰੀਬੀ’ ਦਿਤੀ ਹੈ ਤੇ ਗਿਆਨੀ ਜੀ ਨੇ ਵੀ, ਰੱਬ ਕੋਲੋਂ ਮੰਗ ਕੇ ਗ਼ਰੀਬੀ ਲਈ ਸੀ।
ਲਾਅ ਕਾਲਜ ਵਿਚ ਪੜ੍ਹਾਈ ਕਰਨ ਲਈ, ਮੈਂ ਹੋਸਟਲ ਵਿਚ ਦਾਖ਼ਲਾ ਲੈ ਲਿਆ ਸੀ ਜਿਥੇ ਗਿਆਨੀ ਜੀ ਸਾਡੇ ਕੋਲ ਆਇਆ ਕਰਦੇ ਸਨ ਤੇ ਖੁਲ੍ਹ ਕੇ ਗੱਲਾਂ ਕਰਿਆ ਕਰਦੇ ਸਨ। ਸਾਨੂੰ ਕਈ ਵਾਰ ਲਗਦਾ ਸੀ ਕਿ ‘ਵਜ਼ੀਰ’ ਗਿਆਨੀ ਕਰਤਾਰ ਸਿੰਘ ਕੋਈ ਹੋਰ ਬੰਦਾ ਹੈ ਤੇ ਸਾਡੇ ਕੋਲ ਆਉਣ ਵਾਲਾ ਗਿ. ਕਰਤਾਰ ਸਿੰਘ ਕੋਈ ਹੋਰ ਸੀ। ਨਹੀਂ ਗਿ. ਕਰਤਾਰ ਸਿੰਘ ਇਕੋ ਹੀ ਹੋਇਆ ਹੈ ਤੇ ਉਹਦੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ।
ਸ. ਹੁਕਮ ਸਿੰਘ ਤੀਜਾ ਅਕਾਲੀ ਆਗੂ ਸੀ ਜਿਸ ਦੀ ਸਾਦਗੀ ਵੀ ਵੇਖਣ ਨੂੰ ਮਿਲੀ। ਗਵਰਨਰ ਬਣ ਕੇ ਵੀ ਉਹ ਰਿਹਾ ਗ਼ਰੀਬ ਅਕਾਲੀ ਹੀ। ਗਵਰਨਰ ਵਜੋਂ ਵੀ ਉਹ ਨੌਕਰਾਂ ਉਤੇ ਹੁਕਮ ਚਲਾਉਣ ਦੀ ਬਜਾਏ, ਕਈ ਵਾਰ, ਦੇਰ ਸਵੇਰ, ਰੋਟੀਆਂ ਵੀ ਆਪ ਵੇਲ ਲੈਂਦਾ ਤੇ ਅਪਣੇ ਭਾਂਡੇ ਵੀ ਆਪ ਮਾਂਜ ਸਵਾਰ ਕੇ ਹੀ ਸੌਂਦਾ। ਉਹ ਅਕਾਲੀਆਂ ਨੂੰ ਤਾਂ ਛੱਡ ਗਿਆ ਸੀ ਪਰ ‘ਪੰਜਾਬੀ ਸੂਬਾ’ ਉਸ ਨੇ ਹੀ ਬਣਵਾਇਆ ਤੇ ਉਦੋਂ ਬਣਵਾਇਆ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਉਸ ਦੇ ਇਕ ਕਥਨ ਨੂੰ ਸੁਣ ਕੇ, ਇਹ ਨਤੀਜਾ ਕਢਿਆ ਸੀ ਕਿ ਸ. ਹੁਕਮ ਸਿੰਘ ਹੁਣ ਪੰਜਾਬੀ ਸੂਬੇ ਦੇ ਵਿਰੁਧ ਹੀ ਫ਼ੈਸਲਾ ਦੇਵੇਗਾ।
ਸ. ਹੁਕਮ ਸਿੰਘ ਨੇ ਫ਼ੈਸਲਾ ਪੰਜਾਬੀ ਸੂਬੇ ਦੇ ਹੱਕ ਵਿਚ ਦੇ ਦਿਤਾ ਤਾਂ ਇੰਦਰਾ ਗਾਂਧੀ ਵਲੋਂ ਰੌਲਾ ਪਾ ਦੇਣ ’ਤੇ, ਲਾਲ ਬਹਾਦਰ ਸ਼ਾਸਤਰੀ ਨੇ ਸ. ਹੁਕਮ ਸਿੰਘ ਨੂੰ ਬੁਲਾ ਕੇ ਪੁਛਿਆ ਕਿ, ‘‘ਜਦ ਤੁਸੀ ਆਪ ਮੇਰੇ ਕੋਲ ਮੰਨਿਆ ਸੀ ਕਿ ਪੰਜਾਬੀ ਸੂਬਾ, ਸਿੱਖਾਂ ਲਈ ਲਾਭਦਾਇਕ ਨਹੀਂ ਹੋਵੇਗਾ ਤਾਂ ਹੁਣ ਤੁਸੀ ਪੰਜਾਬੀ ਸੂਬੇ ਦੇ ਹੱਕ ਵਿਚ ਫ਼ੈਸਲਾ ਕਿਵੇਂ ਦੇ ਦਿਤਾ? ਅਸੀ ਤਾਂ ਤੁਹਾਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਹੀ ਇਹ ਸੋਚ ਕੇ ਸੀ ਕਿ ਹੁਣ ਤੁਸੀ ਪੰਜਾਬੀ ਸੂਬੇ ਦੇ ਵਿਰੁਧ ਫ਼ੈਸਲਾ ਦਿਉਗੇ।’’
ਸ. ਹੁਕਮ ਸਿੰਘ ਦਾ ਉਤਰ ਸੀ, ‘‘ਹਾਂ, ਜੋ ਮੈਂ ਕਿਹਾ ਸੀ, ਉਹ ਵੀ ਗ਼ਲਤ ਨਹੀਂ ਸੀ ਕਿਉੁਂਕਿ ਮੈਂ ਅਪਣੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਪਰ ਇਨਸਾਫ਼ ਦੀ ਕੁਰਸੀ ’ਤੇ ਬੈਠ ਕੇ, ਮੈਂ ਅਪਣੇ ਵਿਚਾਰਾਂ ਨੂੰ ਦੂਜਿਆਂ ਉਤੇ ਨਹੀਂ ਸੀ ਲੱਦ ਸਕਦਾ ਸਗੋਂ ਹੱਕ ਵਾਲੇ ਦਾ ਹੱਕ ਦੇਣਾ ਮੇਰਾ ਫ਼ਰਜ਼ ਬਣਦਾ ਸੀ। ਪੰਜਾਬੀ ਸੂਬੇ ਦਾ, ਸਿੱਖਾਂ ਨੂੰ ਲਾਭ ਹੋਵੇ ਜਾਂ ਨੁਕਸਾਨ, ਇਨਸਾਫ਼ ਦਾ ਤਕਾਜ਼ਾ ਇਹੀ ਹੈ ਕਿ ਜੇ ਉਹ ਪੰਜਾਬੀ ਸੂਬਾ ਮੰਗਦੇ ਹਨ ਤਾਂ ਉਨ੍ਹਾਂ ਦੀ ਮੰਗ ਵਿਚ ਗ਼ਲਤ ਕੁੱਝ ਵੀ ਨਹੀਂ ਸੀ ਕਿਉਂਕਿ ਸਾਰੇ ਦੇਸ਼ਵਾਸੀਆਂ ਦੀ, ਭਾਸ਼ਾਈ ਰਾਜਾਂ ਦੀ ਮੰਗ ਮੰਨ ਚੁੱਕਣ ਮਗਰੋਂ ਮੈਂ ਪੰਜਾਬ ਨਾਲ ਵਿਤਕਰਾ ਨਹੀਂ ਸੀ ਕਰ ਸਕਦਾ।’’
ਇਸ ਤਰ੍ਹਾਂ ਮੈਂ ਸਦਾ ਹੀ ਅਕਾਲੀਆਂ ਨੂੰ ਸੱਚ ਦੇ ਪਾਂਧੀ, ਅਸੂਲ ਦੇ ਪੱਕੇ, ਮਾਇਆ ਦੇ ਤਿਆਗੀ, ਪੰਜਾਬੀ ਦੇ ਕੱਟੜ ਹਮਾਇਤੀ ਤੇ ਪੰਥ ਲਈ ਜਾਨਾਂ ਵਾਰਨ ਵਾਲਿਆਂ ਵਜੋਂ ਹੀ ਵੇਖਿਆ ਸੀ। ਅਪਣੇ ਸ਼ਹਿਰ ਦੇ ਸਥਾਨਕ ਅਕਾਲੀਆਂ ਵਲ ਵੇਖਦਾ ਤਾਂ ਉਹ ਵੀ ਬੜੇ ਫ਼ਰਿਸ਼ਤੇ ਜਹੇ ਹੀ ਲਗਦੇ ਸਨ ਜੋ ਆਪ ਔਖੇ ਹੋ ਕੇ ਵੀ, ਦੂਜਿਆਂ ਦੀ ਮਦਦ ਕਰਦੇ ਨਹੀਂ ਸਨ ਥਕਦੇ। ਵਿਆਹ ਮਗਰੋਂ, ਜਦ 1970 ਵਿਚ ਮੈਂ ਚੰਡੀਗੜ੍ਹ ਤੋਂ ‘ਯੰਗ ਸਿੱਖ’ ਪਰਚਾ ਕਢਿਆ ਤਾਂ ਉਸ ਵੇਲੇ ਪੰਜਾਬ ਵਿਚ ਅਕਾਲੀਆਂ ਦੀ ਸਰਕਾਰ ਬਣ ਚੁੱਕੀ ਸੀ। ‘ਯੰਗ ਸਿੱਖ’ ਨੇ, ਪਹਿਲੇ ਪਰਚੇ ਨਾਲ ਹੀ ਧੁੰਮਾ ਪਾ ਦਿਤੀਆਂ ਸਨ।
ਉਦੋਂ ਤਕ ਭਾਰਤ ਵਿਚ ਕੇਵਲ ‘ਇਲੱਸਟਰੇਟਿਡ ਵੀਕਲੀ ਆਫ਼ ਇੰਡੀਆ’ (ਅੰਗਰੇਜ਼ੀ) ਤੇ ‘ਧਰਮਯੁਗ’ (ਹਿੰਦੀ) ਹੀ ਦੋ ਮੈਗਜ਼ੀਨ ਸਨ ਜੋ ਆਫ਼ਸੈੱਟ ਮਸ਼ੀਨ ’ਤੇ ਛਾਪੇ ਜਾਂਦੇ ਸਨ। (ਉਦੋਂ ਚੰਡੀਗੜ੍ਹ ਵਿਚ ਆਫ਼ਸੈੱਟ ਮਸ਼ੀਨ ਹੀ ਨਹੀਂ ਸੀ ਹੁੰਦੀ ਤੇ ਕੇਵਲ ਵੱਡੇ ਸ਼ਹਿਰਾਂ ਵਿਚ ਹੀ ਲਗਣੀਆਂ ਸ਼ੁਰੂ ਹੋਈਆਂ ਸਨ)। ਪੰਜਾਬੀ ਵਿਚ ਆਫ਼ਸੈੱਟ ਤੇ ਛਪਣ ਵਾਲਾ ਕੋਈ ਪ੍ਰਵਾਰਕ ਮੈਗਜ਼ੀਨ ਕਢਣਾ ਤਾਂ ਅਸੰਭਵ ਜਹੀ ਗੱਲ ਹੀ ਸਮਝੀ ਜਾਂਦੀ ਸੀ। ‘ਯੰਗ ਸਿੱਖ’ ਦੇ ਮੱਥੇ ਉਤੇ ਲਿਖਿਆ ਹੁੰਦਾ ਸੀ, ‘‘ਭਾਰਤ ਦਾ ਪਹਿਲਾ ਆਫ਼ਸੈੱਟ ’ਤੇ ਛਪਣ ਵਾਲਾ ਪੰਜਾਬੀ ਮੈਗਜ਼ੀਨ।’’ ਹਰ ਪਾਸੇ ਇਹੀ ਚਰਚਾ ਛਿੜੀ ਰਹਿੰਦੀ ਸੀ ਕਿ ਕੋਈ ਕਰੋੜਪਤੀ ਸਰਦਾਰ, ਪੰਜਾਬੀ ਵਿਚ ਏਨਾ ਵਧੀਆ ਪਰਚਾ ਦੇਣ ਲਈ ਨਿਤਰਿਆ ਹੈ।
ਉਦੋਂ ਬੰਬਈ ਤੋਂ ‘ਇਲਸਟਰੇਟਿਡ ਵੀਕਲੀ ਆਫ਼ ਇੰਡੀਆ’ ਵਿਚ ਇਕ ਲੇਖ ‘ਪੰਜਾਬੀ ਪੱਤਰਕਾਰੀ’ ਬਾਰੇ ਛਪਿਆ ਜੋ ‘ਈਕੋਨਾਮਿਕ ਟਾਈਮਜ਼’, ਦਿੱਲੀ ਦੇ ਸਤਿੰਦਰ ਸਿੰਘ ਨੇ ਲਿਖਿਆ ਸੀ। ਉਸ ਨੇ ਸਾਰੇ ਪੰਜਾਬੀ ਅਖ਼ਬਾਰਾਂ ਤੇ ਰਸਾਲਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਸੀ ਤੇ ‘ਯੰਗ ਸਿੱਖ’ ਬਾਰੇ ਲਿਖਿਆ ਸੀ : ‘‘ਚੰਡੀਗੜ੍ਹ ਤੋਂ ਇਕ ਨੌਜਵਾਨ ਜੋੜੇ ਵਲੋਂ ਕਢਿਆ ਜਾਂਦਾ ‘ਯੰਗ ਸਿੱਖ’, ਪੰਜਾਬੀ ਰਸਾਲਿਆਂ ਵਿਚੋਂ, ਹੁਣ ਤਕ ਦਾ ਸਭ ਤੋਂ ਉਤਮ ਮੈਗਜ਼ੀਨ ਹੈ।’ (Young Sikh, being brought out from 3handigarh by a young couple, is by far, the best Punjabi maga੍ਰine).
ਪਰ ਮੈਨੂੰ ਬੜਾ ਦੁਖ ਹੋਇਆ ਕਿ ਕਿਸੇ ਵੀ ਅਕਾਲੀ ਆਗੂ ਜਾਂ ਵਜ਼ੀਰ ਨੇ ਖ਼ੁਸ਼ੀ ਨਹੀਂ ਸੀ ਪ੍ਰਗਟ ਕੀਤੀ ਕਿ ਪੰਜਾਬੀ ਵਿਚ ਏਨਾ ਵੱਡਾ ਮਾਅਰਕਾ ਮਾਰ ਲਿਆ ਗਿਆ ਸੀ। ਸਾਡਾ ਬੰਦਾ ਜਦੋਂ ਅਕਾਲੀ ਵਜ਼ੀਰਾਂ ਕੋਲ ਇਸ਼ਤਿਹਾਰ ਲੈਣ ਲਈ ਜਾਂਦਾ ਤਾਂ ਉਹ ‘ਯੰਗ ਸਿੱਖ’ ਦੀ ਤਾਰੀਫ਼ ਤਾਂ ਜ਼ਰੂਰ ਕਰਦੇ ਪਰ ਇਸ਼ਤਿਹਾਰ ਦੀ ਗੱਲ ਟਾਲ ਜਾਂਦੇ ਤੇ ਹਲਕੇ ਜਿਹੇ ਪਰਚਿਆਂ ਨੂੰ ਇਸ਼ਤਿਹਾਰ ਦਈ ਜਾਂਦੇ ਜੋ ਉਨ੍ਹਾਂ ਦੀਆਂ ਤਸਵੀਰਾਂ, ਬਿਨਾਂ ਮਤਲਬ ਹੀ ਛਾਪਦੇ ਰਹਿੰਦੇ ਸਨ।
ਮੈਂ ਤਾਂ ਸਮਝਦਾ ਸੀ ਕਿ ਪੰਜਾਬੀ ਲਈ ਮਰ ਮਰ ਜਾਂਦੇ ਅਕਾਲੀ, ਮੇਰੇ ਯਤਨ ’ਤੇ ਖ਼ੁਸ਼ ਹੋ ਕੇ, ਆਪ ਮੈਨੂੰ ਵਧਾਈ ਦੇਣ ਲਈ ਆਉਣਗੇ ਪਰ ਉਨ੍ਹਾਂ ਤਾਂ ਸਾਡੀ ਵਾਤ ਵੀ ਨਾ ਪੁੱਛੀ। ਅਖ਼ੀਰ ਇਕ ਹਮਦਰਦ ਨੇ ਸਮਝਾਇਆ ਕਿ ‘‘ਤੂੰ ਜਿਹੜੇ ਅਕਾਲੀਆਂ ਨੂੰ ਜਾਣਦਾ ਸੀ, ਉਹ ਉਦੋਂ ਸੱਤਾ ਦੇ ਪੰਘੂੜੇ ਵਿਚ ਝੂਟੇ ਲੈਣ ਵਾਲੇ ਅਕਾਲੀ ਨਹੀਂ ਸਨ। ਹੁਣ ਉਹ ‘ਸਰਕਾਰ’ ਬਣ ਚੁੱਕੇ ਹਨ ਤੇ ਤੈਨੂੰ ਆਪ ਹੀ ਉਨ੍ਹਾਂ ਕੋਲ ਜਾਣਾ ਪਵੇਗਾ।’’
ਇਕ ਅਕਾਲੀ ਵਜ਼ੀਰ ਨਾਲ ਉਸ ਦੇ ਚੰਗੇ ਸਬੰਧ ਸਨ। ਉਹਨੇ ਪੇਸ਼ਕਸ਼ ਕੀਤੀ ਕਿ ਉਹ ਉਸ ਵਜ਼ੀਰ ਨਾਲ ਮੈਨੂੰ ਮਿਲਾ ਦੇਵੇਗਾ। ਉਸ ਦੇ ਕਹਿਣ ਤੇ ਅਸੀ ਇਸ਼ਤਿਹਾਰਾਂ ਦੇ ਮਹਿਕਮੇ ਦੇ ਇੰਚਾਰਜ ਅਕਾਲੀ ਵਜ਼ੀਰ ਤਰਲੋਚਨ ਸਿੰਘ ਰਿਆਸਿਤੀ ਨੂੰ ਮਿਲਣ ਚਲੇ ਗਏ। ਵਜ਼ੀਰ ਸਾਹਿਬ ਨੇ ਪਰਚਾ ਫਰੋਲ ਕੇ ਵੇਖਿਆ ਤੇ ਤਾਰੀਫ਼ ਵੀ ਕੀਤੀ ਪਰ ਕਿਉੁਂਕਿ ਉਨ੍ਹਾਂ ਨੂੰ ਅਪਣੀ ਫ਼ੋਟੋ ਇਸ ਵਿਚ ਛਪੀ ਹੋਈ ਨਜ਼ਰ ਨਾ ਆਈ, ਇਸ ਲਈ ਇਸ਼ਤਿਹਾਰਾਂ ਦੀ ਗੱਲ ਛਿੜਨ ਤੇ ਬੋਲੇ, ‘‘ਕੋਈ ਨਹੀਂ, ਗੁਰੂ ਨਾਨਕ ਸਾਹਬ ਦਾ ਜਨਮ ਦਿਨ ਮਨਾਉਣ ਲਈ ਬਜਟ ਬਣ ਰਿਹੈ। ਉਸ ਵਿਚੋਂ ਤੁਹਾਡੇ ਪਰਚੇ ਨੂੰ ਵੀ ਇਕ ਪੰਨਾ ਇਸ਼ਤਿਹਾਰ ਦੇ ਦੇਵਾਂਗਾ।’’
ਉਸ ਵੇਲੇ ਇਕ ਪੰਨਾ ਇਸ਼ਤਿਹਾਰ ਦਾ ਰੇਟ ਕੇਵਲ 500 ਰੁਪਏ ਹੁੰਦਾ ਸੀ ਤੇ ਉਹ ਦੇਣ ਲਈ ਵੀ, ਅਕਾਲੀ ਵਜ਼ੀਰ ਨੇ ਸਾਨੂੰ ਕਈ ਮਹੀਨੇ ਉਡੀਕ ਕਰਨ ਲਈ ਕਹਿ ਦਿਤਾ ਸੀ। ਮੇਰਾ ਦਿਲ ਟੁਟ ਗਿਆ। ਮੇਰੇ ਹਮਦਰਦ ਨੇ ਵਜ਼ੀਰ ਨੂੰ ਸਮਝਾਇਆ ਕਿ ਆਫ਼ਸੈੱਟ ’ਤੇ ਛਪਣ ਵਾਲਾ ਪਰਚਾ ਦੰਮ ਤੋੜ ਜਾਏਗਾ ਜੇ ਸਰਕਾਰ ਨੇ ਤੁਰਤ ਇਸ ਦੀ ਬਾਂਹ ਨਾ ਫੜੀ - ਤੇ ਇਹ ਗੱਲ ਪੰਜਾਬੀ ਭਾਸ਼ਾ ਲਈ ਬੜੀ ਘਾਤਕ ਹੋਵੇਗੀ।
ਵਜ਼ੀਰ ਸਾਹਿਬ ਉਤੇ ਕੋਈ ਅਸਰ ਨਾ ਹੋਇਆ। ਫਿਰ ਇਕ ਹੋਰ ਵਜ਼ੀਰ ਨਾਲ, ਇਕ ਪੱਤਰਕਾਰ ਮਿੱਤਰ ਨੇ ਮੁਲਾਕਾਤ ਕਰਵਾ ਦਿਤੀ। ਉਥੇ ਵੀ ਤਜਰਬਾ, ਪਹਿਲੇ ਵਾਲਾ ਹੀ ਰਿਹਾ। ਕੋਈ ਪੰਜਾਬੀ ਦੀ ਗੱਲ ਨਹੀਂ ਸੀ ਸੁਣਦਾ, ਕੋਈ ਪੰਥ ਦੀ ਗੱਲ ਨਹੀਂ ਸੀ ਸੁਣਦਾ - ਬਸ ਇਹੀ ਇਸ਼ਾਰਾ ਦਿਤਾ ਜਾਂਦਾ ਸੀ ਕਿ ‘ਖ਼ਾਲੀ ਪਰਚਾ ਲੈ ਕੇ ਕੀ ਕਰਨ ਆ ਗਏ ਓ? ਸਾਡੇ ਕੋਲ ਆਉਣਾ ਸੀ ਤਾਂ ਪਹਿਲਾਂ ਸਾਡੀਆਂ ਤਸਵੀਰਾਂ ਛਾਪ ਕੇ ਲਿਆਣੀਆਂ ਸਨ ਤੇ ਤਾਰੀਫ਼ ਦੇ ਪੁੱਲ (ਪਰਚੇ ਵਿਚ) ਬੰਨ੍ਹ ਕੇ ਆਉਣਾ ਸੀ। ਫਿਰ ਵੇਖਾਂਗੇ, ਤੁਹਾਨੂੰ ਕੀ ਦੇ ਸਕਦੇ ਹਾਂ...।’’
ਮੈਂ ਉਦਾਸ ਹੋ ਗਿਆ ਤੇ ਫ਼ੈਸਲਾ ਕੀਤਾ ਕਿ ਮੁੜ ਕੇ ਕਦੇ ਕਿਸੇ ਵਜ਼ੀਰ ਕੋਲੋਂ ਇਸ਼ਤਿਹਾਰ ਨਹੀਂ ਮੰਗਣਾ। ਕਈ ਸਾਲ ਮਗਰੋਂ, ਅੱਜ ਵੀ ਛਾਤੀ ਠੋਕ ਕੇ ਕਹਿ ਸਕਦਾ ਹਾਂ, ਮੈਂ ਇਨ੍ਹਾਂ ਸਾਲਾਂ ਵਿਚ ਕਿਸੇ ਵੀ ਵਜ਼ੀਰ ਕੋਲੋਂ ਇਕ ਪੈਸੇ ਦਾ ਕੋਈ ‘ਫ਼ਾਇਦਾ’ ਜਾਂ ਇਸ਼ਤਿਹਾਰ ਨਹੀਂ ਲਿਆ ਜਾਂ ਮੰਗਿਆ। ਹਾਂ ਪਰ ਇਹ ਵੀ ਛੇਤੀ ਹੀ ਪਤਾ ਲੱਗ ਗਿਆ ਕਿ ਕਾਂਗਰਸੀ ਵਜ਼ੀਰ, ਅਕਾਲੀ ਵਜ਼ੀਰਾਂ ਨਾਲੋਂ, ਸ਼ਿਸ਼ਟਾਚਾਰ ਦੇ ਮਾਮਲੇ ਵਿਚ ਕਿਤੇ ਚੰਗੇ ਸਨ। ਗਿ. ਗੁਰਮੁਖ ਸਿੰਘ ਮੁਸਾਫ਼ਰ ਤੇ ਗਿ. ਜ਼ੈਲ ਸਿੰਘ ਸੱਤਾ ਵਿਚ ਆ ਕੇ, ਆਪ ਮੇਰੇ ਕੋਲ ਆਏ ਤੇ ਮੈਨੂੰ ਚੰਗਾ ਪਰਚਾ ਦੇਣ ਲਈ ਵਧਾਈ ਦਿਤੀ।
ਦਰਜਨਾਂ ਹੋਰ ਵਜ਼ੀਰ ਜੋ ਮੇਰੇ ਕੋਲ ਆਏ, ਇਕ ਦੋ ਨੂੰ ਛੱਡ ਕੇ, ਸਾਰੇ ਹੀ ਕਾਂਗਰਸੀ ਸਨ ਹਾਲਾਂਕਿ ਸਾਡਾ ਪਰਚਾ ਸਦਾ ਤੋਂ ‘ਪੰਥਕ’ ਹੀ ਸਮਝਿਆ ਜਾਂਦਾ ਸੀ। ਗਿ. ਗੁਰਮੁਖ ਸਿੰਘ ਮੁਸਾਫ਼ਰ ਤੇ ਗਿ. ਜ਼ੈਲ ਸਿੰਘ ਨੇ ਆਪ ਇਸ਼ਤਿਹਾਰ ਦੇਣ ਦੀ ਪੇਸ਼ਕਸ਼ ਕੀਤੀ ਪਰ ਮੈਂ ਅਕਾਲੀ ਵਜ਼ੀਰਾਂ ਤੋਂ ਇੰਨਾ ਖਿੱਝ ਚੁੱਕਾ ਸੀ ਕਿ ਕਿਸੇ ਕਾਂਗਰਸੀ ਵਜ਼ੀਰ ਦੀ ਪੇਸ਼ਕਸ਼ ਵਲ ਵੀ ਕੋਈ ਧਿਆਨ ਨਾ ਦਿਤਾ।
ਪਰ ਚਲੋ ਇਸ਼ਤਿਹਾਰਾਂ ਅਤੇ ਹੋਰ ਸਰਕਾਰੀ ਜ਼ਿਆਫ਼ਤਾਂ ਦੀ ਗੱਲ ਤਾਂ ਇਕ ਪਾਸੇ ਰਹੀ, ਜਿਸ ਤਰ੍ਹਾਂ ਨਾਲ ਉਹ ਰੋਜ਼ਾਨਾ ਸਪੋਕਸਮੈਨ ਵਰਗੇ ਅਖ਼ਬਾਰ ਨਾਲ ਦੁਸ਼ਮਣੀ ਕਰ ਰਹੇ ਹਨ, ਪੁਲਿਸ ਦੀ ਨਾਜਾਇਜ਼ ਵਰਤੋਂ ਕਰਦੇ ਹਨ, ਧੱਕੇ ਕਰਦੇ ਹਨ, ਕਬਜ਼ੇ ਕਰਦੇ ਹਨ, ਧਨ-ਕੁਬੇਰ ਬਣਨ ਦਾ ਯਤਨ ਕਰਦੇ ਹਨ ਤੇ ਵਿਰੋਧੀ ਨੂੰ ਕੁਚਲ ਦੇਣ ਦੀਆਂ ਧਮਕੀਆਂ ਦੇਣ ਲਗਦੇ ਹਨ, ਮੈਨੂੰ ਯਕੀਨ ਹੀ ਨਹੀਂ ਆਉਂਦਾ ਕਿ ਇਹ ਉਹੀ ਅਕਾਲੀ ਹਨ ਜਿਨ੍ਹਾਂ ਨੂੰ ਮੈਂ ਬਚਪਨ ਤੋਂ ਜਵਾਨੀ ਤਕ, ‘ਆਦਰਸ਼ ਮਨੁੱਖ’ ਸਮਝ ਕੇ, ਇਨ੍ਹਾਂ ਦੀ ਇੱਜ਼ਤ ਕਰਦਾ ਆਇਆ ਸੀ।
ਇਹ ਸਾਰੀਆਂ ਗੱਲਾਂ ਅੱਜ ਮੈਨੂੰ ਕਿਵੇਂ ਯਾਦ ਆ ਗਈਆਂ? ਮੇਰੇ ਤੋਂ ਪੰਜ ਸਾਲ ਵੱਡੀ ਉਮਰ ਦਾ ਇਕ ਪੁਰਾਣਾ ਅਕਾਲੀ, ਅਚਾਨਕ ਹੀ ਮਿਲ ਗਿਆ। ਉਪ੍ਰੋਕਤ ਵਿਸ਼ੇ ’ਤੇ ਗੱਲ ਚਲ ਪਈ ਤਾਂ ਬੋਲਿਆ, ‘‘ਸਾਰੀ ਉਮਰ ਕੱਟੜ ਅਕਾਲੀ ਬਣਿਆ ਰਿਹਾ ਹਾਂ ਤੇ ਅੱਜ ਵੀ ਪੱਕਾ ਅਕਾਲੀ ਹਾਂ। ਸਾਰੀ ਉਮਰ ਅਰਦਾਸ ਕਰਦਾ ਰਿਹਾ ਹਾਂ ਕਿ ਅਕਾਲੀਆਂ ਨੂੰ ਰਾਜ ਭਾਗ ਮਿਲੇ ਤਾਕਿ ਪੰਥ, ਪੰਜਾਬ, ਪੰਜਾਬੀ ਦਾ ਵੀ ਕੋਈ ਭਲਾ ਕਰ ਸਕੇ।
ਹੁਣ ਇਨ੍ਹਾਂ ਦਾ ਰਾਜ ਵੇਖ ਕੇ, ਅਰਦਾਸ ਕਰਦਾ ਰਹਿਨਾਂ ਕਿ ਰੱਬਾ! ਜੇ ਪੰਥ, ਪੰਜਾਬ ਤੇ ਪੰਜਾਬੀ ਨੂੰ ਬਚਾਈ ਰਖਣਾ ਚਾਹੁਨੈਂ ਤਾਂ ਅਕਾਲੀਆਂ ਨੂੰ ਕਦੇ ਰਾਜ ਭਾਗ ਦੇ ਮਾਲਕ ਨਾ ਬਣਾਈਂ। ਇਹ ਸਰਕਾਰੀ ਅਕਾਲੀ ਤਾਂ ਉਸ ਟਾਹਣ ਨੂੰ ਹੀ ਵੱਢ ਦੇਣ ਵਾਲੇ ਨਾਦਾਨ ਹਨ ਜਿਸ ਉਤੇ ਇਨ੍ਹਾਂ ਦੇ ਅਪਣੇ ਪੈਰ ਟਿਕੇ ਹੋਏ ਨੇ।’’
ਸੱਤਾਧਾਰੀ ਅਕਾਲੀ ਅਪਣਾ ਪੱਖ ਪੇਸ਼ ਕਰਨਾ ਚਾਹੁਣ ਤਾਂ ‘ਰੋਜ਼ਾਨਾ ਸਪੋਕਸਮੈਨ’ ਵਿਚ ਉਨ੍ਹਾਂ ਨੂੰ ਜੀਅ ਆਇਆਂ ਹੀ ਕਿਹਾ ਜਾਵੇਗਾ।
(27 ਮਾਰਚ, 2011, ਸਪੋਕਸਮੈਨ)