ਜਦ ਆਲ ਇੰਡੀਆ ਰੇਡੀਓ ਤੋਂ ਸਵੇਰ ਵੇਲੇ ਕੇਵਲ ਦੋ ਸ਼ਬਦਾਂ ਦਾ ਤਿੰਨ-ਤਿੰਨ ਮਿੰਟ ਦਾ ਗਾਇਨ ਸੁਣਨ ਲਈ ਸਿੱਖ ਤਰਸਦੇ ਸਨ ਤੇ ਹੁਣ...
Published : May 28, 2023, 7:04 am IST
Updated : May 28, 2023, 7:04 am IST
SHARE ARTICLE
PHOTO
PHOTO

ਬਾਤ ਦਾ ਬਤੰਗੜ ਕਿਉਂ ਬਣਾਇਆ ਜਾ ਰਿਹੈ? ਕੇਵਲ ਇਕ ਮਤਾ ਪਾਸ ਕਰ ਕੇ ਗੱਲ ਖ਼ਤਮ ਕੀਤੀ ਜਾ ਸਕਦੀ ਹੈ

 

ਸ਼੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਨ ਕਰਨ ਦੇ ਅਧਿਕਾਰ, ਕਮੇਟੀ ਉਤੇ ਕਾਬਜ਼ ਸਿਆਸੀ ਪਾਰਟੀ ਦੇ ਮਾਲਕਾਂ ਦੇ ਚੈਨਲ ਲਈ ਰਾਖਵੇਂ ਕਰ ਦੇਣ ਵਿਰੁਧ ਸਿੱਖ ਤਾਂ ਕਾਫ਼ੀ ਦੇਰ ਤੋਂ ਆਵਾਜ਼ ਚੁਕ ਹੀ ਰਹੇ ਸਨ ਪਰ ਇਸ ਦਾ ਅਸਰ ਕੋਈ ਨਹੀਂ ਸੀ ਹੋ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਦੇ ਧਨਵਾਦੀ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਅਖ਼ੀਰ ਮਜਬੂਰ ਕਰ ਹੀ ਦਿਤਾ ਕਿ ਮਾਮਲੇ ਨੂੰ ਇਕ ਪਾਸੇ ਲਾਉਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦੇਵੇ ਤੇ ਉਹ ਹੁਣ ਇਕ ਪਾਸੇ ਇਹ ਕਹਿੰਦੇ ਹਨ ਕਿ ਕੁੱਝ ਲੋਕ ਐਵੇਂ ਸਿਆਸੀ ਰੋਟੀਆਂ ਸੇਕਣ, ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਅਤੇ ਸਿੱਖਾਂ ਅੰਦਰ ਦੁਬਿਧਾ ਪੈਦਾ ਕਰਨ ਲਈ ‘ਸ਼ੋਰ ਸ਼ਰਾਬਾ’ ਕਰ ਰਹੇ ਨੇ ਤਾਂ ਦੂਜੇ ਪਾਸੇ, ਇਹ ਵੀ ਕਹਿਣ ਲੱਗ ਪਏ ਹਨ ਕਿ ਜੁਲਾਈ ਤੋਂ ਹੁਣ ਟੈਂਡਰ ਮੰਗਵਾ ਕੇ ਹਰ ਇਕ ਨੂੰ ਮੌਕਾ ਦਿਤਾ ਜਾਏਗਾ ਕਿ ਉਹ ਟੈਂਡਰਾਂ ਰਾਹੀਂ ਮੰਗ ਕਰੇ ਕਿ ਗੁਰਬਾਣੀ ਪ੍ਰਸਾਰਨ ਦਾ ਹੱਕ ਉਸ ਨੂੰ ਦਿਤਾ ਜਾਏ।

ਟੈਂਡਰ ਤਾਂ ‘ਵਪਾਰ’ ਵਿਚ ਮੰਗੇ ਜਾਂਦੇ ਹਨ, ਗੁਰਬਾਣੀ ਪ੍ਰਸਾਰਨ ਲਈ ਕਦੇ ਟੈਂਡਰ ਦਾਖ਼ਲ ਕਰਨ ਦੀ ਗੱਲ ਨਹੀਂ ਸੀ ਸੁਣੀ। ਉਂਜ ਅਸੀ ਹਰ ਰੋਜ਼ ਵੇਖਦੇ ਹਾਂ ਕਿ ਬਹੁਤੀਆਂ ਥਾਵਾਂ ਤੇ ਟੈਂਡਰ ਤਾਂ ‘ਹੇਰਾਫੇਰੀ’ ਉਤੇ ਪਰਦਾ ਪਾਉਣ ਲਈ ਹੀ ਮੰਗੇ ਜਾਂਦੇ ਹਨ। ਜਿਸ ਪਾਰਟੀ ਦਾ ‘ਟੈਂਡਰ’ ਪ੍ਰਵਾਨ ਕਰਨਾ ਹੋਵੇ, ਉਸ ਨੂੰ ਪਹਿਲਾਂ ਹੀ ਕਹਿ ਦਿਤਾ ਜਾਂਦਾ ਹੈ, ‘‘ਤਿੰਨ ਟੈਂਡਰ ਅਪਣੀਆਂ ਹੀ ਮਾਤਹਿਤ ਪਾਰਟੀਆਂ ਦੇ ਲੈ ਆਇਉ ਤਾਕਿ ਕਾਨੂੰਨ ਦਾ ਘਰ ਵੀ ਪੂਰਾ ਕਰ ਸਕੀਏ ਤੇ ਕਿੰਤੂ ਪ੍ਰੰਤੂ ਕਰਨ ਵਾਲਿਆਂ ਨੂੰ ਵੀ ਚੁਪ ਕਰਾ ਸਕੀਏ।’’

ਗੁਰਬਾਣੀ ਪ੍ਰਸਾਰਨ ਦਾ ਮਸਲਾ ਨਾ ਟੈਂਡਰਾਂ ਦੀ ਮੰਗ ਕਰਦਾ ਹੈ, ਨਾ ਇਸ ਨਿਰੋਲ ਧਾਰਮਕ ਮੁੱਦੇ ਨੂੰ ‘ਵਪਾਰ’ ਬਣਾਉਣ ਅਰਥਾਤ ‘ਕਮਾਈ ਦਾ ਸਾਧਨ ਬਣਾਉਣ ਦੀ ਆਗਿਆ ਹੀ ਦੇਂਦਾ ਹੈ। ਇਥੇ ਮੈਨੂੰ ਯਾਦ ਆਉਂਦੇ ਹਨ ਉਹ ਦਿਨ ਜਦ ਆਲ ਇੰਡੀਆ ਰੇਡੀਓ (ਮਗਰੋਂ ਆਕਾਸ਼ਵਾਣੀ) ਤੋਂ ਸਵੇਰ ਦੀ ਸਭਾ ਵਿਚ ਸਿਰਫ਼ ਦੋ ਸ਼ਬਦ ਸੁਣਾਏ ਜਾਂਦੇ ਸਨ ਤੇ ਦੋ ਭਜਨ। ਹਫ਼ਤੇ ਵਿਚ ਇਕ ਦਿਨ ਇਸੇ ਸਭਾ ਵਿਚ 15 ਮਿੰਟ ਦਾ ‘ਸ਼ਬਦ ਗਾਇਨ’ ਦਾ ਪ੍ਰੋਗਰਾਮ ਦਿਤਾ ਜਾਂਦਾ ਸੀ ਤੇ ਏਨੇ ਹੀ ਸਮੇਂ ਲਈ ਭਜਨਾਂ ਦਾ ਵਖਰਾ ਪ੍ਰੋਗਰਾਮ ਦਿਤਾ ਜਾਂਦਾ ਸੀ। ਪਰ ਸਿੱਖ ਇਹ ਦੋ ਸ਼ਬਦ ਰੋਜ਼ ਤੇ ਹਫ਼ਤੇ ਵਿਚ ਇਕ ਦਿਨ 3 ਸ਼ਬਦ ਇਕੱਠੇ ਸੁਣਨ ਲਈ ਵੀ ਤਰਸਦੇ ਰਹਿੰਦੇ ਸਨ। ਲੀਡਰ ਲੋਕ ਮੰਗ ਕਰਦੇ ਰਹਿੰਦੇ ਸਨ ਕਿ ਗੁਰਬਾਣੀ ਕਿਉਂਕਿ ਕਿਸੇ ਇਕ ਧਰਮ ਦੀ ਗੱਲ ਨਹੀਂ ਕਰਦੀ ਤੇ ਹਰ ਪ੍ਰਾਣੀ ਮਾਤਰ ਨੂੰ ਸਾਂਝਾ ਸੰਦੇਸ਼ ਦੇਂਦੀ ਹੈ, ਇਸ ਲਈ ਗੁਰਬਾਣੀ ਕੀਰਤਨ ਨੂੰ ਜ਼ਿਆਦਾ ਸਮਾਂ ਦਿਤਾ ਜਾਏ। ਰੇਡੀਓ ਦੇ ਦਿੱਲੀ ਬੈਠੇ, ‘ਮਾਲਕ’ ਸਾਫ਼ ਇਨਕਾਰ ਕਰ ਦੇਂਦੇ ਸਨ। ਅਕਾਲੀ ਆਮ ਕਿਹਾ ਕਰਦੇ ਸਨ ਕਿ ਸਿੱਖਾਂ ਨਾਲ ਇਸ ਮਾਮਲੇ ਵਿਚ ਵੀ ਵਿਤਕਰਾ ਕੀਤਾ ਜਾਂਦਾ ਹੈ। ਉਹ ਇਕ ਘੰਟੇ ਦਾ ਕੀਰਤਨ ਪ੍ਰਸਾਰਣ ਮੰਗਦੇ ਸਨ। ਇਕ ਛੋਟਾ ਜਿਹਾ ਯੰਤਰ ਲਗਾ ਕੇ, ਸਿੱਖਾਂ ਨੇ ਦਰਬਾਰ ਸਾਹਿਬ ਦਾ ਕੀਰਤਨ ਅੰਮ੍ਰਿਤਸਰ ਸ਼ਹਿਰ ਵਿਚ ਰੀਲੇਅ ਕਰਨ ਦਾ ਯਤਨ ਵੀ ਕੀਤਾ ਪਰ ਸ਼ਾਇਦ ਸਰਕਾਰ ਨੇ ਰੋਕ ਦਿਤਾ। 

ਅੱਜ ਹਰ ਰੋਜ਼ ਟੀਵੀ ਤੋਂ 3-4 ਘੰਟੇ ਸਵੇਰੇ ਅਤੇ 2 ਘੰਟੇ ਸ਼ਾਮ ਨੂੰ ਕੀਰਤਨ ਸੁਣਾਇਆ ਜਾਂਦਾ ਹੈ (ਨਾਮੀ ਰਾਗੀਆਂ ਕੋਲੋਂ ਨਾਕਿ ਰੇਡੀਉ ਵੇਲੇ ਦੇ ਸਾਧਾਰਣ ਜਹੇ ਰੇਡੀਉ ਆਰਟਿਸਟਾਂ ਕੋਲੋਂ ਗਵਾਏ ਸ਼ਬਦਾਂ ਦਾ)। ਹੁਣ ਕਿਸੇ ਸਿੱਖ ਜਥੇਬੰਦੀ ਨੂੰ ਇਹ ਸ਼ਿਕਾਇਤ ਨਹੀਂ ਕਰਨੀ ਪੈਂਦੀ ਕਿ ਗੁਰਬਾਣੀ ਪ੍ਰਸਾਰਨ ਨੂੰ ਘੱਟ ਸਮਾਂ ਦਿਤਾ ਜਾਂਦਾ ਹੈ ਸਗੋਂ ਚੈਨਲਾਂ ਵਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਰੇ ਚੈਨਲਾਂ ਨੂੰ ਹੀ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਕਰਨ ਦੀ ਆਗਿਆ ਦਿਤੀ ਜਾਏ ਅਤੇ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਨਹੀਂ ਨਹੀਂ, ਸਾਰਿਆਂ ਨੂੰ ਇਹ ਆਗਿਆ ਨਹੀਂ ਦੇਣੀ, ਕੇਵਲ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਸਿਆਸੀ ਪਾਰਟੀ ਦੇ ਲੀਡਰਾਂ ਦੇ ਚੈਨਲ ਨੂੰ ਹੀ ਸਾਰੇ ਹੱਕ ਦਈ ਰਖਣੇ ਹਨ। ‘ਦੂਜੇ ਸ਼ਾਇਦ ਜੂਠੇ ਹੱਥਾਂ ਨਾਲ ਪ੍ਰੋਗਰਾਮ ਨਾ ਚਲਾ ਦੇਣ’ ਵਰਗੀਆਂ ਹੁੱਜਤਾਂ ਹੀ ਘੜੀਆਂ ਜਾ ਰਹੀਆਂ ਹਨ ਤੇ ਪੂਰਾ ਜ਼ੋਰ ਲਾ ਕੇ ਇਹੀ ਸੋਚਿਆ ਜਾ ਰਿਹਾ ਹੈ ਕਿ ਜੇ ਪੁਰਾਣਾ ਸਿਸਟਮ ਬਦਲਣਾ ਹੀ ਪਿਆ ਤਾਂ ਇਹ ਕਿਵੇਂ ਯਕੀਨੀ ਬਣਾਇਆ ਜਾ ਸਕੇਗਾ ਕਿ ਬਦਲੇ ਹੋਏ ਸਿਸਟਮ ਜਾਂ ਪ੍ਰਬੰਧ ਵਿਚ ਵੀ ਪਹਿਲਾਂ ਵਾਲੀ ਧਿਰ ਦਾ ਏਕਾਧਿਕਾਰ ਬਣਿਆ ਰਹਿ ਜਾਏ? ਯਕੀਨਨ ਇਹ ਧਰਮ ਨੂੰ ਨਹੀਂ, ਧੜੇ ਨੂੰ ਤਾਕਤ ਦੇਣ ਦੀ ਲੜਾਈ ਬਣਾ ਦਿਤੀ ਗਈ ਹੈ, ਇਸ ਲਈ ‘ਜਥੇਦਾਰ’ ਵਲੋਂ ਦਿਤੀ ਹਦਾਇਤ ਦਾ ਤੇ ਕਮੇਟੀ ਦੇ ਪ੍ਰਧਾਨ ਵਲੋਂ ਕੀਤੇ ਐਲਾਨਾਂ ਦਾ (ਕਿ ਸ਼੍ਰੋਮਣੀ ਕਮੇਟੀ ਅਪਣਾ ਚੈਨਲ ਮਹੀਨੇ ਦੋ ਮਹੀਨੇ ਵਿਚ ਚਾਲੂ ਕਰ ਦੇਵੇਗੀ) ਜੋ ਨਤੀਜਾ ਨਿਕਲਿਆ, ਉਹੀ ਨਤੀਜਾ ਹੁਣ ‘ਟੈਂਡਰਾਂ’ ਤੇ ਆ ਰੁਕੀ ਬਹਿਸ ਦਾ ਵੀ ਨਿਕਲਣਾ ਤੈਅ ਹੈ ਕਿਉਂਕਿ ਸਿਆਸੀ ਲੋਕ (ਜੋ ਸ਼੍ਰੋਮਣੀ ਕਮੇਟੀ ਨੂੰ ਚਲਾਂਦੇ ਹਨ ਤੇ ਧਰਮ ਦੇ ‘ਰਾਖੇ’ ਬਣੇ ਹੋਏ ਹਨ), ਉਨ੍ਹਾਂ ਦੇ ਮਨ ਵਿਚ ਕੁੱਝ ਹੋਰ ਹੁੰਦਾ ਹੈ ਤੇ ਜ਼ਬਾਨ ’ਤੇ ਕੁੱਝ ਹੋਰ। ਕਰਨ ਵਾਲੀ ਗੱਲ ਕੇਵਲ ਏਨੀ ਹੈ ਕਿ ਸ਼੍ਰੋਮਣੀ ਕਮੇਟੀ ਇਕ ਮਤਾ ਪਾਸ ਕਰ ਦੇਵੇ ਕਿ ‘‘ਸ਼੍ਰੋਮਣੀ ਕਮੇਟੀ ਅਤੇ ਇਸ ਕਮੇਟੀ ਉਤੇ ਕਾਬਜ਼ ਸਿਆਸੀ ਪਾਰਟੀ ਨਾਲ ਸਿੱਧੇ ਅਸਿੱਧੇ ਤੌਰ ’ਤੇ ਜੁੜੇ ਕਿਸੇ ਵਿਅਕਤੀ, ਸੰਸਥਾ ਜਾਂ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਦਾ ਕੰਮ ਨਹੀਂ ਦਿਤਾ ਜਾਏਗਾ। ਸ਼੍ਰੋਮਣੀ ਕਮੇਟੀ ਅਪਣਾ ਚੈਨਲ ਸ਼ੁਰੂ ਕਰੇਗੀ ਜਾਂ ਸਾਰੇ ਪੰਥ ਦੀ ਸਲਾਹ ਨਾਲ ਪੂਰੀ ਨਿਰਪੱਖਤਾ ਵਾਲਾ ਰਾਹ ਲੱਭ ਕੇ ਸੰਗਤਾਂ ਦੀ ਰਾਏ ਲੈਣ ਲਈ ਅਖ਼ਬਾਰਾਂ ਵਿਚ ਪ੍ਰਕਾਸ਼ਤ ਕੀਤਾ ਜਾਏਗਾ।’’ 

ਏਨੇ ਨਾਲ ਹੀ ਸਾਰਾ ਮਾਮਲਾ ਖ਼ਤਮ ਹੋ ਜਾਏਗਾ ਪਰ ਪਤਾ ਨਹੀਂ ਬਾਤ ਦਾ ਬਤੰਗੜ ਕਿਉਂ ਬਣਾਇਆ ਜਾ ਰਿਹਾ ਹੈ? 

ਮੈਂ ਤਾਂ ਕਈ ਵਾਰ ਲਿਖ ਚੁਕਾ ਹਾਂ ਕਿ ਚੋਣਾਂ ਵਾਲਾ ਪ੍ਰਬੰਧ ਸਿੱਖੀ ਲਈ ਘਾਤਕ ਸਿਧ ਹੋ ਰਿਹਾ ਹੈ ਤੇ ਇਸ ਦਾ ਤਿਆਗ ਕਰ ਕੇ ਸਿੱਖੀ ਨਾਲ ਦਿਲੋਂ ਮਨੋਂ ਪ੍ਰਣਾਏ ਹੋਏ ਸਿੱਖਾਂ ਦੇ ਬੋਰਡ ਨੂੰ (ਜ਼ਾਤ-ਪਾਤ ਦਾ ਧਿਆਨ ਰੱਖੇ ਬਗ਼ੈਰ) ਅਗਰ ਗੁਰਦਵਾਰਾ ਪ੍ਰਬੰਧ ਸੌਂਪ ਦਿਤਾ ਜਾਏ (ਜਿਵੇਂ ਬਾਕੀ ਦੇ ਧਰਮ ਅਪਣੇ ਧਰਮ-ਅਸਥਾਨਾਂ ਦਾ ਪ੍ਰਬੰਧ ਕਰਦੇ ਹਨ) ਤਾਂ ਹਾਲਤ ਬਦਲ ਸਕਦੀ ਹੈ ਨਹੀਂ ਤਾਂ ‘‘ਮਰਜ਼ ਬੜ੍ਹਤਾ ਗਿਆ ਜੂੰ ਜੂੰ ਦਵਾ ਕੀ’’ ਵਾਲੀ ਹਾਲਤ ਬਣੀ ਰਹੇਗੀ ਤੇ ਸਿੱਖੀ ਦਾ ਘਾਣ ਹੁੰਦਾ ਰਹੇਗਾ। ਹਾਂ ਖੜਕਾ ਦੜਕਾ ਜ਼ਰੂਰ ਸੁਣਾਈ ਦੇਂਦਾ ਰਹੇਗਾ ਕਿ ਕੌਮ ਦੇ ਸਿਆਸਤਦਾਨ, ਧਰਮ ਨੂੰ ਬਚਾਉਣ ਲਈ ਸੀਸ ਤਲੀ ’ਤੇ ਰੱਖ ਕੇ ਜੂਝ ਰਹੇ ਹਨ ਤੇ ਵਜ਼ੀਰੀਆਂ ਮਾਣਦੇ ਹੋਏ ਵੀ ਸਿੱਖਾਂ ਲਈ ਕੁਰਬਾਨੀ ਕਰੀ ਜਾ ਰਹੇ ਹਨ!!

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

ਪਿਓ ਦੇ ਰੈਂਕ ਬਰਾਬਰ ਪਾਈ ਬੈਠੀ ਨਾਲ ਅੱਜ ਵਰਦੀ! 22 ਸਾਲਾ ਕੁੜੀ ਬਣੀ Punjab Police 'ਚ Officer

03 Oct 2023 11:14 AM

ਸੱਸ-ਨੂੰਹ ਨੂੰ ਲੁਟੇਰਿਆਂ ਨੇ ਸ਼ਰੇਆਮ ਲੁੱਟਿਆ, ਸਕੂਟੀ ਨੂੰ ਮਾਰਿਆ ਧੱਕਾ, ਫਿਰ ਪਰਸ ਖੋਹ ਕੇ ਹੋਏ ਰਫੂ ਚੱਕਰ

03 Oct 2023 11:13 AM

ਆਹ ਪਿੰਡ 'ਚ ਲੱਗਦੀ ਸੀ ਚਿੱਟੇ ਦੀ ਮੰਡੀ! ਰੋਜ਼ 5-5 ਲੱਖ ਦਾ ਵਿਕਦਾ ਸੀ ਨਸ਼ਾ!

02 Oct 2023 12:17 PM

ਕਿਸਾਨਾਂ ਨੇ ਫੜੇ ਬਾਸਮਤੀ ਦੇ 5 ਟਰੱਕ, Haryana ਤੋਂ Punjab ਆਏ ਸੀ ਵੇਚਣ

02 Oct 2023 11:10 AM

Auto ਵਾਲੇ ਨੇ ਕੁਚਲੇ ਸੀ 2 Cycle ਚਾਲਕ, Viral ਹੋਈ CCTV ਬਾਰੇ ਨਵੇਂ ਖੁਲਾਸੇ

02 Oct 2023 11:09 AM