
Nijji Diary De Panne: ਹੁਣ ਉੱਚਾ ਦਰ ਬਣ ਕੇ ਤੁਹਾਡੇ ਸਾਹਮਣੇ ਤਿਆਰ ਖੜਾ ਹੈ ਗੋਲਕਾਂ ਤੇ ਸਰਕਾਰੀ ਖ਼ਜ਼ਾਨੇ ਨਾਲ ਬਣਾਈਆਂ ਵੱਡੀਆਂ ਭਾਂ ਭਾਂ ਕਰਦੀਆਂ ਇਮਾਰਤਾਂ ਵੀ ਵੇਖ ਲਉ
Nijji Diary De Panne today in punjabi: ਇਸ ਦੇਸ਼ ਵਿਚ ਧਰਮ ਦੇ ਨਾਂ ’ਤੇ ਹਜ਼ਾਰਾਂ ਨਹੀਂ ਲੱਖਾਂ ਕਰੋੜਾਂ ਗੋਲਕਾਂ ਖੁਲ੍ਹੀਆਂ ਹੋਈਆਂ ਹਨ ਜਿਨ੍ਹਾਂ ਵਿਚ ‘ਸ਼ਰਧਾਲੂ’ ਅੱਖਾਂ ਬੰਦ ਕਰ ਕੇ ਮਾਇਆ ਪਾਈ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ, ਇਨ੍ਹਾਂ ਗੋਲਕਾਂ ਰਾਹੀਂ ਉਨ੍ਹਾਂ ਦੇ ਪੈਸੇ ‘ਮਾਇਆ ਲਈ ਤਰਸ ਰਹੇ’ ਰੱਬ ਤੇ ਉਸ ਦੇ ਦੇਵਤਿਆਂ ਨੂੰ ਪਹੁੰਚਣਗੇ, ਤਾਂ ਉਹ ਖ਼ੁਸ਼ ਹੋ ਕੇ ਸਾਡੀ ਵੀ ਰੇਖ ਵਿਚ ਮੇਖ ਮਾਰ ਦੇਣਗੇ ਤੇ ਸਾਡੇ ਵੀ ਵਾਰੇ ਨਿਆਰੇ ਕਰ ਦੇਣਗੇ। ਅਜਿਹੇ ‘ਭਗਤਾਂ’ ਨੂੰ ਲੱਖ ਸਮਝਾ ਲਉ ਕਿ ਰੱਬ ਮਾਇਆ ਦਾ ਭੁੱਖਾ ਨਹੀਂ, ਮਾਇਆ ਤਾਂ ਉਸ ਦੀ ਦਾਸੀ ਹੈ ਤੇ ਗੋਲਕਾਂ ਵਿਚ ਪਾਇਆ ਤੁਹਾਡਾ ਪੈਸਾ ਬਾਬਿਆਂ, ਸਿਆਸਤਦਾਨਾਂ ਤੇ ਗੋਲਕਾਂ ਉਤੇ ਕਾਬਜ਼ ਲੋਕਾਂ ਨੇ ਹੀ ਅਪਣੇ ਐਸ਼-ਆਰਾਮ ਲਈ ਵਰਤ ਲੈਣਾ ਹੈ - ਰੱਬ ਦਾ ਇਸ ਮਾਇਆ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਉਹ ਤਾਂ ਤੁਹਾਡੇ ਕੰਮਾਂ, ਤੁਹਾਡੇ ਕਿਰਦਾਰ ਤੇ ਤੁਹਾਡੇ ਪਿਆਰ ਨੂੰ ਵੇਖਣ ਦਾ ਹੀ ਭੁੱਖਾ ਹੈ - ਦੁਨੀਆਂ ਦੀ ਹੋਰ ਹਰ ਦੌਲਤ ਤਾਂ ਉਸ ਦੇ ਕਦਮਾਂ ਨੂੰ ਚੁੰਮਦੀ ਫਿਰਦੀ ਹੈ।
ਪਰ ਇਹ ਸਾਧਾਰਣ ਸੱਚ ਵੀ ਉਨ੍ਹਾਂ ‘ਸ਼ਰਧਾਲੂਆਂ’ ਦੇ ਖ਼ਾਨੇ ਵਿਚ ਨਹੀਂ ਪੈਂਦਾ ਤੇ ਉਹ ਪਹਿਲਾਂ ਵਾਂਗ ਹੀ ਗੋਲਕ-ਧਾਰੀਆਂ ਦੇ ਮੁਰੀਦ ਬਣੇ ਰਹਿੰਦੇ ਹਨ। ਪਰ ਜੇ ਉਨ੍ਹਾਂ ਨੂੰ ਹੀ ਕਹਿ ਦਿਉ ਕਿ ਸਾਰੇ ਗੋਲਕਧਾਰੀ ਰਲ ਕੇ ਵੀ ਇਕ ਅਜਿਹਾ ਅਦਾਰਾ ਨਹੀਂ ਬਣਾ ਸਕੇ ਜਿਸ ਦਾ ਗ਼ਰੀਬ ਨੂੰ ਫ਼ਾਇਦਾ ਹੋ ਸਕੇ ਤੇ ਜਿਥੋਂ ਅਗਿਆਨੀ ਮਨੁੱਖ ਨੂੰ ਸੱਚਾ ਗਿਆਨ ਮਿਲ ਸਕੇ, ਇਸ ਲਈ ਅਪਣੀ ਨੇਕ ਕਮਾਈ ਚੋਂ ਕੁੱਝ ਪੈਸੇ ਕੱਢ ਕੇ, ਅਪਣੇ ਵਰਗੇ ਦੂਜੇ ਲੋਕਾਂ ਦਾ ਸਾਥ ਦਿਉ ਤੇ ਇਕ ਐਸਾ ਅਦਾਰਾ ਬਣਾਉਣ ਵਿਚ ਮਦਦ ਕਰੋ ਜਿਸ ਦਾ ਸੌ ਫ਼ੀ ਸਦੀ ਮੁਨਾਫ਼ਾ ਗ਼ਰੀਬਾਂ ਲਈ ਰਾਖਵਾਂ ਹੋਵੇ ਤੇ ਜੋ ਲੋਕਾਂ ਨੂੰ ਅੰਧ-ਵਿਸ਼ਵਾਸ, ਕਰਮ-ਕਾਂਡਾਂ, ਨਕਲੀ ਚਮਤਕਾਰਾਂ (ਅਸਲੀ ਚਮਤਕਾਰ ਤਾਂ ਸਿਰਫ਼ ਰੱਬ ਹੀ ਕਰਨ ਦੇ ਸਮਰੱਥ ਹੈ), ਕਥਾ ਕਹਾਣੀਆਂ ਤੇ ਪੁਜਾਰੀ ਸ਼ੇ੍ਰਣੀ ਦੇ ਨਿਜੀ ਲਾਭ ਲਈ ਘੜੇ ਗਏ ‘ਨਕਲੀ ਧਰਮ’ ਦੀ ਬਜਾਏ ਬਾਬੇ ਨਾਨਕ ਵਲੋਂ ਹਰ ਪ੍ਰਕਾਰ ਦੇ ਪਖੰਡ (ਛੋਡੀਲੇ ਪਾਖੰਡ) ਤੋਂ ਮੁਕਤ ਅਤੇ ਪੁਜਾਰੀਵਾਦੀ ਛੱਲ ਫ਼ਰੇਬ ਤੇ ਝੂਠੇ ਲਾਰਿਆਂ ਤੋਂ ਮੁਕਤ ਸੱਚੇ ਧਰਮ ਦੇ ਲੜ ਲਾ ਸਕੇ।
ਤੁਸੀ ਸਾਰਿਆਂ ਨੇ ਰਲ ਕੇ ਫ਼ੈਸਲਾ ਕੀਤਾ ਕਿ ਅਸੀ ਅਜਿਹਾ ‘ਉੱਚਾ ਦਰ ਬਾਬੇ ਨਾਨਕ ਦਾ’ ਨਾਂ ਵਾਲਾ ਬਣਾਵਾਂਗੇ।
ਦੋ-ਦੋ ਬਾਹਵਾਂ ਖੜੀਆਂ ਕਰ ਕੇ ਲੱਖਾਂ ਲੋਕਾਂ ਨੇ ਮਾਇਆ ਇਧਰ ਦੇਣ ਦਾ ਐਲਾਨ ਕੀਤਾ। ਦੋ ਢਾਈ ਸਾਲ ਤਾਂ ਜੋਸ਼ ਕਾਇਮ ਵੀ ਰਿਹਾ ਪਰ ਜਿਉਂ ਹੀ ਹਾਕਮਾਂ ਤੇ ਪੁਜਾਰੀਆਂ ਨੇ ਐਲਾਨ ਕਰ ਦਿਤਾ ਕਿ, ‘‘ਨਹੀਂ ਬਣਨ ਦਿਆਂਗੇ ‘ਉੱਚਾ ਦਰ’ ਤੇ ਉੱਚਾ ਦਰ ਬਣਾਉਣ ਲਈ ਅੱਗੇ ਲੱਗੇ ਹੋਏ ਲੋਕ ਤਾਂ ਵਿਦੇਸ਼ ਭੱਜ ਰਹੇ ਹਨ ਤੇ ਇਨ੍ਹਾਂ ਤੇ ਕਈ ਕੇਸ ਬਣੇ ਹੋਏ ਹਨ’’ ਤਾਂ 90-95% ਦਾ ਪੰਥ-ਪਿਆਰ ਵੀ ਠੰਢਾ ਪੈ ਗਿਆ, ਜੋ ਅਖ਼ੀਰ ‘ਸਾਡੇ ਪੈਸੇ ਵਾਪਸ ਕਰੋ’ ਤੇ ਆ ਪੁੱਜਾ। ਖ਼ੈਰ, ਭਾਰੀ ਮੁਸੀਬਤਾਂ ਦਾ ਇਕੱਲਿਆਂ ਸਾਹਮਣਾ ਕਰ ਕੇ ਵੀ, ਅੱਗੇ ਲੱਗਣ ਵਾਲਿਆਂ ਨੇ ਹੌਸਲਾ ਨਾ ਛਡਿਆ ਤੇ ਅਪਣਾ ਸੱਭ ਕੁੱਝ ਵਾਰ ਕੇ ਟੀਚਾ ਸਰ ਕਰਨ ਲਈ ਸਿਰ ਧੜ ਦੀ ਬਾਜ਼ੀ ਲਾ ਕੇ ਲੱਗ ਗਏ। ਨਾਲ ਨਾਲ ਅਦਾਲਤਾਂ ਦੀਆਂ ਤਰੀਕਾਂ, ਝੂਠੇ ਇਲਜ਼ਾਮਾਂ ਦੀ ਪੁਣਛਾਣ ਕਰਨ ਲਈ ਬਣਾਏ ਪੜਤਾਲੀਆ ਕਮਿਸ਼ਨਾਂ ਅੱਗੇ ਵੀ ਪੇਸ਼ ਹੁੰਦੇ ਰਹੇ ਤੇ ਡੱਟ ਕੇ ਕਹਿੰਦੇ ਰਹੇ ਕਿ, ‘‘ਇਕ ਪੈਸੇ ਦੀ ਗ਼ਲਤੀ ਵੀ ਲੱਭੇ ਤਾਂ ਸਾਡੇ ਨਾਲ ਕੋਈ ਰਿਆਇਤ ਨਾ ਕਰਨਾ।’’
ਖ਼ੈਰ, ਹੁਣ ਉੱਚਾ ਦਰ ਬਣ ਕੇ ਤੁਹਾਡੇ ਸਾਹਮਣੇ ਤਿਆਰ ਖੜਾ ਹੈ, ਗੋਲਕਾਂ ਤੇ ਸਰਕਾਰੀ ਖ਼ਜ਼ਾਨੇ ਨਾਲ ਬਣਾਈਆਂ ਵੱਡੀਆਂ ਭਾਂ ਭਾਂ ਕਰਦੀਆਂ ਇਮਾਰਤਾਂ ਵੀ ਵੇਖ ਲਉ ਤੇ ਗ਼ਰੀਬਾਂ ਦੀ ਨੇਕ-ਕਮਾਈ ਨਾਲ ਬਣੇ ‘ਉੱਚਾ ਦਰ’ ਨੂੰ ਵੀ ਅੰਦਰ ਆ ਕੇ ਵੇਖੋ। ਈਮਾਨਦਾਰੀ ਨਾਲ ਫ਼ੈਸਲਾ ਦਿਉ ਤੇ ਨਿਰੀਆਂ ਇਮਾਰਤਾਂ ਨੂੰ ਛੱਡੋ, ਅੰਦਰੋਂ ਤੁਹਾਡੀ ਅਗਲੀ ਪੀੜ੍ਹੀ ਨੂੰ ਕੁੱਝ ਦੇਣ ਦੀ ਸਮਰੱਥਾ ਕਿਸ ਕੋਲ ਹੈ, ਗ਼ਰੀਬ ਦੇ ਅਥਰੂ ਪੂੰਝਣ ਦਾ ਪ੍ਰੋਗਰਾਮ ਕਿਸ ਕੋਲ ਹੈ ਤੇ ਬਾਬੇ ਨਾਨਕ ਦਾ ਅਸਲ ਸੱਚਾ ਸੁੱਚਾ ਤੇ ਸੁੱਖ ਵਰਤਾਉਂਦਾ ਫੁਹਾਰਾ ਕਿਥੇ ਫੁਟਿਆ ਵੇਖਿਆ ਜਾ ਸਕਦਾ ਹੈ? ਠੀਕ ਹੈ, ਇਸ ਨੂੰ ਪੂਰਾ ਜਲਵਾ ਵਿਖਾਣ ਲਈ ਕੁੱਝ ਸਮਾਂ ਤਾਂ ਲੱਗੇਗਾ ਹੀ। ਪਹਿਲਾਂ ਤਾਂ ਇਸ ਨੇ ਅਪਣੇ ਕਰਜ਼ੇ ਉਤਾਰਨੇ ਹਨ ਜਿਨ੍ਹਾਂ ਦੇ ਸਹਾਰੇ ‘ਉੱਚਾ ਦਰ’ ਮੁਕੰਮਲ ਹੋ ਸਕਿਆ। ਦੂਰੋਂ ਦੂਰੋਂ ਆ ਕੇ ਬੜੇ ਲੋਕ ਇਸ ਨੂੰ ਵੇਖ ਵੀ ਗਏ ਹਨ (ਅਜੇ ਅਧੂਰੀ ਹਾਲਤ ਵਿਚ ਹੀ) ਤੇ ਉਨ੍ਹਾਂ ਨੇ ਜੋ ਵਿਚਾਰ ਇਸ ਬਾਰੇ ਦਿਤੇ ਹਨ, ਉਨ੍ਹਾਂ ਨੂੰ ਸੁਣ ਕੇ ਲਗਦਾ ਹੈ ਕਿ ਪਹਿਲੀ ਵਾਰੀ ਗ਼ੈਰ-ਗੋਲਕਧਾਰੀ ਜਨਤਾ ਨੇ ਆਪ ਮਿਲ ਕੇ, ਇਕ ਅਖ਼ਬਾਰ ਦੀ ਸਰਪ੍ਰਸਤੀ ਹੇਠ ਇਕ ਬੜਾ ਵੱਡਾ ਇਤਿਹਾਸਕ ਮਾਅਰਕਾ ਮਾਰਿਆ ਹੈ ਜਿਸ ਦੀ, ਵਕਤ ਪਾ ਕੇ, ਸਾਰੀ ਦੁਨੀਆਂ ਵਿਚ ਕਦਰ ਪਵੇਗੀ।
‘‘ਅੱਜ ਹੋਵੇ ਸਰਕਾਰ ਤਾਂ ਮੁਲ ਪਾਵੇ
ਜਿਹੜੀਆਂ ਗ਼ਰੀਬਾਂ ਤੇ ਸਾਧਾਰਣ ਸਿੱਖਾਂ ਨੇ ਮੱਲਾਂ ਮਾਰੀਆਂ ਨੇ...।’’
ਸੱਚ ਕਹਿੰਦਾ ਹਾਂ। ਵਧਾ ਚੜ੍ਹਾ ਕੇ ਗੱਲ ਨਹੀਂ ਕਰਦਾ, ਜੇ ਅਜਿਹੀ ਸ਼ਾਨਦਾਰ ਪ੍ਰਾਪਤੀ ਕਿਸੇ ਨੇ ਵਿਦੇਸ਼ਾਂ ਵਿਚ ਕੀਤੀ ਹੁੰਦੀ ਤਾਂ ਉਸ ਨੂੰ ਸੋਨੇ ਨਾਲ ਤੋਲ ਦਿਤਾ ਜਾਂਦਾ ਤੇ ਹਜ਼ਾਰਾਂ ਲੋਕਾਂ ਨੇ ਤੁਰਤ ਮੈਦਾਨ ਵਿਚ ਨਿਤਰ ਕੇ ਐਲਾਨ ਕਰ ਦੇਣਾ ਸੀ ਕਿ, ‘‘ਅਦਾਰੇ ਦਾ ਸਾਰਾ ਕਰਜ਼ਾ ਅਸੀ ਅਪਣੇ ਉਪਰ ਲੈਂਦੇ ਹਾਂ। ਅਸੀ ਪਲੀ ਪਲੀ ਜੋੜ ਕੇ 6 ਮਹੀਨਿਆਂ ਵਿਚ ਪੂਰਾ ਕਰਜ਼ਾ ਲਾਹ ਦਿਆਂਗੇ ਤਾਕਿ ਜਿਹੜੇ ਅੱਗੇ ਲੱਗ ਕੇ ਸਾਰੇ ਦੁਖੜੇ ਸਹਿੰਦੇ ਚਲੇ ਆ ਰਹੇ ਸਨ, ਉਨ੍ਹਾਂ ਨੂੰ ਵੀ ਲੱਗੇ ਕਿ ਉਨ੍ਹਾਂ ਦੀ ਘਾਲਣਾ ਦਾ ਮੁੱਲ ਪਾਉਣ ਵਾਲੇ ਲੋਕ ਵੀ ਅਜੇ ਇਸ ਕੌਮ ਵਿਚ ਜੀਵਤ ਹਨ। ਇਹ ਕੌਮੀ ਜਾਇਦਾਦ ਹੈ, ਕਿਸੇ ਇਕ ਨੇ ਇਸ ਨੂੰ ਅਪਣੀ ਮਲਕੀਅਤ ਨਹੀਂ ਬਣਾਇਆ ਸਗੋਂ ਮੈਂਬਰਾਂ ਦੇ ਨਾਂ ਹੀ ਕਰ ਦਿਤੀ ਹੈ ਤੇ ਇਸ ਦਾ ਦਰਦ ਵੀ ਸਾਰਿਆਂ ਨੂੰ ਰਲ ਕੇ ਵੰਡਾਣਾ ਚਾਹੀਦਾ ਹੈ ਤਾਕਿ ਏਨਾ ਵੱਡਾ ਮੋਰਚਾ ਜਿੱਤਣ ਵਾਲੇ ਕੁੱਝ ਹੋਰ ਵੀ ਚੰਗਾ ਕਰ ਕੇ ਵਿਖਾ ਸਕਣ ਤੇ ਦੂਜਿਆਂ ਨੂੰ ਵੀ ਸੁਨੇਹਾ ਜਾਵੇ ਕਿ ਕੌਮ ਏਨੀ ਨਾਸ਼ੁਕਰੀ ਨਹੀਂ ਕਿ ਅਪਣੇ ਦੁਖ ਸੁਖ ਸਮੇਤ, ਸਾਰਾ ਜੀਵਨ ਤੇ ਹੋਰ ਸੱਭ ਕੁੱਝ ਕੌਮੀ ਟੀਚਿਆਂ ਲਈ ਲਾ ਦੇਣ ਵਾਲਿਆਂ ਦੀ ਇਸ ਕੌਮ ਵਿਚ ਕਦਰ ਹੀ ਕੋਈ ਨਹੀਂ ਪੈਂਦੀ ਤੇ ਉਹ ਕਰਜ਼ੇ ਮੋੜਦੇ ਮੋੜਦੇ ਹੀ ਸੰਸਾਰ ਤੋਂ ਚਲੇ ਜਾਂਦੇ ਹਨ...।’’
ਸ਼ੁਰੂ ਵਿਚ ਕਾਫ਼ੀ ਲੋਕ ਅਪਣੇ ਬਾਂਡ ਵੀ ਦਾਨ ਕਰ ਗਏ ਸਨ ਕਿਉਂਕਿ ਉਨ੍ਹਾਂ ਨੂੰ ਲੱਗਾ ਸੀ ਕਿ ਬੜਾ ਔਖਾ ਕੰਮ ਸਹੇੜ ਲਿਆ ਹੈ ਅੱਗੇ ਲੱਗਣ ਵਾਲਿਆਂ ਨੇ (ਅੰਦਰ ਵੇਖੋ ਦੋ ਸੂਚੀਆਂ) ਪਰ ਹੁਣ ਜਦ ਸੰਪੂਰਨ ਹੋ ਗਿਆ ਹੈ ਤੇ ਸੱਭ ਨੂੰ ਪਤਾ ਹੈ ਕਿ ਕਰੋੜਾਂ ਦਾ ਕਰਜ਼ਾ ਲੈ ਕੇ ਕੰਮ ਸੰਪੂਰਨ ਹੋਇਆ ਹੈ ਤਾਂ ਕੋਈ ‘ਦਾਨੀ’ ਨਜ਼ਰ ਨਹੀਂ ਆਇਆ ਸਗੋਂ ਅੱਗੇ ਲੱਗ ਕੇ ਕੰਮ ਕਰਨ ਵਾਲਿਆਂ ਨੇ ਕੁੱਝ ਬਾਂਡ-ਧਾਰਕਾਂ ਨੂੰ ਬਾਂਡ ਦੀ ਰਕਮ ਦਾਨ ਵਿਚ ਦੇ ਦੇਣ ਲਈ ਕਿਹਾ ਤਾਂ ਉਹ ਖਾਣ ਨੂੰ ਪੈ ਗਏ।...ਚਲੋ ਰੱਬ ਸੱਭ ਦਾ ਧਿਆਨ ਰਖਦਾ ਹੈ ਤੇ ਉਸ ਦੀ ‘ਕ੍ਰਿਪਾ-ਦ੍ਰਿਸ਼ਟੀ’ ਨਹੀਂ ਬਦਲਣੀ ਚਾਹੀਦੀ। ‘ਉੱਚਾ ਦਰ’ ਵੀ ਉਸ ਨੇ ਬਣਵਾਇਆ ਹੈ ਵਰਨਾ ਗ਼ਰੀਬਾਂ ਦੀ ਕੀ ਹੈਸੀਅਤ ਸੀ ਅਜਿਹਾ ਅਜੂਬਾ ਬਣਾਉਣ ਦੀ? ਹਾਂ ਮੈਂ ਅੱਜ ਏਨਾ ਜ਼ਰੂਰ ਐਲਾਨ ਕਰ ਸਕਦਾ ਹਾਂ ਕਿ ਪਿਛਲੇ 12 ਸਾਲਾਂ ਵਿਚ, ਥੋੜਾ ਥੋੜਾ ਕਰ ਕੇ ਮੈਂ, ਮੇਰੀ ਪਤਨੀ ਤੇ ਬੇਟੀ ਨਿਮਰਤ ਨੇ ਉੱਚਾ ਦਰ ਨੂੰ ਜੋ ਵੀ (ਕਰੋੜਾਂ ਵਿਚ) ਦਿਤਾ ਹੈ ਉਹ ਬਿਲਕੁਲ ਵਾਪਸ ਨਹੀਂ ਲਵਾਂਗੇ, ਨਾ ਅਸਲ, ਨਾ ਵਿਆਜ। ਜਿਨ੍ਹਾਂ ਨੇ ਪਹਿਲਾਂ ਪੈਸੇ ਨਹੀਂ ਸਨ ਲਗਾਏ, ਉਹ ਹੁਣ 10 ਹਜ਼ਾਰ ਮੈਂਬਰ ਬਣਾਉਣ ਦਾ ਟੀਚਾ ਪੂਰਾ ਕਰ ਦੇਣ। ਏਨੀ ਕੁ ਹੀ ਸਿਫ਼ਾਰਸ਼ ਮੇਰੀ ਵੀ ਮੰਨ ਲਉ ਤਾਂ ਸਦਾ ਲਈ ਧਨਵਾਦੀ ਹੋਵਾਂਗਾ। ਸਾਰਿਆਂ ਦਾ ਸਾਂਝਾ ਹੈ ‘ਉੱਚਾ ਦਰ’। (ਜੋਗਿੰਦਰ ਸਿੰਘ)