
ਸ. ਗੁਰਦੀਪ ਸਿੰਘ ਦੇ ਪ੍ਰਵਾਰ ਦੇ ਸਾਰੇ ਜੀਅ ਹੀ 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਹਨ। ਜਦ ਮੈਂ ਗਵਰਨਿੰਗ ਕੌਂਸਲ ਬਣਾਉਣ ਦਾ ਐਲਾਨ 'ਉੱਚਾ ਦਰ' ਦੀ ਮੀਟਿੰਗ ਵਿਚ ਕੀਤਾ ਤਾਂ ਸ. ਗੁਰਦੀਪ ਸਿੰਘ ਸੱਭ ਤੋਂ ਪਹਿਲਾਂ ਉਠੇ ਤੇ ਚੈੱਕ ਦੇ ਕੇ, ਅਪਣੀ ਪਤਨੀ ਬੀਬੀ ਮੀਨਾਕਸ਼ੀ ਬੇਦੀ ਨੂੰ ਗਵਰਨਿੰਗ ਕੌਂਸਲ ਦਾ ਮੈਂਬਰ ਬਣਾ ਲੈਣ ਦੀ ਬੇਨਤੀ ਕੀਤੀ।
31 ਦਸੰਬਰ ਨੂੰ ਸਰਕਾਰੀ ਨੌਕਰੀ ਤੋਂ ਰੀਟਾਇਰ ਹੋ ਗਏ ਹਨ। ਪਹਿਲੀ ਜਨਵਰੀ ਨੂੰ ਮੈਨੂੰ ਮਿਲਣ ਲਈ ਆ ਗਏ। ਕਹਿਣ ਲਗੇ, ''ਪਾਬੰਦੀਆਂ ਤੋਂ ਮੁਕਤ ਹੋ ਗਿਆ ਹਾਂ। 'ਉੱਚਾ ਦਰ ਬਾਬੇ ਨਾਨਕ ਦਾ' ਲਈ ਜਿਥੇ ਚਾਹੋ, ਮੇਰੀ ਸੇਵਾ ਲਾ ਦਿਉ।''
ਮੈਂ ਕਿਹਾ, ''ਮੈਂ ਤਾਂ ਹੁਣ ਉੱਚਾ ਦਰ ਵਿਚ ਕੁੱਝ ਵੀ ਨਹੀਂ। ਮਾਲਕ ਤਾਂ ਹੁਣ ਤੁਸੀ (ਮੈਂਬਰ) ਹੋ। ਆਪ ਚਲ ਕੇ ਕੰਮ ਹੁੰਦਾ ਵੇਖ ਲਉ ਤੇ ਆਪੇ ਫ਼ੈਸਲਾ ਕਰੋ ਕਿ ਤੁਸੀ ਕੀ ਸੇਵਾ ਕਰ ਸਕਦੇ ਹੋ। ਮੈਂ ਹੁਣੇ 'ਉੱਚਾ ਦਰ' ਵਿਖੇ ਜਾ ਰਿਹਾ ਹਾਂ ਤੇ ਅੱਜ ਸਾਰਾ ਦਿਨ ਉਥੇ ਹੀ ਰਹਿਣਾ ਹੈ। ਚਾਹੋ ਤਾਂ ਮੇਰੇ ਨਾਲ ਚਲ ਸਕਦੇ ਹੋ।'' ਉਹ ਝੱਟ ਤਿਆਰ ਹੋ ਗਏ। ਪਹਿਲੀ ਜਨਵਰੀ ਨੂੰ ਅਸੀ ਸਾਰਾ ਦਿਨ 'ਉੱਚਾ ਦਰ' ਵਿਚ ਚਲ ਰਹੇ ਕੰਮਾਂ ਦੀ ਪੁਛ ਪੜਤਾਲ ਕਰਦੇ ਰਹੇ ਤੇ ਹਦਾਇਤਾਂ ਜਾਰੀ ਕਰਦੇ ਰਹੇ। ਆਰਕੀਟੈਕਟ ਰਣਜੀਤ ਸਿੰਘ ਵੀ ਸਾਡੇ ਨਾਲ ਸਨ। ਅਗਲੇ ਦਿਨ ਸ. ਗੁਰਦੀਪ ਸਿੰਘ ਫਿਰ ਆ ਗਏ ਤੇ ਬੋਲੇ, ''ਕਲ ਉਥੇ ਜਾ ਕੇ ਮੈਨੂੰ ਬਹੁਤ ਖ਼ੁਸ਼ੀ ਮਿਲੀ। ਭਾਵੇਂ ਮੈਂ 50-60 ਹਜ਼ਾਰ ਰੁਪਏ ਮਹੀਨੇ ਦੀ ਨੌਕਰੀ ਬੜੇ ਆਰਾਮ ਨਾਲ ਪ੍ਰਾਪਤ ਕਰ ਸਕਦਾ ਹਾਂ (ਆਪ ਸਰਕਾਰੀ ਡਾਕਟਰ ਵਜੋਂ ਰੀਟਾਇਰ ਹੋਏ ਹਨ) ਪਰ ਹੁਣ ਬੰਧਨਾਂ 'ਚੋਂ ਮੁਕਤ ਹੋਣ ਮਗਰੋਂ, ਦੁਬਾਰਾ ਬੰਧਨਾਂ ਵਿਚ ਨਹੀਂ ਪੈਣਾ ਚਾਹੁੰਦਾ। ਨਾਲੇ ਜੋ ਖ਼ੁਸ਼ੀ ਮੈਨੂੰ 'ਉੱਚਾ ਦਰ' ਵਿਚੋਂ ਮਿਲਣੀ ਹੈ, ਉਹ ਹੋਰ ਕਿਧਰੋਂ ਨਹੀਂ ਮਿਲ ਸਕਣੀ।''
ਮੈਂ ਕਿਹਾ, ''ਪਰ ਇਥੋਂ ਪੈਸਾ (ਸੇਵਾ-ਫੱਲ) ਤਾਂ ਕਿਸੇ ਨੂੰ ਵੀ ਨਹੀਂ ਮਿਲ ਸਕਣਾ, ਤੁਹਾਨੂੰ ਵੀ ਨਹੀਂ।''
ਬੋਲੇ, ''ਮੈਨੂੰ ਚਾਹੀਦਾ ਵੀ ਨਹੀਂ। ਮੇਰੀਆਂ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਹੋ ਚੁਕੀਆਂ ਨੇ। ਹੁਣ ਰੀਟਾਇਰਮੈਂਟ ਦਾ 60-65 ਲੱਖ ਮਿਲਣਾ ਹੈ। ਜਦੋਂ ਮਿਲੇਗਾ, ਉਹ ਵੀ ਬੇਟੀ ਦਾ ਵਿਆਹ ਕਰਨ ਮਗਰੋਂ, 'ਉੱਚਾ ਦਰ' ਦੇ ਹਵਾਲੇ ਕਰ ਦਿਆਂਗਾ। ਜਿਵੇਂ ਚਾਹੋ, ਵਰਤ ਲੈਣਾ।''ਫਿਰ ਸ. ਗੁਰਦੀਪ ਸਿੰਘ ਨੇ ਬੇਟੀ ਬਾਰੇ ਦਸਣਾ ਸ਼ੁਰੂ ਕੀਤਾ ਜੋ ਇਕ ਬੈਂਕ ਮੈਨੇਜਰ ਹੈ। ਗੱਲਾਂ ਗੱਲਾਂ ਵਿਚ ਉਨ੍ਹਾਂ ਅਪਣੀ ਪਤਨੀ ਬੀਬੀ ਮੀਨਾਕਸ਼ੀ ਬੇਦੀ ਬਾਰੇ ਦਸਿਆ ਕਿ, ''ਮੇਰੀ ਪਤਨੀ ਜਦ ਤੁਹਾਡੀਆਂ ਅਪੀਲਾਂ ਪੜ੍ਹਦੀ ਹੈ ਤਾਂ ਭਾਵੁਕ ਹੋ ਕੇ ਕਹਿੰਦੀ ਹੈ ਕਿ 'ਕਿਸੇ ਪਾਸਿਉਂ ਮੈਨੂੰ ਜੇਕਰ ਚੋਖਾ ਪੈਸਾ ਆ ਜਾਏ ਤਾਂ ਸਾਰੇ ਦਾ ਸਾਰਾ ਸ. ਜੋਗਿੰਦਰ ਸਿੰਘ ਨੂੰ ਦੇ ਦੇਵਾਂ ਤੇ ਆਖਾਂ, ਹੋਰ ਕਿਸੇ ਕੋਲੋਂ ਨਾ ਮੰਗੋ, ਮੈਂ ਹੀ ਸਾਰਾ ਪੈਸਾ ਦੇ ਦਿਆਂਗੀ।''ਸ. ਗੁਰਦੀਪ ਸਿੰਘ ਕਹਿ ਰਹੇ ਸਨ ਕਿ ਸਾਰਾ ਪ੍ਰਵਾਰ ਹੀ 'ਉੱਚਾ ਦਰ ਬਾਬੇ ਨਾਨਕ ਦਾ' ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ। ਇਸੇ ਲਈ ਮੈਂ ਵੀ 'ਉੱਚਾ ਦਰ' ਲਈ ਵੱਧ ਤੋਂ ਵੱਧ ਦੇਣ ਦੀ ਗੱਲ ਖੁਲ੍ਹ ਕੇ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਘਰ ਦੇ ਸਾਰੇ ਜੀਅ ਵੀ ਮੇਰੀ ਤਰ੍ਹਾਂ ਹੀ ਸੋਚਦੇ ਹਨ।''ਅਖ਼ੀਰ ਵਿਚ ਕਹਿਣ ਲੱਗੇ, ''ਹੁਣ ਤੁਸੀ ਜਿਥੇ ਚਾਹੋ, ਮੇਰੀ ਡਿਊਟੀ ਲਗਾ ਦਿਉ। ਮੈਨੂੰ 24 ਘੰਟੇ ਲਈ ਵੀ ਉੱਚਾ ਦਰ ਦੀ ਕੋਈ ਵੀ ਸੇਵਾ ਦੇ ਸਕਦੇ ਹੋ।'' ਹਰ ਰੋਜ਼ ਸਵੇਰੇ 'ਉੱਚਾ ਦਰ' ਵਿਖੇ ਅਪਣੀ ਕਾਰ ਜਾਂ ਮੋਟਰ ਸਾਈਕਲ ਤੇ ਪਹੁੰਚ ਜਾਂਦੇ ਹਨ ਤੇ ਸਾਰਾ ਦਿਨ ਉਥੇ ਰਹਿ ਕੇ ਉਸਾਰੀ ਦਾ ਕੰਮ ਵੇਖਦੇ ਹਨ। ਜਦ ਸ. ਗੁਰਦੀਪ ਸਿੰਘ ਵਾਰ ਵਾਰ 'ਸੇਵਾ ਮੰਗ ਰਹੇ ਸਨ ਤਾਂ ਮੈਂ ਹੱਸ ਕੇ ਕਿਹਾ, ''ਅਸਲ ਸੇਵਾ ਤਾਂ ਉਥੇ ਇਕੋ ਹੀ ਹੈ ਕਿ ਉਸਾਰੀ ਲਈ ਜੋ ਕੁੱਝ ਵੀ ਉਥੇ ਚਾਹੀਦਾ ਹੈ, ਉਸ ਲਈ ਮਾਇਆ ਦਾ ਪ੍ਰਬੰਧ ਕਿਵੇਂ ਤੇ ਕੌਣ ਕਰੇ? ਮੈਨੂੰ ਦਿਨ ਵਿਚ ਚਾਰ ਪੰਜ ਵਾਰ ਟੈਲੀਫ਼ੋਨ ਆ ਜਾਂਦਾ ਹੈ ਕਿ ਇੱਟਾਂ ਖ਼ਤਮ ਹੋ ਗਈਆਂ ਹਨ, ਕਲ ਤਕ ਮਿਲਣੀਆਂ ਜ਼ਰੂਰੀ ਹਨ ਜਾਂ ਸੀਮਿੰਟ 200 ਬੋਰੀਆਂ ਅੱਜ ਹੀ ਲੈਣਾ ਜ਼ਰੂਰੀ ਹੈ ਆਦਿ ਆਦਿ। ਸਾਰਾ ਦਿਨ ਸਮਾਨ ਅਤੇ ਸਮਾਨ ਲਈ ਪੈਸਿਆਂ ਦਾ ਪ੍ਰਬੰਧ ਕਰਦੇ ਰਹਿਣਾ ਪੈਂਦਾ ਹੈ।''
ਮੈਂ ਤਾਂ ਸ਼ੁਰੂ ਵਿਚ ਹੀ ਕਹਿ ਦਿਤਾ ਸੀ ਕਿ ਅੱਧੇ ਪੈਸੇ ਦਾ ਪ੍ਰਬੰਧ ਮੈਂ ਅਖ਼ਬਾਰ ਰਾਹੀਂ ਕਰਵਾ ਦੇਵਾਂਗਾ ਪਰ ਬਾਕੀ ਅੱਧਾ ਪਾਠਕ ਦੇਣਗੇ, ਤਾਂ ਹੀ ਉੱਚਾ ਦਰ ਬਣ ਸਕੇਗਾ। ਮੈਂ ਹੀ ਜਾਣਦਾ ਹਾਂ ਕਿ ਅਸੀ ਅਪਣੇ ਉਤੇ ਕਿੰਨਾ ਕਰਜ਼ਾ ਚੜ੍ਹਾ ਲਿਆ ਤੇ ਹਰ ਕਿਸੇ ਦੇ ਤਰਲੇ ਮਿੰਨਤਾਂ ਕਰ ਕੇ, ਕਿਵੇਂ ਪੈਸੇ ਦਾ ਪ੍ਰਬੰਧ ਕੀਤਾ। ਹੁਣ ਹੋਰ ਸਮਰੱਥਾ ਨਹੀਂ ਰਹੀ, ਇਸ ਲਈ ਮੈਂ ਚਾਹੁੰਦਾ ਹਾਂ ਕਿ 80% ਕੰਮ ਪੂਰਾ ਹੋ ਚੁੱਕਾ ਹੈ ਤਾਂ ਸ. ਗੁਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਵਰਗੇ 100 ਕੁ ਨਾਨਕ-ਪੁੱਤਰ ਤੇ ਪੁਤਰੀਆਂ ਤਾਂ ਅੱਜ 'ਉੱਚਾ ਦਰ' ਵਿਚ ਹੋ ਰਹੀ ਮੀਟਿੰਗ ਵਿਚ ਜ਼ਰੂਰ ਹੀ ਨਿੱਤਰ ਆਉਣ ਜੋ ਆਖਣ, ''ਬਾਕੀ ਦੇ ਕੰਮ ਲਈ ਜਿੰਨੇ ਵੀ ਪੈਸੇ ਚਾਹੀਦੇ ਹੋਣਗੇ, ਅਸੀ ਦੇਵਾਂਗੇ ਤੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਇਸੇ ਸਾਲ ਮੁਕੰਮਲ ਕਰ ਕੇ ਚਾਲੂ ਵੀ ਕਰ ਕੇ ਰਹਾਂਗੇ।''
ਮੈਨੂੰ ਪਤਾ ਹੈ, 'ਨੋਟਬੰਦੀ' ਨੇ ਆਮ ਆਦਮੀ ਦੀ ਤਾਂ ਜੇਬ-ਬੰਦੀ ਤੇ ਜ਼ਬਾਨ-ਬੰਦੀ ਕਰ ਦਿਤੀ ਹੈ ਤੇ ਉਨ੍ਹਾਂ 'ਚੋਂ ਬਹੁਤੇ ਤਾਂ ਉਹ ਹਨ ਜਿਨ੍ਹਾਂ ਨੂੰ ਇਸ ਵੇਲੇ 'ਉੱਚਾ ਦਰ ਬਾਬੇ ਨਾਨਕ ਦਾ' ਤੋਂ ਮਦਦ ਦੀ ਲੋੜ ਹੈ। ਇਸ ਲਈ ਮੈਂ ਵੀ ਆਮ ਗ਼ਰੀਬ ਪਾਠਕ ਨੂੰ ਕੁੱਝ ਨਹੀਂ ਕਹਿ ਰਿਹਾ ਤੇ ਦਿਲੋਂ ਚਾਹੁੰਦਾ ਹਾਂ ਕਿ 'ਉੱਚਾ ਦਰ' ਛੇਤੀ ਤੋਂ ਛੇਤੀ ਇਨ੍ਹਾਂ ਲੋੜਵੰਦਾਂ ਤੇ ਦੁਖੀਆਂ ਦੀ ਮਦਦ ਸ਼ੁਰੂ ਕਰ ਦੇਵੇ। ਇਹ ਤਾਂ ਹੀ ਹੋ ਸਕਦਾ ਹੈ ਜੇ ਸ. ਗੁਰਦੀਪ ਸਿੰਘ ਤੇ ਬੀਬੀ ਮੀਨਾਕਸ਼ੀ ਬੇਦੀ ਵਰਗੇ ਲੋਕ ਸਹਿਜ ਅਵੱਸਥਾ ਵਿਚ ਜਾ ਕੇ ਸੰਤੁਸ਼ਟੀ ਪਾ ਚੁਕੇ ਹਨ, ਗ਼ਰੀਬਾਂ ਦੇ ਆਸਰੇ, ਨਿਸ਼ਕਾਮ ਸੇਵਾ ਦੇ ਕੁੰਡ ਅਤੇ ਸੁੱਚੇ ਗਿਆਨ ਦੇ, ਸਾਰੀ ਮਨੁੱਖਤਾ ਦੇ ਸਾਂਝੇ ਕੇਂਦਰ ਨੂੰ ਮੁਕੰਮਲ ਕਰਨ ਦੀ 20% ਬਾਕੀ ਰਹਿੰਦੀ ਜ਼ਿੰਮੇਵਾਰੀ, ਰਲ ਮਿਲ ਕੇ, ਅਪਣੇ ਉਪਰ ਲੈ ਲੈਣ।
ਜਿਥੋਂ ਤਕ ਮੇਰੀ ਤੇ ਮੇਰੇ ਪ੍ਰਵਾਰ ਦੀ ਗੱਲ ਹੈ, ਅਸੀ ਮਾਲਕੀ ਛੱਡੀ ਹੈ, ਪਰ ਜ਼ਿੰਦਗੀ ਦੇ ਆਖ਼ਰੀ ਸਾਹ ਤਕ ਜੋ ਵੀ 'ਉੱਚਾ ਦਰ' ਨੂੰ ਦੇ ਸਕਦੇ ਹੋਵਾਂਗੇ, ਵੱਧ ਤੋਂ ਵੱਧ ਦੇਂਦੇ ਰਹਾਂਗੇ ਤੇ ਬਿਨਾਂ ਕਿਸੇ ਲਾਲਚ ਦੇ, ਦੇਂਦੇ ਰਹਾਂਗੇ--ਇਸ ਲਈ ਨਹੀਂ ਕਿ ਇਸ ਦੀ ਉਸਾਰੀ ਅਸੀ ਚਿਤਵੀ ਤੇ ਆਰੰਭੀ ਸੀ ਬਲਕਿ ਇਸ ਲਈ ਕਿ ਇਹ ਬਾਬੇ ਨਾਨਕ ਦਾ 'ਉੱਚਾ ਦਰ' ਹੈ ਜੋ ਹਰ ਉਸ ਮਨੁੱਖ ਲਈ ਮੁਕੱਦਸ (ਪਵਿੱਤਰ) ਬਣਿਆ ਰਹੇਗਾ ਜੋ ਇਥੋਂ ਬਾਬੇ ਨਾਨਕ ਦਾ ਸੰਦੇਸ਼, ਇਸ ਦੇ ਖ਼ਾਲਸ (ਸ਼ੁਧ) ਰੂਪ ਵਿਚ ਸੁਣਨ ਲਈ ਆਇਆ ਕਰੇਗਾ। ਸਮੱਸਿਆ ਅੱਜ ਹੀ ਨਹੀਂ ਆਈ, ਭਵਿੱਖ ਵਿਚ ਵੀ ਆਉਂਦੀਆਂ ਰਹਿਣੀਆਂ ਹਨ। ਜਿੰਨੀ ਵੱਡੀ ਸੰਸਥਾ ਹੋਵੇ ਉਹ ਕੰਮ ਵੀ ਓਨੇ ਵੱਡੇ ਕਰ ਸਕਦੀ ਹੈ ਤੇ ਉਸ ਨੂੰ ਸਮੱਸਿਆਵਾਂ ਵੀ ਵੱਡੀਆਂ ਆਉਂਦੀਆਂ ਰਹਿੰਦੀਆਂ ਹਨ। ਅੱਜ ਤਾਂ ਸਾਰੇ ਮੈਂਬਰ ਰਲ ਕੇ ਇਕ ਛੋਟਾ ਜਿਹਾ ਹੰਭਲਾ ਮਾਰ ਕੇ ਹੀ, ਸਮੱਸਿਆ ਨੂੰ ਹੱਲ ਕਰ ਸਕਦੇ ਹਨ। ਸ. ਮਨਜੀਤ ਸਿੰਘ ਜਗਾਧਰੀ ਵਾਲਿਆਂ ਨੇ ਸੌਖਾ ਰਾਹ ਵੀ ਵਿਖਾ ਦਿਤਾ ਹੈ ਕਿ ਤਿੰਨ ਸਾਲ ਵਾਸਤੇ ਬਾਬੇ ਨਾਨਕ ਨੂੰ ਪੈਸਾ ਦੇ ਦਿਉ ਤੇ ਤਿੰਨ ਸਾਲ ਮਗਰੋਂ, ਕਮਾਈ ਵਿਚੋਂ ਵਾਪਸ ਵੀ ਲੈ ਲਉ। ਅੱਜ ਸਮਝੋ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਪਹਿਲੀ ਚੁਨੌਤੀ 'ਮਾਲਕਾਂ' ਸਾਹਮਣੇ ਆਈ ਹੈ। ਇਸ ਨੂੰ ਮਾੜੀ ਜਹੀ ਖੁਲ੍ਹਦਿਲੀ ਨਾਲ ਹੱਲ ਕਰ ਲਉ ਤਾਂ ਭਵਿੱਖ ਦੀ ਕੋਈ ਸਮੱਸਿਆ ਤੁਹਾਨੂੰ ਔਖੀ ਲੱਗੇਗੀ ਹੀ ਨਹੀਂ। ਸੋ ਆਉ ਸੱਚ ਦੇ 100 ਕੁ ਤਾਂ ਪੱਕੇ ਆਸ਼ਕ ਜ਼ਰੂਰ ਨਿਤਰੋ ਜੋ ਨਿਸ਼ਕਾਮ ਹੋ ਕੇ, 'ਉੱਚਾ ਦਰ ਬਾਬੇ ਨਾਨਕ ਦਾ' ਨਾਂ ਦੇ ਬਾਗ਼ ਦੇ ਮਾਲੀ ਬਣਨ ਲਈ ਤਿਆਰ ਹੋਣ ਤੇ ਵੱਧ ਤੋਂ ਵੱਧ ਸੇਵਾ ਕਰ ਕੇ, ਇਸ ਦੇ ਬਾਕੀ ਰਹਿੰਦੇ 20% ਕੰਮ ਨੂੰ ਨੇਪਰੇ ਚੜ੍ਹਾਉਣ ਦਾ ਪ੍ਰਣ ਲੈ ਕੇ ਡਟ ਜਾਣ। 'ਮਾਲਕੀ' ਤਾਂ ਉਨ੍ਹਾਂ ਨੂੰ ਆਪੇ ਹੀ ਮਿਲ ਜਾਣੀ ਹੈ। ਬਾਕੀ ਦੇ ਘੱਟ ਸਾਧਨਾਂ ਵਾਲੇ ਪਾਠਕਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਹਰ ਪਾਠਕ ਨੂੰ ਇਸ ਅੰਤਮ ਗੇੜੇ ਵਿਚ ਵੱਧ ਤੋਂ ਵੱਧ ਕੁਰਬਾਨੀ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ ਤਾਕਿ ਇਸ ਸਾਲ 'ਉੱਚਾ ਦਰ' ਜ਼ਰੂਰ ਹੀ ਸ਼ੁਰੂ ਹੋ ਜਾਏ ਤੇ ਸਾਰੀ ਮਾਨਵਤਾ ਨੂੰ ਸੁੱਖ ਵੰਡਣਾ ਸ਼ੁਰੂ ਕਰ ਦੇਵੇ। ਜਿਨ੍ਹਾਂ ਨੇ ਕੁੱਝ ਲੈਣਾ ਹੈ, ਉਹ ਤਿੰਨ ਸਾਲ ਲਈ ਲੈਣਾ ਅੱਗੇ ਪਾ ਦੇਣ ਤੇ ਉੱਚਾ ਦਰ ਨੂੰ ਪਹਿਲਾਂ ਮੁਕੰਮਲ ਹੋ ਕੇ ਕਮਾਈ ਕਰਨੀ ਸ਼ੁਰੂ ਕਰ ਲੈਣ ਦੇਣ। ਇਸ ਦੀ ਸਾਰੀ ਕਮਾਈ, ਲੋੜਵੰਦਾਂ ਨੂੰ ਹੀ ਮਿਲਣੀ ਹੈ, ਪ੍ਰਬੰਧਕਾਂ ਨੂੰ ਤਾਂ ਕੁੱਝ ਨਹੀਂ ਮਿਲਣਾ।