
ਅੰਮ੍ਰਿਤਸਰ ਦੀ ਹਵਾ ਵਿਚ ਪਹਿਲੀ ਵਾਰ ਜਦ ਮੈਂ ਸਾਹ ਲਿਆ ਤਾਂ ਇਹ ਉਹ ਦਿਨ ਸੀ ਜਦ ਪਾਕਿਸਤਾਨ ਨੇ ਮੈਨੂੰ ਤੇ ਮੇਰੇ ਮਾਪਿਆਂ ਨੂੰ ਅਪਣੇ ਦੇਸ਼ ਵਿਚੋਂ 'ਛੇਕ' ਦਿਤਾ ਸੀ ਤੇ ਗੋਲੀਆਂ ਦੀ ਵਾਛੜ ਹੇਠ ਦੌੜਦੇ-ਦੌੜਦੇ ਅਸੀ ਇਕ ਗੱਡੀ ਵਿਚ ਸਵਾਰ ਹੋਣ ਵਿਚ ਤਾਂ ਸਫ਼ਲ ਹੋ ਗਏ ਪਰ ਸਾਡੇ ਕੋਲ ਖਾਣ ਪੀਣ ਲਈ ਕੁੱਝ ਵੀ ਨਹੀਂ ਸੀ, ਨਾ ਕੋਈ ਕਪੜਾ ਲੱਤਾ ਹੀ ਸੀ। ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਗੱਡੀ ਰੁਕੀ ਤਾਂ ਚਾਰੇ ਪਾਸਿਉਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ, ''ਭੁੱਜੇ ਛੋਲੇ ਲੈ ਲਉ ਜੀ, ਚਾਹ ਲੈ ਲਉ ਜੀ... ਲੰਗਰ ਛੱਕ ਲਉ ਜੀ...।''ਲੰਮੇ ਦਾੜ੍ਹਿਆਂ ਵਾਲੇ ਦਰਸ਼ਨੀ ਸਿੱਖ, ਖਾਣ ਪੀਣ ਦੀਆਂ ਚੀਜ਼ਾਂ ਘੁੰਮ ਘੁੰਮ ਕੇ ਵੰਡ ਰਹੇ ਸਨ। ਮੈਂ ਉਸ ਵੇਲੇ 5 ਸਾਲ ਦਾ ਸੀ ਤੇ ਕੱਚੀ ਜਮਾਤ ਵਿਚ ਕੁੱਝ ਮਹੀਨੇ ਪਹਿਲਾਂ ਹੀ ਮਦਰੱਸੇ ਜਾਣਾ ਸ਼ੁਰੂ ਕੀਤਾ ਸੀ। ਸਾਡੇ ਇਲਾਕੇ ਵਿਚ, ਪਾਕਿਸਤਾਨ ਵਿਚ, ਮਦਰੱਸੇ ਹੀ ਹੋਇਆ ਕਰਦੇ ਸਨ, ਸਰਕਾਰੀ ਜਾਂ ਦੂਜੇ ਸਕੂਲ ਕੋਈ ਨਹੀਂ ਸਨ ਹੁੰਦੇ। ਮੈਨੂੰ ਪਤਾ ਸੀ, ਅਸੀ ਉਸ ਵੇਲੇ ਖ਼ਾਲੀ ਹੱਥ ਸੀ ਤੇ ਭੁੱਜੇ ਛੋਲੇ ਵੀ ਨਹੀਂ ਸੀ ਖ਼ਰੀਦ ਸਕਦੇ। ਮੈਂ ਮਾਂ ਨੂੰ ਪੁਛਿਆ, 'ਭੁੱਜੇ ਛੋਲੇ ਲੈਣ ਜੋਗੇ ਪੈਸੇ ਤਾਂ ਸਾਡੇ ਕੋਲ ਹੈ ਨਹੀਂ...।'' ਮਾਂ ਨੇ ਦਸਿਆ, ''ਨਹੀਂ ਪੁੱਤਰ, ਇਹ ਲੋਕ, ਛੋਲਿਆਂ ਬਦਲੇ ਪੈਸੇ ਨਹੀਂ ਲੈਂਦੇ। ਮੁਫ਼ਤ ਸੇਵਾ ਕਰ ਰਹੇ ਨੇ। ਅੰਬਰਸਰ ਦੇ ਲੋਕ, ਗੁਰੂ ਰਾਮ ਦਾਸ ਦੇ ਸਰੋਵਰ ਦੇ ਛੱਟੇ ਰੋਜ਼ ਮੂੰਹ ਤੇ ਮਾਰਦੇ ਨੇ ਤੇ ਅੰਮ੍ਰਿਤ ਦੀਆਂ ਚੁੱਲੀਆਂ ਭਰ-ਭਰ ਪੀਂਦੇ ਨੇ, ਇਸ ਲਈ ਬੜੇ ਚੰਗੇ ਲੋਕ ਨੇ। ਇਨ੍ਹਾਂ ਨੂੰ ਸਾਡੀ ਤਕਲੀਫ਼ ਦਾ ਪਤਾ ਹੈ, ਇਸ ਲਈ ਹਰ ਚੀਜ਼ ਮੁਫ਼ਤ ਦੇ ਰਹੇ ਨੇ...।'' ਇਹ ਸੀ ਅੰਮ੍ਰਿਤਸਰ ਨਾਲ ਕਰਵਾਈ ਗਈ ਮੇਰੀ ਪਹਿਲੀ ਜਾਣ-ਪਛਾਣ।
ਏਨੇ ਨੂੰ ਨਾਨਾ ਜੀ ਸਾਨੂੰ ਲਭਦੇ ਲਭਦੇ ਸਾਹਮਣੇ ਦਿਸ ਪਏ। ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਅਸੀ ਇਸ ਗੱਡੀ ਵਿਚ ਆ ਰਹੇ ਹਾਂ। ਉਹ ਸਵੇਰ ਤੋਂ ਸ਼ਾਮ ਤਕ, ਹਰ ਰੋਜ਼, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਆਉਣ ਵਾਲੀ ਹਰ ਗੱਡੀ ਨੂੰ ਫਰੋਲਦੇ ਕਿ ਕੋਈ ਤਾਂ ਗੱਡੀ ਹੋਵੇਗੀ ਜਿਸ ਵਿਚ ਉਨ੍ਹਾਂ ਦੀ ਬੇਟੀ (ਮੇਰੀ ਮਾਂ), ਉਨ੍ਹਾਂ ਦਾ ਜਵਾਈ (ਮੇਰੇ ਪਿਤਾ) ਤੇ ਮੈਂ ਤੇ ਛੋਟੀ ਭੈਣ ਬੈਠੇ ਮਿਲ ਜਾਵਾਂਗੇ। ਸਾਰੇ ਰੋ ਰੋ ਕੇ ਤੇ ਜੱਫੀਆਂ ਪਾ ਕੇ ਮਿਲੇ। ਨਾਨਾ ਜੀ ਸਾਨੂੰ ਘਰ ਲੈ ਗਏ। ਸਾਡੀ ਨਾਨੀ ਤਾਂ ਕਈ ਸਾਲ ਪਹਿਲਾਂ ਮਰ ਚੁੱਕੀ ਸੀ। ਘਰ ਵਿਚ ਇਕ ਆਸਾਮੀ ਸੇਵਾਦਾਰਨੀ ਘਰ ਦਾ ਸਾਰਾ ਕੰਮ ਕਰਦੀ ਸੀ। ਉਸ ਨੇ ਨਾਨਾ ਜੀ ਨੂੰ ਤਰਲੇ ਕੀਤੇ ਕਿ ਉਸ ਨੂੰ ਉਥੇ ਹੀ ਰਹਿ ਕੇ ਸੇਵਾ ਕਰਦੇ ਰਹਿਣ ਦਿਤਾ ਜਾਏ ਕਿਉਂਕਿ ਪਿਛਲੇ 15-20 ਸਾਲਾਂ ਤੋਂ ਉਸ ਦਾ ਆਸਾਮ ਨਾਲ ਕੋਈ ਨਾਤਾ ਨਹੀਂ ਸੀ ਰਿਹਾ ਤੇ ਉਸ ਦੀ ਕੋਈ ਔਲਾਦ ਵੀ ਨਹੀਂ ਸੀ। ਨਾਨਾ ਜੀ ਬੜੇ ਨਰਮ-ਦਿਲ ਤੇ ਸੰਤ-ਸੁਭਾਅ ਮਨੁੱਖ ਸਨ। ਉਹ ਮੰਨ ਗਏ। ਹੌਲੀ ਹੌਲੀ ਬੱਚੇ ਉਸ ਨੂੰ 'ਨਾਨੀ ਜੀ' ਕਹਿ ਕੇ ਬੁਲਾਉਣ ਲੱਗ ਪਏ ਤੇ ਉਸ ਨਕਲੀ ਨਾਨੀ ਨੇ ਸੱਭ ਕੁੱਝ ਅਪਣੇ ਨਾਂ ਕਰਵਾ ਲਿਆ। ਜਦ ਅਸੀ ਘਰ ਪਹੁੰਚੇ ਤਾਂ ਨਾਨੀ ਦੇ ਮੱਥੇ ਤੇ ਤਿਊੜੀਆਂ ਵੇਖ ਕੇ ਸਾਰੇ ਘਬਰਾ ਗਏ। ਬੋਲੀ, ''ਹੁਣੇ ਹੁਣੇ ਸਰਕਾਰ ਦਾ ਬੰਦਾ ਗਲੀ ਵਿਚ ਆ ਕੇ ਸਰਕਾਰੀ ਐਲਾਨ ਸੁਣਾ ਕੇ ਗਿਐ ਕਿ ਕਿਸੇ ਰਿਸ਼ਤੇਦਾਰ ਨੂੰ ਘਰ ਵਿਚ ਰੱਖਣ ਦੀ ਆਗਿਆ ਨਹੀਂ। ਜਿਹੜਾ ਬਾਹਰੋਂ ਆਏ ਕਿਸੇ ਰਿਸ਼ਤੇਦਾਰ ਨੂੰ ਘਰ ਵਿਚ ਰੱਖੇਗਾ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ। ਇਨ੍ਹਾਂ ਨੂੰ ਛੇਤੀ ਛੇਤੀ ਦਾਲ ਫੁਲਕਾ ਖਵਾ ਕੇ ਦਰਬਾਰ ਸਾਹਿਬ ਛੱਡ ਆਉ, ਮੈਂ ਘਰ ਵਿਚ ਰੱਖ ਕੇ ਕੋਈ ਮੁਸੀਬਤ ਨਹੀਂ ਸਹੇੜ ਸਕਦੀ।''ਨਾਨਾ ਜੀ ਨੇ ਬੜਾ ਸਮਝਾਇਆ ਕਿ ਇਹ ਮੇਰੇ ਧੀ ਜਵਾਈ ਨੇ, ਇਨ੍ਹਾਂ ਨੂੰ ਘਰ ਵਿਚ ਰਖਣੋਂ ਕੋਈ ਨਹੀਂ ਰੋਕਦਾ, ਸਰਕਾਰ ਤਾਂ ਬਸ ਏਨਾ ਹੀ ਚਾਹੁੰਦੀ ਹੈ ਕਿ ਅਣਜਾਣੇ ਸ਼ਰਾਰਤੀ ਲੋਕ, ਬਾਹਰੋਂ ਆ ਕੇ ਰਿਸ਼ਤੇਦਾਰੀ ਦਾ ਪੱਜ ਪਾ ਕੇ, ਘਰਾਂ ਵਿਚ ਨਾ ਠਹਿਰ ਸਕਣ। ਅਪਣੇ ਬੱਚਿਆਂ ਨੂੰ ਘਰ ਵਿਚ ਰੱਖਣ ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ। ਪਰ ਮਤਰਈ ਨਾਨੀ ਤੇ ਕੋਈ ਅਸਰ ਨਾ ਹੋਇਆ ਤੇ ਉਹ ਤਣ ਕੇ, ਆਸਾਮੀ ਅੰਦਾਜ਼ ਵਿਚ ਬੋਲੀ, ''ਇਨ੍ਹਾਂ ਨੂੰ ਦਰਬਾਰ ਸਾਹਿਬ ਛੱਡ ਆ ਬੰਦਿਆ ਨਹੀਂ ਤਾਂ ਮੈਂ ਪੁਲੀਸ ਨੂੰ ਖ਼ਬਰ ਕਰ ਦਿਆਂਗੀ।''ਸੰਤ-ਸੁਭਾਅ ਨਾਨਾ ਜੀ ਰੋਂਦੇ ਰੋਂਦੇ ਸਾਨੂੰ ਦਰਬਾਰ ਸਾਹਿਬ ਲੈ ਗਏ। ਪਰਕਰਮਾ ਵਿਚ ਸੈਂਕੜੇ ਲੋਕ ਚਾਦਰਾਂ ਵਿਛਾ ਕੇ ਰਾਤ ਕੱਟਣ ਲਈ ਥਾਂ ਲੱਭ ਰਹੇ ਸਨ। ਅਧਖੜ ਉਮਰ ਦੇ ਇਕ ਸਰਦਾਰ ਜੀ ਆ ਕੇ ਨਾਨਾ ਜੀ ਨੂੰ ਪੁੱਛਣ ਲਗੇ, ''ਪਾਕਿਸਤਾਨੋਂ ਆਏ ਹੋ? ਛੋਟੇ ਬੱਚਿਆਂ ਨਾਲ ਇਥੇ ਕਿਵੇਂ ਰਹੋਗੇ? ਔਹ ਸਾਹਮਣੇ ਮੇਰਾ ਘਰ ਹੈ। ਮੇਰੀ ਪਤਨੀ ਪੇਕੇ ਗਈ ਹੋਈ ਹੈ। ਚਾਹੋ ਤਾਂ ਹਫ਼ਤਾ ਭਰ ਮੇਰੇ ਕੋਲ ਰਹਿ ਸਕਦੇ ਹੋ।''ਘਰ ਕੀ ਸੀ, ਨਿਰਾ ਸਵਰਗ ਸੀ। ਰੋਟੀ ਪਾਣੀ ਦੀ ਚੰਗੀ ਸੇਵਾ ਉਨ੍ਹਾਂ ਕੀਤੀ। ਮਾਂ ਨੇ ਚੌਕਾ ਸੰਭਾਲ ਲਿਆ। ਰਾਤ ਮੰਜੇ ਤੇ ਪਏ ਤਾਂ ਦਰਬਾਰ ਸਾਹਿਬ ਵਿਚ ਹੋ ਰਿਹਾ ਕੀਰਤਨ ਸਾਫ਼ ਸੁਣਾਈ ਦੇਂਦਾ ਸੀ ਤੇ ਸਵਰਗ-ਨਾਦ ਵਾਂਗ ਲਗਦਾ ਸੀ। ਸਵੇਰੇ ਉਠਦੇ ਤਾਂ ਵੀ ਕੀਰਤਨ ਦੀਆਂ ਧੁਨੀਆਂ ਮਨ ਨੂੰ ਮੋਹ ਲੈਂਦੀਆਂ ਸਨ। 70 ਸਾਲ ਮਗਰੋਂ ਵੀ ਮੈਂ ਅੱਜ ਤਕ ਕੀਰਤਨ ਦਾ ਉਹ ਸਵਾਦ ਨਹੀਂ ਭੁਲ ਸਕਿਆ। ਇੰਜ ਲਗਦਾ ਸੀ ਜਿਵੇਂ ਸਵਰਗ ਦੇ ਝੂਟੇ ਦਿਵਾਉਣ ਲਈ ਹੀ ਰੱਬ ਨੇ ਰੀਫ਼ੀਊਜੀ ਬਣਾਇਆ ਸੀ। ਮਾਂ ਬੜੀ ਖ਼ੁਸ਼ ਹੋ ਕੇ ਮੈਨੂੰ ਕਹਿੰਦੀ, ''ਮੈਂ ਤੈਨੂੰ ਕਹਿੰਦੀ ਸੀ ਨਾ, ਅੰਮ੍ਰਿਤਸਰ ਦੇ ਲੋਕ ਬੜੇ ਚੰਗੇ ਨੇ। ਇਥੋਂ ਰੋਜ਼ ਚਰਨਾਮਰਤ ਲੈਣ ਵਾਲੇ, ਕਦੇ ਕਿਸੇ ਬੁਰੀ ਗੱਲ ਬਾਰੇ ਸੋਚ ਹੀ ਨਹੀਂ ਸਕਦੇ। ਲੜਦੇ ਤਾਂ ਬਿਲਕੁਲ ਵੀ ਨਹੀਂ। ਨਾਨਾ ਜੀ ਨੂੰ ਤਾਂ ਤੂੰ ਵੇਖ ਈ ਲਿਐ, ਨਾਨੀ ਨਾਲ ਲੜੇ ਨਹੀਂ ਭਾਵੇਂ ਉਸ ਦੇ ਕਲੇਜੇ ਵਿਚ ਠੰਢ ਪਾਉਣ ਲਈ, ਬੱਚਿਆਂ ਨੂੰ ਦਰਬਾਰ ਸਾਹਿਬ, ਗੁਰੂ ਰਾਮ ਦਾਸ ਦੇ ਹਵਾਲੇ ਵੀ ਕਰਨਾ ਪਿਆ ਤਾਂ ਕਰ ਦਿਤਾ। ਇਥੇ ਲੜਨਾ ਕਿਸੇ ਨੂੰ ਆਉਂਦਾ ਹੀ ਨਹੀਂ।''
ਹਫ਼ਤੇ ਬਾਅਦ ਸਰਕਾਰ ਨੇ 'ਬਾਹਰੋਂ ਆਏ ਰਿਸ਼ਤੇਦਾਰਾਂ ਨੂੰ ਘਰ ਵਿਚ ਠਹਿਰਾਉਣ' ਤੇ ਲਾਈ ਰੋਕ ਵਾਪਸ ਲੈ ਲਈ। ਨਾਨਾ ਜੀ ਸਾਨੂੰ ਘਰ ਲੈ ਗਏ ਪਰ 'ਨਾਨੀ' ਦੇ ਤੇਵਰ ਵੇਖ ਕੇ, ਉਨ੍ਹਾਂ ਅਗਲੇ ਹੀ ਦਿਨ, ਉਸੇ ਗਲੀ ਵਿਚ, ਸਾਨੂੰ ਇਕ ਵਖਰਾ ਘਰ ਲੈ ਦਿਤਾ, ਭਾਵੇਂ ਖ਼ਰਚਾ ਸਾਰਾ ਉਹੀ ਦੇਂਦੇ ਸਨ। ਕਿਸਮਤ ਅਜ਼ਮਾਈ ਲਈ ਪਿਤਾ ਜੀ ਬੰਬਈ ਕਿਸੇ ਦੋਸਤ ਕੋਲ ਚਲੇ ਗਏ। ਮੈਨੂੰ ਸਕੂਲੇ ਪਾ ਦਿਤਾ ਗਿਆ। ਅੰਮ੍ਰਿਤਸਰ ਦੀਆਂ ਗਲੀਆਂ 'ਚੋਂ ਲੰਘਦਿਆਂ ਬਤਖ਼ਾਂ ਦੇ ਝੁੰਡ ਸਵੇਰੇ ਸ਼ਾਮ 'ਗੜੈਂ ਗੜੈਂ' ਕਰਦੈ ਮੈਨੂੰ ਬੜੇ ਚੰਗੇ ਲਗਦੇ। ਸ਼ਾਇਦ ਉਨ੍ਹਾਂ ਦਿਨਾਂ ਦਾ ਹੀ ਅਸਰ ਹੈ ਕਿ ਜਿਥੇ ਵੀ ਮੈਨੂੰ ਬਤਖ਼ਾਂ ਦਾ ਝੁੰਡ ਚਲਦਾ ਨਜ਼ਰ ਆ ਜਾਂਦਾ ਹੈ, ਮੈਨੂੰ ਲਗਦਾ ਹੈ ਜਿਵੇਂ ਇਹ ਅੰਮ੍ਰਿਤਸਰ ਵਾਲੀਆਂ ਹੀ ਬਤਖ਼ਾਂ ਹਨ ਜੋ ਅਪਣੀ ਖ਼ੂਬਸੂਰਤੀ ਤੇ ਵਿਸ਼ੇਸ਼ ਆਵਾਜ਼ ਦੇ 'ਸਮੂਹ ਗਾਨ' ਨਾਲ ਮੈਨੂੰ ਅਪਣੇ ਵਲ ਖਿੱਚ ਰਹੀਆਂ ਹਨ। ਉਨ੍ਹਾਂ ਨੂੰ ਵੀ ਝੁੰਡ ਵਿਚ ਚਲਦਿਆਂ, ਕਦੇ ਲੜਦਿਆਂ ਨਹੀਂ ਵੇਖਿਆ। ਸ਼ਾਇਦ ਸਾਰੀਆਂ ਬਤਖ਼ਾਂ 'ਅੰਬਰਸਰਨੀਆਂ' ਹੀ ਹੁੰਦੀਆਂ ਹਨ- ਮੈਂ ਇਸ ਤਰ੍ਹਾਂ ਸੋਚਦਾ ਸੀ।
ਦਰਬਾਰ ਸਾਹਿਬ ਜਾ ਕੇ ਬੜਾ ਅਨੰਦ ਆਉਂਦਾ ਸੀ। ਮਿੱਠੇ ਪ੍ਰਸ਼ਾਦ ਦਾ ਗੱਫਾ ਹਰ ਕਿਸੇ ਨੂੰ ਮਿਲਦਾ ਹੀ ਮਿਲਦਾ ਸੀ ਪਰ ਮੈਂ ਚਾਰ ਚਾਰ ਵਾਰ ਪ੍ਰਸ਼ਾਦ ਲੈਂਦਾ ਸੀ। ਇਕ ਚੱਕਰ ਮਾਰ ਕੇ ਦੂਜੀ ਵਾਰ ਪ੍ਰਸ਼ਾਦ ਲੈਣ ਲਈ ਹੱਥ ਅੱਗੇ ਕਰਦਾ ਤਾਂ ਵਿਚੋਂ ਡਰ ਵੀ ਰਿਹਾ ਹੁੰਦਾ ਸੀ ਕਿ ਭਾਈ ਜੀ ਨੇ ਮੈਨੂੰ ਪਛਾਣ ਲਿਆ ਤਾਂ ਦਬਕਾ ਮਾਰਨਗੇ ਪਰ ਉਨ੍ਹਾਂ ਨੇ ਕਦੇ ਵੀ ਅਜਿਹਾ ਨਾ ਕੀਤਾ। ਮੈਂ ਅਪਣੇ ਮਨ ਨੂੰ ਅਪਣੇ ਮਾਂ ਦੇ ਬੋਲ ਸੁਣਾ ਕੇ ਸਮਝਾਉਂਦਾ, ਇਥੋਂ ਦੇ ਲੋਕ ਬੜੇ ਚੰਗੇ ਨੇ। ਕਿਸੇ ਦੀ ਗ਼ਲਤੀ ਵੇਖ ਕੇ ਵੀ ਕੁੱਝ ਨਹੀਂ ਕਹਿੰਦੇ। ਚਾਰ ਵਾਰ ਕੜਾਹ ਪ੍ਰਸ਼ਾਦ ਲੈਣ ਦਾ ਕਾਰਨ ਇਹ ਸੀ ਕਿ ਇਹ ਪ੍ਰਸ਼ਾਦ ਮੱਛੀਆਂ ਨੂੰ ਖਵਾ ਕੇ ਬੜਾ ਅਨੰਦ ਮਿਲਦਾ ਸੀ। ਜਦ ਮੱਛੀਆਂ ਮੇਰੇ ਨੇੜੇ ਹੋ ਕੇ ਹੋਰ ਪ੍ਰਸ਼ਾਦ ਝੜੁੱਪਣ ਲਈ ਮੂੰਹ ਉੱਚਾ ਕਰਦੀਆਂ ਤਾਂ ਬੜਾ ਸਵਾਦ ਆਉਂਦਾ। ਉਹ ਨਜ਼ਾਰਾ ਵਾਰ ਵਾਰ ਵੇਖਣ ਲਈ ਹੀ, ਮੈਂ ਚੰਗੀ ਤਰ੍ਹਾਂ ਹੱਥ ਸਾਫ਼ ਕਰ ਕੇ, ਫੜੇ ਜਾਣ ਦੇ ਡਰ ਹੇਠ, ਚਾਰ ਚਾਰ ਵਾਰ ਪ੍ਰਸ਼ਾਦ ਲੈਣ ਦਾ ਜੋਖਮ ਉਠਾਂਦਾ। ਸਾਲ ਕੁ ਬਾਅਦ ਅਸੀ ਅੰਬਾਲੇ ਜਾ ਕੇ ਰਹਿਣ ਲੱਗ ਪਏ ਪਰ ਹਰ ਸਾਲ ਛੁੱਟੀਆਂ ਮਨਾਉਣ ਲਈ ਮੈਂ ਅੰਮ੍ਰਿਤਸਰ ਜ਼ਰੂਰ ਜਾਂਦਾ ਕਿਉਂਕਿ ਨਾਨਾ ਜੀ ਮੈਨੂੰ ਹਰ ਰੋਜ਼ ਦਰਬਾਰ ਸਾਹਿਬ ਦੋ ਘੰਟੇ ਖੁਲ੍ਹਾ ਛੱਡ ਦੇਂਦੇ ਸਨ ਜਿਸ ਕਰ ਕੇ ਕੀਰਤਨ ਦਾ ਅਨੰਦ ਲੈਣ ਦੇ ਨਾਲ ਨਾਲ ਮੱਛੀਆਂ ਨੂੰ ਕੜਾਹ ਪ੍ਰਸ਼ਾਦ ਛਕਦਿਆਂ ਵੇਖ ਕੇ ਖ਼ੁਸ਼ ਹੋਣ ਦਾ ਇਹ ਮੌਕਾ 7ਵੀਂ ਜਮਾਤ ਤਕ ਕਦੇ ਨਾ ਖੁੰਝਣ ਦਿਤਾ। ਸ਼ਾਮ ਨੂੰ ਮੈਨੂੰ ਜਲਿਆਂ ਵਾਲੇ ਬਾਗ਼ ਲਿਜਾ ਕੇ ਨਾਨਾ ਜੀ ਬੱਚਿਆਂ ਨਾਲ ਖੇਡਣ ਲਈ ਖੁਲ੍ਹਾ ਸਮਾਂ ਦੇ ਦੇਂਦੇ ਸਨ। ਨਿਆਜ਼ਬੋ ਦੇ ਬੂਟੇ ਸੈਂਕੜਿਆਂ ਦੀ ਗਿਣਤੀ ਵਿਚ ਲੱਗੇ ਹੁੰਦੇ ਸਨ। ਉਨ੍ਹਾਂ ਦੀ ਪੁਦੀਨੇ ਵਰਗੀ ਮਹਿਕ, ਮੈਨੂੰ ਅੱਜ ਤਕ ਨੱਕ ਵਿਚ ਕਿਧਰੇ ਲੁਕ ਕੇ ਬੈਠ ਗਈ ਲਗਦੀ ਹੈ। ਬਾਜ਼ਾਰਾਂ 'ਚੋਂ ਲੰਘਦਿਆਂ, ਰੇੜ੍ਹੀਆਂ ਉਤੇ ਮਿਸ਼ਰੀ ਦੀਆਂ ਕੁੱਜੀਆਂ (ਡਲੀਆਂ) ਸਜਾ ਕੇ, ਵੇਚਣ ਲਈ ਰਖੀਆਂ ਹੁੰਦੀਆਂ ਸਨ। ਮੈਂ ਵੀ ਲੈ ਕੇ ਖਾਧੀਆਂ। ਬਹੁਤ ਸਵਾਦੀ ਲਗੀਆਂ। ਖੰਡ ਦੀ ਮਿਠਾਸ ਤਾਂ ਮਿਸਰੀ ਸਾਹਮਣੇ ਫਿੱਕੀ ਪੈ ਜਾਂਦੀ ਹੈ। ਹੋਰ ਕਿਸੇ ਸ਼ਹਿਰ ਵਿਚ, ਮੈਂ ਮਿਸ਼ਰੀ ਦੀਆਂ ਡਲੀਆਂ ਇਸ ਤਰ੍ਹਾਂ ਰੇੜ੍ਹੀਆਂ ਉਤੇ ਵੇਚੀਆਂ ਜਾਂਦੀਆਂ ਅੱਜ ਤਕ ਨਹੀਂ ਵੇਖੀਆਂ। ਮੈਂ ਅਪਣੇ ਆਪ ਨੂੰ ਕਿਹਾ, 'ਏਨੀ ਮਿਸ਼ਰੀ ਖਾਣ ਕਰ ਕੇ ਹੀ ਸ਼ਾਇਦ ਇਥੋਂ ਦੇ ਲੋਕ ਏਨੇ ਮਿੱਠੇ ਹਨ ਤੇ ਨਾ ਲੜਦੇ ਹਨ, ਨਾ ਮੇਰੇ ਵਰਗਿਆਂ ਦੀ ਗ਼ਲਤੀ ਵੇਖ ਕੇ ਉਨ੍ਹਾਂ ਨਾਲ ਗੁੱਸੇ ਹੀ ਹੁੰਦੇ ਹਨ।'ਜਵਾਨੀ ਵਿਚ ਮੇਰਾ ਇਕ ਹੀ ਸੁਪਨਾ ਹੁੰਦਾ ਸੀ ਕਿ ਵੱਡਾ ਹੋ ਕੇ ਮੈਂ ਅੰਮ੍ਰਿਤਸਰ ਵਿਚ ਘਰ ਬਣਾ ਕੇ ਰਹਾਂਗਾ। ਮੈਂ ਸੋਚਿਆ ਕਰਦਾ ਸੀ ਕਿ ਮੇਰੀ ਮਾਂ ਦਾ ਪੇਕਾ ਸ਼ਹਿਰ, ਅੰਮ੍ਰਿਤਸਰ ਸ਼ਾਇਦ ਦੁਨੀਆਂ ਦਾ ਸੱਭ ਤੋਂ ਚੰਗਾ ਤੇ ਮਿੱਠਾ ਸ਼ਹਿਰ ਹੈ ਤੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ, ਉਹੀ ਇਥੇ ਰਹਿ ਸਕਦੇ ਨੇ।ਪਰ 1984 ਵਿਚ ਜੋ ਕੁੱਝ ਇਥੇ ਹੋਇਆ ਤੇ ਫਿਰ 6 ਜੂਨ ਨੂੰ ਹਰ ਸਾਲ ਜਿਵੇਂ ਸਿੱਖਾਂ ਦੇ ਆਗੂ ਹੀ ਘਲੂਘਾਰਾ ਦਿਵਸ ਦੀ ਯਾਦ ਮਨਾਉਂਦੇ ਹੋਏ, ਤਲਵਾਰਾਂ ਲਹਿਰਾ ਕੇ, ਪੱਗਾਂ ਉਛਾਲਦੇ ਹਨ ਤੇ ਇਕ ਦੂਜੇ ਨੂੰ ਘਟੀਆ ਸਾਬਤ ਕਰਨ ਲਈ ਜੋ ਕੁੱਝ ਮੂੰਹ ਤੋਂ ਬੋਲਦੇ ਹਨ, ਉਸ ਵਲ ਵੇਖ ਕੇ ਲਗਦਾ ਹੈ, ਇਹ ਤਾਂ ਉਹ ਸ਼ਹਿਰ ਹੀ ਨਹੀਂ ਜੋ ਛੋਟੇ ਹੁੰਦਿਆਂ, ਮੇਰੇ ਸੁਪਨਿਆਂ ਦਾ ਸ਼ਹਿਰ ਹੁੰਦਾ ਸੀ। ਨਹੀਂ, ਸ਼ਹਿਰ ਸਾਰੇ ਹੀ ਚੰਗੇ ਹੁੰਦੇ ਨੇ ਜੇ ਉਥੋਂ ਦੇ ਮੁਖੀ ਚੰਗੇ ਹੋਣ। ਹੁਣ ਜੇ ਮੈਨੂੰ ਰਹਿਣ ਲਈ ਥਾਂ ਦੀ ਚੋਣ ਕਰਨ ਦੀ ਖੁਲ੍ਹ ਹੋਵੇ ਤਾਂ ਮੈਂ ਲੰਦਨ ਦੀ ਪ੍ਰਿੰਸ ਸਟਰੀਟ ਚੁਣਾਂ ਜਾਂ ਸਾਨ ਫ਼ਰਾਂਸਿਸਕੋ (ਅਮਰੀਕਾ) ਦਾ ਸਮੁੰਦਰੀ ਤਟ ਚੁਣਾਂ ਜਿਥੇ ਡੋਲਫ਼ਿਨ ਮੱਛੀਆਂ ਤੁਹਾਡੇ ਇਸ਼ਾਰੇ ਤੇ ਨਾਚ ਵੀ ਕਰਨ ਲਗਦੀਆਂ ਹਨ ਤੇ ਲੋਕ ਵੀ ਬਹੁਤ ਚੰਗੇ ਹਨ। ਲੜਦੇ ਬਿਲਕੁਲ ਨਹੀਂ ਤੇ ਅਪਣੇ ਆਪ ਨੂੰ 'ਵੱਡਾ' ਤੇ 'ਸੁੱਚਾ' ਦੱਸਣ ਲਈ ਦੂਜੇ ਦਾ ਅਪਮਾਨ ਨਹੀਂ ਕਰਦੇ ਤੇ ਅਪਣੀ ਗੱਲ ਤੁਹਾਡੇ ਤੋਂ ਮਨਵਾਉਣ ਲਈ ਲਾਠੀ, ਗੋਲੀ, ਕ੍ਰਿਪਾਨ ਦਾ ਸਹਾਰਾ ਬਿਲਕੁਲ ਵੀ ਨਹੀਂ ਲੈਂਦੇ। ਉਨ੍ਹਾਂ ਦੀ ਬਰਾਬਰੀ ਕਰਨ ਵਾਲਾ ਤਾਂ ਇਕ ਵੀ ਸ਼ਹਿਰ ਹੁਣ ਅਪਣੇ ਦੇਸ਼ ਵਿਚ ਨਜ਼ਰ ਨਹੀਂ ਆਉਂਦਾ। ਅਸੀ ਤਾਂ ਵਿਖਾਵੇ ਦੇ 'ਧਰਮੀ' ਹਾਂ, ਉਂਜ ਅੰਦਰੋਂ ਅਸੀ ਕੀ ਹਾਂ, ਰੱਬ ਹੀ ਜਾਣਦਾ ਹੈ। ਜੋ ਵੀ ਹੈ, ਇਸ ਉਮਰ ਵਿਚ ਆ ਕੇ, ਕਿਸੇ ਪਛੜੇ ਹੋਏ ਪਿੰਡ ਵਿਚ ਤਾਂ ਰਹਿਣਾ ਮੰਨ ਸਕਦਾ ਹਾਂ ਪਰ ਅਪਣੇ 'ਸੁਪਨਿਆਂ ਦੇ ਸ਼ਹਿਰ' ਵਿਚ ਰਹਿਣ ਦੀ ਗੱਲ ਹੁਣ ਸੋਚਣ ਵੀ ਨਹੀਂ ਹੁੰਦੀ। ਅੰਮ੍ਰਿਤਸਰ ਸ਼ਹਿਰ ਤਾਂ ਉਹੀ ਹੈ ਪਰ ਸਾਡੇ 'ਧਰਮੀ ਆਗੂਆਂ' ਤੇ ਧਰਮ ਦੇ ਨਾਂ ਤੇ ਰਾਜਨੀਤੀ ਦਾ ਵਪਾਰ ਕਰਨ ਵਾਲਿਆਂ ਨੇ ਇਸ ਨੂੰ ਮੇਰੇ ਵਰਗਿਆਂ ਲਈ ਰਹਿਣ ਜੋਗਾ ਨਹੀਂ ਛਡਿਆ।