
ਮੈਨੂੰ 'ਬੁਜ਼ਦਿਲੀ' ਵਿਖਾਣ ਦਾ ਤਾਹਨਾ ਤਾਂ ਭਾਵੇਂ ਸੁਣਨ ਨੂੰ ਮਿਲ ਜਾਂਦਾ ਪਰ ਬਾਬੇ ਨਾਨਕ ਦਾ ਸੁਨੇਹਾ ਤਾਂ 'ਉੱਚੇ ਦਰ' ਤੋਂ ਗੂੰਜਣਾ ਸ਼ੁਰੂ ਹੋ ਹੀ ਜਾਂਦਾ... ਪਰ ਜਿਨ੍ਹਾਂ ਸਿੱਖਾਂ ਉਤੇ ਟੇਕ ਰੱਖ ਕੇ ਸਾਂਝਾ ਕੌਮੀ ਕਾਰਜ ਸ਼ੁਰੂ ਕੀਤਾ ਗਿਆ ਸੀ, ਉਨ੍ਹਾਂ ਨੇ ਤਾਂ ਮੇਰਾ, ਬਾਬੇ ਨਾਨਕ ਦਾ ਜਾਂ ਸਿਸਕੀਆਂ ਲੈ ਰਹੀ ਸਿੱਖੀ ਦਾ ਦਰਦ ਕਦੇ ਵੀ ਨਹੀਂ ਸਮਝਣਾ ਕਿਉਂਕਿ ਮਾਇਆ ਦੀ ਪਕੜ, ਉਨ੍ਹਾਂ ਨੂੰ ਕਦੇ ਸਮਝਣ ਹੀ ਨਹੀਂ ਦੇਵੇਗੀ।
J ਮੈਂ ਪਿਛਲੇ 50 ਸਾਲਾਂ ਵਿਚ ਅਪਣਾ ਇਕ ਘਰ ਵੀ ਨਹੀਂ ਬਣਾਇਆ ਤੇ ਅੱਜ ਵੀ ਕਿਰਾਏ ਦੇ ਮਕਾਨ ਵਿਚ ਰਹਿੰਦਾ ਹਾਂ। ਮੈਨੂੰ ਇਸ ਦਾ ਜ਼ਰਾ ਜਿੰਨਾ ਵੀ ਦੁੱਖ ਜਾਂ ਅਫ਼ਸੋਸ ਕਦੇ ਨਹੀਂ ਹੋਇਆ। J ਮੇਰਾ ਅਪਣਾ ਬੈਂਕ ਬੈਲੈਂਸ ਹਮੇਸ਼ਾ ਨਾ ਹੋਇਆਂ ਵਰਗਾ ਹੀ ਰਿਹਾ ਹੈ ਤੇ ਜਦੋਂ ਕਦੇ ਦੋ ਤਿੰਨ ਲੱਖ ਰੁਪਏ ਇਸ ਵਿਚ ਜਮ੍ਹਾਂ ਹੋ ਜਾਂਦੇ ਹਨ ਤਾਂ ਮੈਨੂੰ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਦੀ ਅਚਿਉਂ ਲੱਗ ਜਾਂਦੀ ਹੈ ਕਿ ਬੈਂਕ ਵਿਚ ਪੈਸਾ 'ਬੇਕਾਰ' ਜਿਹਾ ਹੋ ਕੇ ਕਿਉਂ ਪਿਆ ਹੈ। ਪਿਛਲੇ ਕੁੱਝ ਸਾਲਾਂ ਤੋਂ ਜੋ ਵੀ ਪੈਸਾ ਮੇਰੇ ਕੋਲ ਆਉਂਦਾ ਹੈ, ਉਹ ਮੈਂ ਤੁਰਤ 'ਉੱਚਾ ਦਰ' ਲਈ ਭੇਜ ਦੇਂਦਾ ਹਾਂ। ਅਪਣੇ ਖ਼ਾਲੀ ਖਾਤੇ ਵਲ ਵੇਖ ਕੇ ਮੈਨੂੰ ਕਦੇ ਦੁੱਖ ਨਹੀਂ ਹੋਇਆ।J ਸਾਰੇ ਭਾਰਤ ਜਾਂ ਸੰਸਾਰ ਵਿਚ ਮੇਰੀ ਇਕ ਰੁਪਏ ਜਿੰਨੀ ਵੀ ਜ਼ਮੀਨ ਜਾਇਦਾਦ ਨਹੀਂ ਪਰ ਇਸ ਦਾ ਮੈਨੂੰ ਕਦੇ ਅਫ਼ਸੋਸ ਨਹੀਂ ਹੋਇਆ। ਇਸ ਦੇ ਬਾਵਜੂਦ, 'ਨਿੰਦਕ' ਲੋਕ ਹਵਾਈਆਂ ਛਡਦੇ ਰਹਿੰਦੇ ਹਨ ਕਿ ਮੈਂ 'ਕਰੋੜਾਂ ਰੁਪਏ ਇਕੱਠੇ ਕਰ ਲਏ ਹਨ' ਤੇ ਵਿਦੇਸ਼ਾਂ ਵਿਚ ਭੱਜ ਜਾਵਾਂਗਾ। ਦਸ ਸਾਲ ਪਹਿਲਾਂ ਮੇਰਾ ਪਾਸਪੋਰਟ ਸਮਾਂ ਪੁਗਾ ਕੇ ਖ਼ਤਮ ਹੋ ਗਿਆ ਸੀ। ਮੈਂ ਕਦੇ ਨਵਾਂ ਬਣਵਾਇਆ ਹੀ ਨਹੀਂ, ਇਸ ਲਈ ਮੈਂ ਤਾਂ ਨਨਕਾਣਾ ਸਾਹਿਬ (ਲਾਹੌਰ) ਤਕ ਵੀ ਨਹੀਂ ਜਾ ਸਕਦਾ। ਪਰ ਮੈਨੂੰ ਇਸ ਦਾ ਵੀ ਕੋਈ ਦੁੱਖ ਨਹੀਂ। J ਮੇਰੇ ਉਤੇ ਝੂਠੇ ਮੁਕੱਦਮੇ ਬਣਾਏ ਗਏ। ਮੈਂ ਪਿਛਲੇ ਲੰਮੇ ਸਮੇਂ ਤੋਂ ਕਚਹਿਰੀਆਂ, ਥਾਣਿਆਂ ਦੇ ਚੱਕਰ ਕਟਦਾ ਰਿਹਾ ਹਾਂ ਤੇ ਅੱਜ ਵੀ ਕੱਟ ਰਿਹਾ ਹਾਂ। ਪਰ ਮੈਂ ਕਦੇ ਕੋਈ ਦੁੱਖ ਨਹੀਂ ਮੰਨਿਆ ਕਿਉਂਕਿ ਸੱਚ ਨਾਲ ਖੜੇ ਹੋਣ ਵਾਲਿਆਂ ਨੂੰ ਸਦਾ ਹੀ ਵੱਡੀਆਂ ਸਜ਼ਾਵਾਂ ਭੁਗਤਣੀਆਂ ਪਈਆਂ ਹਨ, ਮੈਨੂੰ ਤਾਂ ਬਹੁਤ ਛੋਟੀ ਸਜ਼ਾ ਮਿਲੀ ਹੈ।
J ਮੈਂ ਦੋਹਾਂ ਬੇਟੀਆਂ ਦੇ ਵਿਆਹ ਬੜੇ ਗ਼ਰੀਬੀ ਦਾਅਵੇ ਨਾਲ ਕੀਤੇ। ਕੋਈ ਕਾਰਡ ਨਹੀਂ ਸਨ ਵੰਡੇ, ਕੋਈ ਰੋਸ਼ਨੀਆਂ ਨਹੀਂ ਸਨ ਕੀਤੀਆਂ, ਕੋਈ ਵਾਜੇ ਨਹੀਂ ਸਨ ਵੱਜਣ ਦਿਤੇ। ਮੈਨੂੰ ਉਸ ਦਾ ਵੀ ਕੋਈ ਦੁਖ ਨਹੀਂ, ਕੋਈ ਅਫ਼ਸੋਸ ਨਹੀਂ।J ਮੈਨੂੰ ਹਾਕਮਾਂ ਵਲੋਂ ਆਪ ਆ ਕੇ ਪੇਸ਼ਕਸ਼ ਕੀਤੀ ਗਈ ਕਿ ਬੀਤੇ ਨੂੰ ਭੁੱਲ ਕੇ ਇਕ ਛੋਟੀ ਜਹੀ ਸ਼ਰਤ ਉਨ੍ਹਾਂ ਦੀ ਮੰਨ ਲਵਾਂ, ਸਾਡੇ ਲਈ 100-200 ਕਰੋੜ ਦਾ ਪ੍ਰਬੰਧ ਉਹ ਕਰ ਦੇਣਗੇ। ਮੈਂ ਕੋਈ ਸ਼ਰਤ ਸੁਣਨ ਨੂੰ ਵੀ ਤਿਆਰ ਨਾ ਹੋਇਆ ਤੇ ਮੰਗਤਾ ਬਣੇ ਰਹਿਣਾ ਪਸੰਦ ਕੀਤਾ। ਮੈਨੂੰ ਉਸ ਦਾ ਵੀ ਕੋਈ ਅਫ਼ਸੋਸ ਨਹੀਂ। J 'ਉੱਚਾ ਦਰ' ਸ਼ੁਰੂ ਕਰਨ ਸਮੇਂ ਮੈਨੂੰ ਸਲਾਹ ਦਿਤੀ ਗਈ ਕਿ ਪਾਠਕਾਂ ਨੂੰ ਆਖਾਂ ਕਿ ਜੋ ਕੁੱਝ ਦੇਣ ਦਾ ਉਨ੍ਹਾਂ ਵਾਅਦਾ ਕੀਤਾ ਸੀ, ਉਹ ਪਹਿਲਾਂ ਭੇਜ ਦੇਣ, ਫਿਰ ਉਸਾਰੀ ਸ਼ੁਰੂ ਕੀਤੀ ਜਾਵੇਗੀ। ਮੈਂ ਕਿਹਾ, ਮੈਂ ਜਿੰਨੇ ਕੁ ਦਾ ਪ੍ਰਬੰਧ ਆਪ ਕਰਨ ਦਾ ਵਾਅਦਾ ਕੀਤਾ ਹੈ, ਉਹ ਕਰ ਕੇ, ਉਸਾਰੀ ਸ਼ੁਰੂ ਕਰ ਦੇਂਦਾ ਹਾਂ। ਉਸਾਰੀ ਸ਼ੁਰੂ ਹੋਈ ਵੇਖ ਕੇ ਪਾਠਕ ਵੀ ਅਪਣਾ ਹਿੱਸਾ ਖ਼ੁਸ਼ੀ ਨਾਲ ਪਾ ਦੇਣਗੇ। ਮੈਂ ਗ਼ਲਤ ਸਾਬਤ ਹੋਇਆ ਪਰ ਮੈਨੂੰ ਉਸ ਦਾ ਵੀ ਕੋਈ ਦੁੱਖ ਨਹੀਂ, ਕੋਈ ਅਫ਼ਸੋਸ ਨਹੀਂ। J ਮੈਂ ਉੱਚਾ ਦਰ ਬਾਬੇ ਨਾਨਕ ਦੀ ਮਾਲਕੀ ਤੇ ਪ੍ਰਬੰਧ ਅਪਣੇ ਕੋਲ ਰੱਖਣ ਦੀ ਨਾ ਕਦੇ ਸੋਚੀ ਸੀ, ਨਾ ਅਜਿਹੀ ਕਦੇ ਮੇਰੀ ਮਨਸ਼ਾ ਹੀ ਸੀ। ਸੋ ਮੈਂ 'ਉੱਚਾ ਦਰ', ਪਾਠਕਾਂ ਵਿਚੋਂ ਬਣੇ ਮੈਂਬਰਾਂ ਦੇ ਨਾਂ ਕਰ ਦਿਤਾ ਤੇ ਅਪਣਾ ਇਕ ਰੁਪਏ ਜਿੰਨਾ ਹਿੱਸਾ ਵੀ ਇਸ ਵਿਚ ਨਾ ਰਖਿਆ। ਮੈਂ ਸੋਚਿਆ, ਜਿਨ੍ਹਾਂ ਲਈ ਬਣਾਇਆ ਹੈ, ਉਨ੍ਹਾਂ ਨੂੰ ਹੀ ਸੌਂਪ ਦੇਣਾ ਚਾਹੀਦਾ ਹੈ। ਮੈਨੂੰ ਅਪਣੇ ਫ਼ੈਸਲੇ ਦਾ ਜ਼ਰਾ ਵੀ ਪਛਤਾਵਾ ਨਹੀਂ, ਜ਼ਰਾ ਵੀ ਦੁੱਖ ਨਹੀਂ ਸਗੋਂ ਮੈਂ ਇਸ ਲਾਲਚ ਤੋਂ ਉਪਰ ਉਠਣ ਦੀ ਪ੍ਰੀਖਿਆ ਵਿਚੋਂ ਪਾਸ ਹੋ ਕੇ ਬਹੁਤ ਖ਼ੁਸ਼ ਹਾਂ।
ਪਰ ਦੁੱਖ ਹੁੰਦਾ ਹੈ ਉਦੋਂ...
80% ਕੰਮ ਪੂਰਾ ਕਰ ਦੇਣ ਮਗਰੋਂ 10-15 ਬੰਦੇ ਵੀ ਅਜਿਹੇ ਨਹੀਂ ਮਿਲੇ ਜੋ ਆਖਣ ਕਿ ''ਫ਼ਿਕਰ ਨਾ ਕਰੋ, ਬਾਕੀ ਦਾ ਕੰਮ ਅਸੀਂ ਆਪ ਰਲ ਮਿਲ ਕੇ ਪੂਰਾ ਕਰ ਦਿਆਂਗੇ।'' ਮੈਂਬਰ ਬਣ ਚੁਕਿਆਂ ਨੂੰ ਕਹਿੰਦੇ ਹਾਂ ਕਿ ਮਾਲਕੀ ਤੁਹਾਡੇ ਨਾਂ ਕਰ ਦਿਤੀ ਹੈ, ਦੋ-ਦੋ ਚਾਰ-ਚਾਰ ਮੈਂਬਰ ਹੀ ਬਣਾ ਦਿਉ ਤਾਂ ਕਾਫ਼ੀ ਸਾਰਾ ਭਾਰ ਹੌਲਾ ਹੋ ਜਾਏਗਾ। ਕੋਈ ਜਵਾਬ ਨਹੀਂ ਮਿਲਦਾ। ਵੱਧ ਤੋਂ ਵੱਧ ਦਸਵੰਧ ਦੇਣ ਲਈ ਕਹਿੰਦੇ ਹਾਂ। ਕੋਈ ਜਵਾਬ ਨਹੀਂ। ਕਿਸੇ ਨੇ ਕਦੇ ਪੇਸ਼ਕਸ਼ ਨਹੀਂ ਕੀਤੀ ਕਿ ਜਿਸ ਕੌਮੀ ਜਾਇਦਾਦ ਉਤੇ 50-60 ਕਰੋੜ ਲੱਗ ਚੁੱਕਿਆ ਹੈ, ਉਸ ਨੂੰ ਮੁਕੰਮਲ ਕਰਨ ਲਈ ਸਾਡੀ ਵੀ ਕੋਈ ਸੇਵਾ ਲਗਾਉ।''ਇਸ ਸਮੇਂ ਜਦ ਸਿੱਖੀ ਦੀਆਂ ਜੜ੍ਹਾਂ ਨੂੰ ਪਖੰਡਵਾਦ, ਅੰਧ-ਵਿਸ਼ਵਾਸ, ਬਾਬਾਵਾਦ ਤੇ ਸੰਪਰਦਾਈ ਘੁਣ ਕੁਤਰ-ਕੁਤਰ ਕੇ ਖ਼ਤਮ ਕਰ ਰਿਹਾ ਹੈ ਤਾਂ ਇਸ ਨੂੰ ਨਵੀਂ ਆਕਸੀਜਨ ਦੇ ਸਕਣ ਵਾਲੇ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਨਾ, ਉਨ੍ਹਾਂ ਸਾਰਿਆਂ ਦਾ ਫ਼ਰਜ਼ ਬਣ ਜਾਂਦਾ ਹੈ ਜੋ ਅਸਲ ਸਿੱਖੀ ਨੂੰ ਬਚਾ ਲੈਣਾ ਚਾਹੁੰਦੇ ਹਨ ਤੇ ਗ਼ਰੀਬ ਦੀ ਮਦਦ ਦਾ ਸਥਾਈ ਕੇਂਦਰ ਕਾਇਮ ਕਰਨ ਨੂੰ ਠੀਕ ਮੰਨਦੇ ਹਨ। ਉੱਚਾ ਦਰ' ਦੀ ਇਮਾਰਤ ਲਈ ਉਦੋਂ ਤਕ ਪੈਸਾ ਧੜਾਧੜ ਆਉਂਦਾ ਰਿਹਾ ਜਦ ਤਕ ਅਸੀਂ ਕਹਿੰਦੇ ਰਹੇ ਕਿ ਦੁਗਣਾ ਵਾਪਸ ਕਰ ਦਿਆਂਗੇ। (ਅਸੀਂ ਕਰੋੜਾਂ ਵਿਚ ਵਾਪਸ ਕੀਤੇ ਵੀ) ਪਰ ਜਿਉਂ ਹੀ ਅਸੀਂ ਕਿਹਾ ਕਿ ਹੁਣ ਵਿਆਜ ਕਮਾਉਣ ਦੀ ਛੱਡੋ ਤੇ ਇਸ ਨੂੰ ਮੁਕੰਮਲ ਕਰਨ ਲਈ ਮਾਇਆ ਦੀ ਥੋੜੀ ਜਹੀ ਕੁਰਬਾਨੀ ਵੀ ਕਰੋ ਤਾਕਿ 'ਉੱਚਾ ਦਰ' ਚਾਲੂ ਵੀ ਕੀਤਾ ਜਾ ਸਕੇ ਤੇ ਬਾਬੇ ਨਾਨਕ ਦਾ ਸੱਚਾ ਸੰਦੇਸ਼ ਮਾਨਵਤਾ ਨੂੰ ਦੇਣ ਦੇ ਨਾਲ ਨਾਲ, ਇਹ ਗ਼ਰੀਬ ਤੇ ਲੋੜਵੰਦ ਦੀ ਸਹਾਇਤਾ ਵੀ ਸ਼ੁਰੂ ਕਰ ਸਕੋ। ਬਸ ਇਕਦੰਮ ਪੈਸੇ ਆਉਣੇ ਬੰਦ। ਕੁਰਬਾਨੀ ਕਰਨ ਲਈ ਆਖੋ ਤਾਂ ਪੈਸੇ ਕਿਉਂ ਕੋਈ ਦੇਵੇਗਾ? ਪੈਸਾ ਤਾਂ ਉਥੇ ਹੀ ਦੇਣ ਦੀ ਆਦਤ ਸਿੱਖਾਂ ਨੂੰ ਪਈ ਹੋਈ ਹੈ ਜਿਥੋਂ 100 ਗੁਣਾਂ ਕਰ ਕੇ, ਇਸ ਜਨਮ ਵਿਚ ਜਾਂ ਅਗਲੇ ਜਨਮ ਵਿਚ ਮਿਲਣ ਦਾ ਕੋਈ ਸੱਚਾ ਝੂਠਾ ਵਾਅਦਾ ਤਾਂ ਕਰੋ। ਅਸੀਂ ਤਾਂ 'ਕੁਰਬਾਨੀ' ਦੀ ਗੱਲ ਕਰ ਕੇ 'ਉੱਚਾ ਦਰ' ਦੀ ਇਮਾਰਤ ਮੁਕੰਮਲ ਕਰਨ ਲਈ ਪੈਸੇ ਮੰਗਦੇ ਹਾਂ। ਮੂਰਖ ਜੁ ਹੋਏ। ਸਿਆਣੇ ਹੁੰਦੇ ਤਾਂ ਕੋਈ ਕਹਾਣੀ ਘੜ ਕੇ ਫੈਲਾਅ ਦੇਂਦੇ ਕਿ ਇਥੇ ਬਾਬੇ ਨਾਨਕ ਨੇ ਚਾਰ ਮਹੀਨੇ ਰਹਿ ਕੇ ਤਪੱਸਿਆ ਕੀਤੀ ਸੀ ਤੇ ਵਰ ਦਿਤਾ ਸੀ ਕਿ ਜਿਹੜਾ ਵੀ ਕੋਈ ਇਸ ਥਾਂ ਨੂੰ ਆਬਾਦ ਕਰਨ ਲਈ ਮਾਇਆ ਦੇਵੇਗਾ, ਉਹ ਮਾਇਆ ਨਾਲ ਮਾਲਾਮਾਲ ਹੋ ਜਾਵੇਗਾ ਤੇ ਸੰਸਾਰ ਦੀਆਂ ਸੱਭ ਖ਼ੁਸ਼ੀਆਂ ਉਸ ਦੀ ਝੋਲੀ ਵਿਚ ਪੈ ਜਾਣਗੀਆਂ।
ਇਨ੍ਹਾਂ ਹਾਲਾਤ ਵਿਚ ਤੇ ਇਹ ਸੱਭ ਵੇਖ ਕੇ ਕਦੇ ਕਦੇ, ਵਿਹਲੇ ਪਲਾਂ ਵਿਚ ਮੇਰੇ ਮਨ ਵਿਚ ਇਹ ਖ਼ਿਆਲ ਆ ਹੀ ਜਾਂਦਾ ਹੈ ਕਿ ਜਦ 2008-09 ਵਿਚ ਹੀ ਹਾਕਮਾਂ ਨੇ ਤੇ ਫਿਰ ਜਥੇਦਾਰ ਅਕਾਲ ਤਖ਼ਤ ਨੇ ਆਪ ਮੈਨੂੰ ਇਕ ਛੋਟੀ ਜਿਹੀ ਸ਼ਰਤ ਮੰਨ ਲੈਣ ਬਦਲੇ ਹਰ ਤਰ੍ਹਾਂ ਦੀ ਮਦਦ ਦੇਣ ਦੀ ਪੇਸ਼ਕਸ਼ ਕਰ ਦਿਤੀ ਸੀ ਤਾਂ ਹੋਰ ਕੁੱਝ ਨਾ ਲੈ ਕੇ ਵੀ 100 ਕਰੋੜ ਦੇ ਇਸ਼ਤਿਹਾਰਾਂ ਨਾਲ ਹੀ (ਜੋ ਸਾਡੇ ਰੋਕ ਲਏ ਗਏ ਸਨ) 'ਉੱਚਾ ਦਰ' ਅਪਣੇ ਕੋਲੋਂ ਹੀ ਉਸਾਰ ਦੇਂਦਾ, ਕੋਈ ਅਪੀਲਾਂ ਨਾ ਕਰਨੀਆਂ ਪੈਂਦੀਆਂ ਤੇ ਕਿਸੇ ਗ਼ਰੀਬ ਨੂੰ ਕੁਰਬਾਨੀ ਕਰਨ ਲਈ ਨਾ ਕਹਿਣਾ ਪੈਂਦਾ। ਮੈਂ ਅਪਣੀ ਨਜ਼ਰ ਵਿਚ ਥੋੜਾ ਡਿਗ ਜ਼ਰੂਰ ਜਾਂਦਾ ਜਾਂ 'ਬੁਜ਼ਦਿਲ, ਗੀਦੀ' ਦੇ ਲਕਬ ਅਪਣੇ ਨਾਂ ਨਾਲ ਜ਼ਰੂਰ ਲਗਵਾ ਲੈਂਦਾ ਪਰ ਬਾਬੇ ਨਾਨਕ ਦਾ ਸੰਦੇਸ਼ ਤਾਂ 'ਉੱਚਾ ਦਰ' ਤੋਂ ਮਿਲਣਾ ਸ਼ੁਰੂ ਹੋ ਜਾਂਦਾ। ਮੈਨੂੰ ਪਤਾ ਹੋਣਾ ਚਾਹੀਦਾ ਸੀ ਕਿ ਸਿੱਖ ਮਾਇਆ ਦੀ ਬਹੁਤ ਵੱਡੀ ਕੁਰਬਾਨੀ ਨਹੀਂ ਕਰ ਸਕਦੇ ਤੇ ਸਾਂਝਾ ਕੌਮੀ ਕਾਰਜ, ਅੱਧ ਵਿਚਕਾਰ ਹੀ ਰੁਕ ਜਾਏ ਤਾਂ ਸਿੱਖ ਮਦਦ ਨਹੀਂ ਕਰਦੇ ਸਗੋਂ ਉਲਟੇ ਪਾਸੇ ਦੌੜ ਪੈਂਦੇ ਹਨ ਕਿ ਉਨ੍ਹਾਂ ਨੇ ਜੋ ਮਦਦ ਪਹਿਲਾਂ ਦਿਤੀ ਸੀ, ਉਹ ਤੁਰਤ ਵਾਪਸ ਕਰ ਦਿਤੀ ਜਾਏ, ਭਾਵੇਂ ਸਾਂਝੀ ਕੌਮੀ ਜਾਇਦਾਦ ਵੇਚ ਕੇ ਹੀ ਪੈਸੇ ਕਿਉਂ ਨਾ ਦੇਣੇ ਪੈਣ। ਇਸੇ ਲਈ ਸਿੱਖਾਂ ਨੇ ਅਪਣੇ ਯਤਨਾਂ ਨਾਲ ਕਦੇ ਕੋਈ ਵੱਡੀ ਕੋਮੀ ਜਾਇਦਾਦ ਨਹੀਂ ਬਣਾਈ। ਜਦ ਮੈਨੂੰ ਸਿੱਖਾਂ ਬਾਰੇ ਇਹ ਸੱਭ ਕੁੱਝ ਪਤਾ ਸੀ ਤਾਂ ਕੀ ਮੈਂ ਅਪਣੀ ਬਦਨਾਮੀ ਤੋਂ ਡਰਦਿਆਂ, ਹਾਕਮਾਂ ਤੇ 'ਜਥੇਦਾਰ' ਦੀ ਪੇਸ਼ਕਸ਼ ਨਾ ਮੰਨ ਕੇ, ਬਾਬੇ ਨਾਨਕ ਤੇ ਉਸ ਦੇ ਗ਼ਰੀਬ ਸਿੱਖਾਂ ਨਾਲ ਧੱਕਾ ਨਹੀਂ ਕੀਤਾ? ਪੇਸ਼ਕਸ਼ ਮੰਨ ਲੈਂਦਾ ਤਾਂ 'ਉੱਚਾ ਦਰ' ਕਦੋਂ ਦਾ ਸਾਡੇ ਅਪਣੇ ਪੈਸਿਆਂ (ਅਖ਼ਬਾਰ ਦੇ ਰੋਕੇ ਗਏ ਸਰਕਾਰੀ ਇਸ਼ਤਿਹਾਰਾਂ) ਨਾਲ ਹੀ ਬਣ ਜਾਣਾ ਸੀ। ਜਿਹੜੇ ਅਜੇ ਵੀ ਕਹਿਣਾ ਚਾਹੁੰਦੇ ਹਨ ਕਿ ਮੇਰੇ ਵਰਗੇ ਮਜ਼ਬੂਤ ਇਰਾਦੇ ਵਾਲੇ ਬੰਦੇ ਨੂੰ ਢਹਿੰਦੀ ਕਲਾ ਵਿਚ ਨਹੀਂ ਜਾਣਾ ਚਾਹੀਦਾ, ਉਹ ਮੈਨੂੰ ਕੁੱਝ ਕਹਿਣ ਤੋਂ ਪਹਿਲਾਂ ਬਾਕੀ ਬਚਦਾ 20 ਫ਼ੀ ਸਦੀ ਕੰਮ ਕਰਨ ਦਾ ਜ਼ਿੰਮਾ ਅਪਣੇ ਉਪਰ ਲੈ ਵਿਖਾਣ। ਮੈਂ ਤਾਂ ਹੁਣ 'ਉੱਚਾ ਦਰ' ਲਈ 'ਬਾਹਰਲਾ ਬੰਦਾ' ਹੀ ਹਾਂ ਕਿਉਂਕਿ ਮੈਂ ਇਕ ਰੁਪਏ ਦਾ ਵੀ ਅਪਣਾ ਹਿੱਸਾ ਉਸ ਵਿਚ ਨਹੀਂ ਰਖਿਆ ਪਰ ਉਸ ਨੂੰ ਸ਼ੁਰੂ ਹੁੰਦਿਆਂ ਵੇਖਣ ਦੀ ਮੇਰੀ ਤੜਪ ਤੇ ਰੀਝ ਪਹਿਲਾਂ ਵਾਂਗ ਹੀ ਹੈ ਤੇ ਉਸ ਨੂੰ ਮੈਂ ਮਾਰ ਨਹੀਂ ਸਕਦਾ।