ਕੀ ਮੇਰੀ ਜ਼ਿੰਦਗੀ ਵਿਚ, ਵੋਟਰ ਕਦੇ 'ਚੰਗੇ ਲੋਕਾਂ' ਨੂੰ, ਉਨ੍ਹਾਂ ਦੀ ਚੰਗਿਆਈ ਵੇਖ ਕੇ ਹੀ, ਚੁਣ ਲਿਆ ਕਰਨਗੇ?
Published : Nov 9, 2017, 10:24 pm IST
Updated : Nov 9, 2017, 4:54 pm IST
SHARE ARTICLE

ਮੈਂ ਜਿਸ ਸਕੂਲ ਤੋਂ ਮੈਟਰਿਕ ਪਾਸ ਕੀਤੀ, ਉਸ ਦੇ ਦੂਜੇ ਅੱਧੇ ਹਿੱਸੇ ਵਿਚ ਹੀ ਉਸੇ ਨਾਮ ਦਾ ਕਾਲਜ ਸੀ। ਸੇਠ ਮੁਕੰਦ ਲਾਲ ਨੇ ਇਹ ਸਕੂਲ ਤੇ ਕਾਲਜ ਇਕੋ ਵੱਡੀ ਇਮਾਰਤ ਵਿਚ ਸ਼ੁਰੂ ਕੀਤੇ ਸਨ ਤੇ ਸਕੂਲ, ਕਾਲਜ ਦੇ ਨਾਂ ਵੀ ਅਪਣੇ ਨਾਂ 'ਤੇ ਹੀ ਰੱਖੇ ਸਨ। ਇਕੋ ਇਮਾਰਤ ਹੋਣ ਕਰ ਕੇ, ਕਾਲਜ ਜਾਣ ਲਗਿਆਂ ਕੋਈ ਖ਼ਾਸ 'ਨਵਾਂਪਨ' ਨਾ ਮਹਿਸੂਸ ਹੋਇਆ। ਸਾਂਝੇ ਗੇਟ 'ਚੋਂ, ਅੰਦਰ ਦਾਖ਼ਲ ਹੁੰਦਿਆਂ ਹੀ, ਸਕੂਲ ਦੇ ਵਿਦਿਆਰਥੀ, ਖੱਬੇ ਪਾਸੇ ਵਾਲੇ ਬਲਾਕ ਵਲ ਮੁੜ ਜਾਂਦੇ ਸਨ ਤੇ ਕਾਲਜ ਦੇ ਵਿਦਿਆਰਥੀ, ਸੱਜੇ ਪਾਸੇ ਵਾਲੇ ਬਲਾਕ ਵਲ। ਮੈਂ ਦਸਵੀਂ ਦੀ ਪ੍ਰੀਖਿਆ ਵਿਚ, ਵਜ਼ੀਫ਼ਾ ਜਿੱਤਿਆ ਸੀ, ਇਸ ਲਈ ਕਾਲਜ ਵਿਚ ਮੇਰੀ ਚੰਗੀ ਟੌਹਰ ਬਣ ਗਈ ਸੀ। ਉਂਜ ਸਕੂਲ ਵਿਚ ਵੀ ਮੇਰਾ ਨਾਂ ਚੰਗੇ ਮੁੰਡਿਆਂ ਵਿਚ ਲਿਆ ਜਾਂਦਾ ਸੀ ਤੇ ਸਵੇਰ ਦੀ 'ਪ੍ਰਾਰਥਨਾ' ਸਮੇਂ, ਸਕੂਲ ਦੇ ਸਾਰੇ ਵਿਦਿਆਰਥੀਆਂ ਦੀ 'ਅਸੈਂਬਲੀ' ਵਿਚ, ਹੈੱਡਮਾਸਟਰ ਸਾਹਿਬ (ਜੈਨ ਸਾਹਿਬ) ਮੇਰੀ ਤਾਰੀਫ਼ ਕਰਦੇ ਰਹਿੰਦੇ ਸਨ। ਕਾਲਜ ਦੇ ਪ੍ਰਿੰਸੀਪਲ ਸਾਹਿਬ ਵੀ, ਕਲਾਸ-ਰੂਮ ਵਿਚ ਅਕਸਰ ਮੇਰੀ ਤਾਰੀਫ਼ ਵਿਚ ਕੁੱਝ ਨਾ ਕੁੱਝ ਕਹਿੰਦੇ ਹੀ ਰਹਿੰਦੇ ਸਨ। ਮੈਂ ਸਕੂਲ ਦੇ ਮੈਗਜ਼ੀਨ ਦਾ ਵੀ ਐਡੀਟਰ ਸੀ ਤੇ ਕਾਲਜ ਦੇ ਮੈਗਜ਼ੀਨ ਦਾ ਵਿਦਿਆਰਥੀ ਐਡੀਟਰ (ਪੰਜਾਬੀ) ਵੀ ਮੈਨੂੰ ਹੀ ਬਣਾ ਦਿਤਾ ਗਿਆ। ਇਸ ਤਰ੍ਹਾਂ ਵਿਦਿਆਰਥੀਆਂ ਵਿਚ ਵੀ ਮੇਰੀ ਚੰਗੀ ਚਲਦੀ ਸੀ। ਸਾਡਾ ਕਾਲਜ, ਇਲਾਕੇ ਦਾ ਪਹਿਲਾ ਕਾਲਜ ਸੀ ਜਿਸ ਵਿਚ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਸਨ (ਕੋ-ਐਜੂਕੇਸ਼ਨ)। ਪਰ ਪ੍ਰਿੰਸੀਪਲ ਨੇ ਬੜਾ ਸਖ਼ਤ ਨਿਯਮ ਬਣਾਇਆ ਹੋਇਆ ਸੀ ਕਿ ਜੇ ਕੋਈ ਮੁੰਡਾ, ਕਾਲਜ ਵਿਚ ਕਿਸੇ ਲੜਕੀ ਨਾਲ ਗੱਲ ਕਰਦਾ ਫੜਿਆ ਗਿਆ ਤਾਂ ਉਸ ਨੂੰ ਤੁਰਤ ਕਾਲਜ 'ਚੋਂ ਕੱਢ ਦਿਤਾ ਜਾਵੇਗਾ। ਲੜਕੀਆਂ ਜੱਥੇ ਦੀ ਸ਼ਕਲ ਵਿਚ, ਕਲਾਸ-ਰੂਮ ਵਿਚ ਆਉਂਦੀਆਂ ਤੇ ਇਕ ਪਾਸੇ ਰੱਖੇ ਅਪਣੇ ਵਖਰੇ ਬੈਂਚਾਂ 'ਤੇ ਬੈਠ ਜਾਂਦੀਆਂ। ਪੀਰੀਅਡ ਖ਼ਤਮ ਹੋਣ ਤੇ, ਉਹ ਜੱਥੇ ਦੇ ਰੂਪ ਵਿਚ ਹੀ, ਪ੍ਰੋਫ਼ੈਸਰ ਦੀ ਦੇਖ-ਰੇਖ ਹੇਠ ਚਲੀਆਂ ਜਾਂਦੀਆਂ। ਵਿਹਲੇ ਸਮੇਂ ਵਿਚ ਬੈਠਣ ਲਈ ਛੱਤ ਉਤੇ ਉਨ੍ਹਾਂ ਲਈ ਇਕ ਵਖਰਾ ਹਾਲ ਬਣਿਆ ਹੋਇਆ ਸੀ ਜਿਥੇ ਕੋਈ ਲੜਕਾ ਨਹੀਂ ਸੀ ਜਾ ਸਕਦਾ। ਸਖ਼ਤ ਪਹਿਰਾ ਲੱਗਾ ਰਹਿੰਦਾ ਸੀ। ਸਾਡੇ ਕਾਲਜ ਵਿਚ ਵਿਦਿਆਰਥੀ ਯੂਨੀਅਨ ਬਨਾਉਣ ਦੀ ਆਗਿਆ ਮਿਲ ਗਈ। ਪਰ ਇਹ ਫ਼ੈਸਲਾ ਵੀ ਹੋਇਆ ਕਿ ਸਾਰਾ ਕਾਲਜ ਇਕੱਠਿਆਂ ਵੋਟ ਨਹੀਂ ਪਾਏਗਾ ਬਲਕਿ ਪਹਿਲੇ ਸਾਲ ਦੇ ਵਿਦਿਆਰਥੀ ਜਾਇੰਟ ਸੈਕਟਰੀ ਚੁਣਨਗੇ, ਦੂਜੇ ਸਾਲ ਦੇ ਸੈਕਟਰੀ, ਤੀਜੇ ਸਾਲ ਦੇ ਵਾਈਸ ਪ੍ਰੈਜ਼ੀਡੈਂਟ ਤੇ ਚੌਥੇ (ਆਖ਼ਰੀ ਸਾਲ) ਦੇ ਵਿਦਿਆਰਥੀ ਪ੍ਰੈਜ਼ੀਡੈਂਟ ਚੁਣਨਗੇ। ਉਦੋਂ ਬੀ.ਏ. ਤਕ ਚਾਰ ਸਾਲ ਦੀ ਪੜ੍ਹਾਈ ਹੁੰਦੀ ਸੀ। ਪਹਿਲੇ ਦੋ ਸਾਲਾਂ ਨੂੰ ਐਫ਼. ਏ. ਤੇ ਅਗਲੇ ਦੋ ਸਾਲਾਂ ਨੂੰ ਬੀ.ਏ. ਕਹਿੰਦੇ ਸਨ।ਵਿਦਿਆਰਥੀ ਯੂਨੀਅਨ ਦੀ ਪਹਿਲੀ ਚੋਣ ਹੋਈ ਤਾਂ ਸਾਥੀਆਂ ਨੇ ਜ਼ਿੱਦ ਫੜ ਲਈ ਕਿ ਜਾਇੰਟ ਸੈਕਟਰੀ ਲਈ ਉਮੀਦਵਾਰ ਮੈਂ ਹੋਵਾਂਗਾ। ਉਨ੍ਹਾਂ ਦਾ ਕਹਿਣਾ ਸੀ ਕਿ ਮੇਰੇ ਵਿਰੁਧ ਕੋਈ ਹੋਰ ਖੜਾ ਹੀ ਨਹੀਂ ਹੋਵੇਗਾ ਪਰ ਜੇ ਕੋਈ ਖੜਾ ਹੋ ਵੀ ਗਿਆ ਤਾਂ ਉਸ ਨੂੰ ਇਕ ਵੀ ਵੋਟ ਨਹੀਂ ਮਿਲੇਗੀ। ਬਸ ਲੜਕੀਆਂ ਦੀ ਵੋਟ ਬਾਰੇ ਕਿਸੇ ਨੂੰ ਕੁੱਝ ਨਹੀਂ ਸੀ ਪਤਾ ਕਿਉਂਕਿ ਉਨ੍ਹਾਂ ਨਾਲ ਗੱਲ ਕਰਨ ਦੀ ਸਖ਼ਤ ਮਨਾਹੀ ਸੀ।
ਮੈਂ ਚੋਣਾਂ ਲੜਨ ਦੇ ਖਲਜਗਣ ਵਿਚ ਨਹੀਂ ਸੀ ਪੈਣਾ ਚਾਹੁੰਦਾ। ਮੈਂ ਸੋਚਦਾ ਸੀ, ਉਂਜ ਹੀ ਕਾਲਜ ਵਿਚ, ਲੋੜ ਤੋਂ ਜ਼ਿਆਦਾ ਪਿਆਰ ਮਿਲਿਆ ਹੋਇਆ ਸੀ, ਇਕ ਹੋਰ ਕਲਗ਼ੀ ਸਿਰ 'ਤੇ ਸਜਾ ਕੇ ਕੀ ਕਰਾਂਗਾ? ਪਰ ਮਿੱਤਰ ਲੋਕ ਮੇਰੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸਨ। ਮੈਨੂੰ ਉਮੀਦਵਾਰ ਬਣਾ ਦਿਤਾ ਗਿਆ। ਪ੍ਰਿੰਸੀਪਲ ਨੇ ਵੀ ਮੇਰਾ ਨਾਂ ਤਜਵੀਜ਼ ਕਰਨ ਲਈ ਕਲਾਸ ਨੂੰ ਵਧਾਈ ਦਿਤੀ।ਅਗਲੇ ਦਿਨ ਕੈਲਾਸ਼ ਨਾਂ ਦਾ ਮੁੰਡਾ ਮੇਰੇ ਮੁਕਾਬਲੇ 'ਤੇ ਖੜਾ ਹੋ ਗਿਆ। ਉਸ ਦਾ ਨਾਂ ਸੁਣ ਕੇ, ਸਾਰੀ ਕਲਾਸ ਹੱਸ ਪਈ। ਮੰਡੀ ਦੇ ਅਮੀਰ ਬਾਣੀਆ ਘਰਾਣੇ ਦਾ ਮੁੰਡਾ ਸੀ। ਅਸੀ ਉਸ ਨੂੰ ਗੰਭੀਰਤਾ ਨਾਲ ਨਾ ਲਿਆ। ਪਰ ਉਸ ਨੇ ਇਕ ਸ਼ੁਰਲੀ ਛੱਡ ਦਿਤੀ, ''ਓਇ ਇਕ ਸਰਦਾਰ ਨੂੰ ਅਪਣਾ ਨੁਮਾਇੰਦਾ ਚੁਣਦਿਆਂ ਤੁਹਾਨੂੰ ਸ਼ਰਮ ਨਾ ਆਏਗੀ? ਤੁਹਾਨੂੰ ਹਿੰਦੂ ਕੋਈ ਨਹੀਂ ਚੰਗਾ ਲਗਦਾ?''ਹਾਲਾਤ ਬਦਲਣੇ ਸ਼ੁਰੂ ਹੋ ਗਏ। ਸਾਡੇ ਕਈ ਨਜ਼ਦੀਕੀ ਦੋਸਤ, ਕੈਲਾਸ਼ ਵਾਲੇ ਪਾਸੇ ਚਲੇ ਗਏ। 42 ਮੁੰਡਿਆਂ ਦੀ ਕਲਾਸ ਵਿਚ ਸਿੱਖ ਤਾਂ ਕੇਵਲ ਛੇ ਸਨ। ਬਾਕੀ ਦੇ 36 ਮੁੰਡੇ ਹਿੰਦੂ ਸਨ ਤੇ ਉਨ੍ਹਾਂ ਵਿਚੋਂ ਵੀ ਵੱਡੀ ਗਿਣਤੀ ਬਾਣੀਆਂ ਦੀ ਸੀ। ਮੈਂ ਬੈਠਣ ਦਾ ਫ਼ੈਸਲਾ ਕਰ ਲਿਆ। ਸਾਫ਼ ਨਜ਼ਰ ਆਉਣ ਲੱਗ ਪਿਆ ਸੀ ਕਿ ਅਸੀ ਹਾਰ ਜਾਵਾਂਗੇ ਕਿਉਂਕਿ ਕੈਲਾਸ਼ ਵਲੋਂ ਛੱਡੀ ਗਈ ਸ਼ੁਰਲੀ ਅਪਣਾ ਅਸਰ ਖ਼ੂਬ ਵਿਖਾਉਣ ਲੱਗ ਪਈ ਸੀ। ਪੰਜਾਬੀ ਸੂਬੇ ਦੀ ਲੜਾਈ ਤੇਜ਼ ਹੋ ਰਹੀ ਸੀ ਤੇ ਹਿੰਦੀ ਐਜੀਟੇਸ਼ਨ ਵੀ ਸ਼ੁਰੂ ਹੋ ਚੁੱਕੀ ਸੀ। ਮੇਰੇ ਕੁੱਝ ਮਿੱਤਰ (ਹਿੰਦੂ) ਮੈਨੂੰ ਪੈ ਗਏ, ''ਹਾਰ ਗਿਆ ਤਾਂ ਫਿਰ ਕਿਹੜਾ ਪਹਾੜ ਡਿਗ ਪਵੇਗਾ? ਹੁਣ ਲੜਾਈ ਸ਼ੁਰੂ ਹੋ ਚੁੱਕੀ ਹੈ। ਅਸੀ ਤੇਰੇ ਨਾਲ ਹਾਂ। ਤੂੰ ਬੈਠ ਗਿਆ ਤਾਂ ਅਸੀ ਤੇਰੇ ਨਾਲ ਬੋਲਣਾ ਬੰਦ ਕਰ ਦਿਆਂਗੇ।''ਦੋਸਤਾਂ ਦੀ ਗੱਲ ਸੁਣ ਕੇ, ਫਿਰ ਤੋਂ ਸਹੁੰਆਂ ਚੁਕ ਲਈਆਂ ਕਿ ਹੁਣ ਪਿੱਛੇ ਨਹੀਂ ਹਟਾਂਗੇ। ਉੁਨ੍ਹਾਂ ਦੀ ਸਲਾਹ ਨਾਲ, ਮੈਂ ਪ੍ਰਿੰਸੀਪਲ (ਤਿਲਕ ਰਾਜ ਚੱਢਾ ਜੀ) ਨੂੰ ਜਾ ਮਿਲਿਆ ਤੇ ਮੰਗ ਕੀਤੀ ਕਿ ਦੋਹਾਂ ਉਮੀਦਵਾਰਾਂ ਨੂੰ ਦੋ ਦੋ ਮਿੰਟ ਲਈ ਕੁੜੀਆਂ ਕੋਲੋਂ ਵੋਟ ਮੰਗ ਲੈਣ ਦਿਉ। ਪ੍ਰਿੰਸੀਪਲ  ਨੇ ਮੰਗ ਮੰਨ ਲਈ। ਮੈਂ ਪਹਿਲੀ ਵਾਰ ਲੜਕੀਆਂ ਦੇ 'ਵਾੜੇ' ਵਿਚ ਜਾ ਕੇ ਉਨ੍ਹਾਂ ਨੂੰ ਮਿਲਿਆ ਤੇ ਵੋਟਾਂ ਬਾਰੇ ਗੱਲ ਕਰ ਕੇ, ਉਨ੍ਹਾਂ ਦੀ ਮਦਦ ਮੰਗੀ। ਮੇਰੇ ਤੋਂ ਬਾਅਦ ਕੈਲਾਸ਼ ਬੋਲਿਆ। ਲੜਕੀਆਂ ਚੁੱਪ ਹੀ ਰਹੀਆਂ। ਮੈਂ ਬਹਾਨੇ ਨਾਲ, ਇਕ ਲੜਕੀ ਨੂੰ (ਜੋ ਕਾਲਜ ਦੇ ਮੈਗਜ਼ੀਨ ਵਿਚ ਕਵਿਤਾ ਛਪਵਾਉਣ ਲਈ, ਮੈਨੂੰ ਦੂਰੋਂ ਹੀ ਲਿਫ਼ਾਫ਼ਾ ਫੜਾ ਦੇਂਦੀ ਹੁੰਦੀ ਸੀ) ਇਕ ਪਾਸੇ ਲੈ ਗਿਆ ਤੇ ਏਨਾ ਹੀ ਕਿਹਾ, ''ਮੈਨੂੰ ਸੱਚੀ ਸੱਚੀ ਦਸ ਦੇ, ਲੜਕੀਆਂ ਦਾ ਝੁਕਾਅ ਕਿਸ ਪਾਸੇ ਵਲ ਹੈ?''ਉਹ ਜ਼ਮੀਨ ਵਲ ਵੇਖਦੀ ਹੋਈ ਕਹਿਣ ਲੱਗੀ, ''ਤੂੰ ਆਉਂਦਾ ਭਾਵੇਂ ਨਾ ਆਉਂਦਾ, ਲੜਕੀਆਂ ਨੇ ਪਹਿਲਾਂ ਹੀ ਫ਼ੈਸਲਾ ਕੀਤਾ ਹੋਇਐ ਕਿ ਸਾਰੀਆਂ ਵੋਟਾਂ ਤੈਨੂੰ ਹੀ ਦੇਣਗੀਆਂ।''ਮੈਂ ਇਹ ਗੱਲ ਕਿਸੇ ਨੂੰ ਨਾ ਦੱਸੀ। ਕੁਲ 10 ਕੁੜੀਆਂ ਸਨ। ਇਕ ਸਰਦਾਰਨੀ ਸੀ, ਬਾਕੀ ਸਾਰੀਆਂ ਹਿੰਦੂ ਘਰਾਂ ਨਾਲ ਸਬੰਧਤ ਸਨ। ਲੜਕੀਆਂ ਨਾਲ ਮਿਲਣ ਮਗਰੋਂ ਮੈਂ ਨਿਸਚਿੰਤ ਜਿਹਾ ਹੋ ਗਿਆ ਤੇ ਵੋਟਾਂ ਮੰਗਣ ਦਾ ਸਿਲਸਿਲਾ ਹੀ ਬੰਦ ਕਰ ਦਿਤਾ। ਕੈਲਾਸ਼ ਖ਼ੁਸ਼ ਸੀ ਕਿ ਮੈਂ ਸ਼ਾਇਦ ਹਾਰ ਮੰਨ ਕੇ, ਵੋਟਾਂ ਮੰਗਣੀਆਂ ਹੀ ਬੰਦ ਕਰ ਦਿਤੀਆਂ ਸਨ। ਵੋਟਾਂ ਪਈਆਂ। ਮੁੰਡਿਆਂ ਦੀਆਂ ਵੋਟਾਂ ਪਹਿਲਾਂ ਗਿਣੀਆਂ ਗਈਆਂ। 21 ਮੁੰਡਿਆਂ ਨੇ ਮੇਰੇ ਹੱਕ ਵਿਚ ਤੇ 21 ਨੇ ਕੈਲਾਸ਼ ਦੇ ਹੱਕ ਵਿਚ ਵੋਟਾਂ ਦਿਤੀਆਂ। ਲੜਕੀਆਂ ਦੀਆਂ ਵੋਟਾਂ ਗਿਣੀਆਂ ਗਈਆਂ ਤਾਂ ਸਾਰੀਆਂ 10 ਦੀਆਂ 10 ਵੋਟਾਂ ਮੇਰੇ ਹਿੱਸੇ ਆਈਆਂ। ਮੈਂ ਜਿੱਤ ਗਿਆ। ਮੈਂ ਜਸ਼ਨ ਮਨਾਉਣ ਜਾਂ ਜਲੂਸ ਕੱਢਣ ਤੋਂ ਇਨਕਾਰ ਕਰ ਦਿਤਾ। ਮੈਨੂੰ ਇਸ ਗੱਲ ਦਾ ਦੁਖ ਜ਼ਿਆਦਾ ਹੋ ਰਿਹਾ ਸੀ ਕਿ ਚੋਣਾਂ ਤੋਂ ਪਹਿਲਾਂ ਅਸੀ ਸਾਰੇ 'ਦੋਸਤ' ਹੁੰਦੇ ਸੀ ਪਰ ਹੁਣ ਅਸੀ ਧੜਿਆਂ ਵਿਚ ਵੰਡੇ ਗਏ ਸੀ ਤੇ ਕੁੱਝ ਮੁੰਡੇ ਸਚਮੁਚ ਹੀ 'ਹਿੰਦੂ ਅਤੇ 'ਸਿੱਖ' ਵਜੋਂ ਸੋਚਣ ਲੱਗ ਪਏ ਸਨ। ਮੈਂ ਕੈਲਾਸ਼ ਨੂੰ ਪੁਛਿਆ, ਉਹ ਗ਼ਲਤ ਨਾਹਰਾ ਦੇਣ ਬਦਲੇ ਪਸ਼ਚਾਤਾਪ ਕਰਨ ਲਈ ਤਿਆਰ ਹੈ?ਉਸ ਅੰਦਰਲਾ ਹਾਰਿਆ ਹੋਇਆ 'ਹਿੰਦੂ' ਇਸ ਮੰਗ ਨੂੰ ਸੁਣ ਕੇ ਭੜਕ ਉਠਿਆ ਤੇ ਉਹ ਬੋਲਿਆ, ''ਚੋਣਾਂ ਫਿਰ ਵੀ ਹੋਣਗੀਆਂ। ਉਦੋਂ ਜਵਾਬ ਦਿਆਂਗਾ। ਹਿੰਦੂਆਂ ਨੂੰ ਵੀ ਇਕ ਦਿਨ ਅਕਲ ਆ ਹੀ ਜਾਏਗੀ।''ਮੈਂ ਹਾਸੇ ਵਿਚ ਗੱਲ ਉਡਾਉਂਦਿਆਂ ਕਿਹਾ, ''ਯਾਰ, ਤੇਰੇ ਹੀ ਕਹੇ ਮੁਤਾਬਕ, ਹਿੰਦੂ ਤਾਂ ਪਹਿਲਾਂ ਹੀ ਬਹੁਤ ਅਕਲਮੰਦ ਨੇ। ਇਸ (ਅਕਲ) ਦੀ ਕਮੀ ਤਾਂ ਸਿੱਖਾਂ ਕੋਲ ਈ ਹੈ। ਪਰ ਤੂੰ ਇਹ 'ਹਿੰਦੂ ਸਿੱਖ' ਮਸਲਾ ਕਾਲਜ ਤੋਂ ਬਾਹਰ ਹੀ ਰਹਿਣ ਦੇਵੇਂ ਤਾਂ.......।''ਉਸ ਨੇ ਮੇਰੀ ਗੱਲ ਪੂਰੀ ਵੀ ਨਾ ਹੋਣ ਦਿਤੀ ਤੇ ਮੈਨੂੰ ਥੱਪੜ ਮਾਰਨ ਲਈ ਹੱਥ ਚੁਕ ਲਿਆ ਤੇ ਚੀਕਿਆ, ''ਇਕ ਚੋਣ ਜਿੱਤ ਕੇ ਹੀ ਤੂੰ ਮੇਰਾ ਮਜ਼ਾਕ ਉਡਾਉਣ ਲੱਗ ਗਿਐਂ? ਮੈ ਤੈਨੂੰ ਵੇਖ ਲਵਾਂਗਾ।''ਮੇਰੇ ਸਾਥੀਆਂ ਨੇ ਉਸ ਦਾ ਹੱਥ ਫੜ ਲਿਆ ਤੇ ਸਲਾਹ ਦਿਤੀ ਕਿ ਇਸ ਵੇਲੇ ਇਸ ਨੂੰ ਸਮਝਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ ਜਾਏ ਕਿਉਂਕਿ ਹਾਰ ਨੇ ਇਸ ਨੂੰ ਸਚਮੁਚ ਹੀ ਪ੍ਰੇਸ਼ਾਨ ਕਰ ਦਿਤਾ ਹੋਇਐ।ਉਸ ਤੋਂ ਬਾਅਦ ਮੈਂ ਜ਼ਿੰਦਗੀ ਵਿਚ ਕਦੇ ਚੋਣ ਨਹੀਂ ਲੜੀ। ਪਰ ਮੈਂ ਲਾਅ ਕਾਲਜ ਚੰਡੀਗੜ੍ਹ ਵਿਚ ਪੜ੍ਹਦਾ ਸੀ ਕਿ ਮੇਰੇ ਦਾਦਾ ਜੀ ਮਿਊਂਸੀਪਲ ਚੋਣਾਂ ਵਿਚ, ਕਾਂਗਰਸ ਦੀ ਟਿਕਟ ਤੇ ਖੜੇ ਹੋ ਗਏ। ਮੇਰੇ ਇਮਤਿਹਾਨਾਂ ਦੇ ਦਿਨ ਸਨ ਜਿਸ ਕਾਰਨ ਮੈਂ ਚੋਣ-ਪ੍ਰਚਾਰ ਲਈ ਨਾ ਗਿਆ। ਉਨ੍ਹਾਂ ਦਾ ਫ਼ੋਨ ਆਇਆ ਕਿ ''ਵੋਟਾਂ ਪੈਣ ਵਾਲੇ ਦਿਨ ਜ਼ਰੂਰ ਆ ਜਾਈਂ। ਤੇਰੀ ਮਦਦ ਦੀ ਲੋੜ ਪਵੇਗੀ।'' ਮੈਂ ਪੁਛਿਆ, ''ਹਾਲਾਤ ਕੀ ਕਹਿੰਦੇ ਨੇ?''ਦਾਦਾ ਜੀ ਬੜੇ ਹੌਸਲੇ ਨਾਲ ਬੋਲੇ, ''ਚੋਣ ਤਾਂ ਮੈਂ ਜਿੱਤਿਆ ਹੀ ਪਿਆਂ। ਜਨਸੰਘੀ ਉਮੀਦਵਾਰ ਨੂੰ ਫ਼ਿਕਰ ਤਾਂ ਅਪਣੀ ਜ਼ਮਾਨਤ ਬਚਾਣ ਦਾ ਪਿਆ ਹੋਇਐ।''ਮੈਂ ਕਿਹਾ, ''ਦਾਦਾ ਜੀ, ਤੁਹਾਡੇ ਵਾਰਡ ਵਿਚ ਸਿੱਖਾਂ ਦੀਆਂ ਵੋਟਾਂ ਸੌ ਡੇਢ ਸੌ ਵੀ ਨਹੀਂ ਹੋਣੀਆਂ। ਹਜ਼ਾਰਾਂ ਹਿੰਦੂ ਵੋਟਰਾਂ ਨੂੰ ਵਰਗ਼ਲਾਣ ਲਈ ਜੇ ਜਨਸੰਘੀ ਉਮੀਦਵਾਰ ਨੇ ਕੋਈ ਸ਼ੋਸ਼ਾ ਛੱਡ ਦਿਤਾ ਤਾਂ ਕੀ ਕਰੋਗੇ?'' ਦਾਦਾ ਜੀ ਹੱਸ ਕੇ ਬੋਲੇ, ''ਇਥੋਂ ਦੇ ਲੋਕ ਮੈਨੂੰ ਪੂਜਦੇ ਨੇ। ਉਨ੍ਹਾਂ ਉਤੇ ਇਹੋ ਜਹੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋ ਸਕਦਾ।''ਹਾਂ ਪੂਜਦੇ ਤਾਂ ਸਨ ਲੋਕ ਉਹਨਾਂ ਨੂੰ। ਡਾਕਟਰੀ ਉਹਨਾਂ ਦਾ ਪੇਸ਼ਾ ਸੀ ਪਰ ਲੋਕ-ਸੇਵਾ ਉੁਨ੍ਹਾਂ ਦਾ ਜਨੂਨ ਸੀ। ਇਕ ਦਿਨ ਮੈਂ ਕਲੀਨਿਕ ਤੇ ਬੈਠਾ ਹੋਇਆ ਸੀ ਕਿ ਇਕ ਮਰੀਜ਼ ਆਇਆ। ਦਾਦਾ ਜੀ ਬੋਲੇ, ''ਕਿਉਂ ਕੀ ਹਾਲ ਏ ਤੁਹਾਡਾ? ਵੱਲ ਰਾਜ਼ੀ ਖ਼ੁਸ਼ੀ ਹੋ?''ਉਹ ਵੱਡੀ ਉਮਰ ਦਾ ਬੰਦਾ ਬੋਲਿਆ, ''ਡਾਕਟਰ ਜੀ, ਤੁਹਾਡੀ ਦਵਾਈ ਵਿਚ ਤਾਂ ਜਾਦੂ ਭਰਿਆ ਹੁੰਦੈ। ਉਂਜ ਤਾਂ ਠੀਕ ਆਂ ਪਰ ਮੇਰੀ ਕਮਜ਼ੋਰੀ ਕਿਉਂ ਨਹੀਂ ਜਾ ਰਹੀ?''ਦਾਦਾ ਜੀ ਬੋਲੇ, ''ਮੇਰੀ ਦਵਾਈ ਤਾਂ ਰੋਗ ਦੂਰ ਕਰ ਸਕਦੀ ਏ। ਤੁਹਾਨੂੰ ਕਿਹਾ ਸੀ, ਫੱਲ ਫ਼ਰੂਟ ਜ਼ਰੂਰ ਲਇਉ ਤੇ ਰੋਟੀ ਅਜੇ ਘੱਟ ਖਾਇਉ। ਲਗਦਾ ਨਹੀਂ ਤੁਸੀ ਫ਼ਰੂਟ ਲਿਆ ਹੋਵੇਗਾ?''ਉਹ ਬੜਾ ਮਾਯੂਸ ਜਿਹਾ ਹੋ ਕੇ ਬੋਲਿਆ, ''ਡਾਕਟਰ ਜੀ, ਫੱਲ ਫ਼ਰੂਟ ਲੈਣ ਜੋਗੇ ਪੈਸੇ ਹੁੰਦੇ ਤਾਂ ਬਿਮਾਰ ਈ ਕਾਹਨੂੰ ਪੈਣਾ ਸੀ?'' ਤੇ ਇਹ ਕਹਿ ਕੇ ਉਹ ਹੌਲੀ ਹੌਲੀ ਡਾਂਗ ਘਸੀਟਦਾ ਬਾਹਰ ਨਿਕਲ ਗਿਆ।ਕਲੀਨਿਕ ਦੁਪਹਿਰ ਨੂੰ ਬੰਦ ਰਹਿੰਦਾ ਸੀ। ਸ਼ਾਮ ਨੂੰ, ਕਲੀਨਿਕ ਖੁਲ੍ਹਣ ਦੇ ਸਮੇਂ ਤੋਂ ਪਹਿਲਾਂ, ਦਾਦਾ ਜੀ ਮੈਨੂੰ ਨਾਲ ਲੈ ਕੇ ਇਕ ਫ਼ਰੂਟ ਵਾਲੇ ਦੀ ਦੁਕਾਨ ਤੇ ਗਏ ਤੇ ਵਧੀਆ ਫ਼ਰੂਟ ਲੈ ਕੇ ਉਸ ਗ਼ਰੀਬ ਦੇ ਘਰ ਚਲੇ ਗਏ। ਕਹਿਣ ਲੱਗੇ, ''ਮੈਂ ਇਧਰੋਂ ਲੰਘ ਰਿਹਾ ਸੀ। ਸੋਚਿਆ, ਤੁਹਾਡਾ ਹਾਲ ਪੁਛਦਾ ਚਲਾਂ।'' ਉਸ ਦੀ ਨਬਜ਼ ਵੇਖੀ, ਛਾਤੀ ਨੂੰ 'ਟੂਟੀ' ਲਾਈ ਤੇ ਫ਼ਰੂਟ ਦਾ ਲਿਫ਼ਾਫ਼ਾ ਉਸ ਦੇ ਮੰਜੇ 'ਤੇ ਰੱਖ ਦਿਤਾ। ਨਾਲ ਹੀ ਬੋਲੇ, ''ਫ਼ਰੂਟ ਵਾਲੇ ਨੂੰ ਕਹਿ ਆਇਆਂ, ਅਗਲੇ ਦੋ ਹਫ਼ਤੇ ਫ਼ਰੂਟ ਘਰ ਭੇਜ ਦਿਆ ਕਰੇਗਾ। ਮੇਰੀ ਦਵਾਈ ਸਮਝ ਕੇ ਖਾ ਲਿਆ ਕਰਨਾ। ਹਿਸਾਬ ਮਗਰੋਂ ਕਰ ਲਵਾਂਗੇ। ਫ਼ਰੂਟ ਵਾਲੇ ਨੂੰ ਕੁੱਝ ਨਹੀਂ ਦੇਣਾ।''ਇਹੋ ਜਹੇ ਸਨ ਦਾਦਾ ਜੀ। ਮੈਂ ਵੋਟਾਂ ਵਾਲੇ ਦਿਨ ਉਥੇ ਪਹੁੰਚਿਆ। ਵਾਰਡ ਵਿਚ ਦਾਖ਼ਲ ਹੁੰਦਿਆਂ ਹੀ ਵੱਡੇ ਵੱਡੇ ਪੋਸਟਰ ਦੀਵਾਰਾਂ ਉਤੇ ਲੱਗੇ ਵੇਖੇ, ''ਯੇਹ ਡਾਕਟਰ ਦਿਨ ਕੋ ਸਫ਼ੇਦ ਪਗੜੀ ਬਾਂਧਤਾ ਹੈ ਪਰ ਪੂਛੋ ਇਸ ਸੇ, ਯਿਹ ਰਾਤ ਕੋ ਨੀਲੀ ਪਗੜੀ ਡਾਲ ਕਰ ਕਿਉਂ ਸੋਤਾ ਹੈ? ਬਾਹਰ ਸੇ ਕਾਂਗਰਸੀ, ਅੰਦਰ ਸੇ ਅਕਾਲੀ ਕੋ ਪਹਿਚਾਨੋ ਔਰ ਵੋਟ ਅਪਨੇ ਸੇਵਕ ਜਨਸੰਘ ਕੇ.... ਕੋ ਦੇਨਾ ਮਤ ਭੂਲੇਂ।''ਪੋਸਟਰ ਵਾਲਿਆਂ ਨੂੰ ਕੋਈ ਪੁੱਛੇ, ਰਾਤ ਨੂੰ ਵੀ ਕੋਈ ਪਗੜੀ ਬੰਨ੍ਹ ਕੇ ਸੌਂਦਾ ਹੈ? ਹਾਂ, ਛੋਟੀ ਕਾਲੀ ਦਸਤਾਰ ਉਹ ਪਗੜੀ ਹੇਠ ਦਿਨੇ ਵੀ ਸਿਰ 'ਤੇ ਲਪੇਟਦੇ ਸੀ ਤੇ ਜਦ ਵੀ ਪਗੜੀ ਸਿਰ ਤੋਂ ਲਾਹ ਕੇ ਰਖਦੇ, ਇਹ ਛੋਟੀ ਕਾਲੀ ਦਸਤਾਰ (ਪਟਕਾ) ਹਮੇਸ਼ਾ ਉੁਨ੍ਹਾਂ ਦੇ ਕੇਸਾਂ ਨੂੰ ਢੱਕੀ ਰਖਦਾ। ਪਰ ਚੋਣਾਂ ਵਿਚ ਸੱਭ ਚਲਦਾ ਹੈ ਤੇ ਝੂਠ ਤਾਂ ਜ਼ਿਆਦਾ ਹੀ ਚਲਦਾ ਹੈ। ਸ਼ਾਮ ਨੂੰ ਵੋਟਾਂ ਦੀ ਗਿਣਤੀ ਕੀਤੀ ਗਈ। ਦਾਦਾ ਜੀ ਦੋ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਗਏ। ਉਹ ਹੈਰਾਨ ਸਨ ਕਿ ਇਹ ਹੋ ਕਿਵੇਂ ਗਿਆ ਹੈ? ਲੋਕ ਉੁਨ੍ਹਾਂ ਦੇ ਪੈਰਾਂ ਨੂੰ ਹੱਥ ਲਾਈ ਜਾਂਦੇ ਸਨ ਤੇ ਹੈਰਾਨੀ ਪ੍ਰਗਟ ਕਰੀ ਜਾਂਦੇ ਸਨ। ਪੈਰੀਂ ਹੱਥ ਲਾਉਣ ਵਾਲਿਆਂ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਨੇ 'ਹਿੰਦੂ' ਵਜੋਂ, ਵੋਟ ਉੁਨ੍ਹਾਂ ਦੇ ਵਿਰੁਧ ਪਾਈ ਸੀ। ਸਾਰੇ ਅਫ਼ਸੋਸ ਕਰੀ ਜਾ ਰਹੇ ਸਨ। ਮੈਂ ਉਠ ਕੇ ਆ ਗਿਆ। ਮੈਨੂੰ ਚੋਣਾਂ ਨਾਲ ਸਖ਼ਤ ਨਫ਼ਰਤ ਹੋ ਗਈ। ਸਾਡੇ ਵਿਚਾਰ ਕੁੱਝ ਵੀ ਹੋ ਸਕਦੇ ਹਨ ਤੇ ਅਸੀ ਬਹਿਸ ਕਰਦੇ ਕਰਦੇ, ਸਾਰਾ ਜੀਵਨ ਗੁਜ਼ਾਰ ਸਕਦੇ ਹਾਂ ਪਰ ਜੇ ਅਪਣੇ ਪ੍ਰਤੀਨਿਧ ਚੁਣਨ ਲਗਿਆਂ ਵੀ, ਸੌੜੀ ਸੋਚ ਨੂੰ ਸਿਰ 'ਤੇ ਸਵਾਰ ਰੱਖਾਂਗੇ ਤਾਂ ਚੰਗੇ ਲੋਕਾਂ ਨੂੰ ਕਿਵੇਂ ਅੱਗੇ ਲਿਆਵਾਂਗੇ? ਮੈਨੂੰ ਨਹੀਂ ਯਕੀਨ, ਮੇਰੀ ਜ਼ਿੰਦਗੀ ਵਿਚ, ਸਾਡੇ ਵੋਟਰ, ਕਦੇ ਵੀ ਚੰਗੇ ਬੰਦਿਆਂ ਨੂੰ, ਉਨ੍ਹਾਂ ਦੀ ਚੰਗਿਆਈ ਵੇਖ ਕੇ ਹੀ ਚੁਣ ਲਿਆ ਕਰਨਗੇ। ਨਾ ਨਾ, ਬਿਲਕੁਲ ਨਾਮੁਮਕਿਨ, ਅਸੰਭਵ, ਪਰਮ ਅਸੰਭਵ!!

SHARE ARTICLE
Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement