
ਜੇ ਇਹ ਸੱਚ ਹੀ ਜੀਊਂਦਾ ਰਹਿਣ ਦਿਤਾ ਜਾਂਦਾ ਤਾਂ ਅੱਜ ਦਾ ਪੰਜਾਬ ਹਰ ਮਾਮਲੇ ਵਿਚ ਦੇਸ਼ ਦੀ ਅਗਵਾਈ ਕਰ ਰਿਹਾ ਹੁੰਦਾ!
ਪਰ ਅਗਵਾਈ ਉਹੀ ਕਰਦਾ ਹੈ ਜੋ ਹਰ 'ਕੁਰਬਾਨੀ' ਕਰਨ ਲਈ ਪਹਿਲਾਂ ਆਪ ਤਿਆਰ ਹੋਵੇ। ਵਕਤ ਕਦੇ ਸਿਰਾਂ ਦੀ ਕੁਰਬਾਨੀ ਮੰਗਦਾ ਹੈ, ਕਦੇ ਅਪਣਾ ਸੁੱਖ ਤਿਆਗਣ ਅਤੇ ਕੌਮੀ ਸ਼ਾਨ ਲਈ ਪੈਸੇ ਦੀ ਕੁਰਬਾਨੀ ਮੰਗਦਾ ਹੈ ਤੇ ਕਦੀ ਕੌਮੀ ਅਣਖ ਖ਼ਾਤਰ, ਸੱਤਾ ਦੀ ਲਾਲਸਾ ਦੀ ਕੁਰਬਾਨੀ ਮੰਗਦਾ ਹੈ। ਪੰਜਾਬੀ ਤਾਂ ਸ਼ਰਾਬ ਦੀ 'ਕੁਰਬਾਨੀ' ਕਰਨ ਨੂੰ ਵੀ ਤਿਆਰ ਨਹੀਂ। ਫਿਰ ਇਹ ਦੇਸ਼ ਦੀ ਅਗਵਾਈ ਮੁੜ ਤੋਂ ਵੀ ਕਦੀ ਕਰ ਸਕਣਗੇ, ਅਜਿਹਾ ਸੋਚਣਾ ਵੀ ਪਾਪ ਲਗਦਾ ਹੈ।
ਜਿਹੜਾ ਵੀ ਕੋਈ ਛੋਟਾ ਵੱਡਾ ਲੇਖਕ ਪੰਜਾਬ ਬਾਰੇ ਕੁੱਝ ਲਿਖਣ ਲਈ ਕਲਮ ਚੁਕਦਾ ਹੈ, ਸੱਭ ਤੋਂ ਪਹਿਲਾ ਫ਼ਿਕਰਾ ਜਿਹੜਾ ਉਸ ਨੂੰ ਸੁਝਦਾ ਹੈ, ਉਹ ਇਹੀ ਹੁੰਦਾ ਹੈ ਕਿ ਪੰਜਾਬ ਤਾਂ ਗੁਰੂਆਂ, ਪੀਰਾਂ ਦੀ ਧਰਤੀ ਹੈ...। ਵਾਰ-ਵਾਰ ਦੁਹਰਾਇਆ ਜਾ ਰਿਹਾ ਇਹ ਫ਼ਿਕਰਾ ਪੜ੍ਹ ਪੜ੍ਹ ਕੇ ਜੋ ਕੋਈ ਵੀ ਪੰਜਾਬ ਨੂੰ ਵੇਖਣ ਲਈ ਇਥੇ ਆਉਂਦਾ ਹੈ, ਉਸ ਨੂੰ ਇਥੇ ਨਜ਼ਰ ਕੀ ਆਉਂਦਾ ਹੈ? ਇਹਨੀਂ ਦਿਨੀਂ, ਦਿੱਲੀ ਅਤੇ ਹੋਰ ਥਾਵਾਂ ਤੋਂ ਕਈ ਲੋਕ, ਪੰਜਾਬ ਦੀਆਂ ਚੋਣਾਂ ਦਾ ਨਜ਼ਾਰਾ ਵੇਖਣ ਲਈ ਆਏ। ਉਨ੍ਹਾਂ 'ਚੋਂ ਕਈ ਮੈਨੂੰ ਵੀ ਮਿਲੇ ਜਾਂ ਉਨ੍ਹਾਂ ਟੈਲੀਫ਼ੋਨ ਤੇ ਮੇਰੇ ਨਾਲ ਗੱਲਬਾਤ ਕੀਤੀ। ਬੜੇ ਤਨਜ਼ੀਆ ਜਾਂ ਮਜ਼ਾਹੀਆ ਅੰਦਾਜ਼ ਵਿਚ ਉਨ੍ਹਾਂ ਦਾ ਸਵਾਲ ਹੁੰਦਾ ਸੀ, ''ਕਿਥੇ ਐ ਤੁਹਾਡਾ ਗੁਰੂਆਂ, ਪੀਰਾਂ ਦਾ ਪੰਜਾਬ? ਸਾਨੂੰ ਤਾਂ ਕਿਧਰੇ ਨਜ਼ਰ ਨਹੀਂ ਆਇਆ।''
ਕਿਵੇਂ ਨਜ਼ਰ ਆਵੇ? ਸ਼ਰਾਬ ਦੇ ਠੇਕੇ ਚੱਪੇ ਚੱਪੇ ਉਤੇ ਖੁਲ੍ਹੇ ਹੋਏ ਵੇਖੇ ਜਾ ਸਕਦੇ ਹਨ। ਜੀ.ਟੀ. ਰੋਡ ਸਮੇਤ ਵੱਡੀਆਂ ਸੜਕਾਂ ਦੇ ਕਿਨਾਰੇ ਖੋਲ੍ਹੇ ਗਏ ਠੇਕੇ ਬੰਦ ਕਰਨ ਦਾ ਹੁਕਮ ਸੁਪ੍ਰੀਮ ਕੋਰਟ ਨੇ ਦੇ ਦਿਤਾ ਹੈ ਪਰ ਪੰਜਾਬ ਸਰਕਾਰ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ 31 ਮਾਰਚ ਤਕ ਖੁਲ੍ਹੇ ਰੱਖਣ ਦੀ ਆਗਿਆ ਦੇ ਦਿਤੀ ਜਾਏ। ਸੁਪ੍ਰੀਮ ਕੋਰਟ ਨੇ ਇਹ ਬੇਨਤੀ ਮੰਨ ਲਈ ਹੈ।ਤੇ ਉਧਰ ਬਿਹਾਰ ਨੇ ਮੁਕੰਮਲ ਸ਼ਰਾਬਬੰਦੀ ਹੀ ਲਾਗੂ ਹੀ ਨਹੀਂ ਕਰ ਦਿਤੀ ਸਗੋਂ 2 ਕਰੋੜ ਲੋਕਾਂ ਦੀ 'ਚੇਨ' ਬਣਾ ਕੇ, ਸ਼ਰਾਬ ਵਿਰੁਧ ਉਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਵਲ ਵੇਖ ਕੇ ਦੁਨੀਆਂ ਭਰ ਵਿਚ ਚਰਚਾ ਹੋ ਰਹੀ ਹੈ।ਫਿਰ ਗੁਰੂਆਂ ਦੀ ਧਰਤੀ, ਪੰਜਾਬ ਹੋਈ ਕਿ ਬਿਹਾਰ? ਜੇ ਪੰਜਾਬ ਸਚਮੁਚ ਗੁਰੂਆਂ ਦੇ ਨਾਂ ਤੇ ਜੀਅ ਰਿਹਾ ਹੁੰਦਾ ਤਾਂ ਸ਼ਰਾਬ ਅਤੇ ਨਸ਼ਿਆਂ ਵਿਰੁਧ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਹੁੰਦਾ। ਮੈਂ ਅਪਣੇ ਜਵਾਨੀ ਦੇ ਦਿਨ ਯਾਦ ਕਰਦਾ ਹਾਂ ਤਾਂ ਕੋਈ ਅਕਾਲੀ ਯਾਦ ਨਹੀਂ ਆਉਂਦਾ ਜੋ ਸ਼ਰਾਬ ਪੀਂਦਾ ਹੋਵੇ। ਚੰਡੀਗੜ੍ਹ ਵਿਚ ਆ ਕੇ ਮੈਂ ਪਹਿਲੀ ਵਾਰ ਵੇਖਿਆ (1970 ਵਿਚ) ਕਿ ਅਕਾਲੀ ਲੀਡਰ, ਪਾਰਟੀਆਂ ਵਿਚ ਸ਼ਰਾਬ ਪੀਂਦੇ ਵੀ ਸਨ ਤਾਂ ਛੁਪ ਛੁਪ ਕੇ ਅਤੇ ਫੜੇ ਜਾਣ ਤੇ ਕਹਿੰਦੇ ਸਨ ਕਿ ਉਹ ਤਾਂ ਕੋਕਾ ਕੋਲਾ ਪੀ ਰਹੇ ਸਨ। ਇਥੇ ਹੀ ਮੈਨੂੰ ਪਹਿਲੀ ਵਾਰ ਸੁਣਨ ਨੂੰ ਮਿਲਿਆ ਕਿ, ''ਜੇ ਤੂੰ ਪੱਤਰਕਾਰੀ ਵਿਚ ਪੈਰ ਰੱਖ ਕੇ ਕਾਮਯਾਬੀ ਹਾਸਲ ਕਰਨੀ ਚਾਹੁਨੈਂ ਤਾਂ ਸ਼ਰਾਬ ਪੀਤੇ ਅਤੇ ਪਿਆਏ ਬਿਨਾਂ, ਅਜਿਹਾ ਸੋਚੀਂ ਵੀ ਨਾ ਕਿਉਂਕਿ ਇਥੇ ਹਰ ਅਫ਼ਸਰ ਤੇ ਹਰ ਲੀਡਰ, ਤੇਰੇ ਘਰ ਆਉਣ ਤੋਂ ਪਹਿਲਾਂ ਇਹ ਸਵਾਲ ਜ਼ਰੂਰ ਪੁੱਛੇਗਾ ਕਿ 'ਸ਼ਰਾਬ ਕਿਹੜੀ ਪਿਆਏਂਗਾ?' ... ਅੱਜ 46 ਸਾਲ ਮਗਰੋਂ ਅਪਣੇ ਵਾਕਫ਼ਕਾਰਾਂ 'ਚੋਂ ਮੈਂ ਸ਼ਾਇਦ ਇਕੱਲਾ ਹੀ ਹਾਂ ਜੋ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ ਵਰਨਾ ਸਾਰਾ ਪੰਜਾਬ ਹੀ ਸ਼ਰਾਬ ਦਾ ਦੀਵਾਨਾ ਹੋਇਆ ਦਿਸਦੈ ਤੇ ਅਕਾਲੀ ਦਲ ਦਾ ਪ੍ਰਧਾਨ ਤੇ ਇਕ ਬੀ.ਜੇ.ਪੀ. ਮਨਿਸਟਰ ਵੀ ਐਲਾਨੀਆ ਕਹਿੰਦੇ ਹਨ ਕਿ 'ਸ਼ਰਾਬ ਕੋਈ ਨਸ਼ਾ ਨਹੀਂ ਹੁੰਦਾ, ਇਹ ਤਾਂ ਅੰਗਰੇਜ਼ ਲੋਕ, ਪਾਣੀ ਦੀ ਥਾਂ ਵਰਤਦੇ ਨੇ...।'ਕੇਵਲ ਸ਼ਰਾਬ ਦੀ ਹੀ ਗੱਲ ਨਹੀਂ, ਪੰਜਾਬ ਦੇ ਲੋਕ ਕਿਸੇ ਵੀ ਖੇਤਰ ਵਿਚ ਅਗਰ ਦੇਸ਼ ਦੀ ਅਗਵਾਈ ਕਰਨ ਵਾਲਾ ਕੋਈ ਕੰਮ ਕਰ ਰਹੇ ਹੋਣ ਤਾਂ ਮੈਨੂੰ ਦਸਿਆ ਜਾਵੇ। ਬਾਬੇ ਨਾਨਕ ਨੇ ਜਾਤ-ਪਾਤ ਵਿਰੁਧ ਇਥੋਂ ਹੀ ਜੇਹਾਦ ਸ਼ੁਰੂ ਕੀਤਾ ਸੀ ਤੇ ਅਖੌਤੀ ਨੀਵੀਂ ਜਾਤ ਦੇ ਭਾਈ ਮਰਦਾਨਾ ਨੂੰ ਉਮਰ ਭਰ ਲਈ ਅਪਣਾ ਸਾਥੀ ਬਣਾ ਕੇ, ਭਾਰਤ ਅਤੇ ਭਾਰਤ ਤੋਂ ਬਾਹਰ ਜਾ ਕੇ 'ਸਾਰੇ ਮਨੁੱਖ ਬਰਾਬਰ ਹਨ' ਦਾ ਹੋਕਾ ਦਿਤਾ ਸੀ। ਅੱਜ ਪੰਜਾਬ ਵਿਚ ਜਾਤ-ਪਾਤ ਦਾ ਕੀ ਹਾਲ ਹੈ? ਉਹੀ ਜੋ ਸਾਰੇ ਦੇਸ਼ ਵਿਚ ਹੈ। ਪੰਜਾਬ ਵਿਚ ਹਾਲਤ ਜ਼ਰਾ ਵੀ ਚੰਗੀ ਨਹੀਂ। ਮੈਂ ਹਰ ਰੋਜ਼ ਇਸ 'ਜਾਤ ਹੰਕਾਰ' ਦੇ ਕਿੱਸੇ ਵੇਖਦਾ ਸੁਣਦਾ ਹਾਂ ਤੇ ਇਹ ਸੋਚ ਕੇ ਉਦਾਸ ਹੋ ਜਾਂਦਾ ਹਾਂ ਕਿ ਇਥੇ ਬ੍ਰਾਹਮਣ ਦੀ ਪੈਦਾ ਕੀਤੀ ਜਾਤ-ਪਾਤ ਨੂੰ ਹੀ ਸਰਦਾਰੀ ਮਿਲੀ ਹੋਈ ਹੈ ਤੇ ਗੁਰੂਆਂ ਦੀ ਜਾਤ-ਪਾਤ ਛੱਡੋ ਮੁਹਿੰਮ ਦੀ ਗੱਲ ਹੀ ਕਿਧਰੇ ਨਹੀਂ ਮਿਲਦੀ --ਸਿੱਖ ਲੀਡਰਾਂ ਦੇ ਘਰਾਂ ਵਿਚ ਵੀ ਨਹੀਂ, ਸਿੱਖ ਬਾਬਿਆਂ ਦੇ ਡੇਰਿਆਂ ਵਿਚ ਵੀ ਨਹੀਂ ਤੇ 'ਗੁਰਮੁਖ' ਸਿੱਖਾਂ ਦੇ ਗੁਰਦਵਾਰਿਆਂ ਵਿਚ ਵੀ ਨਹੀਂ। ਗੁਰੂਆਂ ਨੇ, ਸੰਸਕ੍ਰਿਤ ਨੂੰ ਤਿਆਗ ਕੇ, ਪੰਜਾਬੀ ਨੂੰ ਪਹਿਲ ਦਿਤੀ ਪਰ ਗੁਰੂਆਂ ਦੇ ਨਾਂ ਤੇ ਜੀਊਂਦੇ ਪੰਜਾਬ ਵਿਚ ਪੰਜਾਬੀ ਦਾ ਕੀ ਹਾਲ ਹੈ? ਭਾਰਤ ਦੇ ਦੂਜੇ ਰਾਜਾਂ ਵਲ ਵੇਖੋ, ਉਥੇ ਤਾਂ ਅਪਣੀ ਮਾਤ-ਭਾਸ਼ਾ ਤੋਂ ਬਿਨਾਂ ਦੂਜੀ ਕਿਸੇ (ਹਿੰਦੀ ਸਮੇਤ) ਭਾਸ਼ਾ ਨੂੰ ਨੇੜੇ ਵੀ ਨਹੀਂ ਢੁਕਣ ਦਿਤਾ ਜਾਂਦਾ ਪਰ ਪੰਜਾਬ ਵਿਚ ਪੰਜਾਬੀ ਦੀ ਜੋ ਹਾਲਤ ਹੈ, ਉਸ ਨੂੰ ਆਸਾ ਦੀ ਵਾਰ ਵਿਚ, ਬਾਬੇ ਨਾਨਕ ਵਲੋਂ ਪੰਜਾਬੀਆਂ ਉਤੇ ਕਸੇ ਵਿਅੰਗ ਨਾਲ ਮਿਲਾ ਕੇ ਵੇਖ ਸਕਦੇ ਹੋ। ਬਾਬੇ ਨਾਨਕ ਨੇ ਕਿਹਾ ਸੀ ਕਿ ਇਹ ਅਪਣੇ ਆਪ ਨੂੰ 'ਬਹਾਦਰ' ਕਹਿਣ ਵਾਲੇ ਖਤਰੀ ਵੀ, ਹਾਕਮਾਂ ਦੀ ਨਕਲ ਕਰ ਕੇ, ਨੀਲੇ ਕਪੜੇ ਪਾਉਣ ਲੱਗ ਪਏ ਨੇ ਤੇ ਉਨ੍ਹਾਂ ਨੂੰ ਆਉਂਦਿਆਂ ਵੇਖ ਕੇ, 'ਬੋਲੀ ਅਵਰ ਤਮਾਰੀ' ਅਰਥਾਤ ਹਾਕਮਾਂ ਦੀ ਬੋਲੀ ਉਰਦੂ ਬੋਲਣ ਲੱਗ ਜਾਂਦੇ ਨੇ ਅਤੇ 'ਹਮ ਕੋ ਤੁਮਕੋ' ਕਰਨ ਲੱਗ ਜਾਂਦੇ ਹਨ। ਅੱਜ ਕੀ ਹਾਲ ਹੈ? ਕਿਸੇ ਵੀ ਹੋਰ ਸੂਬੇ ਵਿਚ ਉਥੋਂ ਦੀ ਮਾਤ-ਭਾਸ਼ਾ ਦੀ ਹਾਲਤ ਨਾਲ ਪੰਜਾਬ ਵਿਚ ਪੰਜਾਬੀ ਦੀ ਹਾਲਤ ਦਾ ਮੁਕਾਬਲਾ ਕਰ ਕੇ ਵੇਖ ਲਉ, ਸੱਭ ਤੋਂ ਮਾੜੀ ਹਾਲਤ ਪੰਜਾਬ ਵਿਚ ਪੰਜਾਬੀ ਦੀ ਹੀ ਨਜ਼ਰ ਆਵੇਗੀ।ਜੇ ਸਚਮੁਚ ਹੀ ਪੰਜਾਬ ਗੁਰੂਆਂ ਦੇ ਨਾਂ ਤੇ ਜੀਅ ਰਿਹਾ ਹੁੰਦਾ ਤਾਂ ਸ਼ਰਾਬ, ਨਸ਼ਿਆਂ, ਗ਼ਰੀਬ ਦੀ ਮਦਦ, ਜਾਤ-ਪਾਤ, ਧਰਮ ਅਸਥਾਨਾਂ ਵਿਚੋਂ ਕਰਮ-ਕਾਂਡ, ਬਿਪਰਵਾਦ ਤੇ ਵਿਅਕਤੀ-ਪੂਜਾ ਦੇ ਮੁਕੰਮਲ ਖ਼ਾਤਮੇ, ਪੰਜਾਬੀ ਭਾਸ਼ਾ ਦੇ ਉੱਚੇ ਰੁਤਬੇ, ਲੀਡਰਾਂ ਦਾ ਸਾਦਗੀ ਵਾਲਾ ਅਤੇ ਭ੍ਰਿਸ਼ਟਾਚਾਰ-ਮੁਕਤ ਜੀਵਨ ਆਦਿ ਸਮੇਤ ਕਈ ਅਜਿਹੇ ਮੁੱਦੇ ਹਨ ਜਿਨ੍ਹਾਂ ਉਤੇ, ਬਿਨਾਂ ਕੋਈ ਪੈਸਾ ਖ਼ਰਚ ਕੀਤਿਆਂ ਮਾਅਰਕੇ ਦਾ ਕੰਮ ਕਰ ਕੇ ਵਿਖਾਇਆ ਜਾਂਦਾ ਤਾਂ ਪੰਜਾਬ ਅੱਜ ਦੇਸ਼ ਦਾ ਆਗੂ ਬਣਿਆ ਹੋਣਾ ਸੀ ਤੇ ਦਾਅਵੇ ਨਾਲ ਕਹਿ ਸਕਦਾ ਸੀ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਤੇ ਇਹ ਤੁਸੀ ਆਪ ਆ ਕੇ ਵੇਖ ਲਉ। ਪਰ ਹੁਣ ਬਾਹਰੋਂ ਆਏ ਲੋਕ ਜੋ ਕੁੱਝ ਵੇਖਦੇ ਹਨ, ਉਸ ਨੂੰ ਵੇਖ ਕੇ ਸਗੋਂ ਸਾਨੂੰ ਟਿਚਰਾਂ ਹੀ ਕਰਦੇ ਹਨ, ਜਿਵੇਂ ਕਿ ਮੈਂ ਉਪਰ ਦਸਿਆ ਹੈ। ਫ਼ੌਜ ਅਤੇ ਖੇਤੀ ਵਾਲੀ ਸਰਦਾਰੀ ਤਾਂ ਕੇਂਦਰ ਨੇ ਖ਼ਤਮ ਕਰਨ ਦਾ ਫ਼ੈਸਲਾ ਕਰ ਹੀ ਲਿਆ ਹੈ ਅਤੇ ਜੋ ਕੇਂਦਰ ਖ਼ਤਮ ਨਹੀਂ ਕਰ ਸਕਦਾ, ਉਹ ਆਪ ਅਸੀ ਸਿਰਜਿਆ ਨਹੀਂ। 'ਉੱਚਾ ਦਰ ਬਾਬੇ ਨਾਨਕ ਦਾ' ਅਸੀ ਤੁਸੀ ਰਲ ਕੇ ਇਸੇ ਹਾਲਤ ਨੂੰ ਬਦਲਣ ਲਈ ਸ਼ੁਰੂ ਕਰਨ ਦਾ ਮਨ ਬਣਾਇਆ ਸੀ। ਮੈਂ ਤੇ ਮੇਰੇ ਪ੍ਰਵਾਰ ਨੇ ਜੋ ਕੁੱਝ ਸਾਡੇ ਕੋਲ ਸੀ ਜਾਂ ਜੋ ਕੁੱਝ ਕਰਜ਼ੇ ਚੁੱਕ ਕੇ ਤੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਪ੍ਰੇਰ ਕੇ ਇਕੱਠਾ ਕਰ ਸਕਦੇ ਸੀ, ਕਰ ਕੇ ਇਸ ਵੱਡੇ ਕੰਮ ਲਈ ਦਿਤਾ ਤੇ ਮਾਲਕੀ ਵੀ ਅਪਣੇ ਕੋਲ ਨਹੀਂ ਰੱਖੀ ਸਗੋਂ ਪਾਠਕਾਂ 'ਚੋਂ ਮੈਂਬਰ ਬਣਨ ਵਾਲਿਆਂ ਦੇ ਨਾਂ ਕਰ ਦਿਤੀ ਪਰ ਏਨੀ ਕੁ ਇੱਛਾ ਜ਼ਰੂਰ ਮਨ ਵਿਚ ਪਾਲੀ ਕਿ 80% ਕੰਮ ਕਰ ਦਿਤਾ ਹੈ ਤਾਂ ਬਾਕੀ ਦਾ ਕੰਮ ਹੁਣ ਮੈਂਬਰ ਤੇ ਪਾਠਕ ਆਪ 'ਮਾਲਕਾਂ' ਵਾਂਗ ਕਰ ਲੈਣਗੇ ਅਤੇ ਮੈਨੂੰ ਹੋਰ ਕੰਮਾਂ ਲਈ ਵਿਹਲਿਆਂ ਕਰ ਦੇਣਗੇ। ਬੜੀ ਪ੍ਰੇਸ਼ਾਨੀ ਹੁੰਦੀ ਹੈ ਇਹ ਵੇਖ ਕੇ ਕਿ ਨਾਨਕੀ ਇਨਕਲਾਬ ਜਿਸ ਥਾਂ ਤੋਂ ਸ਼ੁਰੂ ਹੋਣਾ ਹੈ। (ਇਥੋਂ ਕਿੰਨਾ ਵੱਡਾ ਨਾਨਕੀ ਇਨਕਲਾਬ ਸ਼ੁਰੂ ਹੋਣਾ ਹੈ, ਇਸ ਬਾਰੇ ਇਸ ਦੇ ਵਿਰੋਧੀ ਸਗੋਂ ਜ਼ਿਆਦਾ ਜਾਣਦੇ ਹਨ ਤੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਇਸ ਨੂੰ ਰੋਕਣ ਲਈ ਹਰ ਯਤਨ ਕਰ ਰਹੇ ਹਨ) ਉਸ ਦੀ ਉਸਾਰੀ ਲਈ ਵੱਡੀ ਕੁਰਬਾਨੀ ਤਾਂ ਕਿਸੇ ਨੇ ਕੀ ਕਰਨੀ ਹੈ, ਛੋਟੀ ਜਹੀ ਕੁਰਬਾਨੀ ਕਰਨ ਲਈ ਵੀ ਕਿਹਾ ਜਾਏ ਤਾਂ ਲਿਖਤੀ ਜਵਾਬ ਆ ਜਾਂਦਾ ਹੈ, ''ਉੱਚਾ ਦਰ ਬਾਬੇ ਨਾਨਕ ਦਾ ਲਈ ਜਾਨ ਮੰਗ ਲਉ, ਜਾਨ ਹਾਜ਼ਰ ਹੈ ਪਰ ਪੈਸਾ ਨਹੀਂ...।''
ਨਾਨਕੀ ਇਨਕਲਾਬ, ਸਿਰ ਨਹੀਂ ਮੰਗਦਾ, ਇਸ ਵੇਲੇ ਉਸਾਰੀ ਲਈ ਥੋੜੀ ਜਿਹੀ ਕੁਰਬਾਨੀ ਹਰ ਪਾਠਕ ਤੋਂ ਮੰਗਦਾ ਹੈ, ਕੋਈ ਬਹਾਨਾ ਨਹੀਂ, ਕੋਈ 'ਕਿੰਤੂ ਪ੍ਰੰਤੂ' ਨਹੀਂ। ਇਕ ਦਿਨ ਵਿਚ ਹੀ 'ਉੱਚਾ ਦਰ' ਦਾ ਸਾਰਾ ਕੰਮ ਸਿਰੇ ਚੜ੍ਹ ਸਕਦਾ ਹੈ ਜੇ ਸਾਰੇ ਪਾਠਕ 25-50 ਹਜ਼ਾਰ ਜਾਂ ਇਕ ਲੱਖ ਦੀ 'ਕੁਰਬਾਨੀ' ਕਰਨ ਲਈ ਤਿਆਰ ਹੋ ਜਾਣ। ਉਹ ਇਕ ਦੋ ਮੈਂਬਰ ਬਣਾ ਕੇ, 'ਉੱਚਾ ਦਰ' ਦੀ ਮਾਲਕੀ ਵੀ ਨਾਲ ਹੀ ਲੈ ਸਕਦੇ ਹਨ ਪਰ ਬਾਬੇ ਨਾਨਕ ਦੇ ਇਨਕਲਾਬ ਲਈ ਤੇ ਕੌਮ ਦਾ ਧਿਆਨ ਮਾੜੀਆਂ ਗੱਲਾਂ ਵਲੋਂ ਹਟਾ ਕੇ ਚੰਗੀਆਂ ਗੱਲਾਂ ਵਲ ਲਾਉਣ ਲਈ 'ਮਾਇਆ ਦੀ ਕੁਰਬਾਨੀ' ਕਰਨ ਲਈ ਕਿੰਨੇ ਕੁ ਤਿਆਰ ਹੋ ਸਕਣਗੇ? ਰੱਬ ਹੀ ਜਾਣਦਾ ਹੈ।