ਸਾਲਾਨਾ ਸਮਾਗਮ ਤੋਂ ਪਹਿਲਾਂ ਪੰਜਾਬ ਸਰਕਾਰ ਨਾਲ ਇਕ ਸ਼ਾਮ!
Published : Dec 24, 2017, 2:25 am IST
Updated : Dec 23, 2017, 8:55 pm IST
SHARE ARTICLE

ਸਾਡੇ ਸੱਤ ਦਫ਼ਤਰ, ਇਕੋ ਸਮੇਂ, ਸਾਰੇ ਪੰਜਾਬ ਵਿਚ ਤੋੜ ਭੰਨ ਦਿਤੇ ਗਏ। ਆਸ਼ੂਤੋਸ਼ ਨੂਰਮਹਿਲੀਏ ਦੀਆਂ ਚੇਲੀਆਂ ਨੂੰ ਅੱਗੇ ਲਾ ਕੇ ਇਹ ਕਾਰਾ ਕੀਤਾ ਗਿਆ।  ਮੈਂ ਚਿੱਠੀ ਦੇ ਕੇ ਅਪਣੇ ਸੀਨੀਅਰ ਪੱਤਰਕਾਰ ਭਾਰਦਵਾਜ ਜੀ ਨੂੰ ਮੁੱਖ ਮੰਤਰੀ ਕੋਲ, ਸਮਾਂ ਲੈਣ ਲਈ ਭੇਜਿਆ ਤਾਕਿ ਸਾਰੀ ਗੱਲ ਦਸ ਕੇ, ਇਨਸਾਫ਼ ਮੰਗੀਏ। ਬਾਦਲ ਸਾਹਿਬ ਵਰਗਾ 'ਮਚਲਾ ਬਾਦਸ਼ਾਹ' ਸ਼ਾਇਦ ਹੀ ਕਿਸੇ ਨੇ ਵੇਖਿਆ ਹੋਵੇਗਾ। ਬੜੀ ਮਾਸੂਮੀਅਤ ਨਾਲ ਬੋਲੇ, ''ਕਾਕਾ ਜੀ, ਮੈਂ ਤਾਂ ਸ. ਜੋਗਿੰਦਰ ਸਿੰਘ ਦੀ ਬੜੀ ਕਦਰ ਕਰਦਾ ਹਾਂ ਤੇ ਮੈਨੂੰ ਤਾਂ ਉਨ੍ਹਾਂ ਨਾਲ ਮਿਲ ਕੇ ਖ਼ੁਸ਼ੀ ਹੀ ਹੋਵੇਗੀ ਪਰ ਡਰਦਾ ਹਾਂ ਇਨ੍ਹਾਂ 'ਜਥੇਦਾਰਾਂ' ਤੋਂ ਕਿ ਇਹ ਕਿਤੇ ਮੈਨੂੰ ਈ ਨਾ ਛੇਕ ਦੇਣ। ਥੋਨੂੰ ਤਾਂ ਪਤਾ ਈ ਏ, ਜਥੇਦਾਰਾਂ ਨੇ ਕਿਹਾ ਹੋਇਐ ਬਈ ਜਿਹੜਾ ਸ. ਜੋਗਿੰਦਰ ਸਿੰਘ ਨੂੰ ਮਿਲੇਗਾ, ਉਸ ਨੂੰ ਵੀ ਛੇਕ ਦਿਤਾ ਜਾਏਗਾ ਜੀ...।'' ਸਾਡਾ ਪੱਤਰਕਾਰ ਠਹਾਕਾ ਮਾਰ ਕੇ ਹਸਿਆ ਤੇ ਮੁੜ ਆਇਆ।
ਪਿਛਲੇ 10-12 ਸਾਲ ਤੋਂ ਪੰਜਾਬ ਸਰਕਾਰ ਨੇ ਸਾਨੂੰ 'ਅਛੂਤ' ਹੀ ਬਣਾਇਆ ਹੋਇਆ ਸੀ। ਨਾ ਸਾਡੇ ਨਾਲ ਕੋਈ ਗੱਲਬਾਤ ਹੋਣੀ, ਨਾ ਇਸ਼ਤਿਹਾਰ ਦੇਣੇ ਤੇ ਨਾ ਸਾਨੂੰ ਕਿਸੇ ਸਮਾਗਮ ਲਈ ਸੱਦਾ ਪੱਤਰ ਹੀ ਭੇਜਣਾ। ਚੰਡੀਗੜ੍ਹ ਦੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਹਵਾਈ ਜਹਾਜ਼ ਵਿਚ ਬਿਠਾ ਕੇ ਅੰਮ੍ਰਿਤਸਰ ਤੇ ਹੋਰ ਥਾਵਾਂ ਤੇ ਲਿਜਾਂਦੇ ਸਨ (ਸਮਾਗਮਾਂ ਵਿਚ) ਪਰ ਮੈਨੂੰ ਕੋਈ ਕਾਰਡ ਵੀ ਨਾ ਭੇਜਦਾ ਤੇ ਚੰਡੀਗੜ੍ਹ ਦੇ ਸਮਾਗਮਾਂ ਵਿਚ ਵੀ ਨਾ ਬੁਲਾਉਂਦੇ ਕਿਉਂਕਿ ਸਪੋਕਸਮੈਨ ਤੇ ਉਸ ਦਾ ਐਡੀਟਰ ਉਨ੍ਹਾਂ ਲਈ 'ਅਛੂਤ' ਹੀ ਤਾਂ ਸੀ। ਮੈਨੂੰ ਨਹੀਂ ਪਤਾ ਕਿਸੇ ਵੀ ਹੋਰ ਛੋਟੇ ਵੱਡੇ ਅਖ਼ਬਾਰ ਨੂੰ ਇਸ ਤਰ੍ਹਾਂ ਅਛੂਤ ਬਣਾ ਕੇ ਰਖਿਆ ਹੋਵੇ ਕਿਸੇ ਸਰਕਾਰ ਨੇ। ਠੀਕ ਹੈ, ਨਾਰਾਜ਼ਗੀਆਂ ਹੁੰਦੀਆਂ ਹਨ, ਕੁੱਝ ਸਮੇਂ ਲਈ ਅਖ਼ਬਾਰਾਂ ਦੇ ਇਸ਼ਤਿਹਾਰ ਵੀ ਸਰਕਾਰਾਂ ਰੋਕ ਲੈਂਦੀਆਂ ਹਨ ਪਰ ਜੋ ਸਲੂਕ ਸਾਡੇ ਨਾਲ ਲਗਾਤਾਰ 10 ਸਾਲ ਤਕ ਕੀਤਾ ਗਿਆ, ਉਸ ਦੀ ਤਾਂ ਕਿਸੇ ਲੋਕ-ਰਾਜੀ ਸਮਾਜ ਵਿਚ ਕੋਈ ਹੋਰ ਮਿਸਾਲ ਲਭਣੀ ਵੀ ਔਖੀ ਹੈ।
ਸਾਡੇ ਸੱਤ ਦਫ਼ਤਰ, ਇਕੋ ਸਮੇਂ, ਸਾਰੇ ਪੰਜਾਬ ਵਿਚ ਤੋੜ ਭੰਨ ਦਿਤੇ ਗਏ। ਆਸ਼ੂਤੋਸ਼ ਨੂਰਮਹਿਲੀਏ ਦੀਆਂ ਚੇਲੀਆਂ ਨੂੰ ਅੱਗੇ ਲਾ ਕੇ ਇਹ ਕਾਰਾ ਕੀਤਾ ਗਿਆ। ਪੁਲਿਸ ਨੂੰ ਹਦਾਇਤਾਂ ਸਨ ਕਿ ਸਪੋਕਸਮੈਨ ਦੇ ਕਿਸੇ ਦਫ਼ਤਰ 'ਚੋਂ ਫ਼ੋਨ ਆਵੇ ਤਾਂ ਇਕ ਘੰਟਾ ਫ਼ੋਨ ਨਹੀਂ ਚੁਕਣਾ। ਮਤਲਬ ਇਹ ਸੀ ਕਿ ਇਕ ਘੰਟਾ, ਹਮਲਾਵਰ ਫ਼ੌਜ ਨੂੰ ਖੁਲ੍ਹੀ ਛੁੱਟੀ ਦਈ ਰਖਣੀ ਹੈ। ਸ਼ਾਮ ਨੂੰ ਇਕ ਅਕਾਲੀ ਆਗੂ ਮੇਰੇ ਬਾਰੇ ਕਹਿ ਰਹੇ ਸੀ, ''ਹੁਣ ਜਾਂ ਤਾਂ ਪੰਜਾਬ ਛੱਡ ਕੇ ਭੱਜ ਜਾਏਗਾ ਨਹੀਂ ਤਾਂ ਬੰਦਾ ਬਣ ਜਾਏਗਾ ਤੇ ਬਾਦਲ ਸਾਹਿਬ ਦੇ ਪੈਰ ਫੜ ਲਵੇਗਾ।''
ਮੈਨੂੰ ਯਾਦ ਹੈ, ਉਸ ਵੇਲੇ ਅਸੀ ਫ਼ੈਸਲਾ ਕੀਤਾ ਸੀ ਕਿ ਅਖ਼ਬਾਰ ਦੇ ਸਾਰੇ ਟਰੱਸਟੀ, ਮੇਰੀ ਅਗਵਾਈ ਵਿਚ, ਮੁੱਖ ਮੰਤਰੀ ਨੂੰ ਮਿਲ ਕੇ ਇਕ ਮੈਮੋਰੰਡਮ (ਯਾਦ-ਪੱਤਰ) ਦੇ ਆਉਣ। ਮੈਂ ਚਿੱਠੀ ਦੇ ਕੇ ਅਪਣੇ ਸੀਨੀਅਰ ਪੱਤਰਕਾਰ ਭਾਰਦਵਾਜ ਜੀ ਨੂੰ ਮੁੱਖ ਮੰਤਰੀ ਕੋਲ, ਸਮਾਂ ਲੈਣ ਲਈ ਭੇਜਿਆ ਤਾਕਿ ਸਾਰੀ ਗੱਲ ਦਸ ਕੇ, ਇਨਸਾਫ਼ ਮੰਗੀਏ। ਬਾਦਲ ਸਾਹਿਬ ਵਰਗਾ 'ਮਚਲਾ ਬਾਦਸ਼ਾਹ' ਸ਼ਾਇਦ ਹੀ ਕਿਸੇ ਨੇ ਵੇਖਿਆ ਹੋਵੇਗਾ। ਬੜੀ ਮਾਸੂਮੀਅਤ ਨਾਲ ਬੋਲੇ, ''ਕਾਕਾ ਜੀ, ਮੈਂ ਤਾਂ ਸ. ਜੋਗਿੰਦਰ ਸਿੰਘ ਦੀ ਬੜੀ ਕਦਰ ਕਰਦਾ ਹਾਂ ਤੇ ਮੈਨੂੰ ਤਾਂ ਉਨ੍ਹਾਂ ਨਾਲ ਮਿਲ ਕੇ ਖ਼ੁਸ਼ੀ ਹੀ ਹੋਵੇਗੀ ਪਰ ਡਰਦਾ ਹਾਂ ਇਨ੍ਹਾਂ 'ਜਥੇਦਾਰਾਂ' ਤੋਂ ਕਿ ਇਹ ਕਿਤੇ ਮੈਨੂੰ ਈ ਨਾ ਛੇਕ ਦੇਣ। ਥੋਨੂੰ ਤਾਂ ਪਤਾ ਈ ਏ, ਜਥੇਦਾਰਾਂ ਨੇ ਕਿਹਾ ਹੋਇਐ ਬਈ ਜਿਹੜਾ ਸ. ਜੋਗਿੰਦਰ ਸਿੰਘ ਨੂੰ ਮਿਲੇਗਾ, ਉਸ ਨੂੰ ਵੀ ਛੇਕ ਦਿਤਾ ਜਾਏਗਾ ਜੀ...।''
ਸਾਡਾ ਪੱਤਰਕਾਰ ਠਹਾਕਾ ਮਾਰ ਕੇ ਹਸਿਆ ਤੇ ਮੁੜ ਆਇਆ। ਸਾਰੀ ਲਿਖਤੀ ਰੀਪੋਰਟ ਉਸ ਨੇ ਮੇਰੇ ਅੱਗੇ ਰੱਖ ਦਿਤੀ। ਖ਼ੈਰ, ਜੋ ਵੀ ਹੈ, ਬਾਦਲ ਸਾਹਬ ਨੇ ਸਰਕਾਰ ਅਤੇ ਸਾਡੇ ਵਿਚਕਾਰ ਇਕ ਖਾਈ ਪੁਟ ਦਿਤੀ। ਅਫ਼ਸਰ ਵੀ ਮੈਨੂੰ ਮਿਲਣੋਂ ਜਾਂ ਮੇਰੇ ਨਾਲ ਹੱਥ ਮਿਲਾਉਣੋਂ ਝਕਣ ਲੱਗੇ। ਜੇ ਕੋਈ ਮਿਲਣ ਆ ਵੀ ਜਾਂਦਾ ਤਾਂ ਇਹ ਕਹਿਣੋਂ ਨਾ ਰਹਿੰਦਾ, ''ਵੇਖਿਉ, ਬਾਦਲ ਸਾਹਬ ਨੂੰ ਪਤਾ ਨਹੀਂ ਲਗਣਾ ਚਾਹੀਦਾ ਕਿ ਮੈਂ ਤੁਹਾਨੂੰ ਕਦੇ ਮਿਲਿਆ ਵੀ ਸੀ ਨਹੀਂ ਤਾਂ ਮੇਰੇ ਲਈ ਮੁਸੀਬਤ ਬਣ ਜਾਏਗੀ।''
ਹੁਣ ਜਦ ਅਸੀ 12 ਸਾਲ ਪੂਰੇ ਕਰਨ ਮਗਰੋਂ ਸਾਲਾਨਾ ਸਮਾਗਮ ਦੀ ਗੱਲ ਕਰ ਰਹੇ ਸੀ ਤਾਂ ਅਚਾਨਕ ਇਕ ਸੁਝਾਅ ਆਇਆ ਕਿ 10-12 ਸਾਲ ਤੋਂ ਸਰਕਾਰ ਨਾਲੋਂ ਪੂਰੀ ਤਰ੍ਹਾਂ ਕੱਟੇ ਰਹਿਣ ਕਰ ਕੇ ਅਫ਼ਸਰ ਜਾਣਦੇ ਵੀ ਨਹੀਂ ਕਿ ਅਖ਼ਬਾਰ ਚਲਾ ਕੌਣ ਰਿਹਾ ਹੈ ਤੇ ਉਹ ਵੇਖਣ ਨੂੰ ਕਿਹੋ ਜਿਹਾ ਹੈ, ਇਸ ਲਈ ਸਾਲਾਨਾ ਸਮਾਗਮ ਤੋਂ ਪਹਿਲਾਂ 'ਇਕ ਸ਼ਾਮ ਸਰਕਾਰ ਨਾਲ' ਅਗਰ ਰੱਖ ਲਈ ਜਾਏ ਤਾਂ ਠੀਕ ਨਹੀਂ ਰਹੇਗਾ?
ਮੈਂ ਕਿਹਾ, ਠੀਕ ਤਾਂ ਰਹੇਗਾ ਪਰ ਸਾਡੇ ਬੁਲਾਵੇ ਤੇ ਕੀ ਸਰਕਾਰ ਆ ਵੀ ਜਾਏਗੀ? ਅਸੀ ਤਾਂ ਕਿਸੇ ਨੂੰ ਕਦੇ ਮਿਲੇ ਵੀ ਨਹੀਂ। ਨਿਮਰਤ ਕੌਰ, ਜਿਸ ਦੇ ਸੰਪਾਦਕੀਆਂ ਦੀਆਂ ਧੁੰਮਾਂ ਦੇਸ਼ ਵਿਦੇਸ਼ ਵਿਚ ਪਈਆਂ ਹੋਈਆਂ ਨੇ ਤੇ ਜਿਸ ਬਾਰੇ ਅੰਗਰੇਜ਼ੀ ਅਖ਼ਬਾਰਾਂ ਵਾਲੇ ਵੀ ਅਕਸਰ ਪੁਛਦੇ ਨੇ, ''ਪੰਜਾਬੀ ਵਿਚ ਏਨੇ ਵਧੀਆ ਸੰਪਾਦਕੀ ਲਿਖਣ ਵਾਲੀ ਇਹ ਕਲ ਦੀ 'ਵਿਦਿਆਰਥਣ' ਕੁੜੀ ਕਿਥੋਂ ਪੱਤਰਕਾਰੀ ਬਾਰੇ ਏਨਾ ਕੁੱਝ ਸਿਖ ਕੇ ਆ ਗਈ ਏ? ਸਾਨੂੰ ਤਾਂ ਅੰਗਰੇਜ਼ੀ ਵਿਚ ਵੀ ਏਨੇ ਵਧੀਆ ਸੰਪਾਦਕੀ ਲਿਖਣ ਵਾਲੇ ਨਹੀਂ ਮਿਲਦੇ'', ਉਸ ਨਿਮਰਤ ਨੇ ਕਿਹਾ, ''ਇਹ ਜ਼ਿੰਮੇਵਾਰੀ ਮੇਰੀ।'' ਮੁੱਖ ਮੰਤਰੀ ਨੇ ਹਾਂ ਤਾਂ ਕਰ ਦਿਤੀ ਪਰ ਦੋ ਦਿਨ ਮਗਰੋਂ ਦਾ ਸਮਾਂ ਦੇ ਦਿਤਾ। ਨਿਮਰਤ ਨੇ ਅਪਣੇ ਦਫ਼ਤਰ ਵਿਚ ਬੈਠ ਕੇ ਹੀ ਫ਼ੋਨ ਕਰਨੇ ਸ਼ੁਰੂ ਕਰ ਦਿਤੇ ਤੇ ਅਪਣੀ ਟੀਮ ਬਣਾ ਲਈ ਜਿਸ ਨੇ 48 ਘੰਟਿਆਂ ਵਿਚ ਵਧੀਆ ਸਮਾਗਮ ਰਚਾਉਣ ਦਾ ਸਾਰਾ ਜ਼ਿੰਮਾ ਅਪਣੇ ਉਪਰ ਲੈ ਲਿਆ। ਨਿਮਰਤ ਕੌਰ ਦਾ ਹੁਕਮ ਸਾਡੇ ਲਈ ਕੇਵਲ ਏਨਾ ਹੀ ਸੀ, ''ਨਾ ਤੁਸੀ ਕਿਸੇ ਅਪਣੇ ਬੰਦੇ ਨੂੰ ਸੱਦਾ ਪਤਰ ਭੇਜੋਗੇ, ਨਾ ਮੈਨੂੰ ਆਖੋਗੇ। ਮੈਂ ਸਿਰਫ਼ 'ਸਰਕਾਰ' ਨੂੰ ਬੁਲਾਵਾਂਗੀ ਤੇ ਮੇਰੇ ਕੰਮ ਵਿਚ ਕੋਈ ਦਖ਼ਲ ਨਹੀਂ ਦੇਵੇਗਾ। ਅਗਲਾ ਸਾਲਾਨਾ ਸਮਾਗਮ ਤੁਹਾਡਾ ਹੋਵੇਗਾ, ਉਦੋਂ ਤੁਸੀ ਜੋ ਚਾਹੋ ਕਰ ਲੈਣਾ।''


ਸੋ ਜਦੋਂ ਅਸੀ ਸਮਾਗਮ ਵਾਲੀ ਥਾਂ ਤੇ ਪੁੱਜੇ ਤਾਂ ਮੈਨੂੰ ਕੁੱਝ ਨਹੀਂ ਸੀ ਪਤਾ ਕਿ ਕੌਣ ਆ ਰਿਹਾ ਹੈ ਤੇ ਕਿੰਨੇ ਬੰਦੇ ਆ ਰਹੇ ਹਨ। ਮੈਨੂੰ ਦਸਿਆ ਗਿਆ ਸੀ ਕਿ 40-50 ਹਸਤੀਆਂ ਹੀ ਆਉਣਗੀਆਂ ਪਰ ਹਾਲ ਅੰਦਰ ਪੁੱਜੇ ਤਾਂ ਲਗਦਾ ਸੀ ਕਿ ਸਾਰੀ ਪੰਜਾਬ ਸਰਕਾਰ (ਇਸ ਦੇ ਆਗੂ ਤੇ ਮੁਖੀ ਅਫ਼ਸਰ) ਪਹੁੰਚੀ ਹੋਈ ਸੀ। 90% ਨੂੰ ਮੈਂ ਪਹਿਲੀ ਵਾਰ ਮਿਲ ਰਿਹਾ ਸੀ। ਮੇਰੇ ਵਾਕਫ਼ਕਾਰ ਪੁਰਾਣੇ ਅਫ਼ਸਰ ਰੀਟਾਇਰ ਹੋ ਚੁੱਕੇÊ ਸਨ ਤੇ ਨਵਿਆਂ ਲਈ ਮੈਂ ਵੀ ਨਵਾਂ ਹੀ ਸੀ। ਬਹੁਤਿਆਂ ਨੇ ਮੈਨੂੰ ਦਸਿਆ ਕਿ ''ਤੁਹਾਡੀ ਚਰਚਾ ਤਾਂ ਹਰ ਰੋਜ਼ ਹੀ ਹੁੰਦੀ ਸੀ ਤੇ ਤੁਹਾਨੂੰ ਮਿਲਣ ਨੂੰ ਵੀ ਦਿਲ ਕਰਦਾ ਸੀ ਪਰ ਤੁਸੀ ਕਦੇ ਕਿਸੇ ਸਮਾਗਮ ਵਿਚ ਵੀ ਨਜ਼ਰ ਨਹੀਂ ਆਏ।''
ਪਿਛਲੇ 10-12 ਸਾਲਾਂ ਵਿਚ ਮੈਨੂੰ ਸਰਕਾਰੀ ਸਮਾਗਮਾਂ ਵਿਚ ਕਦੇ ਬੁਲਾਇਆ ਵੀ ਨਹੀਂ ਸੀ ਗਿਆ ਤੇ ਵੈਸੇ ਵੀ ਮੇਰੀਆਂ ਆਦਤਾਂ ਵਿਚ ਤਬਦੀਲੀ ਆ ਗਈ ਸੀ ਤੇ ਮੈਂ ਘਰ ਬਹਿ ਕੇ ਪੜ੍ਹਨਾ ਲਿਖਣਾ ਹੀ ਪਸੰਦ ਕਰਨ ਲੱਗ ਪਿਆ ਸੀ। ਇਨ੍ਹਾਂ 10-12 ਸਾਲਾਂ ਵਿਚ ਮੈਨੂੰ ਭੁੱਲ ਹੀ ਗਿਆ ਸੀ ਕਿ ਸਰਕਾਰਾਂ ਦਾ ਚਿਹਰਾ ਮੋਹਰਾ ਕਿਹੋ ਜਿਹਾ ਹੁੰਦਾ ਹੈ। ਮੇਰੇ ਲਈ ਬਿਲਕੁਲ ਨਵਾਂ ਜਿਹਾ ਮਾਹੌਲ ਹੀ ਸੀ। ਇਕ ਵਾਰ ਤਾਂ ਲੱਗਾ ਜਿਵੇਂ ਪਿੰਡ ਵਿਚੋਂ ਚੁਕ ਕੇ ਅਚਾਨਕ ਸ਼ਾਹੀ ਦਰਬਾਰ ਦੀ ਚਮਕ ਦਮਕ ਵਿਚ ਲਿਆ ਬਿਠਾਇਆ ਹੋਵੇ।
ਸੱਭ ਤੋਂ ਵੱਡੀ ਗੱਲ ਕਿ ਜਦੋਂ ਅਸੀ 'ਉੱਚਾ ਦਰ ਬਾਬੇ ਨਾਨਕ ਦਾ' ਬਾਰੇ ਫ਼ਿਲਮ ਵਿਖਾਈ ਤਾਂ ਸੱਭ ਨੇ ਹੈਰਾਨੀ ਭਰੀ ਖ਼ੁਸ਼ੀ ਪ੍ਰਗਟ ਕੀਤੀ ਕਿ ਅਪਣੇ ਜਨਮ ਦੇ ਪਹਿਲੇ ਦਿਨ ਤੋਂ ਹੀ ਸਰਕਾਰੀ ਮਾਰ ਖਾ ਰਹੇ ਜਿਸ 'ਬੱਚੇ' ਬਾਰੇ ਇਹ ਸੁਣਿਆ ਜਾ ਰਿਹਾ ਸੀ ਕਿ ਇਹ ਬੱਚਾ ਸਾਲ ਛੇ ਮਹੀਨੇ ਵੀ ਨਹੀਂ ਕੱਢ ਸਕੇਗਾ, ਉਹ ਸ਼ੇਰ ਮਰਦ ਆਪ ਹੀ ਦੁਨੀਆਂ ਦੇ ਇਤਿਹਾਸਕ ਪਰਚਿਆਂ ਵਿਚ ਸ਼ਾਮਲ ਨਹੀਂ ਹੋ ਗਿਆ ਸਗੋਂ 100 ਕਰੋੜੀ ਉਹ ਅਜੂਬਾ ਵੀ ਇਸ ਛੋਟੇ ਜਹੇ ਤੇ ਮਾਰਾਂ ਸਹਿੰਦੇ ਬੱਚੇ ਨੇ, ਅਪਣੇ ਬਚਪਨ ਵਿਚ ਹੀ ਅਪਣੇ ਪਾਠਕਾਂ ਦੇ ਸਹਿਯੋਗ ਨਾਲ ਉਸਾਰ ਦਿਤਾ ਹੈ। ਮੇਰੇ ਕੋਲ ਬੈਠੇ ਮੁੱਖ ਮੰਤਰੀ ਨੇ ਦੋ ਵਾਰ ਫ਼ਿਲਮ ਵੇਖਣ ਮਗਰੋਂ ਮੈਨੂੰ ਪੁਛਿਆ, ''ਇਸ ਵੱਡੇ ਅਜੂਬੇ ਦਾ ਵਿਚਾਰ ਤੁਹਾਨੂੰ ਕਿਸ ਨੇ ਦਿਤਾ?''
ਮੈਂ ਤਾਂ ਚੁੱਪ ਰਿਹਾ ਪਰ ਮੇਰੇ ਕੋਲ ਹੀ ਬੈਠੀ ਜਗਜੀਤ ਕੌਰ ਨੇ ਮੇਰੇ ਵਲ ਇਸ਼ਾਰਾ ਕਰ ਕੇ ਕਿਹਾ, ''ਉਹ ਤੁਹਾਡੇ ਸਾਹਮਣੇ ਹੀ ਤਾਂ ਬੈਠਾ ਹੈ ਜਿਸ ਨੇ ਇਹ ਸਾਰਾ ਕੁੱਝ ਚਿਤਵਿਆ ਤੇ ਹੋਂਦ ਵਿਚ ਲਿਆਂਦਾ।''
ਕੈਪਟਨ ਅਮਰਿੰਦਰ ਸਿੰਘ ਜੀ ਦਾ ਅਗਲਾ ਸਵਾਲ ਸੀ, ''ਤੇ ਉਹ ਆਰਕੀਟੈਕਟ ਕੌਣ ਏ ਜਿਸ ਨੇ ਤੁਹਾਨੂੰ ਇਹ ਨਕਸ਼ਾ ਤਿਆਰ ਕਰ ਕੇ ਦਿਤਾ?''
ਜਗਜੀਤ ਜੀ ਫਿਰ ਬੋਲੇ, ''ਸਰਕਾਰੀ ਲੋੜਾਂ ਪੂਰੀਆਂ ਕਰਨ ਲਈ ਆਰਕੀਟੈਕਟ ਅਸੀ ਵੀ ਰੱਖੇ ਹੋਏ ਹਨ ਪਰ ਇਸ ਦਾ ਅਸਲ ਆਰਕੀਟੈਕਟ ਵੀ ਇਹ ਤੁਹਾਡੇ ਸਾਹਮਣੇ ਹੀ ਬੈਠਾ ਹੈ। ਸ਼ੁਰੂ ਤੋਂ ਅਖ਼ੀਰ ਤਕ ਇਹ ਸਾਰਾ ਕੁੱਝ ਇਸ ਇਕ ਬੰਦੇ ਨੇ ਅਪਣੇ ਹੱਥੀਂ ਕੀਤਾ ਹੈ, ਭਾਵੇਂ ਮਾਲਕੀ ਅਪਣੇ ਕੋਲ ਨਹੀਂ ਰੱਖੀ ਸਗੋਂ ਬਾਬੇ ਨਾਨਕ ਦੇ ਸਿੱਖਾਂ ਦੇ ਹਵਾਲੇ ਕਰ ਦਿਤੀ ਹੈ।''
ਕੈਪਟਨ ਅਮਰਿੰਦਰ ਸਿੰਘ ਕਹਿਣ ਲਗੇ, ''ਮੈਂ ਆਪ ਚਲ ਕੇ ਇਸ ਨੂੰ ਵੇਖਣਾ ਚਾਹਾਂਗਾ।'' ਫਿਰ ਉਹ ਫ਼ਿਲਮ ਹੌਲੀ ਕਰਵਾ ਕੇ, ਇਕ ਇਕ ਕਮਰੇ ਬਾਰੇ ਪੁੱਛਣ ਲੱਗ ਪਏ ਕਿ ''ਇਥੇ ਕੀ ਹੋਵੇਗਾ?''
ਮੇਰੀ ਪਤਨੀ ਜਗਜੀਤ ਨੇ ਹੀ ਜਦੋਂ ਦਸਿਆ ਕਿ ਅਨੰਦਪੁਰ ਸਾਹਿਬ ਵਾਲੇ 'ਵਿਰਾਸਤੇ ਖ਼ਾਲਸਾ' ਦਾ ਵਿਚਾਰ ਵੀ ਮੈਂ ਹੀ ਲਿਖ ਕੇ ਦਿਤਾ ਸੀ ਤਾਂ ਕੈਪਟਨ ਸਾਹਿਬ ਥੋੜਾ ਰੁਕ ਗਏ ਤੇ ਬੋਲੇ, ''ਵਿਰਾਸਤੇ ਖ਼ਾਲਸਾ 'ਚੋਂ ਸੰਦੇਸ਼ ਕੀ ਮਿਲਦਾ ਹੈ?''
ਮੈਂ ਸਮਝ ਗਿਆ ਕਿ ਉਹ ਕੀ ਜਾਣਨਾ ਚਾਹੁੰਦੇ ਸਨ। ਮੇਰਾ ਜਵਾਬ ਸੀ ਕਿ ''ਅਜੇ ਤਕ ਮੈਨੂੰ ਕੋਈ ਨਹੀਂ ਮਿਲਿਆ ਜਿਹੜਾ ਆਖੇ ਕਿ ਇਥੋਂ ਕੋਈ ਸੰਦੇਸ਼ ਵੀ ਮਿਲਦਾ ਹੈ।'' ਫਿਰ ਮੈਂ ਵਿਸਥਾਰ ਨਾਲ ਦਸਿਆ ਕਿ ਮੈਂ ਕੇਵਲ ਬਿਲਡਿੰਗ ਤਕ ਹੀ ਦਸਿਆ ਸੀ। ਅੰਦਰ ਜੋ ਕੁੱਝ ਵਿਖਾਇਆ ਜਾਣਾ ਸੀ, ਉਹ ਮੈਂ ਇਸ ਲਈ ਨਾ ਦਸ ਸਕਿਆ ਕਿਉਂਕਿ ਬਾਦਲ ਸਾਹਿਬ ਕਿਸੇ ਗੱਲੋਂ ਮੇਰੇ ਨਾਲ ਨਾਰਾਜ਼ ਹੋ ਗਏ ਸਨ ਤੇ ਬਾਕੀਆਂ 'ਚੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਇਮਾਰਤਾਂ ਏਨੀਆਂ ਮਹੱਤਵਪੂਰਨ ਨਹੀਂ ਹੁੰਦੀਆਂ ਜਿੰਨਾ ਇਹ ਮਹੱਤਵਪੂਰਨ ਹੁੰਦਾ ਹੈ ਕਿ ਉਨ੍ਹਾਂ ਅੰਦਰ ਵਿਖਾਇਆ ਕੀ ਜਾਂਦੈ ਤੇ ਉਹ ਵੇਖਣ ਵਾਲਿਆਂ ਨੂੰ ਸੁਨੇਹਾ ਕੀ ਦੇਂਦੈ? ਇਹ ਕਮੀ ਪੂਰੀ ਕਰਨ ਲਈ ਵੀ ਮੈਂ 'ਉੱਚਾ ਦਰ' ਉਸਾਰਨ ਦਾ ਫ਼ੈਸਲਾ ਕੀਤਾ, ਭਾਵੇਂ ਕਿ ਅਜਿਹਾ ਵੱਡਾ ਕੰਮ ਕਰਨ ਦੀ, ਮੇਰੇ ਕੋਲ ਸਮਰੱਥਾ ਬਿਲਕੁਲ ਵੀ ਨਹੀਂ ਸੀ।
ਮੁੱਖ ਮੰਤਰੀ ਤੋਂ ਇਲਾਵਾ ਵੀ ਸੱਭ ਨੇ 'ਉੱਚਾ ਦਰ' ਬਾਰੇ ਬਹੁਤ ਕੁੱਝ ਜਾਣਨ ਦੀ ਉਤਸੁਕਤਾ ਵਿਖਾਈ। ਪਾਠਕਾਂ ਨੂੰ ਮੈਂ ਇਹੀ ਦਸਣਾ ਹੈ ਕਿ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਸ਼ੁਰੂ ਹੁੰਦਾ ਵੇਖਣ ਲਈ, ਦੁਨੀਆਂ ਬਹੁਤ ਕਾਹਲੀ ਪਈ ਹੋਈ ਹੈ ਤੇ ਜਿਸ ਨੂੰ ਵੀ ਇਸ ਬਾਰੇ ਅੱਧੀ ਪਚੱਧੀ ਜਾਣਕਾਰੀ ਮਿਲਦੀ ਹੈ, ਉਹ ਉਥੇ ਜਾਣ ਲਈ ਉਤਸੁਕ ਹੋ ਜਾਂਦਾ ਹੈ। ਕਮੀ ਕੀ ਹੈ? ਬੱਸ ਇਹੀ ਕਿ 88% ਕੰਮ ਰੀਂਗ ਰੀਂਗ ਕੇ ਅਸੀ ਪੂਰਾ ਕਰ ਦਿਤਾ ਹੈ ਤੇ 12% ਬਾਕੀ ਬਚਦਾ ਕੰਮ ਪਾਠਕਾਂ ਨੇ ਪੂਰਾ ਕਰਨਾ ਹੈ। ਮੈਂ ਬੜਾ ਸੌਖਾ ਰਾਹ ਦਸਿਆ ਹੈ ਕਿ ਸਪੋਕਸਮੈਨ ਦਾ ਹਰ ਪਾਠਕ, ਘੱਟੋ ਘੱਟ 10 ਹਜ਼ਾਰ ਰੁਪਏ ਇਸ ਦੇ ਅੰਤਮ ਪੜਾਅ ਲਈ ਦੇ ਦੇਵੇ ਤਾਂ ਕਿਸੇ ਹੋਰ ਅੱਗੇ ਹੱਥ ਹੀ ਨਾ ਅਡਣੇ ਪੈਣ। ਲੱਖਾਂ ਪਾਠਕ ਹਨ। ਅਜੇ ਤਕ ਕੇਵਲ 250 ਦੇ ਕਰੀਬ ਹੀ ਪਾਠਕਾਂ ਨੇ ਜਿਗਰਾ ਵਿਖਾਇਆ ਹੈ। ਥੋੜੀ ਜਹੀ ਮਦਦ ਵੀ ਮੰਗ ਲਈਏ ਤਾਂ ਅੱਗੇ ਪਿੱਛੇ ਤਾਰੀਫ਼ਾਂ ਕਰਨ ਵਾਲੇ ਤੇ ਹਰ ਕੁਰਬਾਨੀ ਕਰਨ ਦਾ ਵਾਅਦਾ ਕਰਨ ਵਾਲੇ, ਚੁੱਪ ਹੋ ਕੇ, ਮੂੰਹ ਪਰਲੇ ਪਾਸੇ ਕਰ ਲੈਂਦੇ ਹਨ। ਇਥੇ ਆ ਕੇ ਹੀ ਤਾਂ ਧਰਮ ਹਾਰ ਜਾਂਦਾ ਹੈ ਤੇ ਲੋਕ ਬੇਈਮਾਨ ਬਣ ਕੇ ਭੋਲੇ ਭਾਲੇ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਕਢਵਾਉਣ ਦੇ ਬੇਈਮਾਨੀ ਵਾਲੇ ਢੰਗ ਲੱਭਣ ਲੱਗ ਪੈਂਦੇ ਹਨ। ਜੇ ਚੰਗੇ ਕੰਮਾਂ ਲਈ ਲੋਕ, ਆਪੇ ਹੀ ਖੁਲ੍ਹਦਿਲੀ ਨਾਲ ਮਦਦ ਦੇਣ ਲੱਗ ਪੈਣ ਤਾਂ ਠੱਗ ਲੋਕ ਸ਼ਾਇਦ ਪੈਦਾ ਹੀ ਨਾ ਹੋਣ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement