ਸਪੋਕਸਮੈਨ ਦੀ ਪੂਰੀ ਜਿੱਤ ਕਦੋਂ ਹੋਈ ਸਮਝਾਂਗੇ?
Published : Dec 31, 2017, 12:22 am IST
Updated : Dec 30, 2017, 6:52 pm IST
SHARE ARTICLE

12 ਸਾਲ, ਪੰਜਾਬ ਦੀ ਨੀਲੀ ਸਰਕਾਰ 'ਸਪੋਕਸਮੈਨ' ਨੂੰ 'ਅਛੂਤ' ਕਹਿ ਕੇ 'ਭਿੱਟ ਜਾਣ' ਤੋਂ ਬਚਦੀ ਰਹੀ। 13ਵੇਂ ਸਾਲ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਲਗਭਗ ਪੂਰੀ ਸਰਕਾਰ ਹੀ 100 ਗੁਲਦਸਤੇ ਚੁੱਕੀ ਵਧਾਈਆਂ ਦੇਣ ਪਹੁੰਚੀ। ਯਕੀਨਨ ਇਹ ਤੁਹਾਡੇ ਸਪੋਕਸਮੈਨ ਦੇ ਸਬਰ ਤੇ ਲਗਨ ਦੀ ਵੱਡੀ ਜਿੱਤ ਹੈ ਪਰ ਇਹ ਅਧੂਰੀ ਜਿੱਤ ਹੈ। ਪੂਰੀ ਜਿੱਤ ਉਦੋਂ ਮੰਨਾਂਗੇ ਜਦ ਸਪੋਕਸਮੈਨ ਨੂੰ 'ਅਛੂਤ' ਗਰਦਾਨਣ ਵਾਲੇ ਪੁਜਾਰੀ ਤੇ ਸ਼੍ਰੋਮਣੀ ਕਮੇਟੀਏ ਵੀ ਪਛਤਾਵੇ ਵਜੋਂ, ਵਧਾਈਆਂ ਦੇਣ ਲਈ ਆਉਣਗੇ। ਰੱਬ ਦੀ ਖ਼ਾਮੋਸ਼ ਲਾਠੀ ਅਤੇ ਅਜ਼ਲੀ ਨਿਆਂ ਦੀ ਤਕੜੀ, ਧਰਮ ਦੇ ਨਾਂ ਤੇ ਧੱਕਾ ਕਰਨ ਵਾਲਿਆਂ ਨੂੰ ਕਦੇ ਨਹੀਂ ਬਖ਼ਸ਼ਦੀ। ਵੇਖ ਲਉ, ਸਪੋਕਸਮੈਨ ਨਾਲ ਧੱਕਾ ਕਰਨ ਤੋਂ ਪਹਿਲਾਂ 'ਜਥੇਦਾਰਾਂ' ਤੇ ਸ਼੍ਰੋਮਣੀ ਕਮੇਟੀ ਦੀ ਕਿੰਨੀ ਚੜ੍ਹਤ ਹੁੰਦੀ ਸੀ ਤੇ ਅੱਜ ਕੀ ਹਾਲ ਹੈ? ਕੀ ਇਹ ਸਾਰਾ ਕੁੱਝ ਸਪੋਕਸਮੈਨ ਨੇ ਕੀਤਾ ਹੈ? ਨਹੀਂ, ਉਸ ਅਕਾਲ ਪੁਰਖ ਦੀ 'ਲਾਠੀ' ਕੰਮ ਕਰ ਰਹੀ ਹੈ। 'ਅਕਾਲੀ' ਵੀ 'ਤੀਜੇ' ਨੰਬਰ ਤੇ ਪਹਿਲੀ ਵਾਰ ਹੀ ਤਾਂ ਆਏ ਹਨ। ਧੱਕਾ ਬੰਦ ਨਹੀਂ ਕਰਨਗੇ ਤਾਂ... ਰੱਬ ਦੀ ਆਵਾਜ਼ ਸੁਣ ਲੈਣ।
20 ਦਸੰਬਰ ਨੂੰ ਜਿਵੇਂ ਲਗਭਗ ਪੂਰੀ ਸਰਕਾਰ ਹੀ ਰੋਜ਼ਾਨਾ ਸਪੋਕਸਮੈਨ ਦੇ 13ਵੇਂ ਸਾਲ ਵਿਚ ਪੈਰ ਰੱਖਣ ਦੀ ਵਧਾਈ ਦੇਣ ਲਈ, ਮੁੱਖ ਮੰਤਰੀ ਦੀ ਅਗਵਾਈ ਵਿਚ ਆ ਪੁੱਜੀ ਸੀ, ਉਸ ਨੇ ਦੇਸ਼ ਵਿਦੇਸ਼ ਵਿਚ ਬੈਠੇ ਸਪੋਕਸਮੈਨ ਦੇ ਲੱਖਾਂ ਪਾਠਕਾਂ ਨੂੰ ਵੱਡੀ ਖ਼ੁਸ਼ੀ ਦਿਤੀ ਹੈ। ਮੈਨੂੰ ਵੀ ਬਹੁਤ ਚੰਗਾ ਲੱਗਾ ਕਿਉਂਕਿ ਇਕ ਤਾਂ ਮੈਂ ਆਪ ਕਿਸੇ ਇਕ ਨੂੰ ਵੀ ਸੱਦਾ ਨਹੀਂ ਸੀ ਦਿਤਾ ਤੇ ਦੂਜਾ 48 ਘੰਟਿਆਂ ਵਿਚ ਨਿਮਰਤ ਕੌਰ ਤੇ ਉਸ ਦੀ ਟੀਮ ਨੇ ਹੀ ਸਾਰਾ ਭਾਰ ਅਪਣੇ ਉਪਰ ਲੈ ਕੇ, ਕਮਾਲ ਕਰ ਵਿਖਾਇਆ ਸੀ। ਮੇਰਾ ਖ਼ਿਆਲ ਸੀ, ਕੇਵਲ ਮੁੱਖ ਮੰਤਰੀ ਤੇ ਪੰਜ ਸੱਤ ਹੋਰ ਅਫ਼ਸਰ ਆ ਜਾਣਗੇ ਤੇ ਉਨ੍ਹਾਂ ਨਾਲ ਆਹਮੋ ਸਾਹਮਣੇ ਬੈਠ ਕੇ ਗੱਲਬਾਤ ਹੋਵੇਗੀ ਪਰ ਸਾਰੀ ਸਰਕਾਰ ਨੂੰ ਹੀ ਜਦ ਉਥੇ ਜੁੜ ਬੈਠੀ ਵੇਖਿਆ ਤਾਂ ਮੇਰੀ ਹੈਰਾਨੀ ਦੀ ਵੀ ਕੋਈ ਹੱਦ ਨਹੀਂ ਸੀ ਰਹੀ। ਦੇਸ਼, ਵਿਦੇਸ਼ ਦੇ ਪਾਠਕਾਂ ਕੋਲੋਂ ਪ੍ਰਾਪਤ ਹੋਏ ਸੁਨੇਹਿਆਂ ਵਿਚੋਂ ਵੀ ਪਾਠਕਾਂ ਦੀ ਖ਼ੁਸ਼ੀ ਡੁਲ੍ਹ ਡੁਲ੍ਹ ਪੈਂਦੀ ਦਿਸਦੀ ਹੈ। 12 ਸਾਲ ਮਗਰੋਂ ਸਪੋਕਸਮੈਨ ਦਾ ਇਹ ਪਹਿਲਾ ਸਮਾਗਮ ਹੋਇਆ ਸੀ ਜਿਸ ਵਿਚ ਪਹਿਲੀ ਵਾਰ ਸਾਰੀ ਸਰਕਾਰ ਹੀ ਵਧਾਈਆਂ ਦੇਣ ਲਈ ਆ ਪਹੁੰਚੀ ਸੀ। •ਯਕੀਨਨ ਸਾਡੇ ਸਬਰ ਤੇ ਸਾਡੀ ਜ਼ੁਲਮ ਸਹਾਰਨ ਦੀ ਸ਼ਕਤੀ ਦੀ ਜਿੱਤ ਹੋਈ ਹੈ ਜੋ ਉਸ ਪ੍ਰਮਾਤਮਾ ਦੀ ਬਖ਼ਸ਼ਿਸ਼ ਸਦਕਾ ਹੀ ਸਾਨੂੰ ਮਿਲੀ ਹੈ। 10 ਸਾਲਾਂ ਵਿਚ ਅਕਾਲੀ ਸਰਕਾਰ ਨੇ ਸਾਡੇ 150 ਕਰੋੜ ਦੇ ਕਰੀਬ ਇਸ਼ਤਿਹਾਰ ਰੋਕੇ ਤੇ ਰੁਕਵਾਏ। ਜੇ ਇਹ ਇਸ਼ਤਿਹਾਰ ਸਾਨੂੰ ਮਿਲ ਗਏ ਹੁੰਦੇ ਤਾਂ ਅਸੀ ਤਾਂ 'ਉੱਚਾ ਦਰ ਬਾਬੇ ਨਾਨਕ ਦਾ' ਪੂਰਾ ਦਾ ਪੂਰਾ ਹੀ ਅਪਣੇ ਕੋਲੋਂ ਬਣਵਾ ਕੇ, ਮਾਨਵਤਾ ਨੂੰ ਭੇਂਟ ਕਰ ਦੇਣਾ ਸੀ। ਮੇਰੇ ਲਈ ਪੈਸੇ ਦੀ ਕੇਵਲ ਏਨੀ ਹੀ ਅਹਿਮੀਅਤ ਹੈ ਕਿ ਇਸ ਦੀ ਵਰਤੋਂ ਕਰ ਕੇ ਮੈਂ ਸਮਾਜ, ਦੇਸ਼ ਅਤੇ ਮਾਨਵਤਾ ਨੂੰ ਕੀ ਦਿਤਾ ਹੈ। ਅਪਣੇ ਆਪ ਉਤੇ ਖ਼ਰਚਿਆ ਪੈਸਾ, ਮੈਨੂੰ ਕਦੇ ਵੀ ਚੰਗਾ ਨਹੀਂ ਲੱਗਾ। ਇਸ ਦੇ ਬਾਵਜੂਦ ਅਕਾਲੀ ਸਰਕਾਰ ਨੇ ਜੇ ਇਹ ਸੋਚਿਆ ਕਿ 'ਪੈਸੇ ਦੀ ਮੁਕੰਮਲ ਨਾਕੇਬੰਦੀ, ਸਾਲ ਛੇ ਮਹੀਨੇ ਵਿਚ ਹੀ ਇਸ ਦੇ ਹੋਸ਼ ਟਿਕਾਣੇ ਲਿਆ ਦੇਵੇਗੀ' ਤਾਂ ਉਹ ਬਿਲਕੁਲ ਗ਼ਲਤ ਸੋਚਦੀ ਸੀ ਕਿਉਂਕਿ ਜਿਹੜਾ ਬੰਦਾ ਪੈਸੇ ਦੇ ਢੇਰ ਤੇ ਬੈਠਾ ਵੀ, ਇਸ ਨੂੰ ਅਪਣੇ ਲਈ ਖ਼ਰਚਣਾ ਗੁਨਾਹ ਸਮਝਦਾ ਹੋਵੇ, ਉਸ ਕੋਲੋਂ ਸਾਰਾ ਪੈਸਾ ਖੋਹ ਲੈਣ ਤੇ ਵੀ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਸ ਨੇ ਤਾਂ ਉਸ ਪੈਸੇ ਨੂੰ ਕਦੇ 'ਅਪਣਾ' ਸਮਝਿਆ ਹੀ ਨਹੀਂ ਸੀ।ਮੈਨੂੰ ਯਾਦ ਆਉਂਦਾ ਹੈ ਉਹ ਦਿਨ ਜਦ ਬਾਦਲ ਸਰਕਾਰ ਦੇ ਵਜ਼ੀਰ, ਬਿਕਰਮ ਸਿੰਘ ਮਜੀਠੀਆ ਮੇਰੇ ਕੋਲ ਪਹਿਲੀ ਵਾਰ ਆਏ ਤੇ ਕਹਿਣ ਲਗੇ, ''ਅੱਜ ਮੈਂ ਦੋਸਤੀ ਦਾ ਹੱਥ ਵਧਾਉਣ ਲਈ ਆਇਆ ਹਾਂ, ਨਾਂਹ ਨਾ ਕਰਨਾ।''ਮੈਂ ਕਿਹਾ, ''ਦੋਸਤੀ ਦੇ ਹੱਥ ਨੇ ਜੇ ਕੋਈ ਸ਼ਰਤ ਫੜੀ ਹੋਈ ਹੋਵੇਗੀ ਤਾਂ ਮਜਬੂਰੀ ਬਣ ਜਾਏਗੀ ਵਰਨਾ ਸ਼ਰਤ-ਰਹਿਤ ਦੋਸਤੀ ਦੀ ਕਿਸੇ ਪੇਸ਼ਕਸ਼ ਨੂੰ ਠੁਕਰਾਣਾ ਮੇਰੀ ਆਦਤ ਵੀ ਨਹੀਂ ਜੇ।''ਉਹ ਬੋਲੇ, ''ਮੈਂ ਸਾਰਿਆਂ ਸਾਹਮਣੇ ਮੰਨਦਾ ਹਾਂ ਕਿ ਜਿੰਨਾ ਜ਼ੋਰ ਸਾਡੀ ਸਰਕਾਰ ਨੇ ਰੋਜ਼ਾਨਾ ਸਪੋਕਸਮੈਨ ਨੂੰ ਬੰਦ ਕਰਵਾਉਣ ਲਈ ਲਾਇਆ ਹੈ, ਏਨਾ ਕਿਸੇ ਵੀ ਸਰਕਾਰ ਨੇ ਕਿਸੇ ਵੀ ਅਖ਼ਬਾਰ ਨੂੰ ਬੰਦ ਕਰਵਾਉਣ ਲਈ ਨਹੀਂ ਲਾਇਆ ਹੋਵੇਗਾ। ਪਰ ਸਪੋਕਸਮੈਨ ਨੂੰ ਤੁਸੀ ਹਰ ਹਮਲੇ ਤੋਂ ਬਚਾਉਣ ਵਿਚ ਕਾਮਯਾਬ ਰਹੇ ਹੋ ਤੇ ਇਹ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ। ਅੱਜ ਮੈਂ ਸੱਚੇ ਦਿਲੋਂ ਕਹਿ ਰਿਹਾ ਹਾਂ ਕਿ ਸਰਕਾਰ ਦੀ ਜ਼ਬਰਦਸਤ ਵਿਰੋਧਤਾ ਦੇ ਬਾਵਜੂਦ, ਜਿਸ ਮੁਕਾਮ ਤੇ ਅੱਜ ਸਪੋਕਸਮੈਨ  ਪੁਜ ਗਿਆ ਹੈ, ਉਥੇ ਸਾਰੇ ਅੰਗਰੇਜ਼ੀ, ਹਿੰਦੀ, ਪੰਜਾਬੀ ਅਖ਼ਬਾਰਾਂ 'ਚੋਂ ਇਕ ਨੰਬਰ ਤੇ ਆਉਣਾ ਇਹਦੇ ਲਈ ਖੱਬੇ ਹੱਥ ਦੀ ਖੇਡ ਹੈ, ਜੇਕਰ ਇਸ ਨੂੰ ਡੇਢ ਦੋ ਸੌ ਕਰੋੜ ਕਿਧਰੋਂ ਮਿਲ ਜਾਵੇ। ਜੇ ਤਾਂ ਤੁਹਾਡੇ ਕੋਲ ਡੇਢ ਦੋ ਸੌ ਕਰੋੜ ਹੈ ਤਾਂ ਸਾਡੇ ਨਾਲ ਲੜੀ ਜਾਉ ਪਰ ਜੇ ਨਹੀਂ ਤਾਂ ਸਾਡੇ ਕੋਲੋਂ ਲੈ ਲਉ।''ਮੈਂ ਕਿਹਾ, ''ਸ਼ਰਤ ਮਿਥ ਕੇ ਆਈ ਸਰਕਾਰ ਦਾ ਡੇਢ ਦੋ ਸੌ ਕਰੋੜ ਵੀ ਪ੍ਰਵਾਨ ਨਹੀਂ ਤੇ ਕੋਈ ਸ਼ਰਤ ਰੱਖੇ ਬਿਨਾਂ ਆਈ ਸਰਕਾਰ ਦੀ ਇਕ ਧੇਲੀ ਵੀ ਸਿਰ ਮੱਥੇ। ਵਾਹਿਗੁਰੂ ਸਾਨੂੰ ਸਬਰ ਸੰਤੋਖ ਦੇਵੇ ਤਾਕਿ ਸ਼ਰਤ ਰੱਖੇ ਬਿਨਾਂ ਆਉਣ ਵਾਲੀ ਕਿਸੇ ਸਰਕਾਰ ਦਾ ਸਵਾਗਤ ਕਰ ਸਕੀਏ।''ਪ੍ਰਮਾਤਮਾ ਨੇ ਸਾਨੂੰ ਸਬਰ ਸੰਤੋਖ ਦਿਤਾ ਤੇ 20 ਦਸੰਬਰ ਨੂੰ ਜਿਹੜੀ ਸਰਕਾਰ ਸਾਨੂੰ ਵਧਾਈਆਂ ਦੇਣ ਲਈ ਹੱਥਾਂ ਵਿਚ ਫੁੱਲਾਂ ਦੇ 100 ਕੁ ਵੱਡੇ ਗੁਲਦਸਤੇ ਚੁੱਕੀ ਆਈ, ਅਸੀ ਉਸ ਦਾ ਦਿਲੋਂ ਸਵਾਗਤ ਕੀਤਾ। ਇਹ ਸਾਡੇ ਸਬਰ ਤੇ ਸਾਡੇ ਵਿਸ਼ਵਾਸ ਦੀ ਸੱਚਮੁਚ ਬਹੁਤ ਵੱਡੀ ਜਿੱਤ ਸੀ। ਪਰ ਸਰਕਾਰ ਦਾ ਬੇਕਸੂਰਿਆਂ ਵਿਰੁਧ ਖੜੇ ਹੋਣਾ ਇਕ ਪੱਖ ਸੀ। ਦੂਜਾ ਪੱਖ ਸੀ ਕਿ ਸ਼੍ਰੋਮਣੀ ਕਮੇਟੀ, ਉਸ ਦੇ ਤਨਖ਼ਾਹਦਾਰ 'ਜਥੇਦਾਰ' ਤੇ 'ਸੰਤ ਸਮਾਜ' ਵਾਲੇ ਵੀ ਸਪੋਕਸਮੈਨ ਨੂੰ ਢਾਹੁਣ ਲਈ ਸਰਕਾਰ ਦੇ ਭਾਈਵਾਲ ਬਣ ਗਏ। ਸਾਡੀ ਜਿੱਤ ਅਜੇ ਅਧੂਰੀ ਹੈ, ਪੂਰੀ ਉਦੋਂ ਹੋਵੇਗੀ ਜਦ ਇਹ 'ਧਾਰਮਕ ਗਠਜੋੜ' ਵੀ ਬਿਨਾਂ ਸ਼ਰਤ ਸਾਨੂੰ ਵਧਾਈ ਦੇਣ ਆਏਗਾ।
ਇਥੇ ਮੈਂ ਸਪੱਸ਼ਟ ਕਰ ਦਿਆਂ ਕਿ ਇਸ ਪਾਸੇ ਦੀ ਅੱਧੀ ਜਿੱਤ ਸਾਨੂੰ ਉਸ ਦਿਨ ਹੀ ਹੋ ਗਈ ਸੀ ਜਦ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਗਿ. ਗੁਰਬਚਨ ਸਿੰਘ ਨੇ ਟੈਲੀਫ਼ੋਨ ਕਰ ਕੇ ਮੰਨਿਆ ਕਿ, ''ਮੈਂ ਬਤੌਰ ਜਥੇਦਾਰ ਅਕਾਲ ਤਖ਼ਤ, ਸਵੀਕਾਰ ਕਰਦਾ ਹਾਂ ਕਿ ਤੁਸੀ ਕੋਈ ਭੁੱਲ ਨਹੀਂ ਸੀ ਕੀਤੀ ਤੇ ਵੇਦਾਂਤੀ ਨੇ ਅਪਣੀ ਨਿਜੀ ਕਿੜ ਕੱਢਣ ਲਈ ਤੁਹਾਡੇ ਵਿਰੁਧ ਗ਼ਲਤ ਹੁਕਮਨਾਮਾ ਜਾਰੀ ਕਰ ਦਿਤਾ ਸੀ ਕਿਉਂਕਿ ਤੁਸੀ ਕਾਲਾ ਅਫ਼ਗਾਨਾ ਦੀ ਹਮਾਇਤ ਕਰ ਦਿਤੀ ਸੀ ਜਦਕਿ ਉਸ ਦੀ ਵੇਦਾਂਤੀ ਨਾਲ ਬਹੁਤ ਲਗਦੀ ਸੀ।''ਫਿਰ ਜੇ ਗ਼ਲਤ ਹੁਕਮਨਾਮਾ ਜਾਰੀ ਹੋ ਗਿਆ ਸੀ ਤਾਂ ਵਾਪਸ ਕਿਉਂ ਨਹੀਂ ਲੈ ਲੈਂਦੇ? ਜਵਾਬ ਦੇਂਦੇ ਹਨ, ''ਜੀ ਅਕਾਲ ਤਖ਼ਤ ਦੀ ਮਰਿਆਦਾ ਹੀ ਇਹ ਹੈ ਕਿ ਗ਼ਲਤੀ ਭਾਵੇਂ ਸਾਡੀ ਹੀ ਹੋਵੇ, ਭੁੱਲ ਉਸ ਨੂੰ ਹੀ ਬਖ਼ਸ਼ਵਾਉਣੀ ਪੈਂਦੀ ਹੈ ਜਿਸ ਵਿਰੁਧ ਹੁਕਮਨਾਮਾ ਜਾਰੀ ਹੋਇਆ ਹੋਵੇ।''ਹੈ ਕੋਈ ਦੁਨੀਆਂ ਦਾ ਹੋਰ ਵੀ 'ਤਖ਼ਤ' ਜਿਹੜਾ 'ਗ਼ਲਤੀ ਹੋ ਗਈ' ਵੀ ਆਖੇ ਤੇ ਨਾਲ ਇਹ ਵੀ ਆਖੇ ਕਿ ਭੁੱਲ ਲਈ ਖਿਮਾ ਵੀ ਉਹੀ ਮੰਗੇਗਾ ਜਿਸ ਨਾਲ ਜ਼ਿਆਦਤੀ ਹੋਈ ਸੀ? ਕਿੰਨਾ ਬੇਦਲੀਲਾ ਬਣਾ ਕੇ ਪੇਸ਼ ਕਰ ਰਹੇ ਹਨ ਪੁਜਾਰੀ ਲੋਕ ਸਾਡੇ ਅਕਾਲ ਤਖ਼ਤ ਨੂੰ? ਦੁਨੀਆਂ ਦਾ ਕੋਈ ਵੱਡੇ ਤੋਂ ਵੱਡਾ ਤਖ਼ਤ ਵੀ ਮੰਨ ਲਵੇ ਕਿ ਗ਼ਲਤੀ ਉਸ ਕੋਲੋਂ ਹੋਈ ਹੈ ਤਾਂ ਉਹ ਆਪ ਮਾਫ਼ੀ ਮੰਗਦਾ ਹੈ ਤੇ ਜਿਸ ਨਾਲ ਜ਼ਿਆਦਤੀ ਹੋਈ ਹੋਵੇ, ਉਸ ਨੂੰ ਹਰਜਾਨਾ ਵੀ ਦੇਂਦਾ ਹੈ। ਸਪੋਕਸਮੈਨ ਤੇ ਉਸ ਦੇ ਸੰਪਾਦਕ ਨਾਲ ਧੱਕਾ ਕਰਨ ਤੋਂ ਪਹਿਲਾਂ 'ਜਥੇਦਾਰਾਂ' ਤੇ ਸ਼੍ਰੋਮਣੀ ਕਮੇਟੀ ਦੀ ਕਿੰਨੀ ਚੜ੍ਹਤ ਹੁੰਦੀ ਸੀ ਤੇ ਅੱਜ ਕੀ ਹਾਲਤ ਹੋ ਗਈ ਹੈ? ਸਾਰਾ ਕੁੱਝ ਸਪੋਕਸਮੈਨ ਨੇ ਨਹੀਂ ਕੀਤਾ। ਕੁਦਰਤ ਨੇ ਕੀਤਾ ਹੈ। ਇਹ ਧੱਕਾ ਜਦ ਤਕ ਜਾਰੀ ਰਿਹਾ, ਅਕਾਲ ਤਖ਼ਤ ਤੇ ਜਥੇਦਾਰਾਂ ਦਾ ਵਕਾਰ ਹੋਰ ਹੇਠਾਂ ਜਾਂਦਾ ਰਹੇਗਾ। ਰੱਬ ਦੀ ਬੇਆਵਾਜ਼ ਲਾਠੀ ਦੀ ਆਵਾਜ਼ ਜਿਨ੍ਹਾਂ ਨੂੰ ਸੁਣਾਈ ਨਹੀਂ ਦੇਂਦੀ, ਉਹ ਮੇਰੀ ਗੱਲ ਸੁਣ ਲੈਣ। ਧਰਮ ਦੇ ਨਾਂ ਤੇ ਧੱਕਾ ਤੇ ਜ਼ੁਲਮ, ਧੱਕਾ ਕਰਨ ਵਾਲਿਆਂ ਨੂੰ ਡਾਢੀ ਸਜ਼ਾ ਦਿਵਾ ਕੇ ਰਹਿੰਦਾ ਹੈ। ਸ਼੍ਰੋਮਣੀ ਕਮੇਟੀ ਨੇ ਵੀ ਗ਼ਲਤ ਹੁਕਮਨਾਮੇ ਦੇ ਨਾਂ ਤੇ ਜੋ ਜ਼ੁਲਮ ਸਪੋਕਸਮੈਨ ਨਾਲ ਕੀਤਾ ਹੈ ਤੇ ਕਰੀ ਜਾ ਰਹੀ ਹੈ, ਉਹ ਏਨਾ ਵੱਡਾ ਹੈ ਕਿ ਧਰਮਾਂ ਦੇ ਇਤਿਹਾਸ ਵਿਚ ਜ਼ਿਕਰ ਆਇਆ ਕਰੇਗਾ ਕਿ ਇਸ 'ਧਾਰਮਕ' ਸੰਸਥਾ ਨੇ ਇਕ ਆਜ਼ਾਦ ਸੋਚ ਵਾਲੀ ਅਖ਼ਬਾਰ ਤੇ ਉਸ ਦੇ ਸੰਪਾਦਕ ਨਾਲ ਕਿੰਨਾ ਜ਼ੁਲਮ ਕੀਤਾ। ਜਿਵੇਂ ਧੱਕਾ ਕਰਨ ਵਾਲੇ ਸਿਆਸਤਦਾਨ, ਪੰਜਾਬ ਸਰਕਾਰ ਦੀ ਗੱਦੀ ਤੋਂ ਲਹਿ ਗਏ ਹਨ, ਇਸੇ ਤਰ੍ਹਾਂ ਜੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਵਾਲਿਆਂ ਦੀ ਧੱਕੇਸ਼ਾਹੀ ਵਾਲੀ ਸੋਚ ਵੀ ਨਾ ਬਦਲੀ ਤਾਂ ਇਹ ਬੇਸ਼ਕ ਅਪਣੇ ਆਪ ਨੂੰ 'ਸਰਬ-ਉੱਚ' ਤੇ 'ਸ਼੍ਰੋਮਣੀ' ਆਖੀ ਜਾਣ, ਇਥੇ ਵੀ ਇਨਕਲਾਬ ਆ ਕੇ ਰਹੇਗਾ ਤੇ ਸਿਆਣੇ, ਇਨਸਾਫ਼ਪਸੰਦ ਲੋਕ ਇਥੇ ਵੀ ਆ ਜਾਣਗੇ ਜੋ ਇਹ ਨਹੀਂ ਕਹਿਣਗੇ ਕਿ ''ਜ਼ੁਲਮ ਤੇ ਧੱਕਾ ਕਰਨ ਵਾਲਾ ਨਹੀਂ ਸਗੋਂ ਜ਼ੁਲਮ ਤੇ ਧੱਕੇ ਦਾ ਸ਼ਿਕਾਰ ਹੋਇਆ ਬੰਦਾ ਇਥੇ ਭੁੱਲ ਬਖਸ਼ਵਾਉਂਦਾ ਹੈ ਤੇ ਇਹੀ ਇਥੋਂ ਦੀ ਮਰਿਆਦਾ ਹੈ।''ਪਰ ਸਪੋਕਸਮੈਨ ਦੇ ਸਬਰ ਦੀ ਲੰਮੀ ਦੌੜ ਖ਼ਤਮ ਉਸ ਦਿਨ ਹੋਵੇਗੀ ਤੇ ਪੂਰੀ ਜਿੱਤ ਵੀ ਉਸ ਦਿਨ ਹੀ ਹੋਵੇਗੀ ਜਿਸ ਦਿਨ 'ਉੱਚਾ ਦਰ ਬਾਬੇ ਨਾਨਕ ਦਾ' ਅਪਣੇ ਪੂਰੇ ਜਲੌ ਨਾਲ, ਚਾਲੂ ਹੋ ਕੇ, ਨਾਨਕੀ-ਕਿਰਨਾਂ ਦਾ ਪਸਾਰ, ਸਾਰੇ ਜਗਤ ਉਤੇ ਕਰਨਾ ਸ਼ੁਰੂ ਕਰ ਦੇਵੇਗਾ ਤੇ ਹਰ ਗ਼ਰੀਬ, ਲੋੜਵੰਦ ਦੀ ਪੱਕੀ ਠਾਹਰ ਬਣ ਜਾਵੇਗਾ। 88% ਕੰਮ ਪੂਰਾ ਹੋ ਚੁੱਕਾ ਹੈ ਤੇ 12% ਮੈਂ ਪਾਠਕਾਂ ਦੇ ਕਰਨ ਲਈ ਰਖਿਆ ਹੋਇਆ ਸੀ। ਮੈਨੂੰ ਯਕੀਨ ਹੈ ਕਿ ਕੋਈ ਵੀ ਪਾਠਕ, ਇਸ ਅੰਤਮ ਪੜਾਅ ਤੇ ਪੁੱਜ ਕੇ, ਘੱਟੋ ਘੱਟ 10 ਹਜ਼ਾਰ ਦੀ ਮਦਦ ਕਰਨੋਂ ਨਾਂਹ ਨਹੀਂ ਕਰੇਗਾ। (ਵੱਧ ਜਿੰਨੀ ਚਾਹੇ ਕਰ ਦੇਵੇ) ਤਾਕਿ ਉੱਚਾ ਦਰ ਹੁਣ ਮਾਨਵਤਾ ਨੂੰ ਨੂਰ ਅਤੇ ਗ਼ਰੀਬ ਨੂੰ ਸਹਾਇਤਾ ਵੰਡਣ ਵਾਲੀ ਪਹਿਲੀ ਵੱਡੀ ਸੰਸਥਾ ਬਣ ਕੇ ਸਾਹਮਣੇ ਆ ਜਾਵੇ। ਤੁਸੀ ਇਥੇ ਪੜ੍ਹ ਹੀ ਲਿਆ ਹੈ ਕਿ ਅਸੀ ਡੇਢ ਦੋ ਸੌ ਕਰੋੜ ਦੀਆਂ ਪੇਸ਼ਕਸ਼ਾਂ ਦਾ ਕੀ ਉੱਤਰ ਦਿਤਾ ਸੀ। ਅਸੀ ਅਸੂਲ ਦਾ ਦੀਵਾ ਜਗਾਈ ਰੱਖਣ ਲਈ ਜੂਝ ਰਹੇ ਹਾਂ। ਗ਼ਲਤ ਸ਼ਰਤਾਂ ਮੰਨ ਕੇ ਸੌ ਦੋ ਸੌ ਕਰੋੜ ਨੂੰ ਵੀ ਅਸੀ ਨਾਂਹ ਕਰ ਦੇਂਦੇ ਹਾਂ ਪਰ ਝੋਲੀ ਅੱਡ ਕੇ 'ਉੱਚਾ ਦਰ' ਲਈ 10-10 ਹਜ਼ਾਰ (ਘੱਟੋ ਘੱਟ) ਦੀ ਮਦਦ ਹਰ ਪਾਠਕ ਤੋਂ ਮੰਗਦੇ ਹਾਂ ਕਿਉਂਕਿ ਪਾਠਕਾਂ ਦਾ ਦਿਤਾ ਹਰ ਪੈਸਾ, ਇਸ ਅਸੂਲ ਦੇ ਦੀਵੇ ਨੂੰ ਅਜ਼ਲ ਤਕ ਜਗਦਾ ਰੱਖ ਸਕੇਗਾ ਪਰ ਜੇ ਗ਼ਲਤ ਪੈਸਾ ਇਸ ਵਿਚ ਲੱਗ ਗਿਆ ਜਾਂ ਲਗਾਣਾ ਪੈ ਗਿਆ ਤਾਂ ਇਸ ਦੀਆਂ ਨੀਹਾਂ ਕਮਜ਼ੋਰ ਕਰ ਦੇਵੇਗਾ। ਅੱਜ ਤਕ ਇਸ ਵਿਚ ਇਕ ਵੀ ਗ਼ਲਤ ਪੈਸਾ ਨਹੀਂ ਲੱਗਾ। ਸਾਰੇ ਪਾਠਕ (ਦੋ ਚਾਰ ਸੌ ਹੀ ਨਹੀਂ) ਇਸ ਅੰਤਮ ਪੜਾਅ ਤੇ ਮੇਰੀ ਗੱਲ ਸੁਣ ਲੈਣ ਤਾਂ ਰਹਿੰਦੀ ਦੁਨੀਆਂ ਤਕ ਇਹ ਸਿਤਾਰਾ ਚਮਕਦਾ ਰਹੇਗਾ। ਪਾਠਕ ਤਾਂ ਲੱਖਾਂ ਦੀ ਗਿਣਤੀ ਵਿਚ ਹਨ ਪਰ ਜਦ ਮੈਂ 'ਸਾਰੇ ਪਾਠਕਾਂ' ਦੀ ਗੱਲ ਕਰਦਾ ਹਾਂ ਤਾਂ ਮੇਰਾ ਮਤਲਬ ਉਹ 'ਸਾਰੇ' ਹੁੰਦਾ ਹੈ ਜੋ 'ਉੱਚਾ ਦਰ ਬਾਬੇ ਨਾਨਕ ਦਾ' ਦੇ ਸਿਧਾਂਤ ਨਾਲ ਦਿਲੋਂ ਮਨੋਂ ਪ੍ਰਣਾਏ ਹੋਏ ਹਨ ਤੇ 10 ਹਜ਼ਾਰ ਦੀ ਕੁਰਬਾਨੀ ਨੂੰ ਕੋਈ ਵੱਡੀ ਕੁਰਬਾਨੀ ਨਹੀਂ ਸਮਝਦੇ। ਮੈਂ ਵੀ ਜਾਣਨਾ ਚਾਹੁੰਦਾ ਹਾਂ ਕਿ ਅਜਿਹੇ ਪਾਠਕ ਅਸਲ ਵਿਚ ਹਨ ਕਿੰਨੇ ਕੁ? ਮੈਂ ਜਾਣਨਾ ਚਾਹੁੰਦਾ ਹਾਂ ਕਿ ਕੀ ਮੇਰੇ ਅੰਦਾਜ਼ੇ ਠੀਕ ਹਨ ਜਾਂ ਅਸੀ ਗ਼ਲਤਫ਼ਹਿਮੀ ਵਿਚ ਹੀ ਜੀਅ ਰਹੇ ਹਾਂ?

SHARE ARTICLE
Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement