
ਮੈਂ ਨਹੀਂ ਪੁੱਛਾਂਗਾ ਕਿ ਕਿਸ ਨੂੰ ਵੋਟ ਪਾਈ ਜੇ? ਪਰ ਇਹ ਜ਼ਰੂਰ ਪੁੱਛਾਂਗਾ ਕਿ ਤੁਸੀਂ ਜੋ ਵੀ ਅਪਣਾ ਲੀਡਰ ਚੁਣੋਗੇ, ਕੀ ਉਹ ਪੰਜਾਬ ਲਈ ਪ੍ਰਾਪਤੀਆਂ ਦਾ ਯੁਗ ਵੀ ਸ਼ੁਰੂ ਕਰ ਸਕੇਗਾ ਕਿ ਨਹੀਂ? ਪਿਛਲੀ ਅੱਧੀ ਸਦੀ ਵਿਚ ਇਕ ਵੀ 'ਰਾਜਸੀ' ਕਿਸਮ ਦੀ ਪ੍ਰਾਪਤੀ ਸਿੱਖਾਂ ਜਾਂ ਪੰਜਾਬ ਨੇ ਨਹੀਂ ਕੀਤੀ। ਲੰਮੀ ਦੇਰ ਤਕ ਅਪਣੇ ਘਰ ਤੋਂ ਵੀ ਦੂਰ ਰਹੀਏ ਤਾਂ ਮਕਾਨ, ਲੰਮੇ ਕਬਜ਼ੇ ਵਾਲੇ ਦਾ ਬਣ ਜਾਂਦਾ ਹੈ ਤੇ ਬਾਰਾਂ ਸਾਲ ਬਾਅਦ 'ਹਕ ਸ਼ੁਫ਼ਾ' ਸ਼ੁਰੂ ਹੋ ਜਾਂਦਾ ਹੈ। ਪਾਣੀ, ਡੈਮ ਤੇ ਰਾਜਧਾਨੀ ਵਰਗੇ ਅਰਬਾਂ-ਖਰਬਾਂ ਦੇ ਅਸਾਸੇ ਇਸੇ ਤਰ੍ਹਾਂ ਗਵਾ ਲਏ ਹਨ ਅਸੀਂ। ਹੋਰ ਕਿਸੇ ਸੂਬੇ ਨਾਲ ਇਸ ਤਰ੍ਹਾਂ ਨਹੀਂ ਹੋਇਆ। ਤੁਹਾਡੇ ਨਾਲ ਕਿਉਂ ਹੋਇਆ? ਤੁਸੀਂ ਜਾਗਦੇ ਲੋਕ ਨਹੀਂ, ਇਸ ਲਈ!! ਤੁਹਾਡੇ 'ਰਾਜੇ' ਗੱਦੀ ਤੇ ਬੈਠ ਕੇ ਸੱਭ ਕੁੱਝ ਭੁੱਲ ਜਾਂਦੇ ਹਨ ਤੇ ਅਪਣੇ ਨਿਜੀ ਹਿਤ ਪਾਲਣ ਲੱਗ ਜਾਂਦੇ ਹਨ ਤੇ ਅੱਧੀ ਅੱਧੀ ਸਦੀ ਤਕ ਕਰਦੇ ਰਹਿੰਦੇ ਹਨ ਤੇ ਤੁਸੀ ਚੁਪ ਚਾਪ ਵੇਖੀ ਜਾਂਦੇ ਹੋ।
ਵੋਟਾਂ ਪਾ ਆਏ ਹੋ ਪੰਜਾਬ ਦੇ ਪਾਠਕੋ? ਤੁਸੀਂ ਅਪਣੀ ਅਪਣੀ ਪਸੰਦ ਦੇ ਉਮੀਦਵਾਰਾਂ ਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਵੋਟ ਤਾਂ ਪਾ ਆਏ ਹੋ ਪਰ ਤੁਹਾਨੂੰ ਵੀ ਪਤਾ ਨਹੀਂ ਕਿ ਪੰਜਾਬ ਵਿਚ ਜਿੱਤੇਗਾ ਕੌਣ ਤੇ ਸਰਕਾਰ ਕੌਣ ਬਣਾਏਗਾ।ਇਸ ਵਾਰ ਦੀ ਤਿਕੋਣੀ ਚੋਣ ਲੜਾਈ ਦਾ ਮੁੱਖ ਪਹਿਲੂ ਇਹ ਰਿਹਾ ਹੈ ਕਿ ਤਿੰਨੇ ਹੀ ਵੱਡੀਆਂ ਪਾਰਟੀਆਂ ਇਸ ਹਾਲਤ ਵਿਚ ਨਹੀਂ ਸਨ ਕਿ ਛਾਤੀ ਠੋਕ ਕੇ ਕਹਿ ਸਕਣ ਕਿ 'ਪੰਜਾਬ ਦੇ ਲੋਕਾਂ ਦੀ ਬਹੁਗਿਣਤੀ ਸਾਡੇ ਨਾਲ ਹੈ'। ਨਹੀਂ, ਇਸ ਦੀ ਬਜਾਏ ਉਹ ਇਸ ਹਿਸਾਬ-ਕਿਤਾਬ ਵਿਚ ਹੀ ਲਗੀਆਂ ਹੋਈਆਂ ਹਨ ਕਿ ਫ਼ਲਾਣੇ ਹਲਕੇ ਵਿਚ 'ਏ' ਪਾਰਟੀ, 'ਬੀ' ਪਾਰਟੀ ਦੀਆਂ ਏਨੀਆਂ ਵੋਟਾਂ ਕੱਟ ਦੇਵੇਗੀ ਤੇ ਸਾਡੀਆਂ ਵੋਟਾਂ ਘੱਟ ਹੋਣ ਦੇ ਬਾਵਜੂਦ, ਦਾਅ ਸਾਡਾ ਲੱਗ ਜਾਏਗਾ। ਕੋਈ ਇਕ ਪਾਰਟੀ ਇਸ ਤਰ੍ਹਾਂ ਦਾ ਹਿਸਾਬ-ਕਿਤਾਬ ਨਹੀਂ ਲਾ ਰਹੀ ਸਗੋਂ ਸਾਰੀਆਂ ਦਾ ਹੀ ਹਾਲ ਇਹੀ ਚਲ ਰਿਹਾ ਹੈ। ਕਿਸੇ ਕੋਲ ਵੀ 'ਪੂਰਨ ਬਹੁਮਤ' ਨਹੀਂ ਪਰ ਤਿੰਨੇ ਹੀ ਇਸ ਉਮੀਦ ਉਤੇ 'ਜਿੱਤਣ' ਦੀ ਆਸ ਲਾਈ ਬੈਠੀਆਂ ਹਨ ਕਿ ਦੋ ਵਿਰੋਧੀ ਪਾਰਟੀਆਂ ਨੇ ਇਕ-ਦੂਜੇ ਦੀਆਂ ਏਨੀਆਂ ਕੁ ਵੋਟਾਂ ਕੱਟ ਦਿਤੀਆਂ ਤਾਂ ਅਪਣਾ ਕੰਮ ਜ਼ਰੂਰ ਬਣ ਜਾਏਗਾ। ਸੋ ਡੈਮੋਕਰੇਸੀ ਜਾਂ 'ਲੋਕ-ਰਾਜ' ਜੋ 'ਬਹੁਗਿਣਤੀ ਦੇ ਰਾਜ' ਦੇ ਸੰਕਲਪ ਵਜੋਂ ਸ਼ੁਰੂ ਹੋਇਆ ਸੀ, ਅੱਜ ਬਹੁਸੰਮਤੀ ਦਾ ਨਹੀਂ, ਘੱਟ-ਗਿਣਤੀ ਦਾ ਰਾਜ ਬਣ ਗਿਆ ਹੈ (ਮੋਦੀ ਸਰਕਾਰ 33 ਫ਼ੀ ਸਦੀ ਵੋਟਾਂ ਲੈ ਕੇ ਰਾਜ ਕਰ ਰਹੀ ਹੈ ਤੇ 67% ਵੋਟਾਂ ਲੈਣ ਵਾਲੀਆਂ ਪਾਰਟੀਆਂ, ਵੋਟਾਂ ਵੰਡੀਆਂ ਜਾਣ ਕਰ ਕੇ ਠੁੱਡੇ ਖਾ ਰਹੀਆਂ ਹਨ) ਤੇ ਨਤੀਜਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਪਣੇ ਵਿਰੋਧੀ ਉਮੀਦਵਾਰ ਦੀਆਂ ਵੋਟਾਂ ਦੋ ਤਿੰਨ ਥਾਈਂ ਵੰਡ ਦੇਣ ਦੀ ਤਕਨੀਕ ਕੌਣ ਕਿੰਨੀ ਚੁਸਤੀ ਨਾਲ ਵਰਤ ਲੈਂਦਾ ਹੈ। ਇਸ ਕੰਮ ਲਈ ਅਪਣੇ ਕੋਲੋਂ ਪੈਸੇ ਦੇ ਕੇ, ਵਿਰੋਧੀ ਦੀਆਂ ਵੋਟਾਂ ਵੰਡਣ ਲਈ, ਨਕਲੀ ਉਮੀਦਵਾਰ ਵੀ 'ਅਸਲੀ' ਬਣਾ ਕੇ ਖੜੇ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਕੰਮ ਕੇਵਲ ਵਿਰੋਧੀ ਉਮੀਦਵਾਰ ਦੀਆਂ ਵੱਧ ਤੋਂ ਵੱਧ ਵੋਟਾਂ ਖ਼ਰਾਬ ਕਰਨਾ ਹੀ ਹੁੰਦਾ ਹੈ। ਅੱਜ ਦੀਆਂ ਚੋਣਾਂ, ਹੋਰ ਜੋ ਕੁੱਝ ਵੀ ਹੋਣ ਪਰ ਜਨਤਾ ਦੀ ਸਹੀ ਰਾਏ ਜਾਣਨ ਦਾ ਇਕ ਸਾਧਨ ਨਹੀਂ ਰਹਿ ਗਈਆਂ ਸਗੋਂ ਕਈ ਤਕਨੀਕਾਂ ਵਰਤ ਕੇ ਜਨਤਾ ਦੀ ਅਸਲ ਰਾਏ ਨੂੰ ਵਿਗਾੜ ਕੇ ਪੇਸ਼ ਕਰਨ ਦੀ ਅਮੀਰਾਂ ਦੀ ਖੇਡ ਬਣ ਕੇ ਰਹਿ ਗਈਆਂ ਹਨ ਜਿਸ ਵਿਚ ਸਾਡੇ ਤੁਹਾਡੇ ਵਰਗਿਆਂ ਦੇ ਮਨਾਂ ਅੰਦਰ ਇਹ ਭੁਲੇਖਾ ਜ਼ਰੂਰ ਕਾਇਮ ਰਖਿਆ ਜਾਂਦਾ ਹੈ ਕਿ ਡੈਮੋਕਰੇਸੀ, 'ਲੋਕਾਂ ਦਾ, ਲੋਕਾਂ ਵਲੋਂ ਅਤੇ ਲੋਕਾਂ ਵਾਸਤੇ' ਰਾਜ ਹੁੰਦਾ ਹੈ ਤੇ ਫ਼ੈਸਲਾ 'ਅਸੀਂ' (ਆਮ ਲੋਕ) ਕਰਦੇ ਹਾਂ ਕਿ ਅਗਲਾ 'ਰਾਜਾ' ਕੌਣ ਹੋਵੇਗਾ। ਸਾਰੇ ਹਿੰਦੁਸਤਾਨ ਵਿਚ ਹੀ ਚੋਣਾਂ ਨੂੰ 'ਟਰਿੱਕਾਂ' ਜਾਂ ਚਾਲਬਾਜ਼ੀਆਂ ਦੀ ਖੇਡ ਬਣਾ ਦਿਤਾ ਗਿਆ ਹੈ ਜੋ 'ਲੋਕਾਂ' ਦੀਆਂ ਅੱਖਾਂ ਉਤੇ ਪੱਟੀ ਬੰਨ੍ਹ ਕੇ ਖੇਡੀ ਜਾਂਦੀ ਹੈ। ਜਿਹੜਾ ਜਿੰਨਾ ਜ਼ਿਆਦਾ 'ਟਰਿੱਕਾਂ' ਖੇਡ ਸਕਦਾ ਹੈ, ਚੋਣਾਂ ਵਿਚ ਉਹ ਓਨਾ ਹੀ ਜ਼ਿਆਦਾ ਸਫ਼ਲ ਹੁੰਦਾ ਹੈ।
ਚਲੋ 11 ਮਾਰਚ ਤਕ ਇੰਤਜ਼ਾਰ ਕਰ ਲਉ। ਉਸ ਦਿਨ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਲੋਕਾਂ ਨੇ ਸਿਆਣਪ ਨਾਲ ਅਪਣੀ ਵੋਟ ਦੀ ਵਰਤੋਂ ਕੀਤੀ ਹੈ ਜਾਂ 'ਟਰਿੱਕਾਂ' ਤੇ 'ਚਾਲਾਂ' ਖੇਡਣ ਵਾਲਿਆਂ ਦੇ ਮੋਹਰੇ ਹੀ ਬਣੇ ਹਨ। ਰਾਜਾ ਕੋਈ ਵੀ ਆ ਜਾਏ, ਮੇਰੀ ਦਿਲਚਸਪੀ ਇਹ ਜਾਣਨ ਵਿਚ ਹੈ ਕਿ ਆਮ ਵੋਟਰਾਂ ਦਾ ਚੁਣਿਆ ਨਵਾਂ 'ਰਾਜਾ' ਤੇ ਉਸ ਦੇ ਵਜ਼ੀਰ, ਪੰਜਾਬ ਲਈ ਪ੍ਰਾਪਤੀਆਂ ਦਾ ਕੋਈ ਨਵਾਂ ਬਾਬ ਸ਼ੁਰੂ ਕਰਨ ਦੀ ਸਮਰੱਥਾ ਰੱਖਣ ਵਾਲੇ ਵੀ ਹੋਣਗੇ ਜਾਂ ਨਹੀਂ? ਨਵਾਂ ਪੰਜਾਬ (ਪੰਜਾਬੀ ਸੂਬਾ) 1966 ਵਿਚ ਬਣਿਆ ਸੀ ਤੇ ਪਿਛਲੀ ਅੱਧੀ ਸਦੀ ਵਿਚ ਪੰਜਾਬ ਦੀ ਝੋਲੀ ਵਿਚ ਰਾਜਸੀ ਕਿਸਮ ਦੀ ਕੋਈ ਇਕ ਵੀ ਪ੍ਰਾਪਤੀ ਨਹੀਂ ਪੈ ਸਕੀ।
1966 ਵਿਚ ਪੰਜਾਬ ਤੋਂ ਇਸ ਦੀ ਰਾਜਧਾਨੀ ਖੋਹ ਲਈ ਗਈ ਸੀ ਜੋ ਅੱਜ ਵੀ 'ਕੇਂਦਰੀ ਪ੍ਰਸ਼ਾਸਤ ਇਲਾਕੇ' ਵਜੋਂ ਦਿੱਲੀ ਵਾਲਿਆਂ ਦੀ ਮਲਕੀਅਤ ਬਣੀ ਹੋਈ ਹੈ। 50 ਸਾਲ ਪਹਿਲਾਂ ਪੰਜਾਬ ਕੋਲੋਂ ਇਸ ਦੇ ਡੈਮ ਖੋਹ ਲਏ ਗਏ ਸਨ ਜੋ ਅੱਜ ਵੀ ਕੇਂਦਰ ਦੀ ਮਲਕੀਅਤ ਬਣੇ ਹੋਏ ਹਨ। 50 ਸਾਲ ਪਹਿਲਾਂ, ਕਈ ਪੰਜਾਬੀ ਬੋਲਦੇ ਇਲਾਕੇ, ਪੰਜਾਬ ਤੋਂ ਖੋਹ ਕੇ ਹਰਿਆਣੇ ਨੂੰ ਦੇ ਦਿਤੇ ਗਏ ਸਨ। ਅੱਜ ਵੀ ਉਹ ਉਨ੍ਹਾਂ ਕੋਲ ਹੀ ਹਨ। ਪੰਜਾਬ ਦੇ ਪਾਣੀ ਜਿਵੇਂ 50 ਸਾਲ ਪਹਿਲਾਂ ਲੁੱਟੇ ਜਾ ਰਹੇ ਸਨ, ਪੰਜਾਬੀ ਸੂਬਾ ਬਣਨ ਮਗਰੋਂ ਅੱਜ ਵੀ ਉਸੇ ਤਰ੍ਹਾਂ ਲੁੱਟੇ ਹੀ ਨਹੀਂ ਜਾ ਰਹੇ ਸਗੋਂ ਲੁੱਟ ਵਿਚ ਕੁੱਝ ਵਾਧਾ ਹੀ ਹੋਇਆ ਹੈ। ਹਿਮਾਚਲ ਵਿਚ ਇੰਡਸਟਰੀ ਲਾਉਣ ਵਾਲਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇ ਕੇ, ਪੰਜਾਬ ਦੀ ਇੰਡਸਟਰੀ ਨੂੰ ਤਬਾਹ ਕਰਨ ਦਾ ਕੰਮ ਵੀ ਨੇਪਰੇ ਚੜ੍ਹਾ ਦਿਤਾ ਗਿਆ। ਪੰਜਾਬ ਤਬਾਹ ਹੁੰਦਾ ਰਿਹਾ, ਦਿੱਲੀ ਅਤੇ ਪੰਜਾਬ ਵਿਚ ਅਕਾਲੀ ਦਲ ਸੱਤਾਧਾਰੀ ਪਾਰਟੀ ਦਾ 'ਭਾਈਵਾਲ' ਵੀ ਬਣਿਆ ਰਿਹਾ ਪਰ ਅਪਣੀ 'ਰਾਜਸੀ' ਮੰਗ ਇਕ ਵੀ ਨਾ ਮਨਵਾ ਸਕਿਆ। ਅਰਬਾਂ ਖਰਬਾਂ ਦੇ ਅਸਾਸੇ ਗਵਾ ਲਏ ਹਨ ਪੰਜਾਬ ਨੇ ਕਿਉਂਕਿ 12 ਸਾਲ ਬਾਅਦ ਤਾਂ 'ਹੱਕ ਸ਼ੁਫ਼ਾ' ਦਾ ਕਾਨੂੰਨ (ਜਿਸ ਦਾ ਕਬਜ਼ਾ, ਉਸ ਦੀ ਮਾਲਕੀ) ਵੀ ਸ਼ੁਰੂ ਹੋ ਜਾਂਦਾ ਹੈ ਤੇ ਅਸਲ ਮਾਲਕ ਦਾ ਹੱਕ ਹੀ ਖ਼ਤਮ ਹੋ ਜਾਂਦਾ ਹੈ।
ਅਜਿਹਾ ਕਿਉਂ ਹੋਇਆ ਹੈ ਪੰਜਾਬ ਨਾਲ? ਕਿਉਂਕਿ '84 ਦੇ ਫ਼ੌਜੀ ਹਮਲੇ ਮਗਰੋਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਇਕ ਨਵਾਂ ਸਿਧਾਂਤ ਘੜਿਆ ਕਿ ਦਰਬਾਰ ਸਾਹਿਬ ਉਤੇ ਫ਼ੌਜ ਚੜ੍ਹਾ ਦੇਣ ਵਾਲੀ ਕਾਂਗਰਸ ਸਾਡੀ ਸੱਭ ਤੋਂ ਵੱਡੀ ਦੁਸ਼ਮਣ ਹੈ, ਇਸ ਲਈ ਇਸ ਨਾਲ ਤਾਂ ਅਸੀ ਕੋਈ ਸਮਝੌਤਾ ਕਰਨਾ ਹੀ ਨਹੀਂ। ਕੇਵਲ ਤੇ ਕੇਵਲ ਬੀ.ਜੇ.ਪੀ. ਨਾਲ ਹੀ ਗਠਜੋੜ ਕਰਾਂਗੇ, ਉਹ ਭਾਵੇਂ ਕੁੱਝ ਦੇਵੇ ਤੇ ਭਾਵੇਂ ਨਾ ਦੇਵੇ! ਇਹ 'ਅਕਾਲੀ ਸਿਧਾਂਤ' ਹੀ ਸਾਰੀਆਂ ਭਵਿੱਖੀ ਰਾਜਸੀ ਪ੍ਰਾਪਤੀਆਂ ਦਾ ਰਾਹ ਰੋਕ ਗਿਆ। ਘੱਟ-ਗਿਣਤੀਆਂ ਤੇ ਕਮਜ਼ੋਰ ਧਿਰਾਂ ਇਹੋ ਜਹੇ ਸਿਧਾਂਤ ਨਹੀਂ ਘੜਦੀਆਂ ਅਤੇ ਜੇ ਘੜਦੀਆਂ ਹਨ ਤਾਂ ਮਰ ਜਾਂਦੀਆਂ ਹਨ।
ਇੰਦਰਾ ਗਾਂਧੀ ਨੇ ਤਾਂ ਇਕ ਸਮੇਂ ਸਾਰੀਆਂ ਮੰਗਾਂ ਮੰਨਣ ਦੀ ਪੇਸ਼ਕਸ਼ ਵੀ ਕਰ ਦਿਤੀ ਸੀ ਤੇ ਡਾ. ਮਨਮੋਹਨ ਸਿੰਘ ਵੇਲੇ ਵੀ ਕਈ ਅਜਿਹੇ ਮੌਕਿਆਂ ਦਾ ਲਾਭ ਲੈਣੋਂ ਨਾਂਹ ਕਰ ਦਿਤੀ ਗਈ। ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਜਹਾਂਗੀਰ ਨੇ ਦਿਤਾ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਪਿਤਾ ਦੇ ਕਾਤਲ ਨਾਲ ਦੋਸਤੀ ਪਾਉਣ ਨੂੰ ਹੀ 'ਰਾਜਨੀਤਕ ਸਿਆਣਪ' ਸਮਝਿਆ ਤੇ ਜਹਾਂਗੀਰ ਬਾਦਸ਼ਾਹ ਨਾਲ ਰਲ ਕੇ ਸ਼ਿਕਾਰ ਵੀ ਖੇਡਦੇ ਰਹੇ। ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਉਤੇ ਬੰਬ ਸੁਟ ਕੇ ਅਮਰੀਕਾ ਨੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਸੀ ਤੇ ਜਾਪਾਨ ਅੱਜ ਵੀ ਹਰ ਸਾਲ ਉਸ ਦੀ ਯਾਦ ਮਨਾਉਂਦਾ ਹੈ ਪਰ ਉਸ ਨੂੰ ਇਹ ਗੱਲ ਵੀ ਸਮਝ ਵਿਚ ਆ ਗਈ ਕਿ ਅਮਰੀਕਾ ਦੀ ਦੁਸ਼ਮਣ ਤਾਕਤ ਨਾਲ ਹੱਥ ਮਿਲਾਏ ਤਾਂ ਜਾਪਾਨ ਬਿਲਕੁਲ ਹੀ ਖ਼ਤਮ ਹੋ ਜਾਏਗਾ, ਇਸ ਲਈ ਅਮਰੀਕਾ ਨੂੰ ਹੀ ਦੋਸਤੀ ਲਈ ਚੁਣਿਆ ਤੇ ਏਸ਼ੀਆ ਦਾ ਸੱਭ ਤੋਂ ਅਮੀਰ ਅਤੇ ਆਧੁਨਿਕ ਦੇਸ਼ ਬਣ ਗਿਆ। ਇਹੀ ਕਹਾਣੀ ਇਜ਼ਰਾਈਲ ਦੀ ਹੈ। ਹਿਟਲਰ ਨੇ ਜਿਨ੍ਹਾਂ ਲੱਖਾਂ ਯਹੂਦੀਆਂ ਉਤੇ ਜ਼ੁਲਮ ਕੀਤੇ ਸਨ, ਉਨ੍ਹਾਂ ਨੂੰ ਮਾਰਨ ਲਈ ਅਮਰੀਕਾ ਸਮੇਤ, ਸਾਰੇ ਈਸਾਈ ਦੇਸ਼ਾਂ ਦੇ ਮੁਖੀ, ਖੁਲ੍ਹ ਕੇ ਹਿਟਲਰ ਦੀ ਮਦਦ ਕਰ ਰਹੇ ਸਨ। ਯਹੂਦੀ ਅੱਜ ਵੀ 'ਘੱਲੂਘਾਰੇ' ਦੀ ਯਾਦ ਮਨਾਉਂਦੇ ਹਨ ਪਰ ਦੋਸਤੀ ਦਾ ਹੱਥ ਫੜਨ ਦਾ ਮੌਕਾ ਆਇਆ ਤਾਂ ਅਮਰੀਕਾ ਤੇ ਜਰਮਨੀ ਦਾ ਹੱਥ ਹੀ ਫੜਿਆ ਜਿਸ ਸਦਕਾ ਯਹੂਦੀਆਂ ਦਾ ਨਵਾਂ ਦੇਸ਼ ਇਜ਼ਰਾਈਲ ਵੀ ਕਾਇਮ ਹੋ ਗਿਆ ਤੇ ਇਹ ਦੇਸ਼ ਦੁਨੀਆਂ ਦੇ ਪ੍ਰਭਾਵਸ਼ਾਲੀ, ਅਮੀਰ ਤੇ ਤਾਕਤਵਰ ਦੇਸ਼ਾਂ ਵਿਚ ਗਿਣਿਆ ਜਾਣ ਲੱਗਾ।
'ਬਾਦਲ ਸਿਧਾਂਤ' ਦੇ ਉਲਟ (ਕਿ ਕਾਂਗਰਸ ਹਮੇਸ਼ਾ ਲਈ ਸਾਡੀ ਦੁਸ਼ਮਣ ਹੈ), ਯਹੂਦੀਆਂ ਤੇ ਜਾਪਾਨੀਆਂ ਨੇ ਬੁਰੀ ਹਾਲਤ ਵਿਚ ਵੀ ਸਿਧਾਂਤ ਇਹ ਘੜਿਆ ਕਿ, ''ਇਤਿਹਾਸ ਨੂੰ ਭੁੱਲਾਂਗੇ ਨਹੀਂ ਪਰ ਸਾਥ ਲਈ ਹੱਥ ਉਸੇ ਦਾ ਫੜਾਂਗੇ ਜਿਹੜਾ ਸਾਡਾ ਭਵਿੱਖ ਸਵਾਰਨ ਵਿਚ ਮਦਦ ਕਰ ਸਕੇ, ਉਸ ਦਾ ਨਹੀਂ ਜੋ ਸਾਡਾ ਹਾਲ, ਇਨ੍ਹਾਂ ਨਾਲੋਂ ਵੀ ਮਾੜਾ ਕਰ ਦੇਵੇ।''
ਅਕਾਲੀ ਵੀ ਅਗਰ ਜਾਪਾਨੀਆਂ, ਯਹੂਦੀਆਂ ਜਾਂ ਗੁਰੂ ਹਰਿਗੋਬਿੰਦ ਸਾਹਿਬ ਵਾਲਾ ਸਿਧਾਂਤ ਹੀ ਪ੍ਰਵਾਨ ਕਰ ਲੈਂਦੇ ਤਾਂ ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਵੀ ਮੰਨੀਆਂ ਜਾਣੀਆਂ ਸਨ ਤੇ ਕਾਂਗਰਸ ਨੇ '84 ਦੇ ਘਲੂਘਾਰੇ ਬਾਰੇ ਮਾਫ਼ੀ ਵੀ ਮੰਗ ਲੈਣੀ ਸੀ। ਹੁਣ ਜਿਸ ਧਿਰ ਨੇ '84 ਦੇ ਘਲੂਘਾਰੇ ਬਾਰੇ ਮਾਫ਼ੀ ਵੀ ਮੰਗ ਲੈਣੀ ਸੀ। ਹੁਣ ਜਿਸ ਧਿਰ ਨੂੰ 'ਹਮੇਸ਼ਾ ਲਈ ਦੁਸ਼ਮਣ' ਕਹਿ ਕੇ ਸੁਟ ਦਿਉ, ਉਹ ਕਿਉਂ ਤੁਹਾਡੀ ਕੋਈ ਵੀ ਮੰਗ ਮੰਨੇਗੀ? ਮੇਰੀ ਇੱਛਾ ਕੇਵਲ ਏਨੀ ਹੀ ਹੈ ਕਿ ਤੁਹਾਡੀਆਂ ਵੋਟਾਂ ਨਾਲ ਬਣਨ ਵਾਲੀ ਨਵੀਂ ਸਰਕਾਰ, ਪੰਜਾਬ ਦਾ ਪ੍ਰਾਪਤੀਆਂ ਵਾਲਾ ਬੰਦ ਖਾਤਾ ਖੋਲ੍ਹਣ ਲਈ ਵੀ ਯਤਨ ਸ਼ੁਰੂ ਕਰਨ ਵਾਲੀ ਸਰਕਾਰ ਹੋਵੇ ਤੇ 'ਬਾਦਲ ਸਿਧਾਂਤ' ਦੀ ਥਾਂ ਜਾਪਾਨੀਆਂ, ਯਹੂਦੀਆਂ ਦੇ ਸਿਧਾਂਤ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਕਾਇਮ ਕੀਤੀ ਮਿਸਾਲ ਵਲ ਵੇਖ ਕੇ ਕੌਮ ਨੂੰ ਅੱਗੇ ਲਿਜਾਣ ਦੀ ਸੋਚਣ ਵਾਲੀ ਸਰਕਾਰ ਹੋਵੇ।