ਸਿੱਖਾਂ ਤੋਂ ਵੀ ਛੋਟੀ ਕੌਮ (ਯਹੂਦੀ) 70 ਸਾਲ ਮਗਰੋਂ ਦੁਨੀਆਂ ਉਤੇ ਛਾ ਗਈ ਹੈ
Published : Jan 27, 2018, 11:59 pm IST
Updated : Jan 27, 2018, 6:29 pm IST
SHARE ARTICLE

ਜਦਕਿ ਇਨ੍ਹਾਂ 70 ਸਾਲਾਂ ਵਿਚ ਸਿੱਖੀ ਬ੍ਰਾਹਮਣੀ ਸਮੁੰਦਰ ਵਿਚ ਡੁੱਬਣ ਲੱਗ ਪਈ ਹੈ ਪਰ ਬਚਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ, ਕਿਉਂ?
ਯਹੂਦੀਆਂ ਤੇ ਸਿੱਖਾਂ ਵਿਚ ਇਕ ਗੱਲ ਸਾਂਝੀ ਹੈ ਕਿ ਭਾਵੇਂ ਯਹੂਦੀ ਧਰਮ, ਦੁਨੀਆਂ ਦਾ ਸੱਭ ਤੋਂ ਪੁਰਾਣਾ ਧਰਮ ਹੈ ਤੇ ਸਿੱਖ ਧਰਮ ਦੁਨੀਆਂ ਦਾ ਸੱਭ ਤੋਂ ਨਵਾਂ ਧਰਮ ਪਰ ਗਿਣਤੀ ਦੇ ਪੱਖੋਂ, ਦੋਵੇਂ ਹੀ, ਦੂਜੇ ਸਾਰੇ ਧਰਮਾਂ ਨਾਲੋਂ ਬਹੁਤ ਪਿੱਛੇ ਹਨ। ਅੰਤਰ-ਰਾਸ਼ਟਰੀ ਪੱਧਰ ਤੇ ਇਸ ਵੇਲੇ 5 ਹੀ ਧਰਮ ਮੰਨੇ ਜਾਂਦੇ ਹਨ ਤੇ ਮੈਂ ਉਨ੍ਹਾਂ ਦੀ ਗੱਲ ਹੀ ਕਰ ਰਿਹਾ ਹਾਂ। ਛੋਟੀਆਂ ਸੰਪਰਦਾਵਾਂ ਦੇ ਪੈਰੋਕਾਰਾਂ ਦੀ ਗਿਣਤੀ ਕਈ ਵਾਰ ਕਰੋੜਾਂ ਵਿਚ ਵੀ ਜਾ ਪੁਜਦੀ ਹੈ ਪਰ ਉਨ੍ਹਾਂ ਨੂੰ ਵਖਰੇ ਧਰਮ ਵਜੋਂ ਮਾਨਤਾ ਨਹੀਂ ਦਿਤੀ ਜਾਂਦੀ ਕਿਉਂਕਿ ਉਹ ਵਖਰਾ ਧਰਮ ਅਖਵਾਉਣ ਵਾਲੀਆਂ ਬਾਕੀ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀਆਂ। ਗੱਲ ਯਹੂਦੀਆਂ ਤੇ ਸਿੱਖਾਂ ਦੀ ਕਰ ਰਿਹਾ ਸੀ। ਯਹੂਦੀਆਂ ਦੀ ਗਿਣਤੀ, ਸਿੱਖਾਂ ਨਾਲੋਂ ਵੀ ਘੱਟ ਹੈ। ਸਿੱਖਾਂ ਵਾਂਗ, ਦੁਸ਼ਮਣ ਉਨ੍ਹਾਂ ਦੇ ਵੀ ਬਹੁਤ ਹਨ। ਈਸਾਈ ਇਸ ਲਈ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਕਿ ਹਜ਼ਰਤ ਈਸਾ ਨੂੰ ਯਹੂਦੀਆਂ ਨੇ ਹੀ ਫਾਂਸੀ ਦਿਤੀ ਸੀ। ਹਿਟਲਰ ਨੇ ਸਾਰੇ ਈਸਾਈ ਦੇਸ਼ਾਂ ਦੀ ਮਦਦ ਨਾਲ, ਇਸੇ ਲਈ ਯਹੂਦੀਆਂ ਦਾ ਬੀਜ ਨਾਸ ਕਰਨ ਦਾ ਪ੍ਰਣ ਅਜੇ ਹੁਣੇ ਜਹੇ ਪਿਛਲੀ ਸਦੀ ਵਿਚ ਹੀ ਲਿਆ ਸੀ ਤੇ ਉਹ ਜ਼ੁਲਮ ਕੀਤੇ ਜਿਨ੍ਹਾਂ ਦਾ ਜ਼ਿਕਰ ਕਰਨਾ ਵੀ ਔਖਾ ਹੈ ਪਰ ਯਹੂਦੀ ਖ਼ਤਮ ਨਾ ਹੋ ਸਕੇ। ਨਾ ਉਨ੍ਹਾਂ ਨੇ ਅਪਣੀ ਭਾਸ਼ਾ (ਹੈਬਰੀਊ) ਨੂੰ ਛਡਿਆ, ਨਾ ਅਪਣਾ ਦੇਸ਼ ਕਾਇਮ ਕਰਨ ਦੇ ਖ਼ਿਆਲ ਨੂੰ। ਮੁਸਲਮਾਨ ਉਨ੍ਹਾਂ ਨੂੰ ਇਸ ਲਈ ਨਫ਼ਰਤ ਕਰਦੇ ਹਨ ਕਿ ਯਹੂਦੀਆਂ ਨੇ ਮੁਸਲਮ ਆਬਾਦੀ ਵਾਲੇ ਦੇਸ਼ਾਂ ਦੇ ਝੁੰਡ ਵਿਚ ਅਪਣਾ ਛੋਟਾ ਜਿਹਾ ਘਰ ਬਣਾਇਆ ਹੋਇਆ ਹੈ ਤੇ ਮੁਸਲਮਾਨ ਦੇਸ਼ ਚਾਹੁੰਦੇ ਹਨ ਕਿ ਜਿਸ ਥਾਂ ਤੇ ਇਜ਼ਰਾਈਲ ਦੇਸ਼ ਅੱਜ ਮੌਜੂਦ ਹੈ, ਉਥੇ ਫ਼ਲਸਤੀਨ ਦੇਸ਼ ਬਣਾ ਕੇ ਯਹੂਦੀਆਂ ਨੂੰ ਉਥੋਂ ਕੱਢ ਕੇ ਪਹਿਲਾਂ ਵਾਂਗ ਹੋਰ ਦੇਸ਼ਾਂ ਵਿਚ ਭੇਜ ਦਿਤਾ ਜਾਵੇ।ਜਦੋਂ ਅਜੇ ਇਜ਼ਰਾਈਲ ਦੇਸ਼ ਨਹੀਂ ਸੀ ਬਣਿਆ, ਯਹੂਦੀ ਏਧਰ ਔਧਰ, ਪਛਮੀ ਦੇਸ਼ਾਂ ਅਮਰੀਕਾ, ਰੂਸ, ਜਰਮਨੀ ਆਦਿ ਵਿਚ ਛੋਟੀਆਂ-ਛੋਟੀਆਂ ਟੁਕੜੀਆਂ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਦੇ ਨੌਜਵਾਨ ਚਾਹੁੰਦੇ ਸਨ ਕਿ ਪ੍ਰਮਾਤਮਾ ਵਲੋਂ ਉਨ੍ਹਾਂ ਨਾਲ ਕੀਤੇ ਵਾਅਦੇ ਵਾਲਾ (ਜੋ ਬਾਈਬਲ ਵਿਚ ਦਰਜ ਹੈ) ਉਨ੍ਹਾਂ ਦਾ ਇਜ਼ਰਾਈਲ ਦੇਸ਼ ਬਣਾਇਆ ਜਾਵੇ ਜਿਥੇ ਦੁਨੀਆਂ ਦੇ ਸਾਰੇ ਯਹੂਦੀ, ਇਕ ਛੱਤ ਥੱਲੇ, ਅਪਣੇ ਯਹੂਦੀ ਦੇਸ਼ ਵਿਚ ਰਹਿ ਸਕਣ। ਸਾਰੇ ਇਸ ਗੱਲ ਦੀ ਵਿਰੋਧਤਾ ਕਰਦੇ ਸਨ। ਹਮਾਇਤੀ ਇਕ ਵੀ ਨਹੀਂ ਸੀ। ਪਰ ਸਮਾਂ ਬਦਲਿਆ ਅਤੇ ਉਹ ਵੇਲਾ ਵੀ ਆ ਗਿਆ ਜਦੋਂ ਅਮਰੀਕਾ ਨੇ ਮੁਸਲਮਾਨ ਦੇਸ਼ਾਂ ਦੇ ਦਬਾਅ ਨੂੰ ਘੱਟ ਕਰਨ ਲਈ, ਉਨ੍ਹਾਂ ਦੀ ਧੁੰਨੀ ਉਤੇ ਇਜ਼ਰਾਈਲ ਦੇਸ਼ ਬਣਾ ਦਿਤਾ ਤਾਕਿ ਯਹੂਦੀ ਅਤੇ ਮੁਸਲਮਾਨ ਦੇਸ਼ ਆਪਸ ਵਿਚ ਹੀ ਲੜਦੇ ਰਹਿਣ ਜਿਸ ਨਾਲ ਅਮਰੀਕਾ ਦੀ ਸਿਰਦਰਦੀ ਕੁੱਝ ਘੱਟ ਜਾਵੇ। ਸੋ 1948 ਵਿਚ ਅਮਰੀਕਾ ਨੇ ਇਜ਼ਰਾਈਲ ਦੇਸ਼ ਬਣਵਾ ਦਿਤਾ। ਉਦੋਂ ਤੋਂ 'ਫ਼ਲਸਤੀਨ' ਨੂੰ ਮੁਸਲਿਮ ਦੇਸ਼ ਮੰਨਣ ਵਾਲੇ ਮੁਸਲਮਾਨ, ਲਗਾਤਾਰ ਇਜ਼ਰਾਈਲੀਆਂ ਉਤੇ ਹਮਲੇ ਕਰਦੇ ਆ ਰਹੇ ਹਨ ਪਰ ਅਮਰੀਕਾ ਦੀ ਮਦਦ ਨਾਲ ਇਜ਼ਰਾਈਲ ਏਨਾ ਮਜ਼ਬੂਤ ਹੋ ਗਿਆ ਹੈ ਕਿ ਸਾਰੇ ਮੁਸਲਮਾਨ ਦੇਸ਼ ਰਲ ਕੇ ਵੀ, ਉਸ ਦਾ ਵਾਲ ਨਹੀਂ ਵਿੰਗਾ ਕਰ ਸਕੇ। ਹਰ ਯਹੂਦੀ ਨੇ ਦਿਲੋਂ ਮਨੋਂ ਅਰਥਾਤ ਪੂਰੀ ਈਮਾਨਦਾਰੀ ਨਾਲ ਮਿਹਨਤ ਕਰ ਕੇ ਯਹੂਦੀਆਂ ਦੇ ਇਕੋ ਇਕ ਦੇਸ਼ ਨੂੰ ਸੰਸਾਰ ਦੀਆਂ ਸੱਭ ਤੋਂ ਸ਼ਕਤੀਸ਼ਾਲੀ ਤਾਕਤਾਂ ਦੇ ਬਰਾਬਰ ਲਿਆ ਖੜਾ ਕੀਤਾ ਹੈ। ਦੁਨੀਆਂ ਦੇ ਸੱਭ ਤੋਂ ਵਧੀਆ ਸਾਇੰਸਦਾਨ, ਇਜ਼ਰਾਈਲ ਪੈਦਾ ਕਰਦਾ ਹੈ, ਖੇਤੀਬਾੜੀ ਵਿਚ ਉਹ ਪੰਜਾਬ ਤੋਂ ਵੀ ਅੱਗੇ ਲੰਘ ਗਏ ਹਨ ਤੇ ਅਪਣੇ ਧਰਮ, ਅਪਣੀ ਭਾਸ਼ਾ ਦੀ ਮਜ਼ਬੂਤੀ ਲਈ ਹਰ ਯਹੂਦੀ, ਬਾਕਾਇਦਗੀ ਨਾਲ ਪੈਸੇ ਕਢਦਾ ਹੈ।ਯਹੂਦੀਆਂ ਨੂੰ ਪਤਾ ਸੀ ਕਿ ਸੈਂਕੜੇ ਸਾਲਾਂ ਤੋਂ ਈਸਾਈ ਦੇਸ਼ ਉਨ੍ਹਾਂ ਨੂੰ ਬਹੁਤ ਮਾੜੇ ਰੂਪ ਵਿਚ ਅਰਥਾਤ 'ਧਰਤੀ ਉਤੇ ਵਾਧੂ ਦਾ ਭਾਰ' ਦਸਦੇ ਆ ਰਹੇ ਹਨ, ਇਸ ਲਈ ਪ੍ਰਚਾਰ ਦੇ ਨਵੇਂ ਢੰਗ ਲੱਭੇ ਜਾਣ ਜਿਸ ਨਾਲ ਦੁਨੀਆਂ ਉਨ੍ਹਾਂ ਦੀ ਗੱਲ ਸੁਣ ਵੀ ਲਵੇ ਤੇ ਸਮਝ ਵੀ ਲਵੇ। ਅਪਣੇ ਧਰਮ-ਅਸਥਾਨਾਂ ਅੰਦਰ ਕੀਤਾ ਪ੍ਰਚਾਰ, ਦੁਨੀਆਂ ਤਕ ਨਹੀਂ ਪਹੁੰਚ ਸਕਦਾ ਤੇ ਹਵਾ ਵਿਚ ਲਟਕ ਕੇ, ਉਥੇ ਹੀ ਖ਼ਤਮ ਹੋ ਜਾਂਦਾ ਹੈ। ਸੋ ਇਜ਼ਰਾਈਲੀਆਂ ਨੇ ਪਹਿਲੀ ਵਾਰ 'ਉੱਚਾ ਦਰ ਬਾਬੇ ਨਾਨਕ ਦਾ' ਵਰਗੇ ਮਿਊਜ਼ੀਅਮਾਂ ਦੀ ਲੜੀ ਅਮਰੀਕਾ ਵਿਚ ਸ਼ੁਰੂ ਕੀਤੀ। ਉਨ੍ਹਾਂ ਦੀ ਕਾਮਯਾਬੀ ਵੇਖ ਕੇ ਹੀ ਅਸੀ 'ਉੱਚਾ ਦਰ' ਕਾਇਮ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੂੰ ਯਕੀਨ ਸੀ ਕਿ ਸੱਚ ਕਿਉਂਕਿ ਉਨ੍ਹਾਂ ਕੋਲ ਹੈ, ਇਸ ਲਈ ਹਰ ਕਿਸੇ ਦੇ ਦਿਲ ਉਤੇ, ਉਨ੍ਹਾਂ ਦੀ ਗੱਲ ਸੁਣ ਕੇ, ਅਸਰ ਜ਼ਰੂਰ ਹੋਵੇਗਾ। ਇਸ ਤਰ੍ਹਾਂ ਹੀ ਹੋਇਆ ਤੇ ਜਿਸ ਅਮਰੀਕਾ ਵਿਚ ਯਹੂਦੀਆਂ ਦੀ ਵੱਸੋਂ ਕੁੱਝ ਹਜ਼ਾਰ ਤੋਂ ਵੱਧ ਨਹੀਂ (ਸਿੱਖ ਤਾਂ ਉਥੇ 5 ਲੱਖ ਦੀ ਆਬਾਦੀ ਵਾਲੇ ਲੋਕ ਹਨ), ਉਸ ਅਮਰੀਕਾ ਦੇ ਹਰ ਵੱਡੇ ਸ਼ਹਿਰ ਵਿਚ ਯਹੂਦੀਆਂ ਦਾ 'ਹਾਲੋਕਾਸਟ ਮਿਊਜ਼ੀਅਮ' (ਘਲੂਘਾਰਾ ਅਜਾਇਬ ਘਰ) ਕਰੋੜਾਂ ਰੁਪਏ ਕਮਾ ਰਿਹਾ ਹੈ ਪਰ ਕਮਾਈ ਦੇ ਪੈਸਿਆਂ ਨੂੰ ਉਹ ਆਪ ਨਹੀਂ ਖਾ ਜਾਂਦੇ ਸਗੋਂ ਹੋਰ ਮਿਊਜ਼ੀਅਮ ਖੋਲ੍ਹਣ ਦੀ ਤਿਆਰੀ ਕਰਨ ਲਗਦੇ ਹਨ।


ਮੈਂ ਜਦ ਅਮਰੀਕਾ ਦੇ ਇਕ ਸ਼ਹਿਰ ਵਿਚ ਹਾਲੋਕਾਸਟ ਮਿਊਜ਼ੀਅਮ ਵੇਖਣ ਗਿਆ ਤਾਂ ਤਿੰਨ ਘੰਟੇ ਬਿਤਾ ਕੇ, ਬਹੁਤ ਪ੍ਰਭਾਵਤ ਹੋਇਆ। ਨਿਮਰਤ ਮੇਰੇ ਨਾਲੋਂ ਵੀ ਜ਼ਿਆਦਾ ਪ੍ਰਭਾਵਤ ਹੋਈ। ਕਹਿਣ ਲੱਗੀ, ''ਜੇ ਨਵੀਂ ਪੀੜ੍ਹੀ ਨੂੰ ਧਰਮ ਦੇ ਝੰਡੇ ਹੇਠ ਰਖਣਾ ਹੈ ਤਾਂ ਗੁਰਦਵਾਰਿਆਂ ਵਾਲਾ ਪ੍ਰਚਾਰ ਛੱਡ ਕੇ ਇਸ ਤਰ੍ਹਾਂ ਦਾ ਇਕ ਸਿੱਖ ਮਿਊਜ਼ੀਅਮ ਬਣਾਉ। ਗੁਰਦਵਾਰਿਆਂ ਵਾਲਾ ਪ੍ਰਚਾਰ ਕੇਵਲ ਬਜ਼ੁਰਗਾਂ ਨੂੰ ਪਸੰਦ ਆ ਸਕਦਾ ਹੈ ਪਰ ਨੌਜੁਆਨ ਪੀੜ੍ਹੀ ਨੂੰ ਪ੍ਰਭਾਵਤ ਕਰਨ ਲਈ ਤਾਂ ਤੁਹਾਨੂੰ ਇਨ੍ਹਾਂ ਵਾਲਾ ਢੰਗ ਹੀ ਵਰਤਣਾ ਪਵੇਗਾ। ਇਨ੍ਹਾਂ (ਯਹੂਦੀਆਂ) ਕੋਲ ਜੋ ਕੁੱਝ ਵਿਖਾਣ ਵਾਲਾ ਹੈ, ਉਸ ਤੋਂ ਕਈ ਗੁਣਾਂ ਜ਼ਿਆਦਾ ਤੁਹਾਡੇ ਕੋਲ ਹੈ। ਅਗਲੀਆਂ ਪੀੜ੍ਹੀਆਂ ਨੂੰ ਗੁਰਦਵਾਰੇ ਨਹੀਂ, ਅਜਿਹੇ ਅਜਾਇਬ ਘਰ ਹੀ ਪ੍ਰਭਾਵਤ ਕਰ ਸਕਣਗੇ। ਅਮਰੀਕਾ ਵਿਚ ਤੁਸੀ ਵੇਖ ਹੀ ਲਿਐ, ਕਿੰਨੇ ਹੀ ਚਰਚ ਬੰਦ ਹੋ ਗਏ ਹਨ ਕਿਉਂਕਿ ਉਨ੍ਹਾਂ ਵਿਚ ਜਾਂਦਾ ਹੀ ਕੋਈ ਨਹੀਂ।''
ਹੇਠਾਂ ਆ ਕੇ ਮੈਂ ਮੈਨੇਜਰ ਨੂੰ ਮਿਲਿਆ ਤੇ ਪੁਛਿਆ, ''ਕੀ ਏਨਾ ਸ਼ਾਨਦਾਰ ਮਿਊਜ਼ੀਅਮ ਉਸ ਵਿਅਕਤੀ ਨੇ ਬਣਾਇਆ ਜਿਸ ਦੀ ਫ਼ੋਟੋ ਅੰਦਰ ਲੱਗੀ ਹੋਈ ਹੈ? ਕੀ ਉਹ ਬਹੁਤ ਅਮੀਰ ਸੀ?''
''ਨਹੀਂ, ਉਸ ਨੇ ਤਾਂ ਕੇਵਲ ਵਿਚਾਰ ਹੀ ਦਿਤਾ ਸੀ। ਇਜ਼ਰਾਈਲੀ ਕੌਮ ਦੇ ਬੱਚੇ-ਬੱਚੇ ਨੇ ਇਸ ਵਿਚਾਰ ਨੂੰ ਪਸੰਦ ਕੀਤਾ ਤੇ ਦੋ ਤਿੰਨ ਮਹੀਨਿਆਂ ਵਿਚ ਲੋੜੀਂਦਾ ਪੈਸਾ ਇਕੱਠਾ ਕਰ ਦਿਤਾ। ਇਜ਼ਰਾਈਲੀ ਕੌਮ ਨੇ ਮਿਊਜ਼ੀਅਮ ਦਾ ਵਿਚਾਰ ਦੇਣ ਵਾਲੇ ਨੂੰ ਇਕ ਵੀ ਪੈਸਾ ਅਪਣੇ ਕੋਲੋਂ ਨਾ ਖ਼ਰਚਣ ਦਿਤਾ ਸਗੋਂ, ਉਸ ਦੀ ਅਪਣੀ ਵੀ ਹਰ ਲੋੜ ਪੂਰੀ ਕਰ ਦਿਤੀ ਤੇ ਬਹੁਤ ਸਨਮਾਨ ਦਿਤਾ।''
ਉਸ ਮਗਰੋਂ ਮੈਂ ਅਮਰੀਕਾ ਦੇ ਸਾਰੇ ਉਨ੍ਹਾਂ ਸ਼ਹਿਰਾਂ ਵਿਚ ਗਿਆ ਜਿਥੇ ਸਿੱਖ ਰਹਿੰਦੇ ਸਨ। ਮੈਂ ਉਥੋਂ ਦੇ ਲੀਡਰਾਂ, ਗੁਰਦਵਾਰਾ ਪ੍ਰਬੰਧਕਾਂ ਤੇ ਪ੍ਰਸਿੱਧ ਸਜਣਾਂ ਨੂੰ ਕਿਹਾ ਕਿ ''ਤੁਹਾਡੇ ਕੋਲ ਪੈਸਾ ਹੈ, ਜ਼ਮੀਨ ਆਮ ਮਿਲ ਜਾਂਦੀ ਹੈ ਤੇ ਮਿਊਜ਼ੀਅਮ ਬਣਾਉਣ ਲਈ ਮਾਹਰਾਂ ਦੀ ਇਸ ਦੇਸ਼ ਵਿਚ ਕੋਈ ਕਮੀ ਨਹੀਂ। ਤੁਸੀ ਕਿਉਂ ਨਹੀਂ ਯਹੂਦੀਆਂ ਵਾਂਗ ਇਕ ਚੰਗਾ ਸਿੱਖ ਮਿਊਜ਼ੀਅਮ (ਜੋ ਕੋਈ ਸੁਨੇਹਾ ਵੀ ਦੇਂਦਾ ਹੋਵੇ) ਉਸਾਰ ਦੇਂਦੇ?''
ਸੱਭ ਦਾ ਜਵਾਬ ਸੀ, ''ਇਹ ਬੜਾ ਚੰਗਾ ਸੁਝਾਅ ਤੁਸੀ ਦਿਤਾ ਹੈ। ਅਸੀ ਅਗਲੇ ਹਫ਼ਤੇ ਹੀ ਮੀਟਿੰਗ ਬੁਲਾ ਕੇ, ਇਸ ਪਾਸੇ ਕਦਮ ਚੁੱਕਣ ਦਾ ਫ਼ੈਸਲਾ ਕਰਾਂਗੇ।''
ਦੋ ਸਾਲ ਬਾਅਦ ਮੈਨੂੰ ਦੁਬਾਰਾ ਅਮਰੀਕਾ ਜਾਣ ਦਾ ਅਵਸਰ ਮਿਲਿਆ। ਮੈਂ ਉਪਰ ਵਰਣਤ ਸਿੱਖਾਂ ਨੂੰ ਮਿਲ ਕੇ ਪੁਛਿਆ ਕਿ ਉਨ੍ਹਾਂ ਨੇ ਮਿਊਜ਼ੀਅਮ ਉਸਾਰਨ ਵਾਲੇ ਪਾਸੇ ਕੋਈ ਕਦਮ ਚੁਕਿਆ ਵੀ ਹੈ ਜਾਂ ਨਹੀਂ?
ਸੱਭ ਦੇ ਜਵਾਬ ਇਕੋ ਤਰ੍ਹਾਂ ਦੇ ਸਨ ਜੋ ਸੰਖੇਪ ਵਿਚ ਇਸ ਤਰ੍ਹਾਂ ਦੇ ਸਨ, ''ਓ ਜੀ ਕੌਣ ਪੈਸੇ ਮੰਗਦਾ ਫਿਰੇ? ਤੁਹਾਨੂੰ ਤਾਂ ਪਤਾ ਹੀ ਹੈ, ਸਿੱਖ ਵਾਅਦੇ ਕਰ ਛਡਦੇ ਨੇ ਪਰ ਪੈਸੇ ਨਹੀਂ ਦੇਂਦੇ।..... ਫਿਰ ਜੀ, ਅੰਦਰ ਜੋ ਕੁੱਝ ਵੀ ਅਸੀ ਵਿਖਾਇਆ, ਉਹ ਸਿੱਖਾਂ ਦੇ ਹੀ ਕਿਸੇ ਗਰਮ ਧੜੇ ਨੂੰ ਪਸੰਦ ਨਾ ਆਇਆ ਤਾਂ ਲਾਠੀਆਂ ਚੁਕ ਕੇ ਸਾਡੇ ਉਤੇ ਆ ਚੜ੍ਹਨਗੇ ਤੇ ਮਿਊਜ਼ੀਅਮ ਨੂੰ ਆਪ ਡੇਗ ਕੇ ਜਾਂ ਬੰਦ ਕਰਵਾ ਕੇ ਹੀ ਸਾਹ ਲੈਣਗੇ।''
ਨਿਮਰਤ ਨੇ ਸਾਰੀ ਗੱਲ ਸੁਣੀ ਤੇ ਕਹਿਣ ਲੱਗੀ, ''ਪਾਪਾ ਇਹ ਕੰਮ ਤੁਹਾਨੂੰ ਹੀ ਕਰਨਾ ਪੈਣੈ, ਹੋਰ ਕਿਸੇ ਨੇ ਨਹੀਂ ਕਰਨਾ।'' ਪਰ ਮੇਰੇ ਕੋਲ ਪੈਸਾ ਤਾਂ ਹੈ ਨਹੀਂ ਸੀ। ਅਖ਼ਬਾਰ ਨੂੰ ਬੰਦ ਕਰਵਾਉਣਾ ਚਾਹੁਣ ਵਾਲੇ ਡਟੇ ਹੋਏ ਸਨ। ਸਰਕਾਰ ਵੀ ਸੱਭ ਤੋਂ ਵੱਡੀ 'ਦੁਸ਼ਮਣ' ਬਣ ਕੇ ਆਈ ਤੇ ਉਸ ਨੇ ਫ਼ੈਸਲਾ ਕੀਤਾ ਕਿ ਇਕ ਵੀ ਪੈਸੇ ਦਾ ਇਸ਼ਤਿਹਾਰ ਸਪੋਕਸਮੈਨ ਨੂੰ ਨਹੀਂ ਮਿਲਣ ਦੇਣਾ।
ਫਿਰ ਵੀ ਮੈਂ ਫ਼ੈਸਲਾ ਲੈ ਲਿਆ ਕਿ 'ਉੱਚਾ ਦਰ ਬਾਬੇ ਨਾਨਕ ਦਾ' ਉਸਾਰਨਾ ਹੀ ਉਸਾਰਨਾ ਹੈ। ਪਾਠਕਾਂ ਨੂੰ ਪੁਛਿਆ, ਉਨ੍ਹਾਂ ਦਾ ਉੱਤਰ ਸੀ ਕਿ ''ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗੇ'' ਪਰ ਭੇਜਿਆ ਕੁੱਝ ਵੀ ਨਾ। ਅਖ਼ੀਰ ਮੈਂ ਸਾਰਾ ਕੁੱਝ ਵੇਚ ਵੱਟ ਕੇ ਤੇ ਕਰਜ਼ੇ ਚੁੱਕ ਕੇ ਕੰਮ ਸ਼ੁਰੂ ਕਰ ਦਿਤਾ। ਮੇਰਾ ਖ਼ਿਆਲ ਸੀ, ਕੰਮ ਸ਼ੁਰੂ ਹੋਇਆ ਵੇਖ ਕੇ ਪਾਠਕ ਵੀ ਪੈਸੇ ਭੇਜਣ ਲੱਗ ਜਾਣਗੇ। ਲਗਭਗ 10 ਕਰੋੜ ਦੀ ਜ਼ਮੀਨ ਖ਼ਰੀਦ ਲਈ। ਉਥੇ ਪਹਿਲਾ ਖ਼ੁਸ਼ੀ ਦਾ ਸਮਾਗਮ ਰਖਿਆ। 50 ਹਜ਼ਾਰ ਪਾਠਕ ਪਹੁੰਚ ਗਏ। ਮੈਂ ਕਿਹਾ, ''ਅੱਧੇ ਪੈਸੇ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਮੇਰੀ। ਅੱਧੇ ਦੀ ਜ਼ਿੰਮੇਵਾਰੀ ਤੁਸੀ ਲੈ ਲਉ।''
ਪਾਠਕ ਇਕ ਆਵਾਜ਼ ਨਾਲ ਬੋਲੇ, ''ਤੁਹਾਨੂੰ ਇਕ ਪੈਸਾ ਨਹੀਂ ਪਾਉਣ ਦਿਆਂਗੇ। ਸਾਰੇ ਖ਼ਰਚੇ ਦਾ ਪ੍ਰਬੰਧ ਅਸੀ ਕਰਾਂਗੇ। ਤੁਸੀ ਜ਼ਮੀਨ ਲੈ ਦਿਤੀ ਹੈ, ਬਾਕੀ ਖ਼ਰਚੇ ਲਈ ਤੁਹਾਡੇ ਪਾਠਕ ਤੁਹਾਨੂੰ ਇਕ ਪੈਸਾ ਵੀ ਅਪਣੇ ਕੋਲੋਂ ਨਹੀਂ ਪਾਉਣ ਦੇਣਗੇ। ਅਸੀ 60 ਕਰੋੜ ਦਾ ਪ੍ਰਬੰਧ ਰਲ ਮਿਲ ਕੇ ਕਰ ਦੇਵਾਂਗੇ, ਤੁਸੀ ਫ਼ਿਕਰ ਹੀ ਨਾ ਕਰੋ।'' ਜੇ ਉਥੇ ਮੌਜੂਦ ਹਰ ਪਾਠਕ, ਇਕ-ਇਕ ਲੱਖ ਦੇਣ ਦਾ ਜ਼ਿੰਮਾ ਵੀ ਲੈ ਲੈਂਦਾ ਤਾਂ 50 ਕਰੋੜ ਰੁਪਿਆ ਬਣ ਜਾਣਾ ਸੀ ਪਰ ਅਜ ਤਕ ਵੀ ਪਾਠਕਾਂ ਨੇ ਇਕ ਚੌਥਾਈ ਹੀ ਦਿਤਾ ਹੈ, ਉਹ ਵੀ ਹਜ਼ਾਰਾਂ ਅਪੀਲਾਂ ਕਰਨ ਮਗਰੋਂ। ਫਿਰ ਉਹ ਦੌਰ ਸ਼ੁਰੂ ਹੋਇਆ ਜਦ ਉਧਾਰ ਲੈਣ ਵਾਲੇ ਪਾਠਕਾਂ ਨੇ ਹੀ ਮੇਰੀ ਹਰ ਅਪੀਲ ਠੁਕਰਾ ਕੇ, ਅਪਣੇ ਪੈਸੇ, ਸੂਦ ਸਮੇਤ, ਵਾਪਸ ਮੰਗਣੇ ਸ਼ੁਰੂ ਕਰ ਦਿਤੇ। ਮੈਂ ਹੱਥ ਜੋੜ ਕੇ ਕਿਹਾ, ''ਉੱਚਾ ਦਰ ਬਣ ਲੈਣ ਤਕ ਰੁਕ ਜਾਉ। ਤੁਹਾਡਾ ਸਾਰਾ ਪੈਸਾ, ਸੂਦ ਸਮੇਤ, 'ਉੱਚਾ ਦਰ' ਇਕ ਸਾਲ ਵਿਚ ਦੇ ਦੇਵੇਗਾ।'' ਪਰ ਉਹ ਇਸ ਤਰ੍ਹਾਂ ਪੇਸ਼ ਆਉਣ ਲੱਗੇ ਜਿਵੇਂ ਉਨ੍ਹਾਂ ਨੇ ਬਾਬੇ ਨਾਨਕ ਦੇ 'ਉੱਚਾ ਦਰ'  ਵਰਗੀ ਕੌਮੀ ਜਾਇਦਾਦ ਵਿਚ ਪੈਸਾ ਨਹੀਂ ਸੀ ਲਾਇਆ ਸਗੋਂ ਮੇਰੀ ਕਿਸੇ ਨਿਜੀ ਲੋੜ ਲਈ ਮੈਨੂੰ ਪੈਸਾ ਦਿਤਾ ਸੀ। ਸਾਨੂੰ ਉਸਾਰੀ ਰੋਕਣੀ ਪਈ ਤੇ 35 ਕਰੋੜ ਰੁਪਿਆ ਵਾਪਸ ਕਰ ਦਿਤਾ। ਕੇਵਲ 10 ਫ਼ੀ ਸਦੀ ਹੀ ਅਜਿਹੇ ਨਿਕਲੇ ਜਿਨ੍ਹਾਂ ਨੇ ਕਿਹਾ ਕਿ ਉਹ ਉਸਾਰੀ ਮੁਕੰਮਲ ਹੋਣ ਅਤੇ ਇਸ ਦੇ ਸ਼ੁਰੂ ਹੋਣ ਤਕ ਇੰਤਜ਼ਾਰ ਕਰ ਲੈਣਗੇ।
ਲੰਮੀ ਕਹਾਣੀ ਹੈ। ਪਰ ਰੀਂਗ ਰੀਂਗ ਕੇ ਅਸੀ 90 ਫ਼ੀ ਸਦੀ ਕੰਮ ਪੂਰਾ ਕਰ ਲਿਆ ਹੈ। 10 ਫ਼ੀ ਸਦੀ ਕੰਮ ਬਾਕੀ ਰਹਿ ਗਿਆ ਹੈ। 10 ਫ਼ੀ ਸਦੀ ਦਾ ਮਤਲਬ ਹੈ 10 ਕਰੋੜ ਹੋਰ। ਜਿਥੇ 80 ਕਰੋੜ ਲੱਗ ਚੁੱਕਾ ਹੋਵੇ, ਉਥੇ 10 ਕਰੋੜ ਬਹੁਤ ਵੱਡੀ ਰਕਮ ਨਹੀਂ ਹੁੰਦੀ ---ਬਸ਼ਰਤੇ ਕਿ ਸਾਰੇ ਪਾਠਕ (ਸਾਰੇ ਨਹੀਂ ਤਾਂ ਕੇਵਲ 10 ਹਜ਼ਾਰ ਪਾਠਕ) 10-10 ਹਜ਼ਾਰ ਦੇਣ ਦੀ ਸਾਡੀ ਅਪੀਲ ਵਲ ਕੰਨ ਧਰ ਲੈਣ। ਇਹ ਸੱਭ ਤੋਂ ਸੌਖਾ ਢੰਗ ਹੈ, ਆਖ਼ਰੀ ਪੜਾਅ ਨੂੰ ਸਰ ਕਰਨ ਦਾ। ਪਰ 300 ਪਾਠਕਾਂ ਉਤੇ ਹੀ ਆ ਕੇ ਗੱਲ ਰੁਕ ਗਈ ਹੈ। ਮੈਂ ਕੋਈ ਨਿਜੀ ਜਾਇਦਾਦ ਤਾਂ ਬਣਾ ਨਹੀਂ ਰਿਹਾ, ਕੌਮੀ ਜਾਇਦਾਦ ਹੀ ਬਣ ਰਹੀ ਹੈ ਤੇ ਉਸ ਦੀ ਮਾਲਕੀ ਵੀ ਮੈਂ ਅਪਣੇ ਕੋਲ ਨਹੀਂ ਰੱਖੀ, ਮੈਂਬਰਾਂ ਰਾਹੀਂ ਕੌਮ ਦੇ ਹਵਾਲੇ ਕਰ ਦਿਤੀ ਹੈ। ਬੜੇ ਅਫ਼ਸੋਸ ਦੀ ਗੱਲ ਹੈ, ਸਪੋਕਸਮੈਨ ਦੇ ਲੱਖਾਂ ਪਾਠਕਾਂ ਵਿਚੋਂ 10 ਹਜ਼ਾਰ ਪਾਠਕ ਵੀ ਅੰਤਮ ਪੜਾਅ ਸਰ ਕਰਨ ਲਈ 10-10 ਹਜ਼ਾਰ ਰੁਪਏ ਨਹੀਂ ਦੇ ਸਕਦੇ। ਯਹੂਦੀ 100 ਫ਼ੀ ਸਦੀ ਪੈਸਾ, ਕੌਮੀ ਜਾਇਦਾਦ ਲਈ, ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੇ ਦੇਂਦੇ ਹਨ ਜਦਕਿ ਅਸੀ 90 ਫ਼ੀ ਸਦੀ ਕੰਮ ਹੋ ਜਾਣ ਮਗਰੋਂ ਵੀ 10 ਫ਼ੀ ਸਦੀ ਕੰਮ ਲਈ ਪੂਰੇ ਪੈਸੇ ਦੇਣ ਤੋਂ ਪਾਸਾ ਵੱਟਣ ਲੱਗ ਜਾਂਦੇ ਹਾਂ। ਇਹੀ ਫ਼ਰਕ ਹੈ ਯਹੂਦੀਆਂ ਤੇ ਸਿੱਖਾਂ ਵਿਚ। ਬਰਬਾਦ ਅਤੇ ਤਬਾਹ ਹੋਈ ਯਹੂਦੀ ਕੌਮ ਦੁਨੀਆਂ ਵਿਚ ਨੰਬਰ ਇਕ ਕੌਮ ਬਣ ਗਈ ਹੈ ਜਦਕਿ ਇਨ੍ਹਾਂ 70 ਸਾਲਾਂ ਵਿਚ ਹੀ ਸਿੱਖੀ ਦੇ ਖ਼ਤਮ ਹੋ ਜਾਣ ਦੀਆਂ ਗੱਲਾਂ ਹੋ ਰਹੀਆਂ ਹਨ ਤੇ ਉਹ ਬ੍ਰਾਹਮਣੀ ਸਮੁੰਦਰ ਵਿਚ ਡੁਬਦੀ ਨਜ਼ਰ ਆਉਣ ਲੱਗੀ ਹੈ। ਕਾਰਨ ਇਹੀ ਹੈ ਕਿ ਕੌਮ ਨੂੰ ਉਪਰ ਚੁੱਕਣ ਲਈ ਮਾਇਆ ਦੀ ਕੁਰਬਾਨੀ ਕਰਨ ਦਾ ਜਜ਼ਬਾ ਸਾਡੇ ਅੰਦਰ 2 ਜਾਂ ਤਿੰਨ ਫ਼ੀਸਦੀ ਦੇ ਨੇੜੇ-ਤੇੜੇ ਹੈ ਜਦਕਿ ਯਹੂਦੀਆਂ ਅੰਦਰ 100 ਫ਼ੀ ਸਦੀ। ਹੁਣ ਵੀ ਪਾਠਕਾਂ ਨੂੰ ਅਪੀਲ ਤਾਂ ਕਰਾਂਗਾ ਪਰ 100 ਤੋਂ ਵੱਧ ਪਾਠਕ ਬਾਬੇ ਨਾਨਕ ਦੇ ਉੱਚੇ ਦਰ ਲਈ 10 ਹਜ਼ਾਰ ਨਹੀਂ ਦੇਣਗੇ ਜਦਕਿ ਲੋੜ 10 ਹਜ਼ਾਰ ਪਾਠਕਾਂ ਦੀ ਹੈ।
ਇਸ ਹਾਲਤ ਵਿਚ ਮੈਂ ਚਾਹੁੰਦਾ ਹਾਂ ਕਿ 100 ਕੁ ਪਾਠਕ ਤਾਂ ਅੱਗੇ ਆਉਣ ਜੋ ਕਹਿ ਦੇਣ ਕਿ ''ਬਾਕੀ ਦਾ 10 ਫ਼ੀ ਸਦੀ ਕੰਮ ਕਰਨ ਲਈ ਪੈਸੇ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਾਡੀ। ਤੁਸੀ ਅੰਦਰ ਵਿਖਾਈ ਜਾਣ ਵਾਲੀ ਸਮਗਰੀ ਤੇ ਨਾਨਕ ਬਾਣੀ ਦਾ ਸੰਖੇਪ ਅਨੁਵਾਦ ਕਰਨ ਵਲ ਲੱਗ ਜਾਉ।'' ਕੀ ਬਾਬੇ ਨਾਨਕ ਦੇ 100 ਸਿੱਖ, ਇਹ ਕੁੱਝ ਕਰਨ ਲਈ ਅੱਗੇ ਆਉਣਗੇ? ਮੈਂ ਤੇ ਮੇਰੇ ਪ੍ਰਵਾਰ ਨੇ ਅਪਣਾ ਸੱਭ ਕੁੱਝ ਪਹਿਲਾਂ ਹੀ ਦੇ ਦਿਤਾ ਹੈ ਤੇ ਹੁਣ ਸਾਡੇ ਕੋਲ ਅਪਣਾ ਕੁੱਝ ਵੀ ਨਹੀਂ। 76 ਸਾਲ ਦੀ ਉਮਰ ਵਿਚ ਹੁਣ ਮੈਂ ਕੋਈ ਵੱਡੀ ਕਮਾਈ ਨਹੀਂ ਕਰ ਸਕਦਾ, ਬੱਸ ਦਾਲ ਫੁਲਕੇ ਦਾ ਖ਼ਰਚਾ ਪੂਰਾ ਹੁੰਦਾ ਰਹੇ, ਏਨਾ ਹੀ ਕਰ ਸਕਦਾ ਹਾਂ। ਪਰ ਜੇ 10 ਹਜ਼ਾਰ ਪਾਠਕ 10-10 ਹਜ਼ਾਰ ਦੇਣ ਲਈ ਵੀ ਨਾ ਨਿਤਰਨ ਤੇ 100 ਪਾਠਕ 10 ਫ਼ੀ ਸਦੀ ਕੰਮ ਦੀ ਸਾਰੀ ਜ਼ਿੰਮੇਵਾਰੀ ਲੈਣ ਲਈ ਵੀ ਨਾ ਨਿਤਰਨ ਤਾਂ ਮੈਂ ਕੀ ਕਰ ਸਕਦਾ ਹਾਂ--- ਸਿਵਾਏ ਇਸ ਦੇ ਕਿ ਬਾਬੇ ਨਾਨਕ ਨੂੰ ਆਖਾਂ, ''ਬਾਬਾ ਤੂੰ ਹੀ ਅਪਣੇ ਸਿੱਖਾਂ ਨੂੰ ਸੁਮੱਤ ਬਖ਼ਸ਼ ਤੇ 'ਉੱਚਾ ਦਰ' ਲਈ ਪੈਸੇ ਦੀ ਕੁਰਬਾਨੀ ਕਰਨ ਦਾ ਜਜ਼ਬਾ, ਉਨ੍ਹਾਂ ਅੰਦਰ ਪੈਦਾ ਕਰ ਵਰਨਾ ਮੇਰੇ ਵਰਗੇ ਗ਼ਰੀਬ, ਤੜਪਦੇ ਤੇ ਅਪੀਲਾਂ ਕਰਦੇ ਹੀ ਮਰ ਜਾਣਗੇ।''

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement