'ਉੱਚਾ ਦਰ' ਵਰਗਾ 'ਸਵਰਗ' ਤਿਆਰ ਕਰਨ ਦਾ ਯਤਨ ਕਰਨ ਵਾਲਿਆਂ ਨੂੰ ਆਪ 5 ਸਾਲ 'ਨਰਕ' 'ਚੋਂ ਲੰਘਣਾ ਪਿਆ!
Published : Nov 25, 2017, 11:26 pm IST
Updated : Nov 25, 2017, 5:56 pm IST
SHARE ARTICLE

ਮੈਂ ਐਲਾਨ ਤਾਂ ਕਰ ਦਿਤਾ ਕਿ 60 ਕਰੋੜੀ ਪ੍ਰਾਜੈਕਟ ਲਈ ਅੱਧੇ ਪੈਸੇ ਦਾ ਪ੍ਰਬੰਧ ਸਪੋਕਸਮੈਨ ਕਰੇਗਾ ਪਰ ਸਾਡੇ ਕੋਲ ਪੈਸਾ ਤਾਂ ਹੈ ਈ ਨਹੀਂ ਸੀ। ਸਰਕਾਰ ਅਖ਼ਬਾਰ ਨੂੰ ਬੰਦ ਕਰਵਾਉਣ ਲਈ ਬਜ਼ਿੱਦ ਸੀ। ਵਾਅਦਾ ਪੂਰਾ ਕਰਨ ਲਈ, ਸਾਰਾ ਪੈਸਾ ਉਧਾਰਾ ਲੈ ਲਿਆ। ਪਰ ਜਦੋਂ ਵਾਪਸ ਕਰਨ ਦਾ ਸਮਾਂ ਆਇਆ ਤਾਂ 'ਸੂਦ ਸਮੇਤ ਸਾਰਾ ਪੈਸਾ ਅੱਜ ਹੀ ਲੈ ਕੇ ਰਹਾਂਗੇ' ਕਹਿਣ ਵਾਲਿਆਂ ਨੇ ਸਾਨੂੰ ਸਚਮੁਚ ਹੀ ਨਰਕ ਵਿਖਾ ਦਿਤਾ। ਚਲੋ ਉਸ ਸੱਚੇ ਮਾਲਕ ਨੇ ਇਥੇ ਵੀ ਕੰਡ ਨਾ ਲੱਗਣ ਦਿਤੀ ਪਰ ਉਸ ਕਥਨ ਦਾ ਸੱਚ ਪਤਾ ਲੱਗ ਗਿਆ ਜੋ ਕਹਿੰਦਾ ਹੈ ਕਿ ਧਰਤੀ ਉਤੇ 'ਸਵਰਗ' ਸਿਰਜਣ ਦਾ ਯਤਨ ਕਰਨ ਵਾਲਿਆਂ ਨੂੰ ਆਪ ਨਰਕ ਵਿਚੋਂ ਜ਼ਰੂਰ ਲੰਘਣਾ ਪੈਂਦਾ ਹੈ।

1985 ਵਿਚ ਮੈਨੂੰ ਪਹਿਲੀ ਵਾਰ ਦਿਲ ਦਾ ਦੌਰਾ ਪਿਆ ਤੇ ਪੀ.ਜੀ.ਆਈ. ਦੇ ਡਾਕਟਰਾਂ ਨੇ ਸਾਫ਼ ਕਹਿ ਦਿਤਾ ਕਿ 'ਬਚਣ ਦੀ ਆਸ ਬਹੁਤ ਘੱਟ ਹੈ ਪਰ ਅਸੀ ਕੋਸ਼ਿਸ਼ ਪੂਰੀ ਕਰਾਂਗੇ।'
ਮੈਨੂੰ ਵੀ ਪਹਿਲੀ ਵਾਰ ਹਸਪਤਾਲ ਦੇ ਬਿਸਤਰ ਤੇ ਹੀ ਇਹ ਅਹਿਸਾਸ ਹੋਇਆ ਕਿ ਮੈਂ ਪਤਨੀ ਕੋਲ ਦੋ ਮਾਸੂਮ ਕੁੜੀਆਂ ਛੱਡ ਕੇ ਜਾ ਰਿਹਾ ਹਾਂ ਜਿਨ੍ਹਾਂ ਕੋਲ ਨਾ ਕੋਈ ਅਪਣਾ ਮਕਾਨ ਸੀ, ਨਾ ਬੈਂਕ ਬੈਲੈਂਸ ਤੇ ਨਾ ਹੋਰ ਕੁਝ। ਬਸ ਤਾਜ਼ੀ ਕਮਾਈ ਤੇ ਤਾਜ਼ੀ ਖਾਈ ਵਾਲੀ ਹੀ 'ਮਰਿਆਦਾ' ਚਲਦੀ ਸੀ ਮੇਰੇ ਘਰ ਵਿਚ। ਜੇ ਚਾਰ ਪੈਸੇ ਕਦੇ ਬੱਚ ਵੀ ਜਾਂਦੇ ਤਾਂ ਕੋਈ ਗ਼ਰੀਬ ਆ ਜਾਂਦਾ ਤੇ ਅਸੀ ਨਾਂਹ ਨਾ ਕਰ ਸਕਦੇ। ਇਲਾਜ ਲਈ ਵੀ ਪੈਸਾ ਉਧਾਰਾ ਚੁਕਣਾ ਪਿਆ ਸੀ।
32 ਸਾਲ ਮਗਰੋਂ ਅੱਜ ਅਪਣੀ ਉਮਰ ਦੇ 76ਵੇਂ ਸਾਲ ਵਿਚੋਂ ਲੰਘਦਿਆਂ, ਮੇਰਾ ਕੀ ਹਾਲ ਹੈ? ਉਹੀ ਜੋ 1985 ਵਿਚ ਸੀ। ਕੋਈ ਮਕਾਨ ਨਹੀਂ, ਕੋਈ ਦੁਕਾਨ ਨਹੀਂ, ਕੋਈ ਜ਼ਮੀਨ ਨਹੀਂ, ਕੋਈ ਬੈਂਕ ਬੈਲੈਂਸ ਨਹੀਂ। ਜੇ ਮੈਨੂੰ ਅੱਜ ਤੀਜਾ ਦਿਲ ਦਾ ਦੌਰਾ ਪੈ ਜਾਏ ਤਾਂ ਅੱਜ ਵੀ ਕਿਸੇ ਚੰਗੇ ਹਸਪਤਾਲ ਤੋਂ ਇਲਾਜ ਕਰਵਾਉਣ ਲਈ ਪੈਸਾ ਉਧਾਰਾ ਹੀ ਚੁਕਣਾ ਪਵੇਗਾ। ਮੈਂ ਬਿਲਕੁਲ ਸੱਚ ਬੋਲ ਰਿਹਾ ਹਾਂ, ਕੋਈ ਵਧਾ ਚੜ੍ਹਾ ਕੇ ਗੱਲ ਨਹੀਂ ਕਰ ਰਿਹਾ।
ਅਜਿਹਾ ਕਿਉਂ? ਕੀ ਮੈਂ 32 ਸਾਲਾਂ ਵਿਚ ਕੋਈ ਕੰਮ-ਕਾਰ ਜਾਂ 'ਕਮਾਈ' ਨਹੀਂ ਕੀਤੀ? ਅਸਲ ਗੱਲ ਏਨੀ ਕੁ ਹੈ ਕਿ ਮੈਂ ਅਪਣੇ ਰੱਬ ਨਾਲ ਵੀ ਤੇ ਅਪਣੇ ਪਾਠਕਾਂ ਨਾਲ ਵੀ ਇਕ ਪ੍ਰਣ ਕੀਤਾ ਸੀ ਕਿ ਮੈਂ ਉਦੋਂ ਤਕ ਅਪਣੇ ਲਈ ਕੋਈ ਜ਼ਮੀਨ, ਜਾਇਦਾਦ, ਮਕਾਨ, ਦੁਕਾਨ ਨਹੀਂ ਬਣਾਵਾਂਗਾ ਜਦ ਤਕ ਮੈਂ ਅਪਣੇ ਸਮਾਜ ਨੂੰ ਇਹ ਚਾਰ ਚੀਜ਼ਾਂ ਨਹੀਂ ਦੇ ਲੈਂਦਾ: (1) ਇਕ ਰੋਜ਼ਾਨਾ ਅਖ਼ਬਾਰ, (2) ਉੱਚਾ ਦਰ ਬਾਬੇ ਨਾਨਕ ਦਾ, (3) ਟੀ.ਵੀ. ਚੈਨਲ ਤੇ (4) ਉੱਚ ਪੱਧਰ ਦਾ ਪ੍ਰਕਾਸ਼ਨ ਘਰ। ਮੈਨੂੰ ਉਸ ਅਕਾਲ ਪੁਰਖ ਦਾ ਧਨਵਾਦ ਕਰਨ ਲਈ ਸ਼ਬਦ ਨਹੀਂ ਅਹੁੜਦੇ ਜਿਸ ਨੇ ਇਸ ਨਾਚੀਜ਼ ਨੂੰ ਅਪਣਾ ਹਰ ਪ੍ਰਣ ਅੱਖਰ ਅੱਖਰ ਕਰ ਕੇ ਨਿਭਾਉਣ ਦਾ ਬੱਲ ਬਖ਼ਸ਼ਿਆ ਤੇ ਕੰਡ ਨਾ ਲੱਗਣ ਦਿਤੀ¸ਭਾਵੇਂ ਸ਼ੂਕਦੇ ਤੂਫ਼ਾਨ, ਕੰਡਿਆਲੇ ਰਾਹ ਤੇ ਲੋਭ ਲਾਲਚ ਦੇ ਹਨੇਰੇ ਖੱਡੇ ਕਦਮ ਕਦਮ ਤੇ ਮੈਨੂੰ ਚੇਤਾਵਨੀ ਦੇਂਦੇ ਰਹੇ ਕਿ ਸਲਾਮਤੀ ਇਸੇ ਵਿਚ ਹੈ ਕਿ ਅੱਗੇ ਵਧਣਾ ਬੰਦ ਕਰ ਦਿਆਂ ਤੇ ਹਾਰ ਮੰਨ ਲਵਾਂ।ਪਰ ਇਹ ਗੱਲਾਂ ਮੈਂ ਆਪ ਨੂੰ ਅੱਜ ਕਿਉਂ ਸੁਣਾ ਰਿਹਾ ਹਾਂ। ਬਹੁਤੇ ਪਾਠਕ ਤਾਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਹੀ ਜਾਣੂ ਹਨ। ਦੁਹਰਾਅ ਇਸ ਲਈ ਰਿਹਾ ਹਾਂ ਕਿਉਂਕਿ ਪਾਠਕਾਂ ਨੂੰ ਇਕ ਖ਼ਾਸ ਗੱਲ ਕਹਿ ਕੇ ਗੱਲ ਖ਼ਤਮ ਕਰਨੀ ਹੈ। ਮੈਂ ਕਦੀ ਵੀ ਮਨ ਵਿਚ ਇਹ ਗੱਲ ਨਹੀਂ ਸੀ ਆਉਣ ਦਿਤੀ ਕਿ ਮੈਂ 'ਉੱਚਾ ਦਰ ਬਾਬੇ ਨਾਨਕ ਦਾ' ਦੀ ਇਮਾਰਤ ਉਸਾਰ ਰਿਹਾ ਹਾਂ, ਇਸ ਲਈ ਇਹ ਮੇਰੀ ਅਪਣੀ ਜਾਇਦਾਦ ਹੋਵੇਗੀ। ਇਹ ਕੌਮੀ ਜਾਇਦਾਦ ਵਜੋਂ ਹੀ ਉਸਾਰੀ ਗਈ ਸੀ ਤੇ ਇਸ ਦੀ ਮਾਲਕੀ ਸਪੋਕਸਮੈਨ ਦੇ ਪਾਠਕਾਂ ਵਿਚੋਂ ਬਣੇ ਮੈਂਬਰਾਂ ਦੇ ਨਾਂ, ਕਾਨੂੰਨੀ ਤੌਰ ਤੇ 2016 ਵਿਚ ਹੀ ਕਰ ਦਿਤੀ ਸੀ। ਹੁਣ 'ਉੱਚਾ ਦਰ ਬਾਬੇ ਨਾਨਕ ਦਾ' ਬਾਬੇ ਨਾਨਕ ਦੇ ਸੱਚੇ ਸ਼ਰਧਾਲੂਆਂ ਦੀ ਮਲਕੀਅਤ ਹੈ। ਮੈਂ ਅਪਣਾ ਇਕ ਰੁਪਏ ਜਿੰਨਾ ਵੀ ਹਿੱਸਾ ਉਸ ਵਿਚ ਨਹੀਂ ਰਖਿਆ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਤੁਸੀ ਇਹ ਸਾਬਤ ਕਰ ਕੇ ਵਿਖਾ ਦਿਉ ਕਿ ਤੁਸੀ ਕਿਸੇ ਇਕ ਬੰਦੇ ਉਤੇ ਨਿਰਭਰ ਨਹੀਂ ਕਰਦੇ ਸਗੋਂ ਬਾਕੀ ਦਾ ਸਾਰਾ ਕੰਮ, ਆਪਸੀ ਸਹਿਯੋਗ ਨਾਲ ਕਰਨ ਦੇ ਸਮਰੱਥ ਹੋ।


ਮੈਂ 76ਵੇਂ ਸਾਲ ਵਿਚੋਂ ਲੰਘ ਰਿਹਾ ਹਾਂ। ਦੋ ਵਾਰ ਮੇਰੇ ਦਿਲ ਦੀ ਬਾਈਪਾਸ ਸਰਜਰੀ (1995 ਤੇ 2011) ਵਿਚ ਹੋ ਚੁੱਕੀ ਹੈ ਤੇ ਪਿਛਲੇ ਪੰਜ ਸਾਲ ਮੈਨੂੰ ਬੜੇ ਡਾਢੇ ਮਾਨਸਕ ਕਸ਼ਟ ਵਿਚੋਂ ਲੰਘਣਾ ਪਿਆ ਹੈ। ਆਪ ਤਾਂ ਮੈਂ ਪੈਸੇ ਵਲੋਂ ਬੇਪ੍ਰਵਾਹ ਕਿਸਮ ਦਾ ਬੰਦਾ ਹੀ ਹਾਂ ਪਰ ਇਨ੍ਹਾਂ ਸਾਲਾਂ ਵਿਚ 'ਉੱਚਾ ਦਰ' ਲਈ ਪੈਸੇ ਦਾ ਪ੍ਰਬੰਧ ਕਰਨਾ ਤੇ ਪੈਸੇ ਬਾਰੇ ਸੋਚਣਾ ਹੀ ਮੇਰਾ ਦਿਨ ਰਾਤ ਦਾ ਕੰਮ ਬਣ ਗਿਆ ਸੀ। ਇਹੀ ਤਾਂ 'ਨਰਕ' 'ਚੋਂ ਲੰਘਣ ਵਾਲੀ ਹਾਲਤ ਹੁੰਦੀ ਹੈ ਜਿਥੇ ਪੈਸਾ ਹੀ ਹਰ ਸਮੇਂ ਤੁਹਾਨੂੰ ਨਚਾਈ ਫਿਰਦਾ ਹੋਵੇ। 60 ਕਰੋੜੀ ਪ੍ਰਾਜੈਕਟ ਲਈ ਮੈਂ ਐਲਾਨ ਤਾਂ ਕਰ ਦਿਤਾ ਕਿ ਅੱਧੇ ਦਾ ਪ੍ਰਬੰਧ ਅਸੀ ਕਰਾਂਗੇ। ਕਿਥੋਂ ਕਰਾਂਗੇ? ਸਰਕਾਰ ਤਾਂ ਅਖ਼ਬਾਰ ਬੰਦ ਕਰਵਾਉਣ ਲਈ ਵੀ ਅੜੀ ਹੋਈ ਸੀ। ਸਾਰਾ ਪੈਸਾ ਸੂਦ ਉਤੇ ਉਧਾਰ ਚੁਕਿਆ। ਚੁਕ ਤਾਂ ਲਿਆ ਪਰ ਜਦ ਵਾਪਸ ਕਰਨ ਦਾ ਸਮਾਂ ਆ ਗਿਆ ਤੇ ਉੱਚਾ ਦਰ ਵੀ ਸਮੇਂ ਸਿਰ ਚਾਲੂ ਨਾ ਹੋ ਸਕਿਆ ਤਾਂ ਕਿਸੇ ਸਿਆਣੇ ਦੀ ਗੱਲ ਯਾਦ ਆ ਗਈ ਕਿ ਧਰਤੀ ਉਤੇ 'ਸਵਰਗ' ਉਸਾਰਨ ਦਾ ਯਤਨ ਕਰਨ ਵਾਲਿਆਂ ਨੂੰ ਆਪ ਨਰਕ ਵਿਚੋਂ ਲੰਘਣਾ ਜ਼ਰੂਰ ਪੈਂਦਾ ਹੈ। ਇਹ ਨਰਕ ਉਦੋਂ ਅਸਹਿ ਬਣ ਜਾਂਦਾ ਸੀ ਜਦੋਂ ਉਸਾਰੀ ਲਈ ਤਾਂ ਪੈਸੇ ਪੂਰੇ ਹੋ ਨਹੀਂ ਸਨ ਰਹੇ ਪਰ ਵਿਆਜ ਬਦਲੇ ਪੈਸੇ ਲਾਉਣ ਵਾਲੇ ਆ ਪੈਸੇ ਮੰਗਦੇ। ਅਸੀ ਉਨ੍ਹਾਂ ਨੂੰ ਸਮਝਾਂਦੇ ਕਿ 'ਉੱਚਾ ਦਰ' ਮੁਕੰਮਲ ਹੋ ਲੈਣ ਦਿਉ, ਉਸ ਮਗਰੋਂ ਇਸ ਦੀ ਕਮਾਈ ਵਿਚੋਂ ਪੈਸੇ ਲੈ ਲੈਣਾ। 90% ਦਾ ਜਵਾਬ ਬੜਾ ਦਿਲ ਤੋੜ ਦੇਣ ਵਾਲਾ ਹੁੰਦਾ ਸੀ। ਅਸੀ ਤਾਂ ਸਮਝਦੇ ਸੀ ਕਿ ਕੇਵਲ ਸ਼ਰਧਾਲੂਆਂ ਨੇ ਹੀ ਪੈਸਾ ਲਾਇਆ ਹੈ, ਇਸ ਲਈ ਕੋਈ ਮੁਸ਼ਕਲ ਆ ਵੀ ਗਈ ਤਾਂ ਇਹ ਤਾਂ ਪੈਸਾ ਲੈਣਾ ਅੱਗੇ ਪਾ ਹੀ ਦੇਣਗੇ। ਪਰ ਉਹ ਤਾਂ ਮੂੰਹ ਫੱਟ ਹੋ ਕੇ ਕਹਿੰਦੇ, ''ਸਾਨੂੰ ਕੋਈ ਮਤਲਬ ਨਹੀਂ, ਉੱਚਾ ਦਰ ਬਣੇ ਭਾਵੇਂ ਨਾ ਬਣੇ। ਸਾਨੂੰ ਤਾਂ ਸੂਦ ਸਮੇਤ, ਅਪਣਾ ਪੈਸਾ ਚਾਹੀਦੈ ਤੇ ਹੁਣੇ ਚਾਹੀਦੈ।'' ਮੈਂ ਕਈ ਵਾਰ ਖਿੱਝ ਕੇ ਕਹਿੰਦਾ ਕਿ ਬਾਬੇ ਨਾਨਕ ਦੇ 'ਉੱਚੇ ਦਰ' ਲਈ ਸਿੱਖਾਂ ਕੋਲੋਂ ਉਧਾਰ ਪੈਸਾ ਲੈਣ ਦੀ ਬਜਾਏ, ਬਾਣੀਏ ਤੋਂ ਲੈ ਲੈਂਦੇ ਤਾਂ ਜ਼ਿਆਦਾ ਚੰਗਾ ਰਹਿੰਦੇ। ਬਾਣੀਏ ਹੱਸ ਕੇ ਸਮਾਂ ਵਧਾ ਦੇਂਦੇ ਪਰ ਜੇ ਨਾ ਵੀ ਵਧਾਂਦੇ ਤਾਂ ਬੜੀ ਤਮੀਜ਼ ਨਾਲ ਮਜਬੂਰੀ ਪ੍ਰਗਟ ਕਰ ਦਿੰਦੇ ਪਰ 'ਉੱਚਾ ਦਰ' ਪ੍ਰਤੀ ਇਕ ਵੀ ਮਾੜਾ ਸ਼ਬਦ ਨਾ ਬੋਲਦੇ। ਇਹੋ ਜਹੇ ਬੋਲ ਸੁਣ ਕੇ ਇਹੀ ਲਗਦਾ ਕਿ ਅਸੀ ਨਰਕ ਵਿਚ ਰਹਿ ਰਹੇ ਹਾਂ ਜਿਥੇ ਇਹੋ ਜਿਹੀਆਂ ਗੱਲਾਂ ਹੀ ਸੁਣੀਆਂ ਜਾ ਸਕਦੀਆਂ ਹਨ। ਚਲੋ, ਸੱਚੇ ਗਿਆਨ ਦੇ ਅਭਿਲਾਸ਼ੀ ਤੇ ਲੋੜਵੰਦ, ਗ਼ਰੀਬ ਲੋਕ ਉਸ 'ਸਵਰਗ' (ਉੱਚਾ ਦਰ ਬਾਬੇ ਨਾਨਕ ਦਾ) ਵਿਚੋਂ ਮਾਨਸਕ ਤੇ ਸ੍ਰੀਰਕ ਖ਼ੁਸ਼ੀ ਪ੍ਰਾਪਤ ਕਰਨ ਵਿਚ ਸਫ਼ਲ ਤਾਂ ਹੋ ਈ ਸਕਣਗੇ¸ਇਹ ਸੋਚ ਕੇ ਹੀ ਭੁੱਲ ਜਾਣ ਦੀ ਕੋਸ਼ਿਸ਼ ਕਰਨ ਲਗਦਾ ਹਾਂ ਕਿ ਇਸ 'ਸਵਰਗ' ਦੀ ਉਸਾਰੀ ਲਈ ਮੈਨੂੰ ਆਪ ਕਈ ਸਾਲ 'ਨਰਕ' ਵਿਚੋਂ ਲੰਘਣਾ ਪਿਆ ਸੀ।ਹੁਣ ਪਾਠਕਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਮੈਨੂੰ ਪ੍ਰਧਾਨਗੀ ਨਹੀਂ ਚਾਹੀਦੀ, ਮਾਲਕੀ ਨਹੀਂ ਚਾਹੀਦੀ, ਕੋਈ ਚੀਜ਼ ਵੀ ਨਹੀਂ ਚਾਹੀਦੀ¸ਬਸ ਇਕੋ ਚੀਜ਼ ਚਾਹੀਦੀ ਹੈ ਕਿ ਬਾਕੀ ਦਾ 10-12% ਕੰਮ ਤੁਸੀ ਸਾਰੇ ਰਲ ਮਿਲ ਕੇ ਪੂਰਾ ਕਰ ਦਿਉ ਤੇ ਇਸ ਨੂੰ ਚਾਲੂ ਕਰ ਦਿਉ। ਕੋਈ ਇਕ ਵੀ ਪਾਠਕ ਨਹੀਂ ਰਹਿ ਜਾਣਾ ਚਾਹੀਦਾ ਜੋ ਘੱਟੋ-ਘੱਟ 10 ਹਜ਼ਾਰ ਰੁਪਿਆ ਇਸ ਅੰਤਮ ਪੜਾਅ ਤੇ ਨਾ ਦੇਵੇ। ਤੁਹਾਡੇ ਵਿਚੋਂ ਹੀ ਬਣੇ ਨਵੇਂ ਪ੍ਰਬੰਧਕਾਂ ਨੂੰ ਮੈਂ ਕਹਿ ਦਿਤਾ ਹੈ ਕਿ ਮੇਰੀ ਤਰ੍ਹਾਂ ਹੀ ਇਕ ਇਕ ਪੈਸੇ ਦਾ ਹਿਸਾਬ, ਨਾਲ ਦੀ ਨਾਲ ਪਾਠਕਾਂ ਨੂੰ ਅਖ਼ਬਾਰ ਰਾਹੀਂ ਦਸਦੇ ਰਹੋ ਤੇ ਜਿਸ ਦਿਨ ਪੈਸੇ ਪੂਰੇ ਹੋ ਜਾਣ, ਹੋਰ ਲੈਣੇ ਬੰਦ ਕਰ ਦਿਉ। ਮੈਂ ਜ਼ਿੰਦਗੀ ਦੇ ਬਾਕੀ ਦੇ ਦਿਨ, ਪੈਸੇ ਦੀ ਚਿੰਤਾ ਤੋਂ ਹੱਟ ਕੇ, ਗੁਰਬਾਣੀ ਦੀ ਸਰਲ-ਵਿਆਖਿਆ ਤਿਆਰ ਕਰਨ ਤੇ ਕੁੱਝ ਹੋਰ ਪੁਸਤਕਾਂ ਲਿਖਣ ਲਈ ਵਿਹਲਾ ਹੋ ਜਾਣਾ ਚਾਹੁੰਦਾ ਹਾਂ।ਏਨਾ ਹੀ ਕਹਿਣਾ ਹੈ ਕਿ ਜੇ ਮੇਰੇ ਹੁਣ ਤਕ ਦੇ ਕੀਤੇ ਕੰਮ ਦੀ ਜ਼ਰਾ ਜਿੰਨੀ ਵੀ ਕਦਰ ਕਰਦੇ ਹੋ ਤਾਂ ਮੇਰੀ ਕਮਜ਼ੋਰ ਸਿਹਤ ਉਤੇ ਹੋਰ ਬੋਝ ਨਾ ਪੈਣ ਦਿਉ ਤੇ ਬਾਕੀ ਦਾ 10/12 ਫ਼ੀ ਸਦੀ ਕੰਮ ਪੂਰਾ ਕਰਨ ਲਈ ਹੋਰ ਅਪੀਲਾਂ ਨਾ ਕਰਵਾਇਉ। ਜਿਸ ਦਿਨ 10/12 ਫ਼ੀ ਸਦੀ ਕੰਮ ਲਈ ਲੋੜੀਂਦਾ ਪੈਸਾ 'ਉੱਚਾ ਦਰ ਬਾਬੇ ਨਾਨਕ ਦਾ ਟਰੱਸਟ' ਕੋਲ ਪੂਰਾ ਹੋ ਗਿਆ, ਮੈਂ ਆਪ ਤੁਹਾਨੂੰ ਕਹਿ ਦਿਆਂਗਾ, ਹੋਰ ਪੈਸਾ ਨਾ ਭੇਜੋ। 60 ਕਰੋੜ ਦਾ ਪ੍ਰਾਜੈਕਟ 7 ਸਾਲ ਪਹਿਲਾਂ ਚਿਤਵਿਆ ਗਿਆ ਸੀ ਜੋ ਅੱਜ 100 ਕਰੋੜ ਦਾ ਹੋ ਗਿਆ ਹੈ ਕਿਉਂਕਿ ਵਿਆਜ ਵੀ ਬੜਾ ਦੇਣਾ ਪੈ ਗਿਆ ਹੈ ਤੇ ਮਹਿੰਗਾਈ ਦੇ ਵੱਧ ਜਾਣ ਦਾ ਅਸਰ ਵੀ ਪ੍ਰਤੱਖ ਹੀ ਹੈ। ਇਸ ਵਿਚ ਪਾਠਕਾਂ ਨੇ ਅੱਜ ਤਕ 16 ਕਰੋੜ ਮੈਂਬਰਸ਼ਿਪ ਲੈ ਕੇ ਦਿਤਾ ਹੈ ਤੇ ਢਾਈ ਕਰੋੜ ਦੇ ਕਰੀਬ 'ਦਾਨ' ਵਜੋਂ ਦਿਤਾ ਹੈ ਜਦਕਿ ਲਗਭਗ ਏਨਾ ਹੀ ਪੈਸਾ, ਪਾਠਕਾਂ ਨੂੰ, ਵਿਆਜ ਵਜੋਂ ਦੇ ਦਿਤਾ ਹੈ। ਬਾਕੀ ਸਾਰਾ ਭਾਰ ਰੋਜ਼ਾਨਾ ਸਪੋਕਸਮੈਨ ਨੇ ਚੁਕਿਆ ਹੈ। ਇਹ ਭਾਰ ਚੁੱਕਣ ਕਾਰਨ ਰੋਜ਼ਾਨਾ ਸਪੋਕਸਮੈਨ ਦੀ ਕਮਰ ਦੂਹਰੀ ਹੋ ਗਈ ਤੇ ਇਸ ਦਾ ਵਿਕਾਸ ਰੁਕ ਗਿਆ। ਚਲੋ, ਬੀਤੇ ਦੀ ਗੱਲ ਭੁਲ ਕੇ, ਅੱਜ ਤੁਸੀ ਦੁਬਾਰਾ ਨਹੀਂ ਅਖਵਾਉਗੇ ਤੇ ਬਾਕੀ 10% ਭਾਰ, ਤੁਸੀ ਸਾਰੇ (ਇਕ ਵੀ ਨਾਂਹ ਕਰਨ ਵਾਲਾ ਨਹੀਂ ਨਿਕਲਣਾ ਚਾਹੀਦਾ) ਘੱਟੋ ਘੱਟ 10 ਹਜ਼ਾਰ ਰੁਪਏ ਦਾ ਹਿੱਸਾ ਪਾ ਕੇ, ਮੈਨੂੰ ਵੀ ਪੈਸੇ ਦੇ 'ਨਰਕ' ਵਿਚੋਂ ਬਾਹਰ ਕੱਢ ਦਿਉਗੇ ਤੇ 'ਉੱਚਾ ਦਰ' ਵੀ ਚਾਲੂ ਕਰ ਦਿਉਗੇ। ਜਿਹੜੇ ਵੱਧ ਕੁਰਬਾਨੀ ਕਰ ਸਕਦੇ ਹਨ, ਉਹ ਵੀ ਨਿਤਰਨ। ਬਾਬੇ ਨਾਨਕ ਦੇ 'ਉੱਚੇ ਦਰ' ਲਈ ਹੋਰ ਅਪੀਲਾਂ ਕਰਨ ਦੀ ਤਾਂ ਲੋੜ ਹੀ ਨਹੀਂ ਹੋਣੀ ਚਾਹੀਦੀ। ਜੋ ਕੋਈ ਵੀ ਬਾਬੇ ਨਾਨਕ ਦਾ ਸੰਦੇਸ਼ ਸਚਮੁਚ ਹੀ ਦੁਨੀਆਂ ਭਰ ਤਕ ਪਹੁੰਚਾਣਾ ਚਾਹੁੰਦਾ ਹੈ ਤੇ 'ਗ਼ਰੀਬ ਦਾ ਮੂੰਹ-ਗੁਰੂ ਦੀ ਗੋਲਕ' ਦੇ ਅਸੂਲ ਨੂੰ ਅਮਲੀ ਤੌਰ ਤੇ ਲਾਗੂ ਕਰਨਾ ਚਾਹੁੰਦਾ ਹੈ, ਉਹ ਜ਼ਰੂਰ ਹੀ ਅੱਗੇ ਆ ਜਾਏਗਾ ਤੇ ਜਿਹੜਾ ਕੋਈ ਅਜਿਹਾ ਨਹੀਂ ਸਮਝਦਾ, ਉਸ ਨੂੰ ਕਿਸੇ ਕੁਰਬਾਨੀ ਕਰਨ ਲਈ ਕਹਿਣਾ ਹੀ ਮੂਰਖਤਾ ਹੋਵੇਗੀ।

SHARE ARTICLE
Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement