
ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ, ਟੱਕਰ ਦਿੰਦੀਆਂ ਬਾਜ਼ਾਂ ਨੂੰ।
ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ,
ਟੱਕਰ ਦਿੰਦੀਆਂ ਬਾਜ਼ਾਂ ਨੂੰ।
ਮਾਈ ਭਾਗੋ ਦੀਆਂ ਜਾਈਆਂ ਮੱਲਕੇ,
ਬੈਠੀਆਂ ਤਖ਼ਤਾਂ ਤਾਜਾਂ ਨੂੰ।
ਬਦਲ ਗਏ ਹੁਣ ਸਮੇਂ ਪੁਰਾਣੇ
ਹੁਣ ਦੁਨੀਆਂ ਦੇ ਕੋਨੇ- ਕੋਨੇ ,
ਸਿੱਕਾ ਚਲਦਾ ਕੁੜੀਆਂ ਦਾ।
ਵਿਲੀਅਮ ਅਤੇ ਕਲਪਨਾ ਵਰਗੀਆਂ,
ਹੋ ਕੇ ਚੰਨ ਤੋਂ ਮੁੜੀਆਂ ਦਾ।
ਅੰਬਰਾਂ ਵਿਚ ਉਡਾਰੀ ਲਾਉਂਦੀਆਂ,
ਲੈ ਕੇ ਫਿਰਨ ਜਹਾਜ਼ਾਂ ਨੂੰ।
ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ,
ਟੱਕਰ ਦਿੰਦੀਆਂ ਬਾਜ਼ਾਂ ਨੂੰ।
ਹਰ ਸਰਕਾਰੀ ਦਫ਼ਤਰ ਵਿਚ,
ਕੁੜੀਆਂ ਦੀ ਸਰਦਾਰੀ ਐ।
ਕੋਈ ਅਧਿਆਪਕ, ਕੋਈ ਸਿਹਤ ਮੰਤਰੀ,
ਡੀ.ਸੀ., ਕੋਈ ਪਟਵਾਰੀ ਐ।
ਕਾਬਜ਼ ਹੋਈਆਂ ਛੱਡ ਦੁਨੀਆਂ ਦੀਆਂ,
ਝੂਠੀਆਂ ਰੀਤ ਰਿਵਾਜਾਂ ਨੂੰ।
ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ,
ਟੱਕਰ ਦਿੰਦੀਆਂ ਬਾਜ਼ਾਂ ਨੂੰ।
ਵਿਚ ਉਲੰਪਿਕ ਤਮਗ਼ੇ ਜਿੱਤ ਲਏ,
ਲਾ ਕੇ ਤੀਰ ਨਿਸ਼ਾਨੇ ਨੂੰ।
ਨਾਮ ਦੇਸ਼ ਦਾ ਰੌਸ਼ਨ ਕਰ ਕੇ ,
ਦੇਣ ਜਵਾਬ ਜ਼ਮਾਨੇ ਨੂੰ।
ਵਿਚ ਵਿਦੇਸ਼ਾਂ ਘੁੰਮ ਫਿਰ ਰਖਦੀਆਂ,
ਨੇ ਮਾਪਿਆਂ ਦੀਆਂ ਲਾਜਾਂ ਨੂੰ।
ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ,
ਟੱਕਰ ਦਿੰਦੀਆਂ ਬਾਜ਼ਾਂ ਨੂੰ।
‘ਸੁੱਖ’ ਹਮੇਸ਼ਾਂ ਸੁਖਦੀਆਂ ਰਹਿੰਦੀਆਂ,
ਅਪਣੇ ਨਗਰ ਖੇੜੇ ਦੀ।
ਰੌਣਕ ਹਰ ਦਿਨ ਦੂਣ ਸਵਾਈ ,
ਰਹੇ ਬਾਬਲ ਦੇ ਵਿਹੜੇ ਦੀ।
ਉਂਗਲੀ ਫੜ ਕੇ ਜਿਸ ਨੇ ਦਸਿਆ,
ਭਰਨਾ ਕਿੰਝ ਪਰਵਾਜ਼ਾਂ ਨੂੰ।
ਕੁੜੀਆਂ ਹੁਣ ਚਿੜੀਆਂ ਨਹੀ ਰਹੀਆਂ,
ਟੱਕਰ ਦਿੰਦੀਆਂ ਬਾਜ਼ਾਂ ਨੂੰ।
-ਸੁਖਚੈਨ ਸਿੰਘ ਚੰਦ ਨਵਾਂ, 99149-73876