
ਕੋਠੀਆਂ ਮਹਿਲਾਂ ਝਾੜਾਂ ਵਾਲੇ ਲੈ ਗਏ ਮਾਰ ਯਾਰ ਗੜਿਆਂ ਦੀ..
ਹਰ ਕੰਮ ਵਿਚ ਚਲਦੀ ਏ ਅੱਜਕਲ ਚੌਧਰ ਧੜਿਆਂ ਦੀ।
ਕਾਲੇ ਅੱਖਰ ਮੌਹਤਬਰ ਨੇ ਕੋਈ ਨੀ ਸੁਣਦਾ ਪੜਿ੍ਹਆਂ ਦੀ।
ਔਖੇ ਹੋ ਗਏ ਖ਼ਰਚੇ ਚੁਕਣੇ ਅੱਜਕਲ ਘਰ ਪ੍ਰਵਾਰਾਂ ਦੇ,
ਮਹਿੰਗਾਈ ਵਧਾਈ ਜਾਵੇ ਉਪਰ ਸਰਕਾਰ ਜੋ ਛੜਿਆਂ ਦੀ।
ਮਾਰੇ ਮਾਲ ਪਟਵਾਰੀ ਦੇ, ਖੱਟੀ ਖੱਟ ਗਏ ਸਰਪੰਚ ਦੀ ਯਾਰੀ ਦੀ,
ਕੋਠੀਆਂ ਮਹਿਲਾਂ ਝਾੜਾਂ ਵਾਲੇ ਲੈ ਗਏ ਮਾਰ ਯਾਰ ਗੜਿਆਂ ਦੀ।
ਸੋਹਣੀ ਦੇ ਹੱਥ ਰਹਿੰਦਾ ਚੱਪੂ ਕਿਸ਼ਤੀ ਦਾ ਮਿਲੇ ਮਹੀਂਵਾਲ ਨੂੰ,
ਹੁਣ ਸੋਹਣੀ ਨੂੰ ਮਿੱਟੀ ਭੁੱਲੀ ਤੇ ਕਦਰ ਰਹੀ ਨਾ ਘੜਿਆਂ ਦੀ।
ਮਨ ਵਿਚ ਲੀਕਾਂ ਵਜੀਆਂ ਤੇ ਘਰ ਵਿਚ ਕੰਧਾਂ ਉਸਰੀਆਂ,
ਥਾਣੇ ਤਾਈਂ ਗੱਲ ਗਈ ਵਿਸਰ ਪੰਚਾਇਤੀ ਧੜਿਆਂ ਦੀ।
ਤਨਖ਼ਾਹਾਂ ਭੱਤਿਆਂ ਨਾਲ ਸਬਰ ਨਹੀਂ ਅਫ਼ਸਰਸ਼ਾਹੀ ਨੂੰ,
ਅਫ਼ਸਰ ਤਾਂ ਖਾ ਜਾਂਦੇ ਨੇ ਪੂੰਜੀ ਹੜ੍ਹਾਂ ਦੇ ਵਿਚ ਹੜਿਆਂ ਦੀ।
‘ਸੇਖੋਂ’ ਅਪਣੇ ਹੀ ਸਹਾਰੇ ਚਲੀਏ ਦੂਜਿਆਂ ਨਾਲੋਂ ਬਿਹਤਰ ਹੈ,
ਛੇਤੀ ਲਹਿ ਜਾਂਦੀ ਗੁੱਡੀ ਸ਼ੋਹਰਤ ਕਿਸੇ ਸਹਾਰੇ ਚੜਿ੍ਹਆਂ ਦੀ।
- ਗੁਰਦਿੱਤ ਸਿੰਘ ਸੇਖੋਂ, ਮੋਬਾ : 9781172781