
ਧੂੜਾਂ ਪੁੱਟੀਆਂ ਏਦਾਂ ਤੇਜ਼ ਹਵਾਵਾਂ ਨੇ। ਰੁੱਖਾਂ ਨੂੰ ਗਲਵਕੜੀ ਪਾ ਲਈ ਛਾਵਾਂ ਨੇ।
ਧੂੜਾਂ ਪੁੱਟੀਆਂ ਏਦਾਂ ਤੇਜ਼ ਹਵਾਵਾਂ ਨੇ।
ਰੁੱਖਾਂ ਨੂੰ ਗਲਵਕੜੀ ਪਾ ਲਈ ਛਾਵਾਂ ਨੇ।
ਸੁਰਖ਼ ਗੁਲਾਬੀ ਫੁੱਲਾਂ ਦੇ ਪਰਛਾਵੇਂ ਕੀ,
ਸਹੁੰ ਅੱਲਾ ਦੀ ਅੱਗ ਲਗਾ ਤੀ ਰਾਵਾਂ ਨੇ।
ਬੱਦਲ ਰੱਜ ਕੇ ਵਰਿ੍ਹਆ ਰਾਤੀਂ ਔੜਾਂ ’ਤੇ,
ਆਖ਼ਰ ਫਿਰ ਵੀ ਮੁਲ ਨਾ ਪਾਇਆ ਥਾਵਾਂ ਨੇ।
ਇਕ ਛੋਟੀ ਜਿਹੀ ਲਟ ਲਹਿਰਾਈ ਮੱਥੇ ’ਤੇ,
ਮੁੱਖ ਮੋੜ ਲਏ ਉਡਦੀਆਂ ਤੇਜ਼ ਘਟਾਵਾਂ ਨੇ।
ਸਰਹੱਦਾਂ ਤੋਂ ਵਾਪਸ ਪੁੱਤ ਆਏ ਨੇ,
ਲੱਖ-ਲੱਖ ਸ਼ੁਕਰ ਮਨਾਇਆ ਰੱਬ ਦਾ ਮਾਵਾਂ ਨੇ।
ਤੂਫ਼ਾਨਾਂ ਨੇ ਬੇੜੀ ਪਾਰ ਲਗਾਈ ਹੈ,
ਖ਼ੂਬ ਵਿਖਾਇਆ ਅਪਣਾ ਅਸਰ ਦੁਆਵਾਂ ਨੇ।
ਗੂੜ੍ਹੀ ਨੀਂਦੇ ਬੱਚੇ ਸਾਰੇ ਸੌਂ ਚੁੱਕੇ,
ਲੋਰੀ ਦੇ ਵਿਚ ਪਾਈ ਨੀਂਦ ਕਥਾਵਾਂ ਨੇ।
ਬਿਰਧ ਘਰਾਂ ਨੂੰ ਇਕ ਪਲੜੇ ਵਿਚ ਤੋਲ ਲਿਆ,
ਮਾਂ ਬਾਪੂ ਦਾ ਪਾਇਆ ਮੁਲ ਭਰਾਵਾਂ ਨੇ।
ਦੁੱਖਾਂ ਦਾ ਇਕ ਪਰਬਤ ਸਾਹਮਣੇ ਆਇਆ ਹੈ,
ਸਾਥ ਨਾ ਦਿਤਾ ਅਪਣੀਆਂ ਹੀ ਥਾਵਾਂ ਨੇ।
ਕੱਖਾਂ ਦੇ ਵਿਚ ਇਕ ਚਿੰਗਾਰੀ ਧੁਖਦੀ ਰਹੀ,
ਸਾਹ ਲੈਣੇ ਵੀ ਔਖੇ ਹੋ ਗਏ ਚਾਵਾਂ ਦੇ।
ਬਾਲਮ ਤਾਂ ਹੀ ਯਾਰਾਨੇ ਦੇ ਫੁੱਲ ਖਿੜ੍ਹਦੇ,
ਤੇਰੀਆਂ ਸ਼ੁਭ ਅਸੀਸਾਂ ਵਿਚ ਦੁਆਵਾਂ ਦੇ।
-ਬਲਵਿੰਦਰ ਬਾਲਮ ਗੁਰਦਾਸਪੁਰ।
98156-25409