
ਮੇਰੇ ਗੁਆਂਢ ਵਿਚ ਨਫ਼ਰਤ ਦੀ ਅੱਗ ਬਲ ਰਹੀ ਹੈ, ਤੇ ਮੈਂ ਮੁਹੱਬਤ ਦੀਆਂ ਬਾਤਾਂ ਕਿਵੇਂ ਪਾਵਾਂ?
ਮੇਰੇ ਗੁਆਂਢ ਵਿਚ ਨਫ਼ਰਤ ਦੀ ਅੱਗ ਬਲ ਰਹੀ ਹੈ,
ਤੇ ਮੈਂ ਮੁਹੱਬਤ ਦੀਆਂ ਬਾਤਾਂ ਕਿਵੇਂ ਪਾਵਾਂ?
ਉਨ੍ਹਾਂ ਦਾ ਸੀਨਾ, ਪੀੜਾਂ ਨਾਲ ਭੁੰਨਿਆ,
ਤੇ ਮੈਂ ਕਿਸੇ ਦੀ ਯਾਦ ਨੂੰ ਕਿਵੇਂ ਮਾਣਾ?
ਇਸੇ ਕਸ਼ਮਕਸ਼ ਵਿਚ ਉਠ ਕੇ, ਟੀ.ਵੀ. ਵਲ ਰੁਖ਼ ਕਰਦਿਆਂ
ਸੁਣਿਆ ਕਿ ਲੋਕਾਂ ਦੇ ਘਰ ਸਾੜ ਦਿਤੇ, ਅਧਿਕਾਰਾਂ ਦੀ ਖਾਤਰ,
ਰੋਜ਼ੀ ਰੋਟੀ ਦੇ ਵਸੀਲੇ ਸੂਲੀ ਚਾੜ੍ਹ ਦਿਤੇ,
ਸਾਨੂੰ ਰਾਖਵਾਂਕਰਨ ਚਾਹੀਦੈ, ਅਪਣਾ ਹੱਕ ਚਾਹੀਦੈ।
ਪਰ ਲੋਕਾਂ ਦੇ ਹੱਕਾਂ 'ਤੇ ਰਖੇਵਿਆਂ ਨੂੰ ਮਾਰ ਕੇ,
ਸਾੜ-ਫੂਕ, ਮਾਰ ਧਾੜ ਕੇ,
ਜਿੱਦਾਂ ਕਾਵਾਂ ਤੋਂ ਘੁੱਗੀਆਂ ਡਰਦੀਆਂ,
ਚਿੜੀਆਂ ਚੀਂ ਚੀਂ ਕਰਦੀਆਂ,
ਇਵੇਂ ਹੀ ਉਹ ਚਿੜੀਆਂ ਘੁੱਗੀਆਂ ਵਰਗੇ ਲੋਕ, ਸਹਿਮੇ ਖੜੇ,
ਕੋਈ ਤੇ ਉਨ੍ਹਾਂ 'ਤੇ ਤਰਸ ਕਰੇ, ਕੋਈ ਤੇ ਹੱਕਾਂ ਲਈ ਲੜੇ।
ਪਰ ਇਹ ਕਾਵਾਂ ਵਰਗੇ ਲੋਕ, ਕੁਨੱਖੀ ਅੱਖ ਝਾਕਦੇ,
ਅਪਣੀ ਦਰਿੰਦਗੀ ਨੂੰ ਮਾਪਦੇ, ਚੁੰਝਾਂ ਮਾਰੀ ਜਾਂਦੇ।
ਸੁੰਨਸਾਨ ਭਰੇ ਬਾਜ਼ਾਰ ਤੇ ਸਹਿਮੀ ਭੀੜ ਵੇਖ ਕੇ, ਮੈਂ ਟੀ.ਵੀ. ਬੰਦ ਕੀਤਾ
ਇਸ਼ਕ 'ਚ ਉਡਦੇ ਮੇਰੇ ਚੁੰਗੀਆਂ ਭਰਦੇ ਦਿਲ ਨੂੰ,
ਜਿਵੇਂ ਧਰਤੀ 'ਤੇ ਪਟਕ ਦਿਤਾ।
- ਜਸਪਾਲ ਕੌਰ,
ਮੋਬਾਈਲ : 94640-20767