
ਸਿਆਲ ਤਾਂ ਲੰਘ ਵੀ ਚਲਿਆ, ਪਰ ਨਾ ਮੁਕੀਆਂ ਉਡੀਕਾਂ। ਪਰਦੇਸੀ ਧੀਆਂ-ਪੁੱਤਰਾਂ ਨੂੰ, ਮੈਂ ਬੈਠ ਬੂਹੇ ਉਡੀਕਾਂ।
ਸਿਆਲ ਤਾਂ ਲੰਘ ਵੀ ਚਲਿਆ, ਪਰ ਨਾ ਮੁਕੀਆਂ ਉਡੀਕਾਂ।
ਪਰਦੇਸੀ ਧੀਆਂ-ਪੁੱਤਰਾਂ ਨੂੰ, ਮੈਂ ਬੈਠ ਬੂਹੇ ਉਡੀਕਾਂ।
ਬਸੰਤ ਰੁੱਤ ਵੀ ਸਾਡੇ ਬੂਹੇ ਤੋਂ ਪੈਲਾਂ ਪਾਉਂਦੀ ਲੰਘ ਜਾਵੇ,
ਫੁੱਲਾਂ 'ਤੇ ਬਹਾਰ ਨਚਦੀ, ਹਰ ਕਿਸੇ ਨੂੰ ਹੀ ਨਜ਼ਰ ਆਵੇ,
ਮੁੰਡੇ ਕੁੜੀਆਂ ਕਰਨ ਮਸਤੀ, ਪੜ੍ਹਦਾ ਕੋਈ ਹੀ ਨਜ਼ਰ ਆਵੇ,
ਰੁੱਖਾਂ ਨੂੰ ਆ ਗਏ ਨੇ ਨਵੇਂ ਪੱਤੇ, ਲੰਮੀਆਂ ਹੋ ਗਈਆਂ ਨੇ ਧਰੇਕਾਂ,
ਪਰਦੇਸੀ ਧੀਆਂ-ਪੁੱਤਰਾਂ ਨੂੰ, ਮੈਂ ਬੈਠ ਬੂਹੇ ਉਡੀਕਾਂ।
ਸਿਆਲ ਰੁੱਤ ਸ਼ੁਰੂ ਹੁੰਦੇ ਹੀ ਆ ਜਾਂਦੀਆਂ ਨੇ ਕੂੰਜਾਂ,
ਬੱਚੇ ਛੋੜ ਪ੍ਰਦੇਸ਼ਣ ਹੋਣ ਦਾ ਦਰਦ ਹੰਡਾਉਣ ਕੂੰਜਾਂ,
ਮੋਰਾਂ ਦੇ ਪੁੱਛਣ 'ਤੇ ਵਾਰੋ ਵਾਰੀ ਸਮਝਾਉਣ ਕੂੰਜਾਂ,
ਧੁਰੋਂ ਲਿਖੀਆਂ ਨਾ ਕਦੇ ਮਿਟਣ, ਗਿਣ ਲੋ ਤਰੀਕਾਂ,
ਪਰਦੇਸੀ ਧੀਆਂ-ਪੁੱਤਰਾਂ ਨੂੰ, ਮੈਂ ਬੈਠ ਬੂਹੇ ਉਡੀਕਾਂ।
ਹਰ ਵਰ੍ਹੇ ਹੀ ਸਿਆਲ ਰੁੱਤ ਦੇ ਸ਼ੁਰੂ ਹੁੰਦਿਆਂ,
ਉਡੀਕ ਸ਼ੁਰੂ ਹੋ ਜਾਂਦੀ ਪਰਦੇਸੀ ਬੱਚਿਆਂ ਦੀ।
ਭਾਵੇਂ ਮੋਬਾਈਲ ਉਪਰ ਰੋਜ਼ ਗੱਲਾਂ ਹੋਵਨ,
ਹੁਣ ਤਾਂ ਕੂੰਜਾਂ ਨਾਲ ਹੀ ਲਾ ਲਈਏ ਪ੍ਰੀਤਾਂ।
ਪਰਦੇਸੀ ਧੀਆਂ ਪੁਤਰਾਂ ਨੂੰ, ਮੈਂ ਬੈਠ ਬੂਹੇ ਉਡੀਕਾਂ।
ਬੇਗਾਨੇ ਮੁਲਕਾਂ 'ਚ ਬੇਗਾਨੀ ਹੁੰਦੀ ਧਰਤੀ,
ਉਥੇ ਸਜਣਾਂ ਨੂੰ ਕੋਈ ਨਾ ਮਿਲਦਾ ਦਰਦੀ,
ਕੂਕ ਪਪੀਹੇ ਵਾਲੀ ਕਿਸੇ ਨੂੰ ਨਾ ਸੁਣਦੀ,
ਜਗਮੋਹਨ ਲੱਕੀ ਤੇਰੀਆਂ ਅਜੇ ਮੁਕੀਆਂ ਨਾ ਉਡੀਕਾਂ
ਪਰਦੇਸੀ ਧੀਆਂ ਪੁੱਤਰਾਂ ਨੂੰ, ਮੈਂ ਬੈਠ ਬੂਹੇ ਉਡੀਕਾਂ।
- ਜਗਮੋਹਨ ਸਿੰਘ ਲੱਕੀ,
ਲੱਕੀ ਨਿਵਾਸ, 61ਏ, ਵਿਦਿਆ ਨਗਰ, ਪਟਿਆਲਾ।
ਮੋਬਾਈਲ: 94638-19174