Lohri 2026 Sepcial: ਲੋਹੜੀ ਧੀ-ਪੁੱਤਾਂ ਦੀ ਅਸੀਂ ਮਨਾਵਾਂਗੇ ਧੀਆਂ ਨੂੰ ਵੀ ਅੰਬਰੀਂ ਸੈਰ ਕਰਾਵਾਂਗੇ
ਲੋਹੜੀ ਧੀ-ਪੁੱਤਾਂ ਦੀ ਅਸੀਂ ਮਨਾਵਾਂਗੇ
ਧੀਆਂ ਨੂੰ ਵੀ ਅੰਬਰੀਂ ਸੈਰ ਕਰਾਵਾਂਗੇ
ਪੁੱਤਰਾਂ ਨਾਲੋਂ ਵੱਧ ਕੇ ਧੀਆਂ ਪਿਆਰ ਜਤਾਉਂਦੀਆਂ ਨੇ
ਹਰ ਵੇਲੇ ਹੀ ਬੇਬੇ ਬਾਪੂ ਦੇ ਗੁਣ ਗਾਉਂਦੀਆਂ ਨੇ॥
ਇਹ ਹੁੰਦੀਆਂ ਮਾਂ-ਪਿਓ ਦੇ ਗਲ ਦਾ ਗਹਿਣਾ ਬਈ ਲੋਕੋ
ਸਿਖਿਆ ਇਨ੍ਹਾਂ ਵਿਚ ਨਿਮਰਤਾ ਰਹਿਣਾ ਬਈ ਲੋਕੋ
ਮਾਂ-ਬਾਪੂ ਭੈਣਾਂ ਵੀਰਾਂ ਦੇ ਦੁੱਖ ਵੰਡਾਉਂਦੀਆਂ ਨੇ
ਪੁੱਤਰਾਂ ਨਾਲੋਂ ਵੱਧ ਕੇ ਧੀਆਂ ਪਿਆਰ ਜਤਾਉਂਦੀਆਂ ਨੇ॥
ਧੀਆਂ ਦੇ ਮਨ ਵਿਚ ਵੀ ਰੀਝਾਂ ਅਤੇ ਉਮੰਗਾਂ ਨੇ
ਉੱਠਦੀਆਂ ਸਾਗਰ ਵਿਚੋਂ ਕੋਮਲ ਜਿਵੇਂ ਤਰੰਗਾਂ ਨੇ
ਲੱਗਣ ਬਹੁਤ ਪਿਆਰੀਆਂ ਜਦ ਰਲ ਕਿੱਕਲੀ ਪਾਉਂਦੀਆਂ ਨੇ
ਪੁੱਤਰਾਂ ਨਾਲੋਂ ਵੱਧ ਕੇ ਧੀਆਂ ਪਿਆਰ ਜਤਾਉਂਦੀਆਂ ਨੇ॥
ਨਾ ਇਹ ਵੰਡਣ ਜ਼ਮੀਨਾਂ, ਨਾ ਘਰ ਬਾਰ ਇਹ ਲੁੱਟਦੀਆਂ
ਲਾਈ ਲੱਗਾਂ ਦੇ ਆਖੇ ਲੱਗ, ਨਾ ਜੜਾਂ ਨੂੰ ਪੁੱਟਦੀਆਂਂ
ਪਿਓ ਦੀ ਇੱਜ਼ਤ ਖ਼ਾਤਰ ਅਪਣਾ ਦਰਦ ਛੁਪਾਉਂਦੀਆਂ ਨੇ
ਪੁੱਤਰਾਂ ਨਾਲੋਂ ਵੱਧ ਕੇ ਧੀਆਂ ਪਿਆਰ ਜਤਾਉਂਦੀਆਂ ਨੇ॥
ਰੱਜ ਰੱਜ ਮਾਣ ਵਧਾਵੋ ਲੋਕੋ ਧੀਆਂ ਧਿਆਣੀਆਂ ਦਾ
ਦਿਲ ਨਾ ਕਦੇ ਦੁਖਾਇਓ ਧੀਆਂ ਸੁੱਘੜ ਸਿਆਣੀਆਂ ਦਾ
‘ਲੱਖੇ’ ਨੂੰ ਵੀ ਇਹ ਸਭ ਇੱਜ਼ਤ ਨਾਲ ਬੁਲਾਉਂਦੀਆਂ ਨੇ
ਪੁੱਤਰਾਂ ਨਾਲੋਂ ਵੱਧ ਕੇ ਧੀਆਂ ਪਿਆਰ ਜਤਾਉਂਦੀਆਂ ਨੇ
ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਮੋ. 09855227530
