
ਦਿਲ ਦੀਆਂ, ਦਿਲ ਵਿਚ ਰਹੀਆਂ, ਹੋਇਆ ਘੁੱਪ ਹਨੇਰਾ...
ਪਿੰਜਰੇ ਪਿਆ ਇਕ ਤੋਤਾ ਆਖੇ,
ਡਾਢਾ ਮੈਂ ਦੁਖਿਆਰਾ।
ਸੀ ਬਾਗ਼ੀ ਮੇਰਾ ਰੈਣ ਬਸੇਰਾ,
ਅੱਜ ਬਣ ਬੈਠਾ ਵਿਚਾਰਾ।
ਲੰਘਦੇ ਉਪਰ ਦੀ ਜਦ ਪੰਛੀ,
ਮੈਨੂੰ ਨਜ਼ਰੀਂ ਆਉਂਦੇ।
ਉੱਡਣ ਨੂੰ ਮੇਰਾ ਜੀ ਕਰਦੈ,
ਜਦ ਉਹ ਚਹਿਚਹਾਉਂਦੇ।
ਦਿਲ ਦੀਆਂ, ਦਿਲ ਵਿਚ ਰਹੀਆਂ,
ਹੋਇਆ ਘੁੱਪ ਹਨੇਰਾ।
ਪਾ ਚੋਗਾ ਮੈਨੂੰ ਫੜ ਲਿਆਂਦਾ,
ਸੱਭ ਕੁੱਝ ਲੁੱਟਿਆ ਮੇਰਾ।
ਗਈ ਆਜ਼ਾਦੀ ਮਿਲੀ ਗੁਲਾਮੀ,
ਵੱਸ ਨਹੀਂ ਕੁੱਝ ਮੇਰੇ।
ਖੰਭ ਮੇਰੇ ਹੁਣ ਉਡਣਾ ਭੁੱਲ ਗਏ,
ਵਿਚ ਪਿੰਜਰੇ ਦੇ ਡੇਰੇ।
ਲੱਖ ਹੋਵੇ ਸਹੂਲਤ ਭਾਵੇਂ,
ਹੁੰਦੀ ਬੁਰੀ ਗ਼ੁਲਾਮੀ।
ਨਾਲ ਭਰਾਵਾਂ ਰਲ ਕੇ ਰਹੀਏ,
ਏਹੀ ਪਿਆਰ ਨਿਸ਼ਾਨੀ।
ਮੈਨੂੰ ਸੱਭ ਕੁੱਝ ਇਥੇ ਜਾਪੇ,
ਹੋਰ ਦੁਨੀਆਂ ਨਾ ਕੋਈ।
ਹਰਪ੍ਰੀਤ, ਆਖੇ ਹਾਕਮ ਸਾਡੇ,
ਸੱਭ ਨੂੰ ਜਾਣ ਬਿਗੋਈ।
- ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ ਮੋਗਾ,
94658-21417