ਮੈਂ ਮੱਤੇਵਾੜਾ ਜੰਗਲ ਕੂਕਦਾਂ!
Published : Jul 15, 2022, 3:06 pm IST
Updated : Jul 15, 2022, 3:06 pm IST
SHARE ARTICLE
special artical mattewara forest
special artical mattewara forest

ਸਟੇਟ ਆਫ਼ ਇੰਡੀਆ ਐਨਵਾਇਰਨਮੈਂਟ 2021'' ਰਿਪੋਰਟ ਨੂੰ  ਸੈਂਟਰ ਫ਼ਾਰ ਸਾਇੰਸ, ਭਾਰਤ ਸਰਕਾਰ ਵਲੋਂ ਜਾਰੀ ਕੀਤਾ ਗਿਆ |

''ਸਟੇਟ ਆਫ਼ ਇੰਡੀਆ ਐਨਵਾਇਰਨਮੈਂਟ 2021'' ਰਿਪੋਰਟ ਨੂੰ  ਸੈਂਟਰ ਫ਼ਾਰ ਸਾਇੰਸ, ਭਾਰਤ ਸਰਕਾਰ ਵਲੋਂ ਜਾਰੀ ਕੀਤਾ ਗਿਆ | ਇਸ ਰਿਪੋਰਟ 'ਚ ਸਪੱਸ਼ਟ ਕੀਤਾ ਗਿਆ ਕਿ ਪੰਜਾਬ ਵਿਚਲੇ ਹਵਾ ਪ੍ਰਦੂਸ਼ਣ ਨਾਲ 2019 'ਚ 41,090 ਮੌਤਾਂ ਹੋਈਆਂ | ਇਸ ਦਾ ਮਤਲਬ ਇਹ ਹੋਇਆ ਕਿ ਹੋਰ ਕਾਰਨਾਂ ਨਾਲ ਹੋਈਆਂ ਕੁੱਲ ਮੌਤਾਂ ਦਾ ਹਿਸਾਬ ਲਾਈਏ ਤਾਂ ਪੰਜਾਬ ਵਿਚਲੀਆਂ 18.8 ਫ਼ੀਸਦੀ ਮੌਤਾਂ ਸਿਰਫ਼ ਹਵਾ ਪ੍ਰਦੂਸ਼ਣ ਨਾਲ ਹੋਈਆਂ |

Mattewara projectMattewara project

ਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ  2019 'ਚ 16 ਲੱਖ 70 ਹਜ਼ਾਰ ਭਾਰਤੀ ਹਵਾ ਦੇ ਪ੍ਰਦੂਸ਼ਣ ਨਾਲ ਕੂਚ ਕਰ ਗਏ | ਇਨ੍ਹਾਂ 'ਚੋਂ ਅੱਧੀਆਂ ਮੌਤਾਂ ਸਿਰਫ਼ ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਵੈਸਟ ਬੰਗਾਲ ਤੇ ਰਾਜਸਥਾਨ ਦੇ ਲੋਕਾਂ ਦੀਆਂ ਸਨ | ਅਮਰੀਕਾ ਵਲੋਂ ਕੀਤੇ ਸਰਵੇਖਣ ਅਨੁਸਾਰ ਜੇ ਪੰਜਾਬ ਅੰਦਰਲੀਆਂ ਹਵਾ ਪ੍ਰਦੂਸ਼ਣ ਨਾਲ ਹੋਈਆਂ ਮੌਤਾਂ ਤੋਂ ਪਹਿਲਾਂ ਕੀਤੇ ਇਲਾਜ ਦਾ ਹਿਸਾਬ ਲਾਈਏ ਤਾਂ ਅੰਦਾਜ਼ਨ 1,148 ਮਿਲੀਅਨ ਅਮਰੀਕਨ ਡਾਲਰ ਬਣ ਜਾਂਦੇ ਹਨ | ਇਹ ਪੈਸਿਆਂ 'ਚ ਵੱਖੋ-ਵੱਖ ਟੱਬਰਾਂ ਵਲੋਂ ਅਪਣੇ ਕੰਮ ਕਾਰ 'ਚ ਘਾਟਾ, ਹਸਪਤਾਲਾਂ ਦੇ ਗੇੜੇ, ਇਲਾਜ ਤੇ ਟੈਸਟਾਂ ਉੱਤੇ ਕੀਤੇ ਖ਼ਰਚੇ ਤੇ ਘਰ-ਬਾਰ ਛੱਡ ਕੇ ਬਾਹਰ ਰਹਿਣਾ ਵੀ ਸ਼ਾਮਲ ਸੀ | ਗੁਆਂਢੀ ਰਾਜ ਹਰਿਆਣੇ 'ਚ ਇਹੋ ਖ਼ਰਚਾ 1,566 ਮਿਲੀਅਨ ਡਾਲਰ ਤਕ ਪਹੁੰਚਿਆ ਜਿੱਥੇ 34,119 ਮੌਤਾਂ (19 ਫ਼ੀ ਸਦੀ) 2019 'ਚ ਹਵਾ ਪ੍ਰਦੂਸ਼ਣ ਨਾਲ ਹੋਈਆਂ |

ਜਦੋਂ ਪੂਰੇ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਹਿੱਸਿਆਂ ਦਾ ਅਨੁਸਮਾਨ ਲਾਇਆ ਗਿਆ ਤਾਂ ਇਸ 'ਚ ਕੁੱਝ ਸ਼ਹਿਰ ਅਜਿਹੇ ਸਨ ਜਿਨ੍ਹਾਂ 'ਚ 2018 ਤੋਂ ਸੰਨ 2019 ਤਕ ਹੀ ਇਕਦਮ ਹਵਾ ਵਿਚਲਾ ਪ੍ਰਦੂਸ਼ਣ ਦੁਗਣੇ ਤੋਂ ਵੱਧ ਲੰਘ ਗਿਆ | ਇਨ੍ਹਾਂ 33 ਥਾਵਾਂ 'ਚੋਂ ਪੰਜਾਬ ਦੇ ਜਲੰਧਰ ਤੇ ਬਟਾਲੇ ਇਲਾਕੇ ਦਾ ਖ਼ਾਸ ਜ਼ਿਕਰ ਹੋਇਆ | ਇਥੋਂ ਦੀਆਂ ਫ਼ੈਕਟਰੀਆਂ ਨੂੰ  ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ | ਜਦੋਂ ਸਕੋਰ ਵਲ ਝਾਤ ਮਾਰੀ ਗਈ ਤਾਂ 100 'ਚੋਂ ਜਲੰਧਰ ਨੂੰ  70 ਅੰਕ ਸੰਨ 2009 'ਚ ਮਿਲੇ ਸਨ ਜੋ ਵੱਧ ਕੇ 2018 'ਚ 80 ਤਕ ਪਹੁੰਚ ਗਏ | ਇਹੀ ਹਾਲ ਬਟਾਲੇ ਦਾ ਰਿਹੈ ਜੋ 60 (2009 'ਚ) ਤੋਂ ਵੱਧ ਕੇ 70 (2018) ਤਕ ਪਹੁੰਚ ਗਿਆ |

PollutionPollution

ਇਨ੍ਹਾਂ ਦੇ ਆਲੇ ਦੁਆਲੇ ਵਧਦੀਆਂ ਫ਼ੈਕਟਰੀਆਂ ਨੂੰ  ਵੇਖ ਇਕ ਚੇਤਾਵਨੀ ਦਿਤੀ ਗਈ ਕਿ ਲੁਧਿਆਣੇ ਨੇੜੇ ਦਾ ਮੱਤੇਵਾੜਾ ਜੰਗਲ ਤੇ ਸਤਲੁਜ ਦੁਆਲੇ ਦਰੱਖ਼ਤ ਹਾਲੇ ਬਚਾਅ ਕਰ ਰਹੇ ਹਨ ਪਰ ਜੇ ਮੱਤੇਵਾੜਾ 'ਚ ਕੋਈ ਇੰਡਸਟਰੀਅਲ ਪਾਰਕ ਖੋਲ੍ਹ ਦਿਤਾ ਗਿਆ ਤਾਂ ਲੁਧਿਆਣੇ ਤੇ ਉਸ ਦੇ ਨੇੜਲੇ ਇਲਾਕਿਆਂ 'ਚ ਮੌਤ ਦਾ ਤਾਂਡਵ ਹੋਵੇਗਾ | ਪਹਿਲਾਂ ਹੀ ਬੁੱਢਾ ਨਾਲਾ ਉਸ ਥਾਂ ਤਗੜਾ ਕਹਿਰ ਢਾਹ ਰਿਹਾ ਹੈ |

ਵਿਸ਼ਵ ਸਿਹਤ ਸੰਸਥਾ ਅਨੁਸਾਰ ਦੁਨੀਆਂ ਭਰ 'ਚ ਹਰ ਸਾਲ ਸੱਤਰ ਲੱਖ ਲੋਕ ਸਿਰਫ਼ ਹਵਾ ਵਿਚਲੇ ਪ੍ਰਦੂਸ਼ਣ ਨਾਲ ਮੌਤ ਦੇ ਮੂੰਹ 'ਚ ਜਾ ਰਹੇ ਹਨ | ਦਿਲ ਦੇ ਰੋਗ ਤੇ ਪਾਸਾ ਮਾਰ ਜਾਣ ਵਾਲੇ ਇਕ ਚੌਥਾਈ ਮਰੀਜ਼ ਮਾੜੀ ਹਵਾ ਅੰਦਰ ਲੰਘਾਈ ਜਾਣ ਨਾਲ ਮਰ ਰਹੇ ਹਨ | ਵਿਸ਼ਵ ਸਿਹਤ ਸੰਸਥਾ (7 ਸਤੰਬਰ 2021) ਨੇ ਰਿਪੋਰਟ ਜਾਰੀ ਕਰ ਕੇ ਦਸਿਆ ਹੈ ਕਿ 43% ਫੇਫੜਿਆਂ ਦੇ ਰੋਗ ਤੇ 29% ਫੇਫੜਿਆਂ ਦੇ ਕੈਂਸਰ ਵੀ ਹਵਾ ਪ੍ਰਦੂਸ਼ਣ ਸਦਕਾ ਹਨ |

ਹੋਰ ਮਾੜੇ ਅਸਰ ਕਿਹੜੇ ਹਨ?
ਦੁਨੀਆਂ ਵਿਚਲਾ ਹਰ ਬੰਦਾ ਸਾਹ ਰਾਹੀਂ ਅਪਣੇ ਅੰਦਰ ਨਾਈਟ੍ਰੋਜਨ ਡਾਈਓਕਸਾਈਡ, ਓਜ਼ੋਨ ਜਾਂ ਸਲਫ਼ਰ ਡਾਈਓਕਸਾਈਡ ਦੇ ਨਾਲ ਹੋਰ ਬਥੇਰੀਆਂ ਮਹੀਨ ਚੀਜ਼ਾਂ ਫੇਫੜਿਆਂ ਅੰਦਰ ਲੰਘਾਈ ਜਾ ਰਿਹਾ ਹੈ | ਲਗਾਤਾਰ ਵਧਦੀਆਂ ਮੌਤਾਂ, ਜੋ ਹਵਾ ਪ੍ਰਦੂਸ਼ਣ ਨਾਲ ਦੁਨੀਆਂ ਭਰ 'ਚ ਦਿਸਣ ਲੱਗ ਪਈਆਂ ਹਨ, ਉਨ੍ਹਾਂ ਸਦਕਾ ਹੀ ਯੂਨਾਈਟਿਡ ਨੇਸ਼ਨਜ਼ ਨੇ 7 ਸਤੰਬਰ ਨੂੰ  ਹਰ ਸਾਲ 'ਸਾਫ਼ ਹਵਾ ਦਾ ਅੰਤਰ-ਰਾਸ਼ਟਰੀ ਦਿਨ' ਮਨਾਉਣ ਲਈ ਕਿਹਾ ਹੈ |
1. ਹਵਾ ਪ੍ਰਦੂਸ਼ਣ ਸਦਕਾ ਹਜ਼ਾਰਾਂ ਬੱਚੇ ਜਨਮ ਤੋਂ ਪਹਿਲਾਂ ਹੀ ਮੌਤ ਦੇ ਮੂੰਹ 'ਚ ਜਾ ਰਹੇ ਹਨ ਜਾਂ ਸਤਮਾਹੇ ਜੰਮ ਰਹੇ ਹਨ |

75.4% Children feel suffocated due to Delhi Air Pollution Air Pollution

2. ਹਰ ਸਾਲ ਇਕੱਲੇ ਅਮਰੀਕਾ 'ਚ ਚਾਰ ਲੱਖ ਮੌਤਾਂ ਸਿਰਫ਼ ਸੜਕੀ ਆਵਾਜਾਈ ਨਾਲ ਹੋ ਰਹੇ ਪ੍ਰਦੂਸ਼ਣ ਸਦਕਾ ਹੋ ਰਹੀਆਂ ਹਨ (ਯੂਨਾਈਟਿਡ ਨੇਸ਼ਨਜ਼ ਐਨਵਾਇਰੌਨਮੈਂਟ ਪ੍ਰੋਗਰਾਮ ਵਲੋਂ ਜਾਰੀ ਰਿਪੋਰਟ) |
3. ਵਿਸ਼ਵ ਸਿਹਤ ਸੰਸਥਾ ਨੇ ਸਪੱਸ਼ਟ ਕੀਤਾ ਹੈ ਕਿ ਹਰ ਸਾਲ ਦਸ ਖ਼ਰਬ ਅਮਰੀਕਨ ਡਾਲਰ ਸਿਰਫ਼ ਸੜਕਾਂ ਉਤੇ ਚਲਦੀ ਆਵਾਜਾਈ ਨਾਲ ਸਾਹ ਤੇ ਹੋਰ ਬੀਮਾਰੀਆਂ ਸਹੇੜ ਰਹੇ ਲੋਕਾਂ ਦੇ ਇਲਾਜ ਉੱਤੇ ਖ਼ਰਚ ਹੁੰਦੇ ਹਨ |

4. ਫ਼ੈਕਟਰੀਆਂ 'ਚੋਂ ਨਿਕਲ ਰਹੇ ਮਾੜੇ ਧੂੰਏਾ ਸਦਕਾ ਹਰ ਦਸਾਂ 'ਚੋਂ 9 ਬੰਦਿਆਂ ਨੂੰ  ਹਰ ਰੋਜ਼ ਲੋੜੋਂ ਵੱਧ ਗੰਦ ਸਾਹ ਰਾਹੀਂ ਅੰਦਰ ਲੰਘਾਉਣਾ ਪੈਂਦਾ ਹੈ | ਇਨ੍ਹਾਂ 'ਚੋਂ ਬਜ਼ੁਰਗ ਤੇ ਨਿਆਣੇ ਜ਼ਿਆਦਾ ਅਸਰ ਹੇਠ ਆਉਂਦੇ ਹਨ | ਜਿਨ੍ਹਾਂ ਨੂੰ  ਪਹਿਲਾਂ ਹੀ ਦਿਲ ਜਾਂ ਫੇਫੜਿਆਂ ਦੇ ਰੋਗ ਹੋਣ, ਉਨ੍ਹਾਂ ਦੀ ਮੌਤ ਦਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ |ਜਿਹੜੇ ਫ਼ੈਕਟਰੀਆਂ ਦੇ ਆਸ-ਪਾਸ ਰਹਿੰਦੇ ਹੋਣ, ਉਨ੍ਹਾਂ 'ਚ ਵੀ ਮੌਤ ਦਰ ਜਾਂ ਰੋਗੀ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ | ਜਿਹੜੇ ਬੱਚੇ ਪਹਿਲਾਂ ਤੋਂ ਹੀ ਭੁੱਖਮਰੀ ਦੇ ਸ਼ਿਕਾਰ ਹੋਣ, ਉਨ੍ਹਾਂ 'ਚ ਸੀਰੀਅਸ ਬੀਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ |

5. ਹੱਦ ਤਾਂ ਇਹ ਹੈ ਕਿ ਹਵਾ ਪ੍ਰਦੂਸ਼ਣ ਨਾਲ ਹੁੰਦੀਆਂ ਮੌਤਾਂ ਦੀ ਦਰ 'ਚ ਪਿਛਲੇ 30 ਸਾਲਾਂ 'ਚ 153 ਪ੍ਰਤੀਸ਼ਤ ਵਾਧਾ ਰਿਕਾਰਡ ਕੀਤਾ ਗਿਆ ਹੈ ਜਦਕਿ ਹਵਾ ਪ੍ਰਦੂਸ਼ਣ ਰੋਕਣ ਲਈ ਕੀਤੇ ਯਤਨਾਂ 'ਚ ਸਿਰਫ਼ 0.8 ਫ਼ੀਸਦੀ ਵਾਧਾ ਹੋਇਆ ਹੈ |
6. ਹਵਾ 'ਚ ਤੈਰਦੇ ਰਹਿੰਦੇ ਨਿੱਕੇ ਕਣ ਜ਼ਿਆਦਾਤਰ ਸੜਕੀ ਆਵਾਜਾਈ, ਜੈਨੇਰੇਟਰ, ਵਾਰ-ਵਾਰ ਤਲਿਆ ਜਾਂਦਾ ਤੇਲ ਆਦਿ ਦੇ ਹਨ ਜੋ ਲਗਾਤਾਰ ਫੇਫੜਿਆਂ ਅੰਦਰ ਜਾ ਕੇ ਤੇ ਸਰੀਰ ਅੰਦਰ ਲਹੂ 'ਚ ਰਲ ਕੇ ਦਿਮਾਗ਼ ਤੇ ਦਿਲ ਉੱਤੇ ਮਾੜਾ ਅਸਰ ਪਾਉਂਦੇ ਹਨ | ਇਨ੍ਹਾਂ 'ਚੋਂ ਕੁੱਝ ਤਾਂ ਬੱਚੇ ਪੈਦਾ ਕਰਨ ਦੀ ਤਾਕਤ ਵੀ ਖ਼ਤਮ ਕਰ ਦਿੰਦੇ ਹਨ |

 PollutionPollution

7. ਸਲਫ਼ਰ ਵਾਲੇ ਤੇਲ ਦੀ ਵਰਤੋਂ ਨਾਲ ਜੋ ਹਵਾ 'ਚ ਸਲਫ਼ਰ ਡਾਇਆਕਸਾਈਡ ਰਲ ਜਾਂਦੀ ਹੈ, ਇਹ ਸਿਰ ਪੀੜ, ਘਬਰਾਹਟ ਤੇ ਦਿਲ ਦੇ ਰੋਗਾਂ ਦੀ ਸ਼ੁਰੂਆਤ ਕਰ ਦਿੰਦੀ ਹੈ | ਜਵਾਲਾਮੁਖੀ ਫਟਣ ਨਾਲ ਵੀ ਇਸੇ ਗੈਸ ਦਾ ਭੰਡਾਰ ਚੁਫੇਰੇ ਫੈਲਦਾ ਹੈ |
8. ਨਾਈਟ੍ਰੋਜਨ ਡਾਈਆਕਸਾਈਡ ਕਾਰ ਇੰਜਨਾਂ ਤੇ ਪਾਵਰ ਪਲਾਂਟਾਂ 'ਚੋਂ ਨਿਕਲਦੀ ਹੈ | ਇਸ ਨਾਲ ਦਮੇ ਦਾ ਰੋਗ ਹੋ ਜਾਂਦੈ | ਜਿਗਰ, ਤਿੱਲੀ ਤੇ ਲਹੂ ਵਿਚਲੇ ਨੁਕਸ ਵੀ ਇਸੇ ਨਾਲ ਬਣ ਜਾਂਦੇ ਹਨ |

9. ਸੜਕੀ ਆਵਾਜਾਈ ਵਿਚਲੀ ਓਜ਼ੋਨ ਵੀ ਸਾਹ ਦੀ ਤਕਲੀਫ਼ ਤੇ ਦਿਲ ਦੇ ਰੋਗਾਂ ਦਾ ਕਾਰਨ ਬਣ ਜਾਂਦੀ ਹੈ |
10. ਯੂਨਾਈਟਿਡ ਨੇਸਨਜ਼ ਵਲੋਂ ਦੱਸੇ ਅੰਕੜਿਆਂ ਅਨੁਸਾਰ ਹੁਣ ਤਾਂ ਖੇਤੀ ਲਈ ਵਰਤੀ ਜਾਂਦੀ ਮਸ਼ੀਨਰੀ ਤੇ ਨਵੀਆਂ ਉਸਾਰੀਆਂ ਲਈ ਵਰਤੇ ਜਾਂਦੇ ਸੰਦ ਜਦੋਂ ਸੜਕੀ ਆਵਾਜਾਈ ਨਾਲ ਰਲ ਜਾਣ ਤਾਂ ਹਰ ਸਾਲ ਦੁਨੀਆਂ ਭਰ 'ਚ ਸਿਹਤ ਸਹੂਲਤਾਂ ਉੱਤੇ 10 ਖ਼ਰਬ ਤਕ ਦਾ ਖ਼ਰਚਾ ਪਹੁੰਚ ਜਾਣ ਵਾਲਾ ਹੈ |
ਅਮਰੀਕਾ, ਯੂਰਪ ਤੇ ਜਪਾਨ ਨੇ ਇਸ ਚੇਤਾਵਨੀ ਤੋਂ ਬਾਅਦ ਬਿਜਲੀ ਨਾਲ ਚੱਲਣ ਵਾਲੀ ਆਵਾਜਾਈ ਵਲ ਧਿਆਨ ਦੇਣਾ ਸ਼ੁਰੂ ਕਰ ਦਿਤਾ ਹੈ | ਚੀਨ ਤੇ ਭਾਰਤ 'ਚ ਇਹ ਪ੍ਰਦੂਸ਼ਣ ਲਗਾਤਾਰ ਜਾਰੀ ਹੈ |

ਜੇ ਪੂਰੀ ਦੁਨੀਆਂ ਹਵਾ ਪ੍ਰਦੂਸ਼ਣ ਵਲ ਧਿਆਨ ਦੇਵੇ ਤਾਂ ਹਰ ਸਾਲ ਇਕ ਲੱਖ 20 ਹਜ਼ਾਰ ਲੋਕ ਅਜਾਈਾ ਮੌਤ ਤੋਂ ਬਚ ਜਾਣਗੇ |
11. ਮੀਥੇਨ, ਕਾਰਬਨ, ਓਜ਼ੋਨ ਆਦਿ ਦੀ ਮਿਕਦਾਰ ਸਹੀ ਹੁੰਦੇ ਸਾਰ ਅਗਲੇ ਦਸ ਸਾਲਾਂ 'ਚ ਹਵਾ ਵਿਚਲੇ ਪ੍ਰਦੂਸ਼ਣ ਨੂੰ  ਰੋਕ ਕੇ ਧਰਤੀ ਵਿਚਲੇ ਤਾਪਮਾਨ 'ਚ 0.6 ਡਿਗਰੀ ਸੈਂਟੀਗਰੇਡ ਘਾਟਾ ਕੀਤਾ ਜਾ ਸਕਦਾ ਹੈ, ਜਿਸ ਨਾਲ ਗਲੇਸ਼ੀਅਰਾਂ ਦਾ ਖੁਰਨਾ ਘੱਟ ਜਾਵੇਗਾ | ਏਨਾ ਕੁ ਤਾਪਮਾਨ ਘੱਟ ਹੋ ਜਾਣ ਨਾਲ ਅਨੇਕ ਵਾਇਰਲ ਕੀਟਾਣੂਆਂ, ਮੱਛਰ, ਮੱਖੀਆਂ ਰਾਹੀਂ ਤੇ ਪਾਣੀ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਨੂੰ  ਕਾਫ਼ੀ ਹਦ ਤਕ ਕਾਬੂ ਕੀਤਾ ਜਾ ਸਕਦਾ ਹੈ |

pollutionpollution

ਦਿਮਾਗ਼ ਉੱਤੇ ਹਵਾ ਪ੍ਰਦੂਸ਼ਣ ਕਿਵੇਂ ਅਸਰ ਪਾਉਂਦਾ ਹੈ?
ਖੋਜਾਂ ਸਾਬਤ ਕਰ ਚੁਕੀਆਂ ਹਨ ਕਿ ਹਵਾ ਪ੍ਰਦੂਸ਼ਣ ਨਾਲ ਦਿਮਾਗ਼ ਦੇ ਸੈੱਲਾਂ 'ਚ ਸੋਜ਼ਿਸ਼ ਹੋ ਸਕਦੀ ਹੈ | ਪਿਛਲੇ 10 ਸਾਲਾਂ ਦੀਆਂ ਖੋਜਾਂ ਦੇ ਨਤੀਜਿਆਂ ਅਨੁਸਾਰ ਜੇ ਹਵਾ 'ਚ ਪ੍ਰਦੂਸ਼ਣ ਵੱਧ ਜਾਵੇ ਤਾਂ ਉਹ ਬੱਚਿਆਂ ਦੇ ਵਧਦੇ ਦਿਮਾਗ਼ 'ਤੇ ਡੂੰਘਾ ਅਸਰ ਪਾਉਂਦਾ ਹੈ, ਜਿਸ 'ਚ ਉਨ੍ਹਾਂ ਦੇ ਸੋਚਣ ਸਮਝਣ ਦੀ ਸ਼ਕਤੀ ਘਟਦੀ ਹੈ ਤੇ ਬੌਧਿਕ ਵਿਕਾਸ ਵੀ ਘੱਟ ਜਾਂਦਾ ਹੈ | ਅਨੇਕ ਬੱਚੇ ਢਹਿੰਦੀ ਕਲਾ 'ਚ ਚਲੇ ਜਾਂਦੇ ਹਨ |

ਹਵਾ ਪ੍ਰਦੂਸ਼ਣ ਦਾ ਗੁਰਦੇ 'ਤੇ ਅਸਰ : ਜੇ ਥੋੜੇ ਸਮੇਂ ਲਈ ਹਵਾ ਪ੍ਰਦੂਸ਼ਣ ਦਾ ਅਸਰ ਰਹੇ ਤਾਂ ਗੁਰਦੇ ਵਲੋਂ ਸਰੀਰ 'ਚੋਂ ਗੰਦਗੀ ਬਾਹਰ ਕੱਢਣ ਦੀ ਸਪੀਡ ਘੱਟ ਜਾਂਦੀ ਹੈ | ਜੇ ਲੰਮੇ ਸਮੇਂ ਤਕ ਹਵਾ ਪ੍ਰਦੂਸ਼ਣ ਝਲਣਾ ਪਵੇ, ਖ਼ਾਸ ਕਰ ਮਾੜੇ ਕਣ ਤੇ ਨਾਈਟ੍ਰੋਜਨ ਡਾਈਆਕਸਾਈਡ ਤਾਂ ਗੁਰਦੇ ਫੇਲ੍ਹ ਤਕ ਹੋ ਸਕਦੇ ਹਨ |
ਗੁਰਦੇ ਤੇ ਬਲੈਡਰ (ਪਿਸ਼ਾਬ ਦੀ ਥੈਲੀ) ਦਾ ਕੈਂਸਰ ਹੋਣ ਦਾ ਖ਼ਤਰਾ ਵੀ ਵੱਧ ਸਕਦੈ | 

ਹਵਾ ਵਿਚਲਾ ਪ੍ਰਦੂਸ਼ਣ ਕਿਵੇਂ ਘਟਾਇਆ ਜਾਵੇ: 
1. ਕਾਰਾਂ ਦੀ ਵਰਤੋਂ ਤੇ ਬੇਲੋੜੀ ਆਵਾਜਾਈ ਘਟਾਈ ਜਾਵੇ |
2. ਵਾਧੂ ਲਾਈਟਾਂ ਨਾ ਜਗਾਈਆਂ ਜਾਣ | ਲੋੜ ਪੈਣ 'ਤੇ ਫਲੋਰੋਸੈਂਟ ਬਲਬ ਵਰਤੇ ਜਾਣ |
3. ਰੀਸਾਈਕਲ ਕੀਤੀਆਂ ਜਾ ਸਕਣ ਵਾਲੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਏ |
4. ਪਲਾਸਟਿਕ ਦੀ ਵਰਤੋਂ ਨਾ ਹੋਵੇ |
5. ਸਿਗਰਟ ਬੀੜੀ ਨਾ ਵਰਤੀ ਜਾਏ |
6. ਜੰਗਲਾਂ ਦੀ ਕੱਟ ਵੱਢ ਸਖ਼ਤੀ ਨਾਲ ਰੋਕੀ ਜਾਏ |

Save treeSave tree

7. ਹੋਰ ਦਰਖ਼ਤ ਲਗਾਏ ਜਾਣ |
8. ਏ.ਸੀ. ਦੀ ਵਰਤੋਂ ਸਿਰਫ਼ ਲੋੜ ਪੈਣ 'ਤੇ ਹੀ ਕੀਤੀ ਜਾਵੇ ਕਿਉਂਕਿ ਇਹ ਵਾਤਾਵਰਣ 'ਚ ਲੋੜ ਤੋਂ ਵੱਧ ਗਰਮੀ ਜਮ੍ਹਾਂ ਕਰ ਦਿੰਦਾ ਹੈ |
9. ਫ਼ੈਕਟਰੀਆਂ 'ਚੋਂ ਮਾੜੀ ਹਵਾ ਬਾਹਰ  ਨਿਕਲਣ ਵਾਲੀਆਂ ਚਿਮਨੀਆਂ 'ਚ ਫਿਲਟਰ ਜ਼ਰੂਰੀ ਕੀਤੇ ਜਾਣ |
10. ਪਟਾਕੇ ਚਲਾਉਣੇ ਘਟਾਏ ਜਾਣ |
11.ਪੇਂਟ ਤੇ ਪ੍ਰਫ਼ਿਊਮ ਵਿਚਲੇ ਹਾਨੀਕਾਰਕ ਕੈਮੀਕਲਾਂ ਦੀ ਵਰਤੋਂ ਘਟਾਈ ਜਾਵੇ |

ਸਾਰ : ਵਧਦਾ ਹਵਾ ਪ੍ਰਦੂਸ਼ਣ ਮਨੁੱਖੀ ਹੋਂਦ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ | ਜੇ ਭੈੜੀ ਮੌਤ ਨਹੀਂ ਮਰਨਾ ਤਾਂ ਹਰ ਹਾਲ ਜੰਗਲ ਬਚਾਉਣੇ ਪੈਣੇ ਹਨ | ਵੱਧ ਦਰੱਖ਼ਤ ਲਾ ਕੇ ਹੀ ਹਵਾ ਸਾਫ਼ ਕੀਤੀ ਜਾ ਸਕਦੀ ਹੈ | ਕੁਦਰਤੀ ਜੰਗਲ ਬਚਾਉਣੇ ਹੀ ਸਮੇਂ ਦੀ ਮੁੱਖ ਲੋੜ ਹੈ | ਪਲਾਸਟਿਕ ਤੋਂ ਤੌਬਾ ਕਰਨੀ ਹੀ ਪੈਣੀ ਹੈ | ਜੇ ਸਾਡੇ ਵੱਡੇ ਵਡੇਰੇ ਏਨੀ ਸੋਹਣੀ ਦੁਨੀਆਂ ਸਾਡੇ ਲਈ ਛੱਡ ਕੇ ਗਏ ਸਨ ਤਾਂ ਸਾਨੂੰ ਕੀ ਹੱਕ ਹੈ ਕਿ ਅਸੀਂ ਅਪਣੇ ਬੱਚਿਆਂ ਕੋਲੋਂ ਉਨ੍ਹਾਂ ਦੇ ਸਾਹ ਖੋਹ ਲਈਏ? ਬਸ ਏਨਾ ਯਾਦ ਰੱਖਣ ਦੀ ਲੋੜ ਹੈ, ਜੰਗਲ ਖ਼ਤਮ ਕਰਨ ਦਾ ਮਤਲਬ ਹੈ, ਅਪਣੀਆਂ ਪੁਸ਼ਤਾਂ ਦਾ ਨਾਸ ਮਾਰਨਾ! ਇਹ ਲੇਖ ਲਿਖਣ ਦੀ ਲੋੜ ਇਸ ਲਈ ਪਈ ਕਿਉਂਕਿ ਹੁਣ ਤਾਂ ਮੰਤਰੀ ਤਕ ਦਰੱਖ਼ਤ ਵੱਢਣ ਨੂੰ  ਤੁਰ ਪਏ ਹੋਏ ਹਨ (ਖ਼ਬਰਾਂ ਅਨੁਸਾਰ) | ਆਮ ਲੋਕਾਂ ਨੂੰ  ਹੀ ਰਲ ਕੇ ਦਰੱਖ਼ਤ ਬਚਾਉਣ ਲਈ ਹੰਭਲਾ ਮਾਰਨਾ ਪੈਣਾ ਹੈ |

ਡਾ. ਹਰਸ਼ਿੰਦਰ ਕੌਰ
28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ | ਫ਼ੋਨ : 0175-2216783 

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement