
ਇਕ ਲਾਹੀਏ ਜੇ ਕਾਟੋ ਤਾਂ ਚੜ੍ਹੇ ਦੂਜੀ, ਸਭੇ ਕਾਟੋਆਂ ਅੰਬੀਆਂ ਟੁਕਦੀਆਂ ਨੇ........
ਇਕ ਲਾਹੀਏ ਜੇ ਕਾਟੋ ਤਾਂ ਚੜ੍ਹੇ ਦੂਜੀ, ਸਭੇ ਕਾਟੋਆਂ ਅੰਬੀਆਂ ਟੁਕਦੀਆਂ ਨੇ,
ਕਾਲੀ ਗਈ ਸਰਕਾਰ ਤਾਂ ਆਈ ਚਿੱਟੀ, ਦੋਵੇਂ ਭੈੜੀਆਂ ਸਾਨੂੰ ਹੀ ਲੁਟਦੀਆਂ ਨੇ,
ਫੱਲ ਚੂੰਡ ਲੈ ਜਾਂਦੇ ਇਹ ਝੱਟ ਬਾਂਦਰ, ਜਦੋਂ ਕਦੇ ਵੀ ਟਾਹਣੀਆਂ ਝੁਕਦੀਆਂ ਨੇ,
ਵੋਟ ਪਾਈ ਸੀ ਲਗੇਗੀ ਮਰ੍ਹਮ ਜ਼ਖ਼ਮੀ, ਮੁੜ ਫਿਰ ਇਹ ਲੂਣ ਹੀ ਭੁਕਦੀਆਂ ਨੇ,
ਅਰਜ਼ ਕਰਾਂ ਕੀ ਬੇਦਰਦੀ ਹਾਕਮਾਂ ਨੂੰ, ਪੱਥਰ ਚੱਟੀਏ ਤਾਂ ਜੀਭਾਂ ਦੁਖਦੀਆਂ ਨੇ,
ਸੋਚ ਬਦਲਵੀਂ ਜਦੋਂ ਵੀ ਕਦੇ ਸੋਚਦੇ ਹਾਂ, ਮੇਖਾਂ 'ਬੀਰ' ਦੇ ਮੱਥੀਂ ਫਿਰ ਠੁਕਦੀਆਂ ਨੇ।
-ਸੁਖਪਾਲ ਸਿੰਘ ਬੀਰ, ਸੰਪਰਕ : 98725-50222