
ਪਿੱਪਲੀਂ ਪੀਘਾਂ ਪਾਉਣ ਦਾ, ਆਇਆ ਮਹੀਨਾ ਸਾਉਣ ਦਾ।
ਆਇਆ ਮਹੀਨਾ ਸਾਉਣ ਦਾ,
ਬਈ ਆਇਆ ਮਹੀਨਾ ਸਾਉਣ ਦਾ,
ਪਿੱਪਲੀਂ ਪੀਘਾਂ ਪਾਉਣ ਦਾ,
ਆਇਆ ਮਹੀਨਾ ਸਾਉਣ ਦਾ।
ਸਹੁਰਿਉਂ ਕੁੜੀਆਂ ਪੇਕੇ ਆਈਆਂ,
ਮੋਹ ਮੁਹੱਬਤਾਂ ਦਿਲ ਵਿਚ ਛਾਈਆਂ,
ਇਕ ਦੂਜੀ ਨੂੰ ਦੇਣ ਵਧਾਈਆਂ,
ਰਲਮਿਲ ਤ੍ਰਿੰਝਣ ਲਾਉਣ ਦਾ,
ਆਇਆ ਮਹੀਨਾ ਸਾਉਣ ਦਾ।
ਪੈਲਾਂ ਪਾਉਂਦੇ ਮੋਰ ਨਚਦੇ,
ਨੰਗ-ਧੜੰਗੇ ਬਾਲ ਨਠਦੇ,
ਬੁੱਲ੍ਹਾਂ ਉਤੇ ਬੋਲ ਸੱਚ ਦੇ,
ਚਾਅ ਮੀਂਹ ਦੇ ਵਿਚ ਨਹਾਉਣ ਦਾ,
ਆਇਆ ਮਹੀਨਾ ਸਾਉਣ ਦਾ।
ਪਿੜਾਂ ਵਿਚ ਨੇ ਪੈਂਦੇ ਗਿੱਧੇ,
ਜੋ ਚਾਵਾਂ ਦੇ ਨਾਲ ਨੇ ਭਿੱਜੇ,
ਚੁੱਲ੍ਹਿਆਂ ਉਤੇ ਖੀਰ ਪਈ ਰਿੱਝੇ,
ਨਾਲ ਪੂੜੇ ਪਕਾਉਣ ਦਾ,
ਆਇਆ ਮਹੀਨਾ ਸਾਉਣ ਦਾ।
ਨਿੱਕੀਆਂ ਨਿੱਕੀਆਂ ਪੈਣ ਫੁਹਾਰਾਂ,
ਹਰ ਪਾਸੇ ਖਿੜੀਆਂ ਗੁਲਜ਼ਾਰਾਂ,
ਡੱਡੂ ਵੀ ਨੇ ਲਾਉਂਦੇ ਟਾਰਾਂ,
ਰਲ ਕੇ ਖ਼ੁਸ਼ੀ ਮਨਾਉਣ ਦਾ,
ਆਇਆ ਮਹੀਨਾ ਸਾਉਣ ਦਾ।
ਬੂਟਾ ਕੁਦਰਤ ਤੋਂ ਬਲਿਹਾਰੇ,
ਜਿਸ ਨੇ ਸਾਜੇ ਮੌਸਮ ਸਾਰੇ,
ਗੁਰਬਾਣੀ ਵੀ ਸੰਦੇਸ਼ ਪੁਕਾਰੇ,
ਰੱਬ ਦਾ ਸ਼ੁਕਰ ਮਨਾਉਣ ਦਾ,
ਆਇਆ ਮਹੀਨਾ ਸਾਉਣ ਦਾ,
ਬਈ ਆਇਆ ਮਹੀਨਾ ਸਾਉਣ ਦਾ।
-ਬੂਟਾ ਗ਼ੁਲਾਮੀ ਵਾਲਾ,
ਸੰਪਰਕ : 94171-97395