
Poem : ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ
Poem : ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ
ਕਿਲ੍ਹੇ ਗਵਾਲੀਅਰ ਵਿਚੋਂ ਜਿਨ੍ਹਾਂ ਨੂੰ ਛੁਡਵਾਇਆ ਸੀ,
ਛੇਵੇਂ ਪਾਤਸ਼ਾਹ ਪਹਾੜੀਆਂ ਤਾਈਂ ਬਚਾਇਆ ਸੀ।
ਹਿੰਦੂ ਰਾਜਿਆਂ ਤਾਈਂ ਘਰੀਂ ਪਹੁੰਚਾਇਆ ਸੀ,
ਉਨ੍ਹਾਂ ਦੇ ਹੀ ਵਾਰਿਸ ਦਗ਼ਾ ਕਮਾ ਬੈਠੇ।
ਅਨੰਦਪੁਰ ਸਾਹਿਬ ਕਿਲੇ੍ਹ ਨੂੰ ਘੇਰਾ ਪਾ ਬੈਠੇ,
ਔਰੰਗਜ਼ੇਬ ਨੇ ਤਿਲਕ ਜਨੇਊ ਲਾਹੇ ਸੀ।
ਫ਼ਰਿਆਦ ਲੈ ਕੇ ਕਸ਼ਮੀਰ ਦੇ ਪੰਡਿਤ ਆਏ ਸੀ,
ਨੌਂ ਕੁ ਸਾਲ ਦੇ ਅਜੇ ਗੋਬਿੰਦ ਰਾਏ ਸੀ।
ਜਿਨ੍ਹਾਂ ਲਈ ਗੁਰੂ ਤੇਗ਼ ਬਹਾਦਰ ਸੀਸ ਲੁਹਾਇਆ ਸੀ,
ਹਿੰਦੂ ਪਹਾੜੀ ਰਾਜਿਆਂ ਨੇ ਹੀ ਦਗ਼ਾ ਕਮਾਇਆ ਸੀ।
ਦਿੱਲੀ ਦੱਖਣੋਂ ਮੁਗ਼ਲ ਫ਼ੌਜਾਂ ਸੀ ਚੜ੍ਹ ਕੇ ਆ ਗਈਆਂ ,
ਪਹਾੜੀ ਰਾਜਿਆਂ ਅਪਣੀਆਂ ਫ਼ੌਜਾਂ ਵਿਚ ਮਿਲਾ ਲਈਆਂ।
ਹਾਥੀ ਘੋੜੇ ਵਾਲੀਆਂ ਟੁਕੜੀਆਂ ਅੱਗੇ ਲਾ ਲਈਆਂ,
ਦਸ ਲੱਖ ਫ਼ੌਜ ਨੇ ਦਸ ਮੀਹਨੇ ਸੀ ਘੇਰਾ ਪਾ ਰਖਿਆ।
ਰਾਸ਼ਨ ਪਾਣੀ ਅੰਦਰ ਜਾਣਾ ਬੰਦ ਕਰਾ ਰਖਿਆ,
ਸਤਿਗੁਰਾਂ ਦੇ ਪ੍ਰਵਾਰ ਨਾਲ ਸਿੰਘ ਬਹੁਤ ਹੀ ਥੋੜੇ ਸੀ।
ਮਾਤਾ ਜੀ ਤੇ ਮਹਲ ਗੁਰਾਂ ਦੇ ਦੋ ਲਾਲਾਂ ਦੇ ਜੋੜੇ ਸੀ,
ਦੁਸ਼ਮਣ ਦੇ ਕਈ ਹਮਲਿਆਂ ਦੇ ਸਿੰਘਾਂ ਮੂੰਹ ਮੋੜੇ ਸੀ।
ਜੋ ਸੀ ਅੱਗੇ ਵਧਦਾ ਸਤਿਗੁਰ ਤੀਰ ਸੀ ਬਖ਼ਸ਼ ਦਿੰਦੇ,
ਸਿੰਘ ਸੂਰਮੇ ਤੇਗ਼ਾਂ ਦੇ ਨਾਲ ਪਲ ਵਿਚ ਝਟਕ ਦਿੰਦੇ।
ਚੱਲੀ ਨਾ ਜਦ ਪੇਸ਼ ਧਰਮ ਦੀਆਂ ਕਸਮਾਂ ਖਾਣ ਲੱਗੇ,
ਹਿੰਦੂ ਰਾਜੇ ਆਟੇ ਦੀਆਂ ਫਿਰ ਗਊਆਂ ਬਨਾਣ ਲੱਗੇ।
ਮੁਸਲਿਮ ਹਾਕਮ ਕੁਰਾਨ ਸ਼ਰੀਫ਼ ਤੇ ਹੱਥ ਟਿਕਾਣ ਲੱਗੇ,
ਅਨੰਦਪੁਰ ਸਾਹਿਬ ਦਾ ਕਿਲ੍ਹਾ, ਆਖਦੇ ਖ਼ਾਲੀ ਕਰ ਦਿਓ ਜੀ।
ਪਿੱਛਾ ਨਹੀਂ ਅਸੀਂ ਕਰਦੇ ਕੇਰਾਂ ਹਾਮੀ ਭਰ ਦਿਉ ਜੀ,
ਧਰਮੀ ਸਤਿਗੁਰ ਕਿਲੇ੍ਹ ਨੂੰ ਖ਼ਾਲੀ ਕਰ ਕੇ ਚੱਲ ਪਏ ਸੀ।
ਅਨੰਦਪੁਰੀ ਤੋਂ ਸਰਸਾ ਨਦੀ ਕਿਨਾਰੇ ਵਲ ਗਏ ਸੀ,
ਪਿੱਛੇ ਪਿੱਛੇ ਮੁਗ਼ਲ ਫ਼ੌਜਾਂ ਨੇ ਘੋੜੇ ਠੱਲ੍ਹ ਲਏ ਸੀ।
ਖਾਧੀਆਂ ਕਸਮਾਂ ਪਲਾ ਦੇ ਵਿਚ ਭੁਲਾ ਕੇ ਬਹਿ ਗਏ ਨੇ,
‘ਗਿੱਲ ਮਲਕੀਤ’ ਆ ਸਰਸਾ ਉੱਤੇ ਵਿਛੋੜੇ ਪੈ ਗਏ ਨੇ।
- ਮਲਕੀਤ ਸਿੰਘ ਗਿੱਲ (ਭੱਠਲਾਂ)
ਮੋਬਾ : 94174-90943