
Social Media Reels Poem: ਰੀਲੋ ਰੀਲੀ ਹੋਈ ਦੁਨੀਆਂ, ਕੰਮ ਕਰੇ ਨਾ ਕੋਈ ਦੁਨੀਆਂ।
ਰੀਲੋ ਰੀਲੀ ਹੋਈ ਦੁਨੀਆਂ, ਕੰਮ ਕਰੇ ਨਾ ਕੋਈ ਦੁਨੀਆਂ।
ਕੋਲ ਬੈਠੇ ਨੂੰ ਨਾ ਬੁਲਾਵੇ, ਕੱਲਮ ਕੱਲੀ ਹੱਸੀ ਜਾਵੇ।
ਦਿਸੇ ਜ਼ਮੀਰੋ ਮੋਈ ਦੁਨੀਆਂ, ਰੀਲੋ ਰੀਲੀ ਹੋਈ ਦੁਨੀਆਂ।
ਸਮਾਜ ਦਾ ਫਿਕਰ ਨਾ ਭੋਰਾ, ਭਵਿੱਖ ਦਾ ਕਰਦੀ ਨਾ ਝੋਰਾ।
ਫ਼ੋਨ ’ਚ ਲੱਭੇ ਢੋਈ ਦੁਨੀਆਂ। ਰੀਲੋ ਰੀਲੀ ਹੋਈ ਦੁਨੀਆਂ।
ਬੱਚੇ ਨਾ ਬਿਲਕੁਲ ਵੀ ਪੜ੍ਹਦੇ, ਫ਼ੋਨ ਲਈ ਆਪੋ ਵਿਚ ਲੜਦੇ।
ਹੈ ਸਕਰੀਨ ’ਚ ਖੋਈ ਦੁਨੀਆਂ, ਰੀਲੋ ਰੀਲੀ ਹੋਈ ਦੁਨੀਆਂ।
ਕਿੰਝ ਦਾ ਇਹ ਜ਼ਮਾਨਾ ਆਇਆ, ਬਸ ਪੈਸਾ ਹੀ ਮੁੱਖ ਬਣਾਇਆ।
‘ਲੱਡੇ’ ਲਾਹ ਰਹੀ ਲੋਈ ਦੁਨੀਆਂ, ਰੀਲੋ ਰੀਲੀ ਹੋਈ ਦੁਨੀਆਂ।
- ਜਗਜੀਤ ਸਿੰਘ ਲੱਡਾ, (ਸੰਗਰੂਰ)। ਮੋਬਾ : 98555-31045