
Poem: ਕਦਰ ਤਾਂ ਪੈਜੂ ਆਪੇ ਤੇਰੀਆਂ ਲਿਖਤਾਂ ਦੀ, ਜੋ ਕੁੱਝ ਕਹਿਣੈਂ ਕਲਮ ਦੇ ਰਾਹੀਂ ਕਹਿ ਸਜਣਾ।
Poem: ਸਨਮਾਨਾਂ ਪਿੱਛੇ ਬਹੁਤਾ ਮਿੱਤਰਾ ਭੱਜੀਂ ਨਾ, ਇਨਸਾਨੀਅਤ ਨਾਤੇ ਸੱਚ ਤੂੰ ਲਿਖਦਾ ਰਹਿ ਸਜਣਾ।
ਕਦਰ ਤਾਂ ਪੈਜੂ ਆਪੇ ਤੇਰੀਆਂ ਲਿਖਤਾਂ ਦੀ, ਜੋ ਕੁੱਝ ਕਹਿਣੈਂ ਕਲਮ ਦੇ ਰਾਹੀਂ ਕਹਿ ਸਜਣਾ।
ਸਚਾਈ ਲਿਖਣੀ ਬੇਸ਼ੱਕ ਔਖੀ ਬਹੁਤ ਹੁੰਦੀ, ਹੌਸਲੇ ਨਾਲ ਤੂੰ ਇਸੇ ਰਾਹੇ ਪੈ ਸਜਣਾ।
ਉਂਝ ਸਚਾਈ ਵਾਲਾ ਕੰਡਿਆਂ ਭਰਿਆ ਰਾਹ ਹੁੰਦਾ, ਹੈ ਕੁਦਰਤ ਵਲੋਂ ਇਹ ਫ਼ੈਸਲਾ ਤਹਿ ਸਜਣਾ।
ਸਚਾਈ ਦੀ ਹੀ ਆਖ਼ਿਰ ਨੂੰ ਹੈ ਜਿੱਤ ਹੋਣੀ, ਬੁਰਾਈ ਕੋਲੋਂ ਸੱਚ ਨੀ ਸਕਦਾ ਢਹਿ ਸਜਣਾ।
ਕਦੇ ਕਹਿ ਕਹਿ ਕੇ ਤੂੰ ਝੋਲੀ ਮਾਣ ਪਵਾਈਂ ਨਾ, ਕਰੜੇ ਦਿਲ ਨਾਲ ਫ਼ੈਸਲਾ ਇਹੇ ਲੈ ਸਜਣਾ।
ਜੇ ਲਿਖਤਾਂ ਦੇ ਵਿਚ ਦਮ ਹੋਇਆ ਤਾਂ ਯਾਦ ਰੱਖੀਂ, ਝੜੀ ਲੱਗੂ ਸਨਮਾਨਾਂ ਦੀ ਇਹ ਤਹਿ ਸਜਣਾ।
ਗੱਲ ਦੱਦਾਹੂਰੀਏ ਦੀ ਤੂੰ ਪੱਲੇ ਬੰਨ੍ਹ ਲਵੀਂ, ਡੁਲ੍ਹ ਨਾ ਜਾਈਂ ਭਾਵੇਂ ਦਿੰਦਾ ਰਹੇ ਕੋਈ ਸ਼ਹਿ ਸਜਣਾ।
- ਜਸਵੀਰ ਸ਼ਰਮਾ ਦੱਦਾਹੂਰ , ਸ੍ਰੀ ਮੁਕਤਸਰ ਸਾਹਿਬ। ਮੋ : 95691-49556