
Poem: ਅੰਦਰ ਹੋਇਆ ਹਨ੍ਹੇਰ ਮਿਟਾਈਏ ਸਾਰੇ ਹੀ।
Poem: ਜਗਮਗ ਜਗਮਗ ਦੀਪ ਜਗਾਈਏ ਸਾਰੇ ਹੀ,
ਅੰਦਰ ਹੋਇਆ ਹਨ੍ਹੇਰ ਮਿਟਾਈਏ ਸਾਰੇ ਹੀ।
ਰਾਮ ਨਾਮ ਤੋਂ ਕਰਦੇ ਹਾਂ ਸ਼ੁਰੂਆਤ ਨਵੀਂ,
ਸੀਤਾ ਰਾਮ ਦੀ ਮਹਿਮਾ ਗਾਈਏ ਸਾਰੇ ਹੀ।
ਦਹਿਸ਼ਤ-ਗਰਦੀ, ਜੰਗਾਂ ਤੋਂ ਕੀ ਖੱਟਣਾ ਏ?
ਦੁਨੀਆਂ ਦੇ ਵਿਚ ਪਿਆਰ ਫੈਲਾਈਏ ਸਾਰੇ ਹੀ।
ਕੁਦਰਤ ਨੇ ਦਿਤੇ ਨੇ ਤੋਹਫ਼ੇ ਲੱਖਾਂ ਹੀ,
ਕੁਦਰਤ ਦਾ ਉਪਕਾਰ ਮਨਾਈਏ ਸਾਰੇ ਹੀ।
ਵਾਤਾਵਰਣ ਬਚਾਉਣਾ ਬਹੁਤ ਜ਼ਰੂਰੀ ਹੈ,
ਅੱਗ ਨਾ ਲਾਈਏ, ਬੂਟੇ ਲਾਈਏ ਸਾਰੇ ਹੀ।
ਨਸ਼ਿਆਂ ਨੇ ਪੁੱਤ ਕਿੰਨੇ ਖਾ ਲਏ ਮਾਵਾਂ ਦੇ,
ਨਸ਼ਿਆਂ ਦਾ ਇਹ ਜ਼ਹਿਰ ਮੁਕਾਈਏ ਸਾਰੇ ਹੀ।
ਇੰਸਟਾ ਦੇ ਚੱਕਰਾਂ ਵਿਚ ਲੀੜੇ ਨਾ ਲਾਹੋ,
ਧੀਆਂ ਨੂੰ ਸੰਸਕਾਰ ਦਿਵਾਈਏ ਸਾਰੇ ਹੀ।
ਇਸ ਨੂੰ ਸਭਿਅਤਾ ਦਾ ਝੂਲਾ ਕਹਿੰਦੇ ਨੇ,
ਅਪਣਾ ਸਭਿਆਚਾਰ ਬਚਾਈਏ ਸਾਰੇ ਹੀ।
ਮਾਯੂਸੀ ਦੇ ਬੱਦਲ ਕਿਧਰੇ ਦਿਸਣ ਨਾ,
ਹਾਸਿਆਂ ਦੇ ਨਾਲ ਘਰ ਰੁਸ਼ਨਾਈਏ ਸਾਰੇ ਹੀ।
ਸਰਹੱਦਾਂ ਦੇ ਝਗੜੇ ਝੇੜੇ ਨਾ ਹੋਵਣ,
ਜਿਧਰ ਮਰਜ਼ੀ ਆਈਏ ਜਾਈਏ ਸਾਰੇ ਹੀ।
ਮਾਤਾ ਪਿਤਾ ਨੂੰ ਪੈਸਾ ਨਹੀਂ ਜੇ,ਵਕਤ ਦਿਉ,
ਜਿਨ੍ਹਾਂ ਹੋਵੇ ਵਕਤ ਬਿਤਾਈਏ ਸਾਰੇ ਹੀ।
ਰਿਸ਼ਤੇ ਫੁੱਲਾਂ ਵਰਗੇ ਹੁੰਦੇ ਨੇ ‘ਗੁਰਮੀਤ’,
ਨਾਲ ਮੁਹੱਬਤ ਦੇ ਨਿਭਾਈਏ ਸਾਰੇ ਹੀ।
- ਗੁਰਮੀਤ ਸਿੰਘ, ਪਠਾਨਕੋਟ
9622081262