
ਦੇਸ਼ ਦੀ ਕਿਸਮਤ
ਰਾਤੀ ਦੇਸ਼ ਦੀ ਕਿਸਮਤ ਮੇਰੇ ਸੁਪਨੇ ਦੇ ਵਿਚ ਆਈ, ਅੱਖੀਆਂ 'ਚ ਅੱਥਰੂ ਭਰ ਕੇ ਲੱਗੀ ਦੇਣ ਦੁਹਾਈ।
ਦੋ ਸਦੀਆਂ ਤੋਂ ਪਿਛੋਂ ਮੇਰੇ ਗੱਲ ਤੋਂ ਲਹੀ ਗ਼ੁਲਾਮੀ, ਕੁੱਝ ਸਪੁੱਤਰਾਂ ਮੇਰੀ ਖ਼ਾਤਰ ਵਾਰੀ ਸੀ ਜ਼ਿੰਦਗਾਨੀ।
ਸ਼ਾਤਰ ਲੋਕਾਂ ਮੇਰੇ ਜਿਸਮ ਦੇ ਕਰ ਦਿਤੇ ਦੋ ਟੋਟੇ, ਕੀ ਪਤਾ ਸੀ ਭਾਗ ਮੇਰੇ ਤਾਂ ਸਦਾ ਹੀ ਰਹਿਣੇ ਖੋਟੇ।
ਅਪਣਿਆਂ ਵੀ ਕਸਰ ਨਾ ਛੱਡੀ ਗ਼ੈਰਾਂ ਨੂੰ ਕੀ ਕੋਸਾਂ, ਚਿੱਟਕਪੜੀਏ ਕਾਫ਼ਰ ਮੈਨੂੰ ਚਿੰਬੜੇ ਵਾਂਗਰ ਜੋਕਾਂ।
ਕੁੱਲੀ, ਗੁੱਲੀ ਤੇ ਜੁਲੀ ਦੇ ਮਸਲੇ ਅਜੇ ਵਿਚਾਲੇ, ਸੱਤਰ ਸਾਲਾਂ ਤੋਂ ਉਥੇ ਦੇ ਉਥੇ ਨੇ ਪਰਨਾਲੇ,।
ਮੈਂ ਖ਼ੁਦ ਅੱਖਾਂ ਸਾਹਵੇਂ ਨਿੱਤ ਇਨਸਾਫ਼ ਸਹਿਕਦਾ ਵੇਖਾਂ, ਕਰਮਾਂ ਮਾਰੀ ਮੁੱਢੋਂ ਮੈਂ ਨਹੀਂ ਵੇਖਿਆ, ਸੁਖ ਅਪਣੇ ਲੇਖਾਂ।
ਭਾਰਤ ਮਹਾਨ ਜੋ ਕਹਿੰਦੇ ਕਿਹੜੇ ਮੂੰਹ ਨਾਲ ਬੋਲਣ, ਉਹ ਫਿਰ ਕੌਣ ਨੇ ਜਿਹੜੇ ਅੱਜ ਵੀ ਢਿੱਡ ਲਈ ਰੂੜੀਆਂ ਫੋਲਣ।
ਆਜ਼ਾਦੀ ਦੇ ਮਾਇਨੇ ਮੈਨੂੰ ਅਜੇ ਸਮਝ ਨਹੀਂ ਆਏ, ਦਿਸਦਾ ਨਹੀਂ ਕੋਈ ਜਿਹੜਾ ਮੇਰੀ ਲੁਟਦੀ ਪੱਤ ਬਜਾਏ।
'ਸੋਨੀ' ਭਾਵੇਂ ਸੀ ਇਹ ਤਾਂ ਇਕ ਖ਼ੁਆਬ, ਪਰ ਸਾਰੇ ਇਹ ਸਵਾਲ ਅਸਾਥੋਂ ਮੰਗਦੇ ਪਏ ਜਵਾਬ।
-ਸੋਨੀ ਡੂਮਛੇੜੀ, ਸੰਪਰਕ : 94636-96740