
ਸਾਲ ਬੀਤਦਾ ਹੈ ਤਾਂ ਰਸਮੀ ਝਾਤ ਜ਼ਰੂਰ ਮਾਰ ਲਈ ਜਾਂਦੀ ਹੈ। ਕੁੱਝ ਨਵੇਂ ਸੁਪਨੇ ਵੇਖਣ ਵਿਖਾਉਣ ਦਾ ਯਤਨ ਕੀਤਾ ਜਾਂਦਾ ਹੈ
ਈਮਾਨਦਾਰ ਆਤਮ ਪੜਚੋਲ ਤਰੱਕੀ ਦੀ ਅਜਿਹੀ ਪੌੜੀ ਹੁੰਦੀ ਹੈ ਜਿਸ ਤੇ ਚੜ੍ਹਨ ਦਾ ਕਦੇ ਪਛਤਾਵਾ ਨਹੀਂ ਹੁੰਦਾ। ਅਪਣੀ ਅਸਲੀਅਤ ਨੂੰ ਸਮਝਣਾ, ਔਗੁਣਾਂ ਤੋਂ ਮੁਕਤੀ ਤੇ ਗੁਣਾਂ ਲਈ ਦ੍ਰਿੜ੍ਹ ਸੰਕਲਪ ਹੀ ਜੀਵਨ ਅੰਦਰ ਸੂਰਜ ਦਾ ਚੜ੍ਹਨਾ ਹੈ ਨਹੀਂ ਤਾਂ ਹਨੇਰਾ ਹੀ ਹਨੇਰਾ ਹੈ। ਕੋਹਲੂ ਦੇ ਬਲਦ ਵਾਂਗ ਚੱਕਰ ਲਗਾਉਂਦਿਆਂ ਲਾਉਂਦਿਆਂ ਥੱਕ ਜਾਉ ਪਰ ਉੱਥੇ ਹੀ ਅਟਕੇ ਰਹੋ ਜਿਥੋਂ ਸਫ਼ਰ ਸ਼ੁਰੂ ਕੀਤਾ ਸੀ। ਰੱਬ ਦੀ ਬਣਾਈ ਸ੍ਰਿਸ਼ਟੀ ਵਿਚ ਸੂਰਜ ਹਰ ਦਿਨ ਚੜ੍ਹਦਾ ਹੈ। ਰਾਤ ਤੋਂ ਬਾਅਦ ਸਵੇਰ ਹੁੰਦੀ ਹੈ। ਪਰ ਮਨੁੱਖੀ ਜੀਵਨ ਵਿਚ ਸੂਰਜ ਚੜ੍ਹਨ ਦੇ ਮੌਕੇ ਵਿਰਲੇ ਹੀ ਆਉਂਦੇ ਹਨ।
ਸਾਲ ਬੀਤਦਾ ਹੈ ਤਾਂ ਰਸਮੀ ਝਾਤ ਜ਼ਰੂਰ ਮਾਰ ਲਈ ਜਾਂਦੀ ਹੈ। ਕੁੱਝ ਨਵੇਂ ਸੁਪਨੇ ਵੇਖਣ ਵਿਖਾਉਣ ਦਾ ਯਤਨ ਕੀਤਾ ਜਾਂਦਾ ਹੈ ਪਰ ਜੋ ਬੀਤ ਗਿਆ ਹੈ, ਉਸ ਤੋਂ ਸਬਕ ਲੈਣ ਦੀ ਕੋਈ ਜਾਇਜ਼ ਤਾਂਘ ਨਹੀਂ ਜਨਮ ਲੈਂਦੀ। ਮਨੁੱਖ ਹੋਵੇ, ਸਮਾਜ, ਦੇਸ਼ ਜਾਂ ਕੌਮ ਕੋਈ ਵੀ ਪੂਰਨ ਨਹੀਂ ਹੈ ਜਦੋਂ ਤਕ ਉਹ ਅਪਣਾ ਸੱਚ ਨਹੀਂ ਪਛਾਣਦਾ, ਪੂਰਨਤਾ ਵਲ ਨਹੀਂ ਵੱਧ ਸਕਦਾ। ਸਿੱਖ ਕੌਮ ਲਈ ਪੂਰਨਤਾ ਸੋਚ ਦਾ ਕੇਂਦਰ ਬਿੰਦੂ ਹੈ। ਧਰਮ ਮੰਡਲ ਅੰਦਰ ਸੱਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਹੀ ਪੂਰਨਤਾ ਦੀ ਗੱਲ ਕੀਤੀ ਸੀ, “ਪੂਰਨ ਪਰਮ ਜੋਤਿ ਪ੍ਰਮੇਸਰ ਪ੍ਰੀਤਮ ਪ੍ਰਾਣ ਹਮਾਰੇ॥’’
Guru Granth Sahib Ji
ਗੁਰੂ ਸਾਹਿਬ ਨੇ ਉਸ ਪ੍ਰਮਾਤਮਾ ਨਾਲ ਜੋੜਿਆ ਜੋ ਸੰਪੂਰਨ ਹੈ। ਗੁਰੂ ਨਾਨਕ ਸਾਹਿਬ ਦਾ ਸੰਕਲਪ ਸੀ ਕਿ ਆਮ ਮਨੁੱਖ ਵੀ ਉਸ ਪੂਰਨ ਸਵਰੂਪ ਦਾ ਅੰਗ ਬਣ ਜਾਏ। ‘ਹਰਿ ਕੇ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ॥’ ਸਿੱਖ ਬਣਨਾ ਪੂਰਨ ਪ੍ਰਮਾਤਮਾ ਦਾ ਦਾਸ ਬਣ, ਪੂਰਨ ਮਨੁੱਖ ਬਣਨਾ ਹੈ। ਭਾਈ ਗੁਰਦਾਸ ਜੀ ਨੇ ਸਿੱਖੀ ਨੂੰ ਨਿਰੋਲ ਤੇ ਅਡੋਲ ਦਸਿਆ ਹੈ। ਸਿੱਖ ਕੌਮ ਪੂਰਨ ਨਿਰਮਲਤਾ ਦੀ ਨੁਮਾਇੰਦਗੀ ਕਰਨ ਵਾਲੀ ਕੌਮ ਬਣ ਕੇ ਉਭਰੀ ਜਿਸ ਵਿਚ ਔਗੁਣਾਂ ਦੇ ਰਲੇਵੇਂ ਦੀ ਕੋਈ ਗੁੰਜਾਇਸ਼ ਨਹੀਂ ਸੀ। ਦਸਮ ਪਿਤਾ ਨੇ ਖ਼ਾਲਸਾ ਦੀ ਸਾਜਨਾ ਕਰ ਸਾਰੇ ਭਰਮ, ਸ਼ੰਕੇ ਦੂਰ ਕਰ ਦਿਤੇ।
Bhai Gurdas Ji
ਬੀਤੇ ਸਾਲਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੀਆਂ ਸ਼ਤਾਬਦੀਆਂ ਮਨਾਈਆਂ ਗਈਆਂ, ਇਸ ਵਿਚ ਕੌਮ ਦੀ ਕਾਫ਼ੀ ਤਾਕਤ, ਸਮਾਂ ਤੇ ਧਨ ਲੱਗਾ। ਬਹੁਤ ਚਰਚਾ ਰਹੀ ਪਰ ਕੋਈ ਦੱਸ ਸਕਦਾ ਹੈ ਕਿ ਕੌਮ ਨੂੰ ਕੀ ਪ੍ਰਾਪਤ ਹੋਇਆ? ਕੁੱਝ ਤਸਵੀਰਾਂ, ਕੁੱਝ ਤਕਰੀਰਾਂ ਤੇ ਕੁੱਝ ਸਨਮਾਨ, ਇਨ੍ਹਾਂ ਤੋਂ ਅਲਾਵਾ ਕੀ ਬਚਿਆ ਹੈ ਜਿਸ ਦਾ ਹਵਾਲਾ ਮਾਣ ਨਾਲ ਦਿਤਾ ਜਾ ਸਕੇ? ਗੁਰੂ ਸਾਹਿਬਾਨ ਦੇ ਉਪਦੇਸ਼ ਵਾਰ-ਵਾਰ ਦੁਹਰਾਏ ਗਏ ਪਰ ਕੀ ਕੌਮ ਦੀ ਨੁਹਾਰ ਬਦਲੀ? ਬਾਬਾ ਨਾਨਕ ਜੀ ਦੇ ਉਪਦੇਸ਼ ਸਾਰੀ ਮਨੁੱਖਤਾ ਲਈ ਸਨ ਪਰ ਲਗਦਾ ਹੈ ਸਿੱਖ ਕੌਮ ਖ਼ੁਦ ਹੀ ਨਹੀਂ ਧਾਰਨ ਕਰ ਸਕੀ। ਬਾਬਾ ਨਾਨਕ ਸਾਹਿਬ ਨੇ ਸੱਚ ਤੇ ਹੱਕ ਦੀ ਆਵਾਜ਼ ਬੁਲੰਦ ਕੀਤੀ, ਜੋ ਸੰਸਾਰ ਨੂੰ ਸੋਧਣ ਤੇ ਤਾਰਨ ਲਈ ਸੀ।
Sikh
ਸਿੱਖ ਕੌਮ ਅੰਦਰ ਹੀ ਇਨ੍ਹਾਂ ਦਾ ਘਾਟਾ ਨਜ਼ਰ ਆਉਂਦਾ ਹੈ। ਜਾਤ, ਬਿਰਾਦਰੀ, ਸੰਪਰਦਾ ਵਿਚ ਵੰਡੇ ਹੋਏ ਸਮਾਜ ਨੂੰ ਕਿਵੇਂ ਕਹਿ ਦਿਤਾ ਜਾਵੇ ਕਿ ਇਹ ਗੁਰੂ ਨਾਨਕ ਸਾਹਿਬ ਦਾ ਪੰਥ ਹੈ। ਨਾ ਸੱਚ ਰਿਹਾ ਨਾ ਹੱਕ ਲਈ ਖੜੇ ਹੋਣ ਦਾ ਬਲ। ਵਿਖਾਵੇ, ਅਡੰਬਰਾਂ ਦਾ ਬੋਲਬਾਲਾ ਪਿਛਲੇ ਸਾਲ ਵੀ ਰਿਹਾ। ਸ਼ਤਾਬਦੀਆਂ ਮਨਾਉਣ ਦੇ ਬਾਵਜੂਦ ਸਿੱਖ ਕੌਮ ਅੰਦਰ ਚੇਤਨਾ ਦੀ ਘਾਟ ਹੀ ਰਹੀ। ਬਾਬਾ ਨਾਨਕ ਸਾਹਿਬ ਤਾਂ ਪੂਰੇ ਸੰਸਾਰ ਦੇ ਤਾਰਣਹਾਰ ਸਨ ਪਰ ਅਸੀ ਇਹ ਹੀ ਨਹੀਂ ਸਾਬਤ ਕਰ ਸਕੇ ਕਿ ਅਸੀ ਬਾਬਾ ਨਾਨਕ ਸਾਹਿਬ ਦੇ ਸਿੱਖ ਹਾਂ ਜਿਨ੍ਹਾਂ ਸੱਚ ਤੇ ਧਰਮ ਲਈ “ਸਿਰੁ ਦੀਜੈ ਕਾਣਿ ਨ ਕੀਜੈ’’ ਦੀ ਆਵਾਜ਼ ਦਿਤੀ ਸੀ।
Sikhs
ਅਫ਼ਸੋਸ ਕਿ ਧਰਮ ਲਈ ਇਹ ਸਮਰਪਣ ਨਹੀਂ ਵਿਖਾਈ ਦਿੰਦਾ ਭਾਵੇਂ ਨਿਜੀ ਹਿਤਾਂ ਲਈ ਤਲਵਾਰਾਂ ਸਦਾ ਖਿਚੀਆਂ ਰਹਿਣ। ਇਹੋ ਕਾਰਨ ਹੈ ਕਿ ਸਿੱਖ ਕੌਮ ਅੱਜ ਬੇਵਸ ਮਹਿਸੂਸ ਕਰਦੀ ਹੈ। ਭਾਰਤ ਅੰਦਰ ਹੀ ਨਹੀਂ ਹੋਰਨਾਂ ਦੇਸ਼ਾਂ ਅੰਦਰ ਵੀ ਸਿੱਖਾਂ ਨਾਲ ਵਿਤਕਰੇ, ਹਿੰਸਾ ਤੇ ਜਬਰ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ। ਸਰਕਾਰਾਂ ਅੱਗੇ ਬੇਨਤੀਆਂ ਕਰਨੀਆਂ ਪਈਆਂ। ਕਿਧਰੇ ਨਿਆਂ ਮਿਲਿਆ, ਕਿਧਰੇ ਅਣਗੌਲਿਆ ਕਰ ਦਿਤਾ ਗਿਆ। ਸਿੱਖ ਅਪਣੀ ਇਕਜੁੱਟ ਤਾਕਤ ਦਾ ਅਹਿਸਾਸ ਕਰਾਉਣ ਵਿਚ ਨਾ-ਕਾਮਯਾਬ ਰਹੇ। ਵੱਖ-ਵੱਖ ਮਸਲਿਆਂ ਤੇ ਸਿੱਖਾਂ ਦੀ ਵੱਖ-ਵੱਖ ਸੋਚ ਤੇ ਵੰਡ ਨੇ ਹਾਸੋਹੀਣੀ ਸਥਿਤੀ ਪੈਦਾ ਕਰ ਦਿਤੀ। ਕੌਮ ਆਪਣਾ ਘਰ ਹੀ ਨਹੀ ਸੰਭਾਲ ਸਕੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬੀਤੇ ਸਾਲ ਵੀ ਭਖਦੀ ਰਹੀ ਸਿਆਸਤ ਨੇ ਸਿੱਖ ਕੌਮ ਦੀ ਛਵੀ ਨੂੰ ਬਹੁਤ ਨੁਕਸਾਨ ਪਹੁੰਚਾਇਆ।
Guru Granth Sahib Ji
ਹਰ ਸਟੇਜ ਤੇ ਸਿੱਖ ਕੌਮ ਦੀ ਚੜ੍ਹਦੀਕਲਾ ਦੀਆਂ ਗੱਲਾਂ ਹੁੰਦੀਆਂ ਹਨ ਪਰ ਹਕੀਕਤ ਵਿਚ ਕੌਮ ਦਾ ਸਵਰੂਪ ਬਣਨ ਦੀ ਥਾਂ ਵਿਗੜਿਆ ਹੀ ਜਾਪਦਾ ਹੈ। ਸੰਨ 2020 ਕੌਮ ਦੀ ਪ੍ਰੀਖਿਆ ਦਾ ਸਾਲ ਸੀ। ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਦੀਆਂ ਵੱਡੀਆਂ ਵੱਡੀਆਂ ਚਰਚਾਵਾਂ ਕਰਨ ਤੋਂ ਬਾਅਦ ਗੁਰੂ ਸਾਹਿਬਾਨ ਦੇ ਅਸਥਾਨਾਂ ਦੀ ਮਰਿਆਦਾ ਹੀ ਕਾਇਮ ਨਹੀਂ ਰੱਖੀ ਜਾ ਸਕੀ। ਸ੍ਰੀ ਹਰਿਮੰਦਰ ਸਾਹਿਬ ਤੇ ਵਰ੍ਹ ਰਹੀ ਬਾਬਾ ਨਾਨਕ ਸਾਹਿਬ, ਗੁਰੂ ਅਮਰਦਾਸ ਜੀ , ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟੀ ਕਿਉਂ ਨਹੀ ਵਿਖਾਈ ਦਿਤੀ? ਜਿਥੇ ਕਦਮ ਪੈਂਦਿਆਂ ਹੀ ਸੀਸ ਆਪ ਹੀ ਨਿਵ ਜਾਂਦਾ ਹੈ, ਦੋਵੇਂ ਹੱਥ ਜੁੜ ਜਾਂਦੇ ਹਨ ਤੇ ਮੁੱਖ ਤੋਂ ਧੰਨ ਗੁਰੂ ਰਾਮਦਾਸ ਜੀ ਸੁਭਾਵਕ ਹੀ ਨਿਕਲ ਪੈਂਦਾ ਹੈ।
SRI DARBAR SAHIB
ਉਸ ਪਾਵਨ ਅਸਥਾਨ ਤੇ ਧਰਨੇ, ਨਾਅਰੇਬਾਜ਼ੀ ਤੇ ਮਾਰ ਕੁਟਾਈ ਕਿਸ ਸਿੱਖੀ ਦੇ ਪ੍ਰਤੀਕ ਸਨ? ਮੁੱਦਾ ਕੋਈ ਵੀ ਸੀ, ਕਿੰਨਾ ਹੀ ਗੰਭੀਰ ਸੀ ਪਰ ਗੁਰ ਅਸਥਾਨ ਦੀ ਪਵਿੱਤਰਤਾ, ਮਰਿਆਦਾ ਭੰਗ ਕਰਨਾ ਕਿਸੇ ਵੀ ਹਾਲ ਵਿਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਜਿਸ ਪੁਨੀਤ ਅਸਥਾਨ ਦੇ ਦਰਸ਼ਨ, ਇਸ਼ਨਾਨ ਦੀ ਹਰ ਸਿੱਖ ਨਿੱਤ ਅਰਦਾਸ ਕਰਦਾ ਹੈ, ਉਸ ਦੀ ਮਹੱਤਾ ਅਪਣੀ ਹਉਮੈ ਤੇ ਜ਼ਿੱਦ ਅੱਗੇ ਵਿਸਾਰ ਦੇਣਾ ਹੀ ਪ੍ਰਗਟ ਕਰ ਗਿਆ ਕਿ ਸਿੱਖੀ ਲਈ ਕਿੰਨਾ ਸਮਰਪਣ ਹੈ।
ਨਵੇਂ ਸਾਲ ਵਿਚ ਤੇ ਆਉਣ ਵਾਲੇ ਸਾਲਾਂ ਵਿਚ ਸਿੱਖ ਕੌਮ ਨੂੰ ਪਾਵਨ ਅਸਥਾਨਾਂ ਦੀ ਮਰਿਆਦਾ ਬਾਰੇ ਸੁਚੇਤ ਤੇ ਸਖ਼ਤ ਹੋਣ ਬਾਰੇ ਪਰਿਪੱਕ ਸੋਚ ਉਸਾਰਨੀ ਪਵੇਗੀ। ਇਹ ਸਮਝਣਾ ਪਵੇਗਾ ਕਿ ਸ੍ਰੀ ਹਰਿਮੰਦਰ ਸਾਹਿਬ ਹੀ ਨਹੀਂ, ਕਿਸੇ ਵੀ ਗੁਰੂ ਘਰ ਵਿਚ ਜੇਕਰ ਕੁੱਝ ਮੰਦਭਾਗਾ ਵਰਤਦਾ ਹੈ, ਉਸ ਦਾ ਵਿਆਪਕ ਅਸਰ ਪੈਂਦਾ ਹੈ। ਸੋਸ਼ਲ ਮੀਡਿਆ ਦੇ ਯੁਗ ਵਿਚ ਖ਼ਬਰਾਂ ਮਿੰਟਾਂ ਅੰਦਰ ਦੁਨੀਆਂ ਦੇ ਇਕ ਕੋਨੇ ਤੋਂ ਦੂਜੇ ਕੋਨੇ ਤਕ ਜਾ ਪੁਜਦੀਆਂ ਹਨ। ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋ ਰਹੀ ਸੀ ਪਰ ਉਸ ਅਸਥਾਨ ਦੀ ਹੀ ਬੇਅਦਬੀ ਹੁੰਦੀ ਰਹੀ ਜਿਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਤੇ ਗੁਰਬਾਣੀ ਰਚੀ ਗਈ।
Guru Granth Sahib Ji
ਇਸ ਤੋਂ ਵੱਡਾ ਅਪਰਾਧ ਹੋਰ ਕੀ ਹੋ ਸਕਦਾ ਹੈ? ਭਵਿੱਖ ਲਈ ਇਸ ਬਾਰੇ ਕੋਈ ਪੱਕੀ ਵਿਵਸਥਾ ਕਰਨ ਦੀ ਲੋੜ ਹੈ। ਜੋ ਜਾਣਕਾਰੀਆਂ ਪਿਛਲੇ ਸਾਲ ਬਾਹਰ ਆਈਆਂ, ਉਨ੍ਹਾਂ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਸੱਭ ਕੁੱਝ ਠੀਕ ਠਾਕ ਨਹੀਂ ਚੱਲ ਰਿਹਾ। ਇਕ ਸਾਬਕਾ ਮੁੱਖ ਸਕੱਤਰ ਨੇ ਅਪਣੀ ਕਿਤਾਬ ਵਿਚ ਇਸ ਬਾਰੇ ਕਈ ਹਵਾਲੇ ਦਿਤੇ। ਸੱਚ ਜੋ ਹੈ, ਇਹ ਪੱਕੇ ਤੌਰ ਉਤੇ ਨਹੀਂ ਕਿਹਾ ਜਾ ਸਕਦਾ ਪਰ ਵਕਤ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਅਪਣੀ ਕਾਰਜ ਪ੍ਰਣਾਲੀ ਵਿਚ ਸੁਧਾਰ ਲਈ ਲੋੜੀਂਦੇ ਕਦਮ ਚੁੱਕਣ ਵਿਚ ਦੇਰ ਨਾ ਕਰੇ। ਕਾਰਜ ਸ਼ੈਲੀ ਨੂੰ ਪਾਰਦਰਸ਼ੀ ਬਣਾਉਣ ਲਈ ਕਮੇਟੀ ਦੇ ਦਫ਼ਤਰੀ ਕੰਮਕਾਜ ਦਾ ਆਟੋਮੇਸ਼ਨ ਲਾਹੇਵੰਦ ਹੋ ਸਕਦਾ ਹੈ।
SGPC
ਅੱਜ ਲਗਭਗ ਹਰ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ, ਹਰ ਸਿੱਖ ਸੰਸਥਾ ਅੰਦਰ ਵਿਵਾਦ ਹੈ। ਆਖ਼ਰ ਇਕ ਸੰਸਥਾ ਤਾਂ ਹੋਵੇ ਜੋ ਕਿਸੇ ਵੀ ਵਿਵਾਦ ਤੋਂ ਪਰੇ ਹੋਵੇ ਤੇ ਜਿਸ ਦਾ ਸਾਰੇ ਸਨਮਾਨ ਕਰਨ। ਆਉਣ ਵਾਲੇ ਸਮੇਂ ਵਿਚ ਸਿੱਖ ਪੰਥ ਦੀਆਂ ਦੋ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵੇਖਣ ਨੂੰ ਮਿਲਣਗੀਆਂ। ਕਈ ਸਿਆਸੀ ਦਲ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤੇ ਰਣਨੀਤੀ ਬਣਾਉਣ ਵਿਚ ਲੱਗੇ ਹੋਏ ਹਨ। ਸਿਆਸੀ ਦਲਾਂ ਦੀ ਦਿਲਚਸਪੀ ਤੇ ਦਖ਼ਲ ਦੀ ਕੋਸ਼ਿਸ਼ ਨੇ ਸਦਾ ਹੀ ਕੌਮ ਦੇ ਹਿਤਾਂ ਦਾ ਘਾਣ ਕੀਤਾ ਹੈ।
ਇਹ ਅਜਿਹਾ ਸਮਾਂ ਹੈ ਕਿ ਸਿੱਖ ਕੌਮ ਅੰਦਰ ਲੀਡਰਸ਼ਿਪ ਦਾ ਵੱਡਾ ਖ਼ਲਾਅ ਹੈ। ਸਿਆਸੀ ਦਲ ਇਸ ਦਾ ਫ਼ਾਇਦਾ ਚੁੱਕਣ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੂੰ ਦਖ਼ਲਅੰਦਾਜ਼ੀ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਪਰ ਇਨ੍ਹਾਂ ਸੰਸਥਾਵਾਂ ਦੇ ਵੋਟਰ ਜੇ ਜਾਗ ਜਾਣ ਤੇ ਅਪਣੇ ਇਕ-ਇਕ ਵੋਟ ਦੀ ਕੀਮਤ ਕੌਮ ਦੇ ਭਵਿੱਖ ਨਾਲ ਜੋੜ ਕੇ ਵੇਖਣ ਲਾਇਕ ਹੋ ਜਾਣ ਤਾਂ ਬਿਹਤਰ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ। ਇਸ ਲਈ ਆਮ ਸਿੱਖਾਂ, ਸਿੱਖ ਬੁਧੀਜੀਵੀਆਂ ਨੂੰ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
Sikhs
ਸਿੱਖ ਕੌਮ ਅੰਦਰ ਸਾਰੇ ਧਾਰਮਕ ਰੁਝਾਨ ਗੁਰਮਤਿ ਸਮਾਗਮਾਂ, ਨਗਰ ਕੀਰਤਨਾਂ, ਲੰਗਰਾਂ ਤਕ ਸੀਮਤ ਹੋ ਕੇ ਰਹਿ ਗਏ ਹਨ। ਮਹਾਨ ਕੌਮ ਦੇ ਮਹਾਨ ਆਦਰਸ਼ਾਂ ਨੂੰ ਤੰਗ ਦੀਵਾਰਾਂ ਵਿਚ ਕੈਦ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਨਮੋਲ ਸਿਖਿਆਵਾਂ ਦੀਆਂ ਕਥਾਵਾਂ, ਤਕਰੀਰਾਂ ਵਿਚ ਹਦਬੰਦੀ ਕਰ ਦਿਤੀ ਗਈ ਹੈ। ਗੁਰਬਾਣੀ ਦੀਆਂ ਸਿਖਿਆਵਾਂ ਨਾ ਸਿੱਖ ਦੇ ਜੀਵਨ ਅੰਦਰ ਪ੍ਰਗਟ ਹੋ ਰਹੀਆਂ ਹਨ, ਨਾ ਹੀ ਹੋਰ ਲੋਕਾਂ ਤਕ ਪੁੱਜ ਰਹੀਆਂ ਹਨ। ਗੁਰੂ ਸਾਹਿਬਾਨ ਦੇ ਜੀਵਨ ਬਾਰੇ ਵੀ ਸੰਸਾਰ ਅੰਦਰ ਜਾਣਕਾਰੀ ਦਾ ਘਾਟਾ ਹੈ।
ਸਿੱਖ ਪ੍ਰਵਾਰਾਂ ਅੰਦਰ ਹੀ ਗੁਰ ਇਤਿਹਾਸ ਤੇ ਗੁਰਬਾਣੀ ਦੀ ਚਰਚਾ ਨਹੀਂ ਹੁੰਦੀ। ਨਵੀਆਂ ਪੀੜ੍ਹੀਆਂ ਵਿਚ ਜਾਣਕਾਰੀ ਤੇ ਪ੍ਰੇਰਣਾ ਦੀ ਘਾਟ ਬਾਰੇ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ ਭਵਿੱਖ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਏਗਾ। ਗੁਰ ਇਤਿਹਾਸ ਤੇ ਗੁਰਬਾਣੀ ਜਨ-ਜਨ ਤਕ ਪੁਜਾਉਣ ਲਈ ਸੋਸ਼ਲ ਮੀਡੀਆ ਦੀ ਭਰਪੂਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਗੁਰੂ ਸਾਹਿਬਾਨ ਸੰਸਾਰ ਤਾਰਨ ਲਈ ਦਰ-ਦਰ ਗਏ ਤੇ ਘਰ-ਘਰ ਅੰਦਰ ਧਰਮਸਾਲ ਦੀ ਕਲਪਨਾ ਸਿਰਜੀ। ਇਸ ਸੋਚ ਦੇ ਪ੍ਰਸਾਰ ਦੀ ਜ਼ਿੰਮੇਵਾਰੀ ਹਰ ਸਿੱਖ ਦੀ ਹੈ। ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ, ਪੁਰਬ ਮਨਾ ਕੇ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ।
Langar
ਸੱਚ ਤੇ ਹੱਕ ਨੂੰ ਸਮਝਣ ਤੇ ਉਸ ਤੇ ਪਹਿਰਾ ਦੇਣ ਵਿਚ ਹੀ ਕੌਮ ਦਾ ਹਿੱਤ ਹੈ। ਸਿੱਖ ਕੌਮ ਦੀ ਚੜ੍ਹਦੀਕਲਾ ਦੇ ਸੁਪਨੇ ਖੁਲ੍ਹੀਆਂ ਅੱਖਾਂ ਨਾਲ ਵੇਖੇ ਜਾਣ। ਜਿਸ ਖ਼ਾਲਸਾ ਪੰਥ ਦੀ ਸਿਰਜਣਾ ਪੰਜ ਗੁਰੂ ਪਿਆਰਿਆਂ ਦੇ ਸੀਸ ਦਾਨ ਨਾਲ ਦਸਮ ਪਿਤਾ ਨੇ ਕੀਤੀ ਸੀ, ਉਸ ਦੇ ਨਿਰੋਲ ਤੇ ਅਲੌਕਿਕ ਚਾਨਣ ਨਾਲ ਪੂਰਾ ਸੰਸਾਰ ਜਗਮਗ ਹੋਣਾ ਚਾਹੀਦੇ ਤਾਂ ਹੀ ਅੰਮ੍ਰਿਤ ਦਾ ਰਿਣ ਉਤਾਰਿਆ ਜਾ ਸਕੇਗਾ। ਸਿੱਖ ਕੌਮ ਦੀ ਅੱਜ ਦੀ ਗੱਲ ਕਿਸਾਨ ਸੰਘਰਸ਼ ਬਿਨਾ ਪੂਰੀ ਨਹੀਂ ਹੋ ਸਕਦੀ। ਇਹ ਬੇਸ਼ਕ ਸਿੱਖ ਕੌਮ ਦਾ ਸੰਘਰਸ਼ ਨਹੀਂ ਪਰ ਇਸ ਦਾ ਆਗ਼ਾਜ਼ ਪੰਜਾਬ ਤੋਂ ਹੋਣ ਕਾਰਨ ਇਸੇ ਸਿੱਖੀ ਰਵਾਇਤਾਂ ਦਾ ਪੂਰਾ ਅਸਰ ਵੇਖਣ ਨੂੰ ਮਿਲਿਆ। ਸਿੱਖ ਕਿਸਾਨਾਂ ਨੇ ਸਾਬਤ ਕੀਤਾ ਕਿ ਉਹ ਸ਼ਾਂਤਮਈ ਤੇ ਤਰਕ ਪੂਰਨ ਢੰਗ ਨਾਲ ਅਪਣੀ ਸੋਚ ਪ੍ਰਗਟ ਕਰ ਸਕਦੇ ਹਨ ਤੇ ਸੋਚ ਤੇ ਪਹਿਰਾ ਦੇਣਾ ਵੀ ਜਾਣਦੇ ਹਨ।
Farmer
ਸਿੱਖ ਕਿਸਾਨਾਂ ਦਾ ਢੰਗ ਕਿਸਾਨ ਸੰਘਰਸ਼ ਦੀ ਪਛਾਣ ਬਣ ਗਿਆ ਹੈ ਤੇ ਹੋਰ ਸੂਬਿਆਂ ਦੇ ਕਿਸਾਨ ਵੀ ਇਸੇ ਰਾਹ ਤੁਰ ਪਏ ਹਨ। ਸਿੱਖ ਨੌਜੁਆਨ ਬੜੇ ਸਬਰ ਨਾਲ ਵੱਖਵਾਦੀ ਹੋਣ ਦੇ ਦੋਸ਼ਾਂ ਦਾ ਮੀਡੀਆ ਵਿਚ ਜਵਾਬ ਦੇ ਰਹੇ ਹਨ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਪੂਰਾ ਭਾਰਤ ਹੀ ਸਾਡਾ ਹੈ, ਭਵਿੱਖ ਬਾਰੇ ਚੰਗੇ ਸੰਕੇਤ ਦੇਣ ਵਾਲਾ ਹੈ। ਸਹਿਜ ਤੇ ਸੰਜਮ ਨਾਲ ਹੀ ਸ਼ਕਤੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ ਤੇ ਪ੍ਰਾਪਤੀਆਂ ਹੁੰਦੀਆਂ ਹਨ। ਸਿੱਖ ਕੌਮ ਨੂੰ ਚਾਹੀਦਾ ਹੈ ਕਿ ਇਸ ਸੂਤਰ ਨੂੰ ਸਦਾ ਲਈ ਅਪਣੀ ਚੇਤਨਾ ਦਾ ਹਿੱਸਾ ਬਣਾ ਲਵੇ। ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਇਹ ਸੱਚੀ ਸ਼ਰਧਾਂਜਲੀ ਹੋਵੇਗੀ। ਗੁਣਾਂ ਰਹਿਤ ਤੇ ਸਿਦਕ ਪਰਪੂਰਨ ਗੁਰਸਿੱਖ ਸਾਜਣਾ ਹੀ ਸਿੱਖ ਕੌਮ ਦਾ ਭਵਿੱਖ ਸੁਨਹਿਰੀ ਬਣਾਉਣਾ ਹੈ।
ਸੰਪਰਕ : 94159-60533
ਡਾ. ਸਤਿੰਦਰ ਪਾਲ ਸਿੰਘ