ਵਿਚਾਰ   ਵਿਸ਼ੇਸ਼ ਲੇਖ  01 Apr 2018  ਜਦੋਂ ਅਸੀ ਘਰ 'ਚ ਕੁੱਤਾ ਲਿਆਂਦਾ

ਜਦੋਂ ਅਸੀ ਘਰ 'ਚ ਕੁੱਤਾ ਲਿਆਂਦਾ

ਸਪੋਕਸਮੈਨ ਸਮਾਚਾਰ ਸੇਵਾ
Published Jul 31, 2017, 3:18 pm IST
Updated Apr 1, 2018, 7:06 pm IST
ਮੇਰੀ ਬੇਟੀ ਨੂੰ ਸ਼ੁਰੂ ਤੋਂ ਹੀ ਪਸ਼ੂ-ਪੰਛੀਆਂ ਨਾਲ ਬਹੁਤ ਪਿਆਰ ਹੈ। ਪਹਿਲਾਂ ਪਹਿਲਾਂ ਉਸ ਨੇ ਦੋ ਤੋਤੇ ਰੱਖੇ ਸਨ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦੀ ਸੀ। ਉਹ 3-4 ਸਾਲ...
Dog
 Dog

ਮੇਰੀ ਬੇਟੀ ਨੂੰ ਸ਼ੁਰੂ ਤੋਂ ਹੀ ਪਸ਼ੂ-ਪੰਛੀਆਂ ਨਾਲ ਬਹੁਤ ਪਿਆਰ ਹੈ। ਪਹਿਲਾਂ ਪਹਿਲਾਂ ਉਸ ਨੇ ਦੋ ਤੋਤੇ ਰੱਖੇ ਸਨ ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦੀ ਸੀ। ਉਹ 3-4 ਸਾਲ ਸਾਡੇ ਘਰ ਰਹੇ। ਆਖ਼ਰ ਇਕ ਦਿਨ ਮਰ ਗਏ। ਹੁਣ ਕਾਫ਼ੀ ਸਮੇਂ ਤੋਂ ਉਸ ਉਤੇ ਕੁੱਤਾ ਲੈਣ ਦਾ ਭੂਤ ਸਵਾਰ ਸੀ। ਮੇਰੀ ਪਤਨੀ ਨੇ ਤਾਂ ਕੁੱਤੇ ਲਈ ਸਾਫ਼ ਇਨਕਾਰ ਕਰ ਦਿਤਾ ਕਿ 'ਅਸੀ ਇਸ ਘਰ 'ਚ ਕੁੱਤਾ ਨਹੀਂ ਵਾੜਨਾ। ਐਵੇਂ ਸਾਰਾ ਦਿਨ ਗੰਦ ਪਾਉਂਦਾ ਰਹਿੰਦੈ।' ਕਈ ਵਾਰ ਬੇਟੀ ਮੈਨੂੰ ਅਪਣੇ ਮੋਬਾਈਲ ਉਤੇ ਸੋਹਣੇ-ਸੋਹਣੇ ਕੁੱਤਿਆਂ ਦੀ ਤਸਵੀਰ ਵਿਖਾਉਂਦੀ ਅਤੇ ਕਹਿੰਦੀ 'ਤੁਸੀ ਤਾਂ ਮੰਨ ਜਾਉ ਪਾਪਾ।' ਮੈਂ ਕਿਹਾ, ''ਬੇਟੀ ਮੇਰੇ ਮੰਨਣ ਨਾਲ ਕੁੱਝ ਨਹੀਂ ਹੁੰਦਾ। ਤੇਰੀ ਮਾਂ ਦਾ ਮੰਨਣਾ ਜ਼ਰੂਰੀ ਹੈ। ਉਹ ਕੁੱਤੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।''
ਇਕ ਦਿਨ ਉਹ ਇਕ ਬਕਸੇ 'ਚ ਪਾ ਕੇ ਇਕ ਛੋਟੇ ਜਿਹੇ ਕੁੱਤੇ ਨੂੰ ਘਰ ਲੈ ਆਈ, ''ਪਾਪਾ ਤੁਸੀ ਇਸ ਤਰ੍ਹਾਂ ਦਾ ਕੁੱਤਾ ਕਦੇ ਨਹੀਂ ਵੇਖਿਆ ਹੋਣਾ। ਹੁਣ ਮੰਮੀ ਤੋਂ ਵੀ ਤੁਸੀ ਹੀ ਬਚਾਉਣੈ।''
ਪਤਨੀ ਨੂੰ ਜਦੋਂ ਪਤਾ ਲਗਿਆ ਉਹ ਚਾਰੇ ਪੈਰ ਚੁੱਕ ਕੇ ਪੈ ਗਈ, ''ਮੈਂ ਕਿਹਾ ਸੀ ਨਾ ਕਿ ਇਸ ਘਰ 'ਚ ਕੁੱਤਾ ਨਹੀਂ ਲਿਆਉਣਾ। ਫਿਰ ਵੀ ਤੇਰੇ ਤੇ ਕੋਈ ਅਸਰ ਨਹੀਂ ਹੋਇਆ। ਇਸ 'ਚ ਜ਼ਰੂਰ ਤੇਰੇ ਪਾਪਾ ਦਾ ਵੀ ਹੱਥ ਲਗਦੈ।'' ਮੈਂ ਕਿਹਾ, ''ਭਾਗਵਾਨੇ ਏਨਾ ਗੁੱਸਾ ਕਿਉਂ ਕਰ ਰਹੇ ਹੋ? ਜੇ ਹੁਣ ਕੁੜੀ ਲੈ ਹੀ ਆਈ ਹੈ ਕੁੱਝ ਦਿਨ ਰੱਖ ਕੇ ਵੇਖ ਲਉ। ਨਾ ਠੀਕ ਲਗਿਆ ਤਾਂ ਕੱਢ ਦੇਵਾਂਗੇ।''
''ਕੰਨ ਖੋਲ੍ਹ ਕੇ ਸੁਣ ਲਵੋ ਦੋਵੇਂ ਜਣੇ। ਮੈਂ ਤੁਹਾਡੇ ਦੋਹਾਂ ਦੀਆਂ ਗਿਣ ਕੇ ਚਾਰ ਰੋਟੀਆਂ ਬਣਾਵਾਂਗੀ। ਭਾਵੇਂ ਆਪ ਖਾ ਲੈਣਾ, ਭਾਵੇਂ ਅਪਣੇ ਕੁੱਤੇ ਨੂੰ ਪਾ ਦੇਣਾ। ਮੈਂ ਆਪ ਕਦੇ ਤੁਹਾਡੇ ਕੁੱਤੇ ਨੂੰ ਹੱਥ ਨਹੀਂ ਲਾਵਾਂਗੀ ਅਤੇ ਨਾ ਹੀ ਇਸ ਨੂੰ ਕਿਸੇ ਕਮਰੇ 'ਚ ਵੜਨ ਦੇਵਾਂਗੀ।'' ਪਤਨੀ ਨੇ ਸਖ਼ਤ ਤਾਕੀਦ ਕੀਤੀ।
ਪਤਨੀ ਨੇ ਜਦੋਂ ਕੁੱਤੇ ਦੀ ਸ਼ਕਲ ਵੇਖੀ ਤਾਂ ਕਿਹਾ, ''ਕੀ ਹੈ ਇਹ। ਕੁੱਤਾ ਨਾ ਕੁੱਤੇ ਦੀ ਸ਼ਕਲ। ਕੁੱਤੇ ਇਸ ਤਰ੍ਹਾਂ ਦੇ ਹੁੰਦੇ ਨੇ? ਭੇਡ ਵਰਗੀ ਸ਼ਕਲ ਵਾਲਾ। ਸਾਰੇ ਸਰੀਰ ਤੇ ਵਾਲ ਹੀ ਵਾਲ।''
ਬੇਟੀ ਨੇ ਕਿਹਾ, ''ਮੰਮੀ ਇਹ ਪੂਡਲ ਨਸਲ ਦਾ ਕੁੱਤਾ ਹੈ। ਇਹ ਤਾਂ ਬਹੁਤ ਹੀ ਮੁਸ਼ਕਲ ਅਤੇ ਸਿਫ਼ਾਰਸ਼ ਨਾਲ ਮਿਲਿਆ ਹੈ। ਮੈਂ ਤਾਂ ਇਸ ਦਾ ਨਾਂ ਵੀ ਦਿਵਯ ਰੱਖਾਂਗੀ। ਇਹ ਬਹੁਤ ਮਹਿੰਗੇ ਮਿਲਦੇ ਹਨ ਪਰ ਮੈਂ ਅਪਣੀ ਸਹੇਲੀ ਦੇ ਕਿਸੇ ਜਾਣਕਾਰ ਤੋਂ ਖ਼ਰੀਦਿਆ ਹੈ, ਸਿਰਫ਼ ਵੀਹ ਹਜ਼ਾਰ ਦਾ ਵਰਨਾ ਇਹ 40 ਹਜ਼ਾਰ ਤੋਂ ਘੱਟ ਨਹੀਂ ਮਿਲਣਾ ਸੀ।''
''ਤੁਹਾਡਾ ਏਨੇ ਪੈਸੇ ਖ਼ਰਚਦੇ ਹੋਏ ਦਿਲ ਨਹੀਂ ਦੁਖਿਆ? ਜੇ ਮੈਂ ਕਿਤੇ ਤੇਰੇ ਬਾਪ ਤੋਂ ਹਜ਼ਾਰ-ਦੋ ਹਜ਼ਾਰ ਮੰਗਾਂ ਤਾਂ ਸੌ ਤਰ੍ਹਾਂ ਦੇ ਸਵਾਲ ਪੁਛਣਗੇ।'' ਪਤਨੀ ਨੇ ਹੈਰਾਨ ਹੁੰਦਿਆਂ ਕਿਹਾ।
''ਮੰਮੀ ਅਜੇ ਤਾਂ ਇਹ ਸਿਰਫ਼ ਇਕ ਮਹੀਨੇ ਦਾ ਹੈ। ਇਸ ਨੂੰ ਥੋੜਾ ਵੱਡਾ ਤਾਂ ਹੋਣ ਦੇਵੋ, ਫਿਰ ਵੇਖਣਾ ਇਸ ਨੂੰ। ਮੈਂ ਕੁੱਝ ਦਿਨ ਪਹਿਲਾਂ ਹੀ ਇਸ ਨੂੰ ਘੁਮਾਉਣ ਲੈ ਕੇ ਗਈ ਸੀ। ਕਿੰਨੇ ਹੀ ਲੋਕਾਂ ਨੇ ਇਸ ਨਾਲ ਅਪਣੀਆਂ ਸੈਲਫ਼ੀਆਂ ਖਿੱਚੀਆਂ। ਪੂਡਲ ਨੂੰ ਸੈਲਫ਼ੀਆਂ ਖਿੱਚ-ਖਿੱਚ ਕੇ ਪਾਗਲ ਕਰ ਦਿਤਾ। ਤੁਸੀ ਵੇਖਣਾ ਮੰਮੀ, ਇਸ ਨਾਲ ਤਾਂ ਅਪਣੇ ਘਰ ਦੀ ਸ਼ਾਨ ਬਣੇਗੀ।'' ਬੇਟੀ ਨੇ ਕਿਹਾ।
''ਸੁਆਹ ਬਣੇਗੀ ਸ਼ਾਨ, ਸੱਤਾਂ ਚੁੱਲ੍ਹਿਆਂ ਦੀ। ਨਾ ਤਾਂ ਇਸ ਦੀ ਦਿੱਖ ਕੁੱਤਿਆਂ ਵਰਗੀ ਹੈ, ਨਾ ਹੀ ਆਵਾਜ਼ ਕੁੱਤਿਆਂ ਵਰਗੀ। ਭੇਡ ਵਰਗੀ ਇਸ ਦੀ ਆਵਾਜ਼ ਹੈ। ਵਾਲ ਤਾਂ ਜਿਵੇਂ ਨਿਊਡਲ ਹੁੰਦੇ ਨੇ। ਇਸ ਦਾ ਨਾਂ ਪੂਡਲ ਨਹੀਂ 'ਨਿਊਡਲ' ਚਾਹੀਦੈ। ਇਸ ਨੂੰ ਤਾਂ ਸ਼ੋਅ-ਪੀਸ ਵੀ ਨਹੀਂ ਕਹਿ ਸਕਦੇ।'' ਮਾਂ ਨੇ ਕਿਹਾ।
ਇਕ ਦਿਨ ਕੋਈ ਰਿਸ਼ਤੇਦਾਰ ਘਰ ਆਇਆ। ਮੈਂ ਉਸ ਨੂੰ ਪੁਛਿਆ, ''ਘਰ ਲੱਭਣ 'ਚ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੋਈ।''
''ਬਸ ਪੁੱਛੋ ਨਾ ਸ਼ਰਮਾ ਜੀ, ਮੈਂ ਇਕੋ ਫ਼ਰਲਾਂਗ ਕੁ ਪਿੱਛੇ ਕਿਸੇ ਤੋਂ ਤੁਹਾਡਾ ਨਾਂ ਲੈ ਕੇ ਘਰ ਪੁਛਿਆ ਪਰ ਕਿਸੇ ਨੂੰ ਪਤਾ ਹੀ ਨਹੀਂ ਸੀ। ਮੈਂ ਕਿਹਾ ਉਨ੍ਹਾਂ ਕੋਲ ਚੈਰੀ ਰੰਗ ਦੀ ਆਲਟੋ ਕਾਰ ਹੈ। ਇਕ ਬੇਟੀ ਟੀਚਰ ਹੈ ਅਤੇ ਇਕ ਬੇਟਾ ਆਸਟਰੇਲੀਆ 'ਚ ਰਹਿੰਦਾ ਹੈ। ਉਨ੍ਹਾਂ ਕਿਹਾ ਜੀ ਪਤਾ ਨਹੀਂ, ਤੁਸੀ ਜ਼ਰਾ ਅੱਗੋਂ ਪੁੱਛ ਲਵੋ। ਮੈਂ ਤਾਂ ਚੱਲਣ ਲਗਿਆ ਸੀ ਕਿ ਅੰਦਰੋਂ ਉਨ੍ਹਾਂ ਦਾ 10 ਸਾਲ ਦਾ ਬੇਟਾ ਭਜਿਆ ਆਇਆ ਅਤੇ ਕਹਿਣ ਲੱਗਾ ਕਿ ਪਾਪਾ ਇਹ ਉਹ ਸ਼ਰਮਾ ਜੀ ਹਨ ਜਿਨ੍ਹਾਂ ਦੇ ਘਰ ਪੂਡਲ ਨਸਲ ਦਾ ਡੌਗੀ ਹੈ। ਫਿਰ ਉਨ੍ਹਾਂ ਦਾ ਮੁੰਡਾ ਹੀ ਮੈਨੂੰ ਇਥੇ ਛੱਡ ਕੇ ਗਿਆ ਹੈ।''
ਰਿਸ਼ਤੇਦਾਰ ਦੇ ਜਾਣ ਮਗਰੋਂ ਬੇਟੀ ਨੇ ਕਿਹਾ, ''ਮੈਂ ਕਿਹਾ ਸੀ ਨਾ ਇਹ ਅਪਣੇ ਘਰ ਦੀ ਸ਼ਾਨ ਬਣਾ ਦੇਵੇਗਾ।'' ਮੈਂ ਕਿਹਾ, ''ਹਾਂ ਬੇਟੀ ਇਹ ਤਾਂ ਹੈ।'' ਪਰ ਰਸੋਈ 'ਚ ਕੰਮ ਕਰਦੀ ਪਤਨੀ ਬੋਲੀ, ''ਪਾਗਲੋ, ਇਸ 'ਚ ਕੋਈ ਸ਼ਾਨ ਦੀ ਗੱਲ ਨਹੀਂ ਸਗੋਂ ਸ਼ਰਮ ਦੀ ਗੱਲ ਹੈ। ਸੱਤਰ ਸਾਲ ਹੋਣ ਵਾਲੇ ਨੇ ਅਪਣਾ ਦੇਸ਼ ਆਜ਼ਾਦ ਹੋਏ ਨੂੰ, ਏਨੇ ਸਾਲਾਂ 'ਚ ਤੁਸੀ ਖ਼ੁਦ ਦੀ ਇਕ ਪਛਾਣ ਨਹੀਂ ਬਣਾ ਸਕੇ। ਤੁਹਾਡਾ ਘਰ ਇਕ ਕੁੱਤੇ ਤੋਂ ਪਛਾਣਿਆ ਜਾਂਦਾ ਹੈ। ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਏ?'' ਅਸੀ ਦੋਵੇਂ ਸੁੰਨ ਹੋਏ ਖੜੇ ਸੀ।
ਹੁਣ ਉਹ ਥੋੜਾ ਵੱਡਾ ਹੋ ਗਿਆ ਸੀ। ਸਾਰੇ ਸ੍ਰੀਰ ਉਤੇ ਸੰਘਣੇ ਕੁੰਡਲਾਂ ਵਾਲੇ ਵਾਲ ਸਨ। ਅੱਖਾਂ ਅੱਗੇ ਵੀ ਵਾਲ। ਗੱਲ ਕੀ ਉਸ ਦਾ ਮੂੰਹ ਵੀ ਚੰਗੀ ਤਰ੍ਹਾਂ ਨਜ਼ਰ ਨਹੀਂ ਆਉਂਦਾ ਸੀ। ਇਕ ਦਿਨ ਅਚਾਨਕ ਰਾਤ ਨੂੰ ਘਰ 'ਚ ਚੋਰ ਆ ਧਮਕੇ। ਕੁੱਤਾ ਉਨ੍ਹਾਂ ਨੂੰ ਵੇਖ ਕੇ ਭੇੜੀ ਜਿਹੀ ਆਵਾਜ਼ 'ਚ ਭੌਂਕਿਆ। ਪਹਿਲਾਂ ਤਾਂ ਚੋਰਾਂ ਨੂੰ ਹੀ ਸਮਝ ਨਾ ਲੱਗੀ ਕਿ ਇਹ ਕੀ ਬਲਾ ਹੈ। ਜਦੋਂ ਉਹ ਰੌਲਾ ਪਾਉਣ ਤੋਂ ਨਾ ਹਟਿਆ ਤਾਂ ਉਨ੍ਹਾਂ ਨੇ ਉਸ ਦੇ ਸਿਰ 'ਚ ਡੰਡਾ ਠੋਕਿਆ। ਇਹ ਤਾਂ ਕਿਸਮਤ ਚੰਗੀ ਸੀ ਕਿ ਕਾਲੋਨੀ ਵਾਲਾ ਚੌਕੀਦਾਰ ਗੇਟ ਕੋਲ ਅਪਣਾ ਡੰਡਾ ਖੜਕਾਉਣ ਲੱਗ ਪਿਆ ਅਤੇ ਚੋਰ ਭੱਜ ਗਏ। ਸਾਡਾ ਪੂਡਲ ਨਾਮੀ ਦਿਵਯ ਅਸਤਰ ਅਜਕਲ ਇਲਾਜ ਕਰਵਾ ਰਿਹੈ।
ਸੰਪਰਕ : 99888-73637

Advertisement