Article: ਗ਼ਰੀਬੀ ਤੋਂ ਮੁਕਤੀ ਦਾ ਰਾਹ...
Published : Aug 1, 2024, 11:23 am IST
Updated : Aug 1, 2024, 11:23 am IST
SHARE ARTICLE
Article: The way out of poverty...
Article: The way out of poverty...

ਕੀ ਕਿਰਤੀ ਲੋਕਾਂ ਨੂੰ ਛੋਟਾ ਕਾਰੋਬਾਰ ਗ਼ਰੀਬੀ ’ਚੋਂ ਬਾਹਰ ਕੱਢ ਸਕਦੈ?


Article: The way out of poverty: ਸਰਮਾਏਦਾਰੀ ਵਿਚ, ਕਿਰਤੀ ਲੋਕ ਹਮੇਸ਼ਾ ਹੀ ਕਿਸੇ ਨਾ ਕਿਸੇ ਰੂਪ ਵਿਚ ਦੁੱਖਾਂ-ਤਕਲੀਫ਼ਾਂ ਦੇ ਸ਼ਿਕਾਰ ਰਹਿੰਦੇ ਹਨ। ਗ਼ਰੀਬੀ, ਭੁੱਖਮਰੀ, ਬੀਮਾਰੀਆਂ, ਬੇਰੁਜ਼ਗਾਰੀ, ਦੁੱਖ, ਜਬਰ ਆਦਿ ਦਾ ਸ਼ਿਕਾਰ ਆਮ ਕਿਰਤੀ ਲਗਾਤਾਰ ਆਰਥਕ ਤੰਗੀਆਂ ਅਤੇ ਚਿੰਤਾਵਾਂ ਦਾ ਸਾਹਮਣਾ ਕਰਦਾ ਹੈ। ਲਗਾਤਾਰ ਹੱਡ-ਭੰਨਵੀਂ ਮਿਹਨਤ ਦੇ ਬਾਵਜੂਦ ਉਹ ਕਈ ਵਾਰ ਅਪਣੀਆਂ ਅਤੇ ਅਪਣੇ ਪ੍ਰਵਾਰ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿਚ ਅਸਫਲ ਰਹਿੰਦਾ ਹੈ।

ਇਸ ਅਸੰਤੁਸ਼ਟੀ ਕਾਰਨ ਲੋਕਾਈ ਦਾ ਇਕ ਹਿੱਸਾ ਆਮਦਨ ਦੇ ਬਦਲਵੇਂ ਸਰੋਤਾਂ ਦੀ ਭਾਲ ’ਚ ਵੀ ਤੜਫਦਾ ਰਹਿੰਦਾ ਹੈ। ਮੈਂ ਕਿਰਤੀ ਪ੍ਰਵਾਰਾਂ ਤੋਂ ਆਉਣ ਵਾਲੇ  ਬੱਚਿਆਂ ਅਤੇ ਨੌਜਵਾਨਾਂ ਨੂੰ ਰੋਜ਼ਾਨਾ ਮਿਲਦੀ ਹਾਂ, ਉਨ੍ਹਾਂ ਵਿਚ ਇਹ ਬੇਚੈਨੀ ਸਾਫ਼ ਵਿਖਾਈ ਦਿੰਦੀ ਹੈ। ਉਨ੍ਹਾਂ ਦਾ ਇਕ ਹਿੱਸਾ ਅਕਸਰ ਅਪਣਾ ਵਿਹਲਾ ਸਮਾਂ ਸੱਟਾ ਬਾਜ਼ਾਰ ਨਾਲ ਅਪਣੀ ਕਿਸਮਤ ਚਮਕਾਉਣ ਜਾਂ ਉੱਦਮੀ ਕਾਰੋਬਾਰ ਦੀਆਂ ਗੱਲਾਂ ਕਰਨ ’ਚ ਬਿਤਾਉਂਦੇ ਹਨ। ਸੱਟਾ ਬਾਜ਼ਾਰ ਬਾਰੇ ਕਦੇ ਫਿਰ ਗੱਲ ਕਰਾਂਗੇ, ਅੱਜ ਅਸੀਂ ਗੱਲ ਕਰਾਂਗੇ ਉੱਦਮੀ-ਛੋਟੇ ਕਾਰੋਬਾਰ ਦੁਆਰਾ ਖ਼ੁਸ਼ਹਾਲ ਹੋਣ ਦੇ ਸੁਪਨੇ ’ਤੇ।


ਭਾਰਤ ਵਰਗੇ ਪਛੜੇ ਸਰਮਾਏਦਾਰ ਮੁਲਕਾਂ ਵਿਚ ਉੱਦਮੀ ਅਤੇ ਛੋਟੇ ਕਾਰੋਬਾਰ ਦਾ ਬਹੁਤ ਰੌਲਾ ਪਾਇਆ ਜਾ ਰਿਹਾ ਹੈ, ਭਾਵੇਂ ਕਿ ਵਿਕਸਤ ਸਰਮਾਏਦਾਰੀ ਮੁਲਕਾਂ ਵਿਚ ਇਸ ਖੇਡ ਦਾ ਜਲੂਸ ਪਹਿਲਾਂ ਹੀ ਨਿਕਲ ਚੁੱਕਾ ਹੈ। ਪਰ ਸਾਡੇ ਦੇਸ਼ ਵਿਚ ਲੋਕਾਂ ਦਾ ਇਕ ਵੱਡਾ ਹਿੱਸਾ ਅਜੇ ਵੀ ਇਸ ਖੇਡ ਦੀ ਸਚਾਈ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਿਆ। ਭਾਰਤ ਵਿਚ ਲੋਕਾਂ ਨੂੰ ਛੋਟੇ ਕਾਰੋਬਾਰ ਵਿਚ ‘ਮੁਕਤੀ’, ਖ਼ੁਦ ਮਾਲਕ ਬਣ ਕੇ ‘ਅਪਣਾ ਖ਼ੁਦ ਦਾ ਕਾਰੋਬਾਰ’ ਖੋਲ੍ਹ ਕੇ ਅਪਣੇ ਮੁਸ਼ਕਲ ਹਾਲਾਤ ਵਿਚੋਂ ਬਾਹਰ ਨਿਕਲਣ ਦਾ ਸੁਪਨਾ ਬਹੁਤ ਦਿਖਾਇਆ ਜਾ ਰਿਹਾ ਹੈ। ਤੁਸੀਂ ਇਹ ਨਾਹਰਾ ਜ਼ਰੂਰ ਸੁਣਿਆ ਹੋਵੇਗਾ, “ਨੌਕਰੀ ਮੰਗਣ ਵਾਲੇ ਨਹੀਂ, ਨੌਕਰੀ ਦੇਣ ਵਾਲੇ ਬਣੋ”।

ਟੀਵੀ ਸ਼ੋਅ, ਵੈੱਬ ਸੀਰੀਜ ਜਿਵੇਂ ਟੀਵੀਐਫ਼ ਪਿਕਚਰਜ਼, ਸ਼ਾਰਕ ਟੈਂਕ ਇੰਡੀਆ ਨਾਲ ਭਰੇ ਹੋਏ ਹਨ ਜੋ ਲੋਕਾਂ ਨੂੰ ‘ਮਾਲਕ’ ਲਈ ਕੰਮ ਕਰਨ ਤੋਂ ਇਨਕਾਰ ਕਰ ਕੇ ਅਤੇ ਅਪਣਾ ਖ਼ੁਦ ਦਾ ਉਦਯੋਗ ਖੋਲ੍ਹ ਕੇ ਅਮੀਰ ਬਣਨ ਦੇ ਸੁਪਨੇ ਦਿਖਾਉਂਦੇ ਹਨ। ਇਸ ਤੋਂ ਇਲਾਵਾ ਇਹ ਸਰਮਾਏਦਾਰੀ ਸਮਾਜ ਦੇ ਇਸ ਝੂਠ ਦਾ ਵੀ ਜ਼ੋਰਦਾਰ ਪ੍ਰਚਾਰ ਕਰਦੇ ਹਨ ਕਿ “ਸੱਚੀ ਮਿਹਨਤ ਅਤੇ ਲਗਨ” ਨਾਲ ਕੋਈ ਅਮੀਰ ਅਤੇ ਖ਼ੁਸ਼ਹਾਲ ਬਣ ਸਕਦਾ ਹੈ। ਭਾਵੇਂ ਕਿ ਅਮਲੀ ਤੌਰ ’ਤੇ ਇਹ ਸਾਰੀਆਂ ਮਿੱਠੀਆਂ ਗੱਲਾਂ ਝੂਠ ਤੇ ਧੋਖੇ ਤੋਂ ਸਿਵਾਏ ਕੁੱਝ ਨਹੀਂ ਹਨ।
ਛੋਟੇ ਕਾਰੋਬਾਰੀ ਬਣਨ, ਅਪਣਾ ਕਾਰੋਬਾਰ ਖੋਲ੍ਹਣ ਆਦਿ ਦੀ ਇੱਛਾ ਦਾ ਵਿਚਾਰ ਕੋਈ ਨਵਾਂ ਵਿਚਾਰ ਨਹੀਂ ਹੈ ਤੇ ਇਸ ਨੂੰ ਸਰਮਾਏਦਾਰੀ ਸਮਾਜ ਨੇ ਹੀ ਪੈਦਾ ਕੀਤਾ ਹੈ। ਸਰਮਾਏਦਾਰੀ ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ, ਉਜਰਤੀ ਮਜ਼ਦੂਰਾਂ ਦੀ ਲੁੱਟ ਅਤੇ ਸਰਮਾਏਦਾਰਾਂ ਦੀ ਘੱਟ ਗਿਣਤੀ ਦੁਆਰਾ ਬਹੁਗਿਣਤੀ ਮਜ਼ਦੂਰ ਜਮਾਤ ਦੀ ਲੁੱਟ-ਜਬਰ ਉੱਤੇ ਆਧਾਰਤ ਹੈ। ਸਰਮਾਏਦਾਰਾਂ ਪ੍ਰਚਾਰ ਤੰਤਰ ਅਨੁਸਾਰ ਅਪਣੇ ਆਪ ਨੂੰ ਇਕ ਮਾਲਕ ਜਾਣੀ ਲੋਟੂ ਬਣਾ ਕੇ ਹੀ ਭੌਤਿਕ ਖ਼ੁਸ਼ੀ ਯਕੀਨੀ ਬਣਾਈ ਜਾ ਸਕਦੀ ਹੈ।


ਅਪਣਾ ਕਾਰੋਬਾਰ ਸ਼ੁਰੂ ਕਰਨ ਲਈ, ਤੁਹਾਨੂੰ ਸ਼ੁਰੂਆਤੀ ਸਰਮਾਏ ਦੀ ਲੋੜ ਹੈ। ਇਹ ਰਕਮ ਲੱਖਾਂ ਤੋਂ ਕਰੋੜਾਂ ਵਿਚਕਾਰ ਹੋ ਸਕਦੀ ਹੈ। ਇਕ ਕਾਰੋਬਾਰ ਖੋਲ੍ਹਣ ਲਈ ਥਾਂ ਦਾ ਕਿਰਾਇਆ ਦੇਣਾ, ਸਾਜੋ-ਸਮਾਨ ਅਤੇ ਖਪਤ ਦੀਆਂ ਵਸਤਾਂ ਖ਼ਰੀਦਣੀਆਂ, ਮੁਲਾਜ਼ਮਾਂ ਨੂੰ ਤਨਖ਼ਾਹਾਂ ਦੀ ਅਦਾਇਗੀ ਕਰਨਾ ਆਦਿ ਕੁੱਝ ਪ੍ਰਮੁੱਖ ਖ਼ਰਚੇ ਹਨ ਜਿਨ੍ਹਾਂ ਲਈ ਸ਼ੁਰੂਆਤੀ ਸਰਮਾਏ ਦੀ ਲੋੜ ਹੁੰਦੀ ਹੈ। ਕਿਰਤੀ ਲੋਕ ਜਿਹੜੇ ਮੁਸ਼ਕਲ ਨਾਲ ਅਪਣਾ ਗੁਜ਼ਾਰਾ ਕਰ ਪਾਉਂਦੇ ਹਨ ਅਤੇ ਜਿਨ੍ਹਾਂ ਦੀ ਬਹੁਗਿਣਤੀ ਕਰਜ਼ੇ ਦੇ ਬੋਝ ਹੇਠ ਦੱਬੀ ਹੋਈ ਹੈ, ਅਪਣਾ ਕਾਰੋਬਾਰ ਸ਼ੁਰੂ ਕਰਨ ਲਈ ਇੰਨੇ ਪੈਸੇ ਕਿਵੇਂ ਹਾਸਲ ਕਰਨਗੇ?


ਇਸ ਸਵਾਲ ਦੇ ਜਵਾਬ ਵਿਚ ਕਿਹਾ ਜਾ ਸਕਦਾ ਹੈ- ਇਹ ਸਰਮਾਇਆ ਬੈਂਕ ਕਰਜ਼ੇ ਜਾਂ ਮੁਦਰਾ ਕਰਜ਼ੇ ਵਰਗੀਆਂ ਸਰਕਾਰੀ ਸਕੀਮਾਂ ਤੋਂ ਆ ਸਕਦਾ ਹੈ। ਕੀ ਬੈਂਕ ਦਾ ਕਰਜ਼ਾ ਲੈਣਾ ਜਾਂ ਉਤਾਰਨਾ ਇੰਨਾ ਹੀ ਸੌਖਾ ਹੈ, ਉਹ ਵੀ ਛੋਟੇ ਕਿਰਤੀਆਂ ਲਈ?


ਬੇਸ਼ੱਕ, ਬੈਂਕ ਤੋਂ ਕਰਜ਼ਾ ਲੈਣਾ ਸੰਭਵ ਹੈ। ਪਰ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਹਰ ਕਿਸੇ ਲਈ ਬੈਂਕ ਕਰਜ਼ਾ ਲੈਣਾ ਇੰਨਾ ਸੌਖਾ ਨਹੀਂ ਹੁੰਦਾ ਅਤੇ ਜੇਕਰ ਕਰਜ਼ਾ ਮਿਲ ਵੀ ਜਾਵੇ ਤਾਂ ਅੰਕੜੇ ਦਸਦੇ ਹਨ ਕਿ 95% ਛੋਟੇ ਕਾਰੋਬਾਰ ਅਸਫ਼ਲ ਹੋ ਜਾਂਦੇ ਹਨ ਅਤੇ ਇਸ ਤੋਂ ਬਾਅਦ ਇਹ ਉੱਦਮੀ ਕਰਜ਼ੇ ਅਤੇ ਵਿਆਜ ਦੇ ਬੋਝ ਹੇਠ ਦੱਬੇ ਜਾਂਦੇ ਹਨ। ਇਥੋਂ ਤਕ ਕਿ ਭਾਵੇਂ ਇਕ ਨਵਾਂ ਉੱਦਮੀ ਅਪਣਾ ਕਾਰੋਬਾਰ ਖੋਲ੍ਹਣ ਲਈ ਲੋੜੀਂਦੀ ਰਾਸ਼ੀ ਜੁਟਾ ਵੀ ਲਵੇ ਤਾਂ ਇਹ ਉਸ ਦੇ ਕਾਰੋਬਾਰ ਦੀ ਸਫ਼ਲ ਸੁਰੱਖਿਆ ਅਤੇ ਵਿਕਾਸ ਦੀ ਗਰੰਟੀ ਨਹੀਂ ਹੈ।


ਭਾਰਤ ਵਿਚ 5% ਤੋਂ ਵੀ ਘੱਟ ਛੋਟੇ ਕਾਰੋਬਾਰ 3 ਸਾਲਾਂ ਤੋਂ ਵੱਧ ਸਮੇਂ ਤਕ ਜਿਉਂਦੇ ਰਹਿਣ ’ਚ ਕਾਮਯਾਬ ਹੁੰਦੇ ਹਨ। ਹੋਰ ਸਾਰੇ ਉੱਦਮ ਜਾਂ ਤਾਂ ਦੀਵਾਲੀਆ ਹੋ ਜਾਂਦੇ ਹਨ ਜਾਂ ਮੰਡੀ ਵਿਚ ਮੁਕਾਬਲਾ ਕਰਨ ’ਚ ਅਸਮਰਥ ਹੁੰਦੇ ਹਨ ਅਤੇ ਅਪਣੇ ਆਪ ਨੂੰ ਪਹਿਲਾਂ ਨਾਲੋਂ ਵੀ ਮਾੜੀ ਵਿੱਤੀ ਹਾਲਤ ਵਿਚ ਪਾਉਂਦੇ ਹਨ। ਜੇ ਕੋਈ ਉਭਰਦਾ ਉੱਦਮੀ ਤਿੰਨ ਸਾਲਾਂ ਬਾਅਦ ਵੀ “ਜਿਉਂਦੇ” ਰਹਿਣ ’ਚ ਕਾਮਯਾਬ ਹੋ ਜਾਵੇ ਫਿਰ ਵੀ ਉਹ ਭਿਆਨਕ ਕਿਸਮ ਦੇ ਗਲਾ ਵੱਢ ਮੁਕਾਬਲੇ ਅਤੇ ਵੱਡੇ ਸਰਮਾਏ ਸਾਹਮਣੇ ਟਿਕਣਾ ਸੰਭਵ ਨਹੀਂ ਹੁੰਦਾ। ਬੈਂਕ ਦਾ ਵਿਆਜ ਹੀ ਏਨਾ ਜ਼ਿਆਦਾ ਹੁੰਦਾ ਹੈ ਭਾਵ ਛੋਟੇ ਕਿਰਤੀ ਲਈ ਬੈਂਕ ਦਾ ਕਰਜ਼ਾ ਮੋੜਨਾ ਆਸਾਨ ਨਹੀਂ ਹੁੰਦਾ।


ਗ਼ਰੀਬੀ ਅਤੇ ਲਾਚਾਰੀ ਦਾ ਹੱਲ ਕੀ ਹੈ? ਅਪਣੀ ਆਰਥਕ ਹਾਲਤ ਅਨੁਸਾਰ, ਛੋਟੇ ਮਾਲਕ ਮਜ਼ਦੂਰ ਜਮਾਤ ਅਤੇ ਸਰਮਾਏਦਾਰਾਂ ਦੇ ਵਿਚਕਾਰਲੀ ਹਾਲਤ ’ਚ ਹੁੰਦੇ ਹਨ। ਮਜ਼ਦੂਰ ਜਮਾਤ ਨਾਲ ਉਨ੍ਹਾਂ ਦੀ ਸਮਾਨਤਾ ਇਹ ਹੈ ਕਿ ਉਹ (ਮੁੱਖ ਤੌਰ ’ਤੇ) ਅਪਣੀ ਖ਼ੁਦ ਦੀ ਕਿਰਤ ਨਾਲ ਜਿਉਂਦੇ ਹਨ ਅਤੇ ਸਰਮਾਏਦਾਰਾਂ ਨਾਲ ਇਸ ਲਈ ਕਿ ਉਹ ਨਿੱਜੀ ਮਾਲਕ ਹਨ। ਵੱਡੇ ਸਰਮਾਏ ਨਾਲ ਮੁਕਾਬਲੇ ਵਿਚ ਇਸ ਜਮਾਤ ਦਾ ਇਕ ਬਹੁਤ ਨਿਗੂਣਾ ਹਿੱਸਾ ਹੀ ਕਈ ਵਾਰ ਸਰਮਾਏਦਾਰ ਵਿਚ ਵੱਟਣ ਦੇ ਕਾਬਲ ਹੁੰਦਾ ਹੈ ਜਦਕਿ ਇਸ ਦੇ ਵੱਡੇ ਹਿੱਸੇ ਦਾ ਭਵਿੱਖ ਮਜ਼ਦੂਰ ਜਮਾਤ ਦੀਆਂ ਸਫ਼ਾਂ ’ਚ ਸ਼ਾਮਲ ਹੋਣਾ ਹੈ।

ਸਰਮਾਏਦਾਰਾ ਪ੍ਰਚਾਰ ਤੰਤਰ ਅਜਿਹੇ ਇਕ-ਦੋ ਛੋਟੇ ਕਾਰੋਬਾਰਾਂ ਦਾ ਸਰਮਾਏਦਾਰਾਂ ਵਿਚ ਵੱਟਣ ਦੀ ਕਹਾਣੀ ਨੂੰ ਇੰਜ ਬਣਾ ਕੇ ਪੇਸ਼ ਕਰਦਾ ਹੈ ਜਿਵੇਂ ਇਹ ਹਰ ਛੋਟੇ ਕਾਰੋਬਾਰ ਲਈ ਸੰਭਵ ਹੋਵੇ। ਇਸ ਸਫ਼ਲਤਾ ਦਾ ਸਿਹਰਾ ਇਨ੍ਹਾਂ ਕਾਰੋਬਾਰੀਆਂ ਦੀ ਮਿਹਨਤ ਤੇ ਅਕਲਮੰਦੀ ਨੂੰ ਦਿਤਾ ਜਾਂਦਾ ਹੈ ਤੇ ਜਿਹੜੇ ਕਾਰੋਬਾਰੀ ਤਬਾਹ ਹੋ ਕੇ ਮਜ਼ਦੂਰ ਜਮਾਤ ਦੀਆਂ ਸਫ਼ਾਂ ਵਿਚ ਸ਼ਾਮਲ ਹੁੰਦੇ ਹਨ, ਉਨ੍ਹਾਂ ਦੀਆਂ ਅਸਫਲਤਾਵਾਂ ਦਾ ਜਿੰਮਾ ਉਨ੍ਹਾਂ ਦੀ ਨਲਾਇਕੀ ਸਿਰ ਮੜਿਆ ਜਾਂਦਾ ਹੈ। ਇਸ ਸਾਰੀ ਗੱਲ ਵਿਚ ਸਰਮਾਏਦਾਰੀ ਦੇ ਅਟੱਲ ਨਿਯਮ, ਕਿ ਵੱਡੇ ਸਰਮਾਏ ਸਾਹਮਣੇ ਛੋਟੇ ਸਰਮਾਏ ਦਾ ਟਿਕਣਾ ਮੁਸ਼ਕਲ ਹੈ, ਦੀ ਚਰਚਾ ਨੂੰ ਗੋਲ ਕਰ ਦਿਤਾ ਜਾਂਦਾ ਹੈ। ਮਨੁੱਖ ਦੇ ਸਫ਼ਲ-ਅਸਫਲ ਹੋਣ ਨੂੰ ਨਿਰੋਲ ਉਸ ਦੇ ਨਿੱਜੀ ਗੁਣਾਂ ਨਾਲ ਜੋੜ ਕੇ ਇਸ ਅਣ-ਮਨੁੱਖੀ ਢਾਂਚੇ ਦੇ ਅਸਲ ਕਿਰਦਾਰ ਉੱਤੇ ਪਰਦਾ ਪਾਇਆ ਜਾਂਦਾ ਹੈ।

ਜਿਹੜੇ ਇੱਕਾ-ਦੁੱਕਾ ਲੋਕ ਗ਼ਰੀਬ ਤੋਂ ਅਮੀਰ ਬਣ ਜਾਂਦੇ ਹਨ ਉਹ ਅਪਣੀ ਗ਼ਰੀਬੀ ਹੀ ਦੂਰ ਕਰ ਸਕਦੇ ਹਨ ਪਰ ਇਸ ਨਾਲ ਸੰਸਾਰ ਵਿਚੋਂ ਗ਼ਰੀਬੀ ਦੇ ਵਰਤਾਰੇ ਉੱਤੇ ਕੋਈ ਚੋਟ ਨਹੀਂ ਹੁੰਦੀ। ਇੱਥੇ ਸਾਡੇ ਅੱਗੇ ਸਰਮਾਏਦਾਰਾ ਸਮਾਜ ਜੋ ਸੁਪਨਾ ਪਰੋਸਦਾ ਹੈ ਉਹ ਹੈ ਦੂਜੇ ਮਨੁੱਖਾਂ ਨੂੰ ਭੁੱਖੇ ਤੜਪਦੇ ਛੱਡ ਖ਼ੁਦ ਅਮੀਰ ਬਣਨ ਦੀ ਲਾਲਸਾ ਪਿੱਛੇ ਭੱਜਣ ਦਾ, ਸਰਕਾਰ ਨੂੰ ਛੋਟੇ ਕਿਰਤੀਆਂ ਤੇ ਕਿਸਾਨਾਂ ਦਾ ਪੱਲਾ ਫੜਨਾ ਚਾਹੀਦਾ ਹੈ। ਕੋਈ ਵੀ ਕਿਰਤੀ ਅਪਣੇ ਕੰਮ ਦੀ ਸ਼ੁਰੂਆਤ ਕਰਦਾ ਹੈ ਤਾਂ ਸਰਕਾਰ ਨੂੰ ਕੱੁਝ ਰਕਮ ਸਰਕਾਰੀ ਖਾਤੇ ’ਚੋਂ ਮਦਦ ਲਈ ਦੇਣੀ ਚਾਹੀਦੀ ਹੈ, ਉਸ ਤੋਂ ਬਾਅਦ ਉਹ ਬੈਂਕ ਤੋਂ ਲੋਨ ਲੈ ਸਕਦਾ ਹੈ ਅਤੇ ਆਸਾਨੀ ਨਾਲ ਉਤਾਰ ਵੀ ਸਕਦਾ ਹੈ।


ਇਸ ਲਈ ਗ਼ਰੀਬੀ ਤੋਂ ਮੁਕਤੀ ਦਾ ਰਾਹ ਅਖੌਤੀ ‘ਉੱਦਮ’ ਰਾਹੀਂ ਖ਼ੁਦ ਸਰਮਾਏਦਾਰ ਬਣ ਕੇ ਸੰਭਵ ਨਹੀਂ ਦਿਸਦਾ। ਇਹ ਰਾਹ ਉਸ ਨੂੰ ਹੋਰ ਬਰਬਾਦੀ ਵਲ ਧਕਦਾ ਹੈ। ਸਗੋਂ ਮੁਕਤੀ ਦਾ ਰਾਹ ਗ਼ਰੀਬੀ ਲਈ ਜ਼ਿੰਮੇਵਾਰ ਵਰਤਮਾਨ ਲੋਟੂ ਸਰਮਾਏਦਾਰਾ ਨਿਜ਼ਾਮ ਵਿਰੁਧ ਇਕਜੁਟ ਸੰਘਰਸ਼ ਸੇਧਤ ਕਰ ਕੇ ਸੰਭਵ ਹੈ। ਸਾਡੇ ਦੇਸ਼ ਵਿਚ ਹਮੇਸ਼ਾ ਸਰਮਾਏਦਾਰੀ ਦੀ ਹੀ ਖੁੱਲ੍ਹ ਕੇ ਮਦਦ ਕੀਤੀ ਜਾਂਦੀ ਹੈ। ਗ਼ਰੀਬਾਂ ਲਈ ਛੋਟੇ ਕਿਰਤੀ ਕਿਸਾਨਾਂ ਲਈ ਹਮੇਸ਼ਾ ਸਰਕਾਰ ਦੇ ਖ਼ਜ਼ਾਨੇ ਖ਼ਾਲੀ ਹੁੰਦੇ ਹਨ।
-

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement