ਵਿਸ਼ੇਸ਼ ਲੇਖ: ਇਕ ਹੋਰ ਸਾਲ ਦਾ ਚਲੇ ਜਾਣਾ....

By : KOMALJEET

Published : Jan 2, 2023, 7:44 am IST
Updated : Jan 2, 2023, 7:44 am IST
SHARE ARTICLE
Representative
Representative

ਬਚਪਨ ਵਿਚ ਜਦੋਂ ਨਵਾਂ ਸਾਲ ਚੜ੍ਹਨਾ ਹੁੰਦਾ ਤਾਂ ਮੇਰੇ ਵਰਗਿਆਂ ਨੂੰ ਜਲੰਧਰ ਦੂਰਦਰਸਨ ਉਤੇ ਆਉਣ ਵਾਲੇ ਨਵੇਂ ਸਾਲ ਦੇ ਪ੍ਰੋਗਰਾਮ ਦੀ ਉਡੀਕ ਰਹਿੰਦੀ ਸੀ।


ਬਚਪਨ ਵਿਚ ਜਦੋਂ ਨਵਾਂ ਸਾਲ ਚੜ੍ਹਨਾ ਹੁੰਦਾ ਤਾਂ ਮੇਰੇ ਵਰਗਿਆਂ ਨੂੰ ਜਲੰਧਰ ਦੂਰਦਰਸਨ ਉਤੇ ਆਉਣ ਵਾਲੇ ਨਵੇਂ ਸਾਲ ਦੇ ਪ੍ਰੋਗਰਾਮ ਦੀ ਉਡੀਕ ਰਹਿੰਦੀ ਸੀ। ਦਿਨ ਵੇਲੇ ਕੋਠੇ ’ਤੇ ਚੜ੍ਹ ਕੇੇ ਐਂਟੀਨਾ ਘੁਮਾ ਕੇ ਚੈੱਕ ਕਰਨਾ ਕਿ ਰਾਤ ਵੇਲੇ ਟੀ.ਵੀ. ਠੀਕ ਚੱਲੇ। ਰਾਤ ਨੂੰ ਸਾਰੇ ਪ੍ਰਵਾਰ ਤੇ ਗੁਆਢੀਆਂ ਨੇ ਇਕੱਠੇ ਬੈਠ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਨਾ। ਨਵਾਂ ਸਾਲ ਚੜ੍ਹਨ ਤੋਂ ਬਾਅਦ ਲੋਹੜੀ ਦੇ ਤਿਉਹਾਰ ਬਾਰੇ ਸੋਚਣ ਲੱਗ ਜਾਣਾ। ਲੋਹੜੀ ਵਾਲੇ ਦਿਨ ਸਾਰੇ ਪਿੰਡ ਵਿਚੋਂ ਲੋਹੜੀ ਮੰਗਣੀ, ਪਾਥੀਆਂ ਇਕੱਠੀਆਂ ਕਰਨੀਆਂ, ’ਕੱਠੇ ਹੋਏ ਪੈਸਿਆਂ ਨਾਲ ਪਿੰਡ ਵਾਲੀ ਦੁਕਾਨ ਤੋਂ ਟਾਫੀਆਂ ਲੈ ਲੈਣੀਆਂ। ਉਹਨਾਂ ਦਾ ਜੋ ਸੁਆਦ ਸੀ ਉਹ ਅੱਜ ਮਹਿੰਗੀਆਂ ਦੁਕਾਨਾਂ ਦੇ ਪੀਜ਼ੇ ਬਰਗਰਾਂ ਵਿਚ ਨਹੀਂ ਮਿਲ ਸਕਦਾ। ਰਾਤ ਨੂੰ ਲੋਹੜੀ ਬਾਲਣੀ, ਚਾਚੇ ਤਾਇਆਂ ਦੇ ਸਾਰੇ ਪ੍ਰਵਾਰਾਂ ਨੇ ਮਿਲ ਜੁਲ ਕੇ ਬੈਠਣਾ। ਅੱਜਕਲ ਤਾਂ ਕਿਸੇ ਵਿਆਹ ਆਦਿ ਤੇ ਵੀ ਪੂਰਾ ਪ੍ਰਵਾਰ ਇਕੱਠਾ ਨਹੀਂ ਹੁੰਦਾ।

ਨਵਾਂ ਸਾਲ ਆ ਗਿਆ ਹੈ।  ਹੁਣ ਤਕ ਕਈ ਸਾਲ ਆਏ ਅਤੇ ਕਾਫ਼ੀ ਲੰਘ ਵੀ ਗਏ। ਕਾਫ਼ੀ ਕੁੱਝ ਜ਼ਿੰਦਗੀ ’ਚੋਂ ਪਾਇਆ ਅਤੇ ਕਾਫ਼ੀ ਕੁੱਝ ਗਵਾਇਆ ਵੀ ਹੈ। ਸਮਾਂ ਬੜਾ ਬਲਵਾਨ ਹੁੰਦਾ ਹੈ, ਪਤਾ ਹੀ ਨਹੀਂ ਲਗਦਾ ਕਦੋਂ ਅਸੀ ਬਚਪਨ ਤੋਂ ਜਵਾਨੀ ਅਤੇ ਫਿਰ ਜਵਾਨੀ ਤੋਂ ਬੁਢਾਪੇ ਤਕ ਦਾ ਸਫ਼ਰ ਪੂਰਾ ਕਰ ਲੈਂਦੇ ਹਾਂ। ਜਦੋਂ ਅਪਣੇ ਬਚਪਨ ਵਾਲੇ ਸਾਲਾਂ ਬਾਰੇ ਸੋਚਣ ਲਗਦੇ ਹਾਂ ਤਾਂ ਉਸ ਚੰਗੇ ਵੇਲੇ ਦੀਆਂ ਸਾਰੀਆਂ ਯਾਦਾਂ ਅੱਖਾਂ ਅੱਗੇ ਘੁੰਮਣ ਲੱਗ ਜਾਂਦੀਆਂ ਹਨ। ਹੁਣ ਦੀ ਭੱਜ ਦੌੜ ਵਾਲੀ ਜ਼ਿੰਦਗੀ ਦਾ ਅਤੇ ਬਚਪਨ ਵਾਲੀ ਜ਼ਿੰਦਗੀ ਦਾ ਬੜਾ ਫ਼ਰਕ ਹੁੰਦਾ ਸੀ। ਕਦੇ ਸੋਚਦੇ ਹੁੰਦੇ ਸੀ ਕਿ ਕਦੇ ਸਾਡੇ ਕੋਲ ਵੀ ਪੈਸੇ ਹੋਇਆ ਕਰਨਗੇ? ਪਰ ਹੁਣ ਪੈਸੇ ਵਾਲੇ ਹੋ ਕੇ ਬਚਪਨ ਦੀ ਉਹ ਖ਼ੁਸ਼ੀ ਭਰੀ ਜ਼ਿੰਦਗੀ ਨੂੰ ਵਾਪਸ ਪਾਉਣ ਲਈ ਤਰਸ ਰਹੇ ਹਾਂ।

ਬਚਪਨ ਵਿਚ ਸਾਰੇ ਧਰਮਾਂ ਦੇ ਤਿਉਹਾਰਾਂ ਨੂੰ ਰਲ ਮਿਲ ਕੇ ਮਨਾਈਦਾ ਸੀ। ਪਰ ਹੁਣ ਜਦ ਵੀ ਕੋਈ ਤਿਉਹਾਰ ਆਉਣਾ ਹੁੰਦੈ ਤਾਂ ਸੋਸ਼ਲ ਮੀਡੀਆ ਤੇ ਕਈ ਵਿਦਵਾਨ ਪੈਦਾ ਹੋ ਜਾਂਦੇ ਹਨ। ਕਈ ਕਹਿਣਗੇ ਕਿ ਆਹ ਤਿਉਹਾਰ ਸਿੱਖਾਂ ਦਾ ਨਹੀਂ, ਆਹ ਤਿਉਹਾਰ ਨਾ ਮਨਾਉ ਤੇ ਕਈ ਕਹਿਣਗੇ ਆਹ ਤਿਉਹਾਰ ਮਨਾਉ, ਇਨ੍ਹਾਂ ਦੀ ਸੁਣ ਕੇ ਕਈ ਲੋਕਾਂ ਨੇ ਕਈ ਤਿਉਹਾਰ ਮਨਾਉਣੇ ਹੀ ਬੰਦ ਹੀ ਕਰ ਦਿਤੇ ਹਨ।

ਬਚਪਨ ਵਿਚ ਜਦੋਂ ਨਵਾਂ ਸਾਲ ਚੜ੍ਹਨਾ ਹੁੰਦਾ ਤਾਂ ਮੇਰੇ ਵਰਗਿਆਂ ਨੂੰ ਜਲੰਧਰ ਦੂਰਦਰਸਨ ਉਤੇ ਆਉਣ ਵਾਲੇ ਨਵੇਂ ਸਾਲ ਦੇ ਪ੍ਰੋਗਰਾਮ ਦੀ ਉਡੀਕ ਰਹਿੰਦੀ ਸੀ। ਦਿਨ ਵੇਲੇ ਕੋਠੇ ’ਤੇ ਚੜ੍ਹ ਕੇੇ ਐਂਟੀਨਾ ਘੁਮਾ ਕੇ ਚੈੱਕ ਕਰਨਾ ਕਿ ਰਾਤ ਵੇਲੇ ਟੀ.ਵੀ. ਠੀਕ ਚੱਲੇ। ਰਾਤ ਨੂੰ ਸਾਰੇ ਪ੍ਰਵਾਰ ਤੇ ਗੁਆਢੀਆਂ ਨੇ ਇਕੱਠੇ ਬੈਠ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਨਾ। ਨਵਾਂ ਸਾਲ ਚੜ੍ਹਨ ਤੋਂ ਬਾਅਦ ਲੋਹੜੀ ਦੇ ਤਿਉਹਾਰ ਬਾਰੇ ਸੋਚਣ ਲੱਗ ਜਾਣਾ। ਲੋਹੜੀ ਵਾਲੇ ਦਿਨ ਸਾਰੇ ਪਿੰਡ ਵਿਚੋਂ ਲੋਹੜੀ ਮੰਗਣੀ, ਪਾਥੀਆਂ ਇਕੱਠੀਆਂ ਕਰਨੀਆਂ, ’ਕੱਠੇ ਹੋਏ ਪੈਸਿਆਂ ਨਾਲ ਪਿੰਡ ਵਾਲੀ ਦੁਕਾਨ ਤੋਂ ਟਾਫੀਆਂ ਲੈ ਲੈਣੀਆਂ। ਉਹਨਾਂ ਦਾ ਜੋ ਸੁਆਦ ਸੀ ਉਹ ਅੱਜ ਮਹਿੰਗੀਆਂ ਦੁਕਾਨਾਂ ਦੇ ਪੀਜ਼ੇ ਬਰਗਰਾਂ ਵਿਚ ਨਹੀਂ ਮਿਲ ਸਕਦਾ। ਰਾਤ ਨੂੰ ਲੋਹੜੀ ਬਾਲਣੀ, ਚਾਚੇ ਤਾਇਆਂ ਦੇ ਸਾਰੇ ਪ੍ਰਵਾਰਾਂ ਨੇ ਮਿਲ ਜੁਲ ਕੇ ਬੈਠਣਾ। ਅੱਜਕਲ ਤਾਂ ਕਿਸੇ ਵਿਆਹ ਆਦਿ ਤੇ ਵੀ ਪੂਰਾ ਪ੍ਰਵਾਰ ਇਕੱਠਾ ਨਹੀਂ ਹੁੰਦਾ।

ਲੋਹੜੀ ਤੋਂ ਬਾਅਦ ਰਖੜੀਆਂ ਦੀ ਉਡੀਕ ਸ਼ੁਰੂ ਹੋ ਜਾਂਦੀ ਸੀ। ਭੈਣਾਂ ਕੋਲੋਂ ਰਖੜੀ ਬਨ੍ਹਾਉਣੀ, ਆਂਢ-ਗੁਆਂਢ ਦੀਆਂ ਕਈ ਕੁੜੀਆਂ ਨੇ ਘਰ ਰਖੜੀ ਬੰਨ੍ਹਣ ਆ ਜਾਣਾ। ਮੇਰੇ ਵਰਗਿਆਂ ਦੀਆਂ ਸਾਰੀਆਂ ਬਾਹਵਾਂ ਰਖੜੀਆਂ ਨਾਲ ਭਰ ਜਾਂਦੀਆਂ ਸਨ, ਮਾਂ ਨੇ ਸਭ ਕੁੜੀਆਂ ਨੂੰ ਰਖੜੀ ਬੰਨ੍ਹਣ ਦੇ ਪੈਸੇ ਦੇਣੇ। ਉਸ ਵੇਲੇ ਪਿੰਡ ਦੀਆਂ ਸਾਰੀਆਂ ਕੁੜੀਆਂ ਨੂੰ ਭੈਣਾਂ ਸਮਝਿਆ ਜਾਂਦਾ ਸੀ, ਹੁਣ ਵਾਲੇ ਮੁੰਡੇ ਤਾਂ ਗੁਆਂਢ ਵਿਚ ਰਹਿਣ ਵਾਲੀਆਂ ਕੁੜੀਆਂ ਨਾਲ ਹੀ ਲਵ ਮੈਰਿਜ ਕਰਵਾਈ ਜਾਂਦੇ ਹਨ।

ਜਦ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ ਹੁੰਦੀਆਂ ਤਾਂ ਮੇਰੇ ਵਰਗਿਆਂ ਨੂੰ ਰਾਤਾਂ ਨੂੰ ਵੀ ਨਾਨਕੇ ਘਰ ਜਾਣ ਦੇ ਸੁਪਨੇ ਆਉਣੇ ਸ਼ੁਰੂ ਹੋ ਜਾਣੇ। ਉਸ ਸਮੇਂ ਅੱਜ ਵਾਗੂੰ ਹਿੱਲ ਸਟੇਸ਼ਨ ਤੇ ਜਾਣ ਦਾ ਰਿਵਾਜ ਨਹੀਂ ਸੀ। ਸਾਨੂੰ ਤਾਂ ਬੱਸ ਨਾਨਕਾ ਘਰ ਹੀ ਸ਼ਿਮਲੇ ਨਾਲੋਂ ਜ਼ਿਆਦਾ ਪਿਆਰਾ ਹੁੰਦਾ ਸੀ। ਛੁੱਟੀਆਂ ਹੁੰਦੇ ਸਾਰ ਨਾਨਕੇ ਚਲੇ ਜਾਣਾ। ਸਾਰਾ ਦਿਨ ਮਾਮੇ ਹੋਰਾਂ ਦੇ ਜੁਵਾਕਾਂ ਨਾਲ ਖੇਡੀ ਜਾਣਾ, ਮੋਟਰ ਤੇ ਨਹਾਉਣਾ, ਕਿਸੇ ਦੇ ਵੀ ਘਰ ਬਗੈਰ ਝਿਜਕ ਦੇ ਰੋਟੀ ਖਾ ਲੈਣੀ। ਸਾਰਾ ਪਿੰਡ ਹੀ ਨਾਨਕਾ ਘਰ ਹੁੰਦਾ ਸੀ। ਰਾਤ ਨੂੰ ਬਾਹਰ ਵਿਹੜੇ ’ਚੋਂ ਮੰਜੇ ਡਾਹ ਲੈਣੇ, ਤਾਰਿਆਂ ਨੂੰ ਵੇਖੀ ਜਾਣਾ, ਨਾਨੀ ਨੇ ਕਹਾਣੀਆਂ ਸੁਣਾਈ ਜਾਣੀਆਂ, ਕਦੋਂ ਨੀਦ ਆ ਜਾਣੀ, ਪਤਾ ਹੀ ਨਾ ਚਲਣਾ। ਮਾਂ ਨੇ ਵੀ ਸਾਰੀ ਸਾਰੀ ਰਾਤ ਨਾਨੀ ਨਾਲ ਪਤਾ ਨਹੀਂ ਕੀ ਕੀ ਗੱਲਾਂ ਕਰੀ ਜਾਣੀਆਂ।

ਸਵੇਰੇ ਉਠਦੇ ਨੂੰ ਮਾਮੀ ਨੇ ਅੰਬ ਦੇ ਅਚਾਰ ਨਾਲ ਪਰੌਠੇਂ ਅਤੇ ਚਾਹ ਦਾ ਗਲਾਸ ਭਰ ਕੇ ਦੇ ਦੇਣਾ, ਬੜਾ ਸਵਾਦ ਆਉਣਾ ਖਾ ਕੇ। ਅੱਜ ਦੇ ਪੀਜ਼ੇ ਬਰਗਰ ਮਾਮੀ ਦੇ ਉਹਨਾਂ ਪਰੌਠਿਆਂ ਦੀ ਕਦੇ ਰੀਸ ਨਹੀਂ ਕਰ ਸਕਦੇ। ਬਰਸਾਤਾਂ ਦੇ ਮੌਸਮ ਵਿਚ ਜਦ ਮੀਂਹ ਆਉਣਾ, ਸਿਰ ਤੇ ਲਿਫ਼ਾਫ਼ੇ ਬੰਨ੍ਹ ਕੇ ਦੋਸਤਾਂ ਨਾਲ ਗਲੀਆਂ ਵਿਚ ਨਹਾਉਣਾ, ਚਿੱਕੜ ਵਿਚ ਲਿਟਣਾ, ਕਦੇ ਕਿਸੇ ਕੀਟਾਣੂ ਦਾ ਡਰ ਨਹੀਂ ਸੀ ਹੁੰਦਾ, ਬੱਸ ਮੀਂਹ ’ਚ ਨਹਾ  ਕੇ ਸਵਾਦ ਲੈਣਾ। ਬਸ ਇਸ ਤਰ੍ਹਾਂ ਹੀ ਬੀਤ ਜਾਣੀਆਂ ਸਾਰੀਆਂ ਛੁੱਟੀਆਂ, ਫਿਰ ਹੌਲ ਜਿਹਾ ਪੈਣਾ ਕਿ ਫਿਰ ਸਕੂਲ ਜਾਣਾ ਪੈਣੈ।

ਇਸ ਤੋਂ ਬਾਅਦ ਦੁਸਹਿਰੇ ਦੀ ਉਡੀਕ ਸ਼ੁਰੂ ਹੋ ਜਾਣੀ, ਮਾਂ ਤੇ ਦਾਦੀ ਨੇ ਕੰਧ ਉੱਤੇ ਮਿੱਟੀ ਦੇ ਚੰਨ ਤਾਰੇ ਜਿਹੇ ਬਣਾ ਕੇ ਲਗਾ ਦੇਣੇ, ਜਿਨ੍ਹਾਂ ਨੂੰ ਦੁਸਹਿਰੇ ਵਾਲੇ ਦਿਨ ਜਲ ਪਰਵਾਹ ਕਰਨਾ ਹੁੰਦਾ ਸੀ। ਸਾਡੇ ਵਰਗਿਆਂ ਨੇ ਟੈਲੀਵਿਜ਼ਨ ਤੇ ਰਾਮਾਇਣ ਵੇਖ ਕੇ ਅਪਣੇ ਆਪ ਨੂੰ ਹਨੂੰਮਾਨ ਹੀ ਸਮਝੀ ਜਾਣਾ।  ਦੁਸਹਿਰਾ ਚਲਾ ਜਾਂਦਾ, ਫਿਰ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਣੀਆਂ। ਮਾਂ ਨੇ ਗੋਹੇ ਨਾਲ ਸਾਰੇ ਘਰ ਦੇ ਵਿਹੜੇ ਨੂੰ ਲਿੱਪ ਪੋਚ ਦੇਣਾ। ਬਾਪੂ ਹੋਰਾਂ ਨੇ ਅਪਣੇ ਹੱਥਾਂ ਨਾਲ ਘਰ ਨੂੰ ਰੰਗ ਰੋਗਨ ਕਰਨਾ। ਘਰ ਦੇ ਕੋਠੇ ਤੇ ਲੱਗੇ ਟੈਲੀਵਿਜ਼ਨ ਵਾਲੇ ਐਨਟੀਨੇ ਤੇ ਰੋਸ਼ਨੀ ਲਈ ਬਿਜਲੀ ਦੇ ਬਲਬਾਂ ਵਾਲੀ ਲੜੀ ਲਾ ਦੇਣੀ। ਹੁਣ ਤਾਂ ਅਪਣੇ ਸਭ ਦੇ ਘਰ ਮਠਿਆਈ ਆਉਂਦੀ ਹੀ ਰਹਿੰਦੀ ਹੈ ਪਰ ਉਦੋਂ ਮਠਿਆਈ ਦਾ ਮੂੰਹ ਤਾਂ ਦਿਵਾਲੀ ਨੂੰ ਹੀ ਵੇਖਣ ਨੂੰ ਮਿਲਦਾ ਹੁੰਦਾ ਸੀ। ਉਦੋਂ ਹੁਣ ਵਾਗੂੰ ਵਾਧੂ ਮਠਿਆਈ ਦੀਆਂ ਦੁਕਾਨਾਂ ਨਹੀਂ ਸਨ ਹੁੰਦੀਆਂ। ਉਦੋਂ ਕੋਈ ਸ਼ੂਗਰ ਆਦਿ ਦੀ ਬਿਮਾਰੀ ਵੀ ਨਹੀਂ ਸੀ, ਰੱਜ ਕੇ ਮਿੱਠਾ ਖਾਈਦਾ ਸੀ। 

ਜਦ ਦੀਵਾਲੀ ਆਉਣੀ ਹੁੁੰਦੀ ਸੀ ਤਾਂ ਕਈ ਦਿਨ ਪਹਿਲਾਂ ਹੀ ‘ਕੁੱਕੜ’ ਬੰਬ ਲੈ ਆਉਣੇ ਤੇ ਸਾਰਾ ਸਾਰਾ ਦਿਨ ਬੰਬ ਚਲਾਉਂਦਿਆਂ ਦਾ ਲੰਘ ਜਾਣਾ। ਦੀਵਾਲੀ ਵਾਲੀ ਸ਼ਾਮ ਨੂੰ ਦੀਵਾਲੀ ਦਾ ਮੱਥਾ ਟੇਕਣਾ, ਕੰਧਾਂ ਉੱਤੇ ਦੀਵੇ ਬਾਲਣੇ। ਸਾਨੂੰ ਤਾਂ ਬੱਸ ਰਾਤ ਦਾ ਇੰਤਜ਼ਾਰ ਹੁੰਦਾ ਸੀ, ਰਾਤ ਨੂੰ ਜੀ ਭਰ ਕੇ ਬੰਬ ਪਟਾਕੇ ਚਲਾਉਣੇ। ਦੀਵਾਲੀ ਵਾਲੀ ਰਾਤ ਨੂੰ ਚਾਹੇ ਘਰ ਦੇ ਅੰਦਰ ਕਿੰਨੇ ਵੀ ਪਟਾਕੇ ਪਏ ਹੋਣੇ, ਬੱਸ ਆਹ ਹੀ ਟੈਨਸ਼ਨ ਰਹਿਣੀ ਕਿ ਕਿਤੇ ਬੰਬ ਨਾ ਮੁੱਕ ਜਾਣ, ਇਸ ਲਈ ਮੁਰਗਾ ਬੰਬ ਵੀ ਖੋਲ੍ਹ ਕੇ ’ਕੱਲਾ ’ਕੱਲਾ ਕਰ ਕੇ ਚਲਾਉਣਾ। ਦੀਵਾਲੀ ਵਾਲੀ ਰਾਤ ਬਹੁਤ ਖ਼ੁਸ਼ੀ ਦਿੰਦੀ ਸੀ। ਮਾਂ ਨੇ ਕਹਿਣਾ ਕਿ ਥੋੜੇ ਜਿਹੇ ਬੰਬ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਲਈ ਵੀ ਸਾਂਭ ਕੇ ਰੱਖ ਲਉ। ਸਵੇਰੇ ਉਠ ਕੇ ਜੇ ਚੱਲੇ ਹੋਏ ਬੰਬਾਂ ਵਿਚੋਂ ਕੋਈ ਅਣਚਲਿਆ ਬੰਬ ਮਿਲ ਜਾਣਾ ਤਾਂ ਲਗਣਾਂ ਜਿਵੇਂ ਸਵਰਗਾਂ ਦੇ ਦਰਸ਼ਨ ਹੋ ਗਏ ਹਨ।  

ਹੁਣ ਵੱਡੇ ਹੋ ਗਏ ਹਾਂ। ਜੇਬ ਵਿਚ ਪੈਸਾ ਹੁੰਦੇ ਹੋਇਆਂ ਵੀ ਉਹ ਸਮਾਂ ਹੁਣ ਕਦੇ ਵਾਪਸ ਨਹੀਂ ਲਿਆ ਸਕਦੇ। ਪ੍ਰਮਾਤਮਾ ਦੀ ਕ੍ਰਿਪਾ ਨਾਲ ਹੁਣ ਗੱਡੀਆਂ ਵਿਚ ਘੁੰਮਣ ਜੋਗੇ ਹੋ ਗਏ ਹਾਂ ਪਰ ਜਿਹੜਾ ਸੁਆਦ ਸਾਈਕਲ ਦੇ ਟਾਇਰਾਂ ਨੂੰ ਕਚਿਆਂ ਰਾਹਾਂ ਵਿਚ ਚਲਾਉਣ ਦਾ ਆਉਂਦਾ ਸੀ, ਉਹ ਹੁਣ ਵੱਡੀ ਤੋਂ ਵੱਡੀ ਗੱਡੀ ਚਲਾ ਕੇ ਵੀ ਨਹੀਂ ਮਿਲ ਸਕਦਾ। ਦੀਵਾਲੀ ਹੁਣ ਵੀ ਆਉਂਦੀ ਹੈ, ਬੰਬ ਪਟਾਕੇ ਹੁਣ ਵੀ ਪਹਿਲਾਂ ਵਰਗੇ ਹੀ ਹੁੰਦੇ ਹਨ ਪਰ ਪਤਾ ਨਹੀਂ ਕਿਉਂ ਉਹ ਪਹਿਲਾਂ ਵਰਗਾ ਚਾਅ ਦਿਲ ਵਿਚ ਪੈਦਾ ਨਹੀਂ ਹੁੰਦਾ। ਪਤਾ ਨਹੀਂ ਆਪਾਂ ਬਦਲ ਗਏ ਹਾਂ ਜਾਂ ਇਹ ਦੁਨੀਆਂ?

ਬਚਪਨ ਦੀਆਂ ਉਹ ਸ਼ਰਾਰਤਾਂ ਅਤੇ ਯਾਰ ਬੇਲੀ ਪਤਾ ਨਹੀਂ ਹੁਣ ਕਿੱਥੇ ਗੁੰਮ ਹੋ ਗਏ ਹਨ, ਕਦੇ ਕਦੇ ਸੁਪਨੇ ’ਚੋਂ ਉਸ ਪੁਰਾਣੀ ਜ਼ਿੰਦਗੀ ਦੇ ਦਰਸ਼ਨ ਜਿਹੇ ਜ਼ਰੂਰ ਹੋ ਜਾਂਦੇ ਹਨ। ਹੁਣ ਤਾਂ ਸਾਰੇ ਦਿਨ ਇਕੋ ਜਿਹੇ ਹੀ ਲਗਦੇ ਹਨ। ਸਾਲ ਦੇ ਬਦਲਣ ਦਾ ਵੀ ਹੁਣ ਖ਼ਾਸ ਫ਼ਰਕ ਜਿਹਾ ਨਹੀਂ ਪੈਂਦਾ, ਜ਼ਿੰਦਗੀ ਬਸ ਪੈਸੇ ਕਮਾਉਣ ਵਾਲੀ ਮਸ਼ੀਨ ਜਿਹੀ ਬਣ ਕੇ ਰਹਿ ਗਈ ਹੈ। ਦਿਨ ਮਹੀਨੇ ਅਤੇ ਸਾਲ ਪਤਾ ਨਹੀਂ ਕਿਵੇਂ ਕੰਮਾਂ-ਕਾਜਾਂ ਵਿਚ ਲੰਘ ਜਾਂਦੇ ਹਨ, ਪਤਾ ਹੀ ਨਹੀਂ ਲਗਦਾ। ਅੰਤ ਵਿਚ ਮੇਰੀ ਬੇਨਤੀ ਹੈ ਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਮੁੱਕ ਜਾਵੇ, ਇਸ ਲਈ ਹਰ ਇਕ ਦਿਨ ਦੇ, ਹਰ ਇਕ ਪਲ ਨੂੰ ਹੱਸ ਖੇਡ ਕੇ ਬਿਤਾਉ। ਜ਼ਿੰਦਗੀ ਇਨਸਾਨੀਅਤ ਦੇ ਲੇਖੇ ਲਾਉ ਕਿਉਂਕਿ ਚੰਗੇ ਕੰਮਾਂ ਵਾਲੇ ਹਮੇਸ਼ਾਂ ਯਾਦ ਰੱਖੇ ਜਾਣਗੇ।


 ਗੁਰਪ੍ਰੀਤ ਸਿੰਘ ਵਿੱਕੀ
ਪਿੰਡ ਤੇ ਡਾਕ. ਬਡਾਲੀ ਆਲਾ ਸਿੰਘ
ਜ਼ਿਲ੍ਹਾ : ਫ਼ਤਿਹਗੜ੍ਹ ਸਾਹਿਬ 
ਮੋਬਾਈਲ : 82848-88700

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement